ਗੁਰਬਾਣੀ ਦੀ ਸਰਲ iਵਆiਖਆ!(ਭਾਗ 470)
ਗਉੜੀ ਗੁਆਰੇਰੀ ਮਹਲਾ 3 ॥
ਗੁਰ ਸੇਵਾ ਜੁਗ ਚਾਰੇ ਹੋਈ ॥ ਪੂਰਾ ਜਨੁ ਕਾਰ ਕਮਾਵੈ ਕੋਈ ॥
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥ ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥1॥
ਸ਼ਬਦ ਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚੱਲਿਆ ਆ ਰਿਹਾ ਹੈ, ਚੌਂਹਾਂ ਜੁਗਾਂ ਵਿਚ ਹੀ ਪ੍ਰਵਾਨ ਹੈ। ਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ, ਪੂਰੀ ਸ਼ਰਧਾ ਨਾਲ ਕਰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ, ਪੂਰੀ ਸ਼ਰਧਾ ਨਾਲ ਕਰਦਾ ਹੈ, ਉਹ ਕਦੇ ਨਾ ਮੁੱਕਣ ਵਾਲਾ ਹਰਿ-ਨਾਮ-ਧਨ ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ, ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਵੀ ਉਸ ਨੂੰ ਸੋਭਾ ਮਿਲਦੀ ਹੈ।1।
ਏ ਮਨ ਮੇਰੇ ਭਰਮੁ ਨ ਕੀਜੈ ॥
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥1॥ ਰਹਾਉ ॥
ਹੇ ਮੇਰੇ ਮਨ, ਸ਼ਬਦ-ਗੁਰੂ ਦੀ ਦੱਸੀ ਸਿiਖਆ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ, ਹਰਿ-ਨਾਮ ਰਸ ਪੀਣਾ ਚਾਹੀਦਾ ਹੈ।1।ਰਹਾਉ।
ਸਤਿਗੁਰ ਸੇਵਹਿ ਸੇ ਮਹਾ ਪੁਰਖ ਸੰਸਾਰੇ ॥ ਆਪਿ ਉਧਰੇ ਕੁਲ ਸਗਲ ਨਿਸਤਾਰੇ ॥
ਹਰਿ ਕਾ ਨਾਮੁ ਰਖਹਿ ਉਰ ਧਾਰੇ ॥ ਨਾਮਿ ਰਤੇ ਭਉਜਲ ਉਤਰਹਿ ਪਾਰੇ ॥2॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾਂ-ਪੁਰਸ਼ ਮੰਨੇ ਜਾਂਦੇ ਹਨ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ, ਆਪਣੇ ਸਾਰੇ ਸਤ-ਸੰਗੀਆਂ ਨੂੰ ਵੀ ਪਾਰ ਲੰਘਾ ਲੈਂਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ। ਪ੍ਰਭੂ-ਨਾਮ ਦੇ ਰੰਗ ਵਿਚ ਰੰਗੇ ਹੋਏ ਉਹ ਮਨੁੱਖ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।2।
ਸਤਿਗੁਰ ਸੇਵਹਿ ਸਦਾ ਮਨਿ ਦਾਸਾ ॥ ਹਉਮੈ ਮਾਰਿ ਕਮਲੁ ਪਰਗਾਸਾ ॥
ਅਨਹਦੁ ਵਾਜੈ ਨਿਜ ਘਰਿ ਵਾਸਾ ॥ ਨਾਮਿ ਰਤੇ ਘਰ ਮਾਹਿ ਉਦਾਸਾ ॥3॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ ਸਭਨਾਂ ਦੇ ਦਾਸ ਬਣੇ ਰਹਿੰਦੇ ਹਨ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਨ੍ਹਾਂ ਦਾ ਹਿਰਦਾ-ਕਮਲ ਖਿiੜਆ ਰਹਿੰਦਾ ਹੈ। ਉਨ੍ਹਾਂ ਦੇ ਅੰਦਰ ਸਿਫਤ-ਸਾਲਾਹ ਦਾ ਵਾਜਾ ਮਾਨੋ ਇਕ-ਰਸ ਵੱਜਦਾ ਰਹਿੰਦਾ ਹੈ, ਉਨ੍ਹਾਂ ਦੀ ਸੁਰਤ ਪ੍ਰਭੂ ਚਰਨਾਂ ਵਿਚ ਟਿਕੀ ਰਹਿੰਦੀ ਹੈ। ਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ।3।
ਸਤਿਗੁਰ ਸੇਵਹਿ ਤਿਨ ਕੀ ਸਚੀ ਬਾਣੀ ॥ ਜੁਗੁ ਜੁਗੁ ਭਗਤੀ ਆਖਿ ਵਖਾਣੀ ॥
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥ ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥4॥13॥33॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਪਰਮਾਤਮਾ ਦੀ ਸਿਫਤ-ਸਾਲਾਹ ਵਿਚ ਉਚਾਰੀ ਹੋਈ ਉਨ੍ਹਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ, ਹਰੇਕ ਜੁਗ ਵਿਚ, ਭਗਤ ਜਨ ਸਦਾ ਹੀ ਉਹ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਂਦੇ ਹਨ। ਉਹ ਮਨੁੱਖ ਹਰ ਰੋਜ਼ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਹੇ ਨਾਨਕ, ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ, ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ , ਉਨ੍ਹਾਂ ਦਾ ਜੀਵਨ ਪਵਿੱਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ।4।13।33।
ਚੰਦੀ ਅਮਰ ਜੀਤ ਸਿੰਘ (ਚਲਦਾ)