ਰਬਾਣੀ ਦੀ ਸਰਲ iਵਆiਖ!(ਭਾਗ 469)
ਗਉੜੀ ਗੁਆਰੇਰੀ ਮਹਲਾ 3 ॥
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ਗੁਰ ਸੇਵਾ ਤੇ ਮਨੁ ਪਤੀਆਇ ॥
ਸੇ ਧਨਵੰਤ ਹਰਿ ਨਾਮੁ ਕਮਾਇ ॥ ਪੂਰੇ ਗੁਰ ਤੇ ਸੋਝੀ ਪਾਇ ॥1॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਜਦੋਂ ਮੈਂ ਉਨ੍ਹਾਂ ਪਾਸੋਂ ਸਿਮਰਨ ਦੀ ਜਾਂਚ ਪੁੱਛਦਾ ਹਾਂ, ਤਾਂ ਉਹ ਦੱਸਦੇ ਹਨ ਕਿ ਗੁਰੂ ਦੀ ਦੱਸੀ ਹੋਈ ਸੇਵਾ ਨਾਲ ਹੀ ਮਨੁੱਖ ਦਾ ਮਨ ਪ੍ਰਭੂ ਸਿਮਰਨ ਵਿਚ ਪਤੀਜਦਾ ਹੈ। ਗੁਰੂ ਦੀ ਸਰਨ ਪੈਣ ਵਾਲੇ, ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ। ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ।1।
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥1॥ ਰਹਾਉ ॥
ਹੇ ਮੇਰੇ ਭਾਈ, ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਗੁਰੂ ਦੀ ਰਾਹੀਂ ਕੀਤੀ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ।1।ਰਹਾਉ।
ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥
ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ਸਹਜੇ ਸਹਜਿ ਸਮਾਵੈ ਸੋਇ ॥2॥
ਗੁਰੂ ਦੀ ਰਾਹੀਂ ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ, ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿiਕਆ ਰਹਿੰਦਾ ਹੈ।2।
ਦੂਜੈ ਭਾਇ ਨ ਸੇਵਿਆ ਜਾਇ ॥ ਹਉਮੈ ਮਾਇਆ ਮਹਾ ਬਿਖੁ ਖਾਇ ॥
ਪੁਤਿ ਕੁਟੰਬਿ ਗ੍ਰਿਿਹ ਮੋਹਿਆ ਮਾਇ ॥ ਮਨਮੁਖਿ ਅੰਧਾ ਆਵੈ ਜਾਇ ॥3॥
ਹੇ ਮੇਰੇ ਭਾਈ, ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ। ਹਉਮੈ ਇਕ ਵੱਡਾ ਜ਼ਹਰ ਹੈ, ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਮਾਇਆ ਮਨੁੱਖ ਨੂੰ ਪੁੱਤ੍ਰ ਦੇ ਮੋਹ ਦੀ ਰਾਹੀਂ, ਪਰਿਵਾਰ ਦੇ ਮੋਹ ਦੀ ਰਾਹੀਂ, ਘਰ ਦੇ ਮੋਹ ਦੀ ਰਾਹੀਂ ਠੱਗਦੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।3।
ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਅਨਦਿਨੁ ਭਗਤਿ ਗੁਰ ਸਬਦੀ ਹੋਇ ॥
ਗੁਰਮਤਿ ਵਿਰਲਾ ਬੂਝੈ ਕੋਇ ॥ ਨਾਨਕ ਨਾਮਿ ਸਮਾਵੈ ਸੋਇ ॥4॥12॥ 32॥
ਪਰਮਾਤਮਾ ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦਾ ਸੇਵਕ ਬਣ ਜਾਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਗੁਰੂ ਦੀ ਮੱਤ ਲੈ ਕੇ ਹੀ ਕੋਈ ਵਿਰਲਾ ਮਨੁੱਖ, ਜੀਵਨ ਮਨੋਰਥ ਨੂੰ ਸਮਝਦਾ ਹੈ, ਹੇ ਨਾਨਕ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4।12।32।
ਚੰਦੀ ਅਮਰ ਜੀਤ ਸਿੰਘ (ਚਲਦਾ)