ਗੁਰਬਾਣੀ ਦੀ ਸਰਲ ਵਆਿਖਆਿ!(ਭਾਗ 472)
ਮਹਲਾ 3 ਗਉੜੀ ਬੈਰਾਗਣਿ ॥
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥1॥
ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ, ਜਿਹੋ-ਜਿਹੀ ਧਰਤੀ ਹੈ, ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ, ਜੋ ਵਰਖਾ ਕਰਦਾ ਹੈ, ਧਰਤੀ ਵਿਚ ਵੀ ਉਹੋ ਜਿਹਾ ਪਾਣੀ ਹੈ, ਜਿਹੋ-ਜਿਹਾ ਬੱਦਲ ਵਿਚ ਹੈ। ਖੂਹ ਪੁੱਟਿਆਂ ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਤਿਵੇਂ ਬੱਦਲ ਵੀ ਪਾਣੀ ਦੀ ਵਰਖਾ ਕਰਦੇ ਫਿਰਦੇ ਹਨ। ਜੀਵਾਤਮਾ ਤੇ ਪਰਮਾਤਮਾ ਦਾ ਫਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ ਹੈ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ, ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ, ਹੈ ਇਕੋ ਹੀ ਪਰਮਾਤਮਾ ਦੀ ਅੰਸ ।1।
ਬਾਬਾ ਤੂੰ ਐਸੇ ਭਰਮੁ ਚੁਕਾਹੀ ॥
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥1॥ ਰਹਾਉ ॥
ਹੇ ਭਾਈ, ਆਮ ਭੁਲੇਖਾ ਇਹ ਹੈ ਕਿ ਜੀਵ, ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਮੰਨ ਕੇ, ਆਪਣੇ-ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ, ਪਰ ਤੂੰ ਆਪਣਾ ਇਹ ਭੁਲੇਖਾ ਦੂਰ ਕਰ ਕੇ ਇਹ ਸ਼ਰਧਾ ਬਣਾ ਕਿ ਪ੍ਰਭੂ ਜਿਹੋ-ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ, ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ ਓਸੇ ਹੀ ਪਾਸੇ ਜੀਵ ਰੁੱਝੇ ਰਹਿੰਦੇ ਹਨ।1।ਰਹਾਉ।
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥2॥
ਕੀ ਇਸਤ੍ਰੀ ਤੇ ਕੀ ਮਰਦ, ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ। ਇਹ ਸਭ ਇਸਤ੍ਰੀਆਂ ਤੇ ਮਰਦ ਸਦਾ ਤੇਰੇ ਹੀ ਵੱਖ ਵੱਖ ਰੂਪ ਹਨ, ਤੇ ਆਖਰ ਤੇਰੇ ਵਿਚ ਹੀ ਸਮਾ ਜਾਂਦੇ ਹਨ।2।
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥3॥
ਪਰਮਾਤਮਾ ਦੀ ਯਾਦ ਤੋਂ ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ। ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹਇਆ ਹੈ, ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ।3।
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ ॥
ਨਾਨਕ ਤਤੁ ਤਤ ਸਿਉ ਮਿਿਲਆ ਪੁਨਰਪਿ ਜਨਮਿ ਨ ਆਹੀ ॥4॥1॥15॥35॥
ਹੇ ਪ੍ਰਭੂ, ਸਭ ਥਾਂ ਤੇਰਾ ਹੀ ਹੁਕਮ ਵਰਤ ਰਿਹਾ ਹੈ, ਹਰ ਥਾਂ ਤੂੰ ਆਪ ਹੀ ਮੌਜੂਦ ਹੈਂ, ਜਿਸ ਮਨੁੱਖ ਦੇ ਅੰਦਰ ਇਹ ਨਿਸਚਾ ਬਣ ਜਾਏ, ਉਸ ਨੂੰ ਭੁਲੇਖਾ ਕਿੱਥੇ ਰਹਿ ਜਾਂਦਾ ਹੈ ? ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ, ਉਨ੍ਹਾਂ ਦੀ ਸੁਰਤ, ਪਰਮਾਤਮਾ ਦੀ ਜੋਤ ਵਿਚ ਮਿਲੀ ਰਹਿੰਦੀ ਹੈ, ਜਿਵੇਂ ਹਵਾ ਪਾਣੀ ਆਦਿ ਹਰੇਕ ਤੱਤ ਆਪਣੇ ਤੱਤ ਨਾਲ ਮਿਲ ਜਾਂਦਾ ਹੈ। ਅਜਿਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ।4।1।15।35।
ਚੰਦੀ ਅਮਰ ਜੀਤ ਸਿੰਘ (ਚਲਦਾ)