ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 471)
ਗਉੜੀ ਗੁਆਰੇਰੀ ਮਹਲਾ 3 ॥
ਸਤਿਗੁਰ ਮਿਲੈ ਵਡਭਾਗਿ ਸੰਜੋਗ ॥ ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥1॥
ਜਿਹੜੇ ਮਨੁੱਖ ਨੂੰ ਵੱਡੀ ਕਿਸਮਤ ਨਾਲ, ਭਲੇ ਸੰਜੋਗਾਂ ਨਾਲ ਸ਼ਬਦ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ।1।
ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥
ਜਨਮੁ ਜੀਤਿ ਲਾਹਾ ਨਾਮੁ ਪਾਇ ॥1॥ ਰਹਾਉ ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ ਤੇ ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਖੱਟ ਲੈਂਦਾ ਹ।1।ਰਹਾਉ।
ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥
ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥2॥
ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਮਿੱਠਾ ਲਗਦਾ ਹੈ, ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ ਧਰਮ-ਚਰਚਾ ਹੈ, ਗੁਰ-ਸ਼ਬਦ ਹੀ ਉਸ ਦੇ ਵਾਸਤੇ ਸਮਾਧੀ ਹੈ। ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਮਿੱਠੇ ਸ਼ਬਦ ਦਾ ਰਸ, ਚੱਖ ਕੇ ਵੇਖਿਆ ਹੈ।2।
ਕਰਮ ਕਾਂਡ ਬਹੁ ਕਰਹਿ ਅਚਾਰ ॥
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥3॥
ਜਿਹੜੇ ਬੰਦੇ, ਜਨਮ-ਜਨੇਊ, ਵਿਆਹ-ਮਰਨ ਕਿਰਆ ਆਦਿ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਰਸਮਾਂ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਇਹ ਕਰਮ-ਕਾਂਡ ਉਨ੍ਹਾਂ ਦੇ ਅੰਦਰ ਹੰਕਾਰ ਪੈਦਾ ਕਰਦਾ ਹੈ ਤੇ ਉਨ੍ਹਾਂ ਦਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ।3।
ਬੰਧਨਿ ਬਾਧਿਓ ਮਾਇਆ ਫਾਸ ॥ ਜਨ ਨਾਨਕ ਛੂਟੈ ਗੁਰ ਪਰਗਾਸ ॥4॥14॥34॥
ਹੇ ਦਾਸ ਨਾਨਕ, ਪਰਮਾਤਮਾ ਤੋਂ ਵਿਛੜਿਆ ਮਨੁੱਖ, ਮਾਇਆ ਦੀ ਫਾਹੀ ਵਿਚ, ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ, ਇਹ ਤਦ ਹੀ ਇਸ ਫਾਹੀ ਤੋਂ ਆਜ਼ਾਦ ਹੁੰਦਾ ਹੈ, ਜਦੋਂ ਗੁਰੂ ਦੇ ਸ਼ਬਦ ਦਾ ਚਾਨਣ, ਉਸ ਨੂੰ ਪ੍ਰਾਪਤ ਹੁੰਦਾ ਹੈ, ਜਦ ਗੁਰੂ ਦੇ ਸ਼ਬਦ ਦਾ ਚਾਨਣ ਉਸ ਦੀ ਹਨੇਰੀ ਜ਼ਿੰਦਗੀ ਤੱਕ ਪਹੁੰਚ ਕੇ ਉਸ ਨੂੰ ਰੋਸ਼ਨ ਕਰਦਾ ਹੈ।4।14।34।
ਚੰਦੀ ਅਮਰ ਜੀਤ ਸਿੰਘ (ਚਲਦਾ)