ਗੁਰਬਾਣੀ ਦੀ ਸਰਲ iਵਆiਖਆ!(ਭਾਗ 473)
ਗਉੜੀ ਬੈਰਾਗਣਿ ਮਹਲਾ 3 ॥
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥
ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥1॥
ਜਦ ਤੱਕ ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਤਦ ਤੱਕ ਇਹ ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਨ੍ਹਾਂ ਨੂੰ ਆਤਮਕ ਮੌਤ ਦੀ ਹੀ ਸਜ਼ਾ ਮਿਲਦੀ ਹੈ।1।
ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥1॥ ਰਹਾਉ ॥
ਹੇ ਮੇਰੇ ਮਨ, ਗੁਰੂ ਦੇ ਚਰਨਾਂ ਵਿਚ ਸੁਰਤ ਜੋੜ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖਜ਼ਾਜਾ ਇਕੱਠਾ ਕਰ ਲੈ, ਇਹ ਤੈਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ ਸੁਰਖਰੂ ਕਰੇਗਾ।1।ਰਹਾਉ।
ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥
ਗੁਰ ਕਾ ਸਬਦੁ ਨ ਚੀਨਿਓ ਫਿiਰ ਫਿiਰ ਜੋਨੀ ਪਾਇ ॥2॥
ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ, ਚੌਰਾਸੀ ਲੱਖ (ਅਣਗਿਣਤ) ਜੂਨਾਂ ਵਿਚ ਫਿਰਦੇ ਰਹਿੰਦੇ ਹਨ। ਆਪਣੇ ਮਨ ਦੇ ਹੱਠ ਦੇ ਕਾਰਨ ਮਾਇਆ ਦੇ ਮੋਹ ਵਿਚ ਫਸਿਆ ਜੀਵ, ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਕਦਰ ਨੂੰ ਨਹੀਂ ਸਮਝਦਾ, ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ।2।
ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥
ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥3॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਹਰ ਰੋਜ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਰਹਣ ਕਰ ਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਟਿiਕਆ ਰਹਿੰਦਾ ਹੈ।3।
ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥4॥2॥16॥36॥
ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ ਗੁਰੂ ਦੇ ਸ਼ਬਦ ਵਿਚ ਸ਼ਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ ਆਦਿ ਵਿਕਾਰ ਤਿਆਗਦਾ ਹੈ। ਹੇ ਦਾਸ ਨਾਨਕ, ਪਰਮਾਤਮਾ ਦੇ ਨਾਮ ਦੇ ਖਜ਼ਾਨੇ, ਪਰਮਾਤਮਾ ਦੀ ਭਗਤੀ ਦੇ ਖਜ਼ਾਨੇ, ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ।4।2।16।36।
ਚੰਦੀ ਅਮਰ ਜੀਤ ਸਿੰਘ (ਚਲਦਾ)