ਗੁਰਬਾਣੀ ਦੀ ਸਰਲ iਵਆiਖਆ!(ਭਾਗ 475)
ਗਉੜੀ ਬੈਰਾਗਣਿ ਮਹਲਾ 3 ॥
ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥
ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥
ਸਿiਵ ਸਕਤਿ ਮਿਟਾਈਆ ਚੂਕਾ ਅੰਧਿਆਰਾ ॥
ਧੁਰਿ ਮਸਤਕਿ ਜਿਨ ਕਉ ਲਿiਖਆ ਤਿਨ ਹਰਿ ਨਾਮੁ ਪਿਆਰਾ ॥1॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਿਖ ਲਈ, ਜਗਤ ਦੇ ਮੂਲ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਨਾ ਸਿਖ ਲਿਆ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਨ੍ਹਾਂ ਦੀ ਮੱਤ, ਜੋ ਪਹਿਲਾਂ ਵਿਕਾਰਾਂ ਦੇ ਕਾਰਨ ਮੈਲੀ ਹੋਈ ਪਈ ਸੀ, ਨਿਖਰ ਗਈ। ਕਲਿਆਣ-ਸਰੂਪ ਪਰਮਾਤਮਾ ਨੇ ਉਨ੍ਹਾਂ ਦੇ ਅੰਦਰੋਂ ਮਾਇਆ ਦਾ ਪ੍ਰਭਾਵ ਮਿਟਾ ਦਿੱਤਾ, ਉਨ੍ਹਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਗਿਆ। ਪਰ ਪਰਮਾਤਮਾ ਦਾ ਨਾਮ ਉਨ੍ਹਾਂ ਨੂੰ ਹੀ ਪਿਆਰਾ ਲਗਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਾ ਲੇਖ ਲਿਖ ਦਿੱਤਾ।1।
ਹਰਿ ਕਿਤੁ ਬਿiਧ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥
ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥1॥ ਰਹਾਉ ॥
ਹੇ ਸੰਤ ਜਨੋ, ਜਿਸ ਪਰਮਾਤਮਾ ਦੇ ਸਿਧਾਂਤ ਨੂੰ ਸਮਝ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਦੱਸੋ ਉਸ ਨੂੰ ਕਿਸ ਤਰੀਕੇ ਨਾਲ ਮਿiਲਆ ਜਾ ਸਕਦਾ ਹੈ ? ਉਸ ਪ੍ਰਭੂ ਤੋਂ ਵਿਛੁੜ ਕੇ ਮੈਂ ਰਤਾ ਭਰ ਸਮੇ ਲਈ ਵੀ ਆਤਮਕ ਜੀਵਨ ਨਹੀਂ ਜਿਊ ਸਕਦੀ। ਹੇ ਸੰਤ-ਜਨੋ, ਸਤ-ਸੰਗੀਉ ਮੈਨੂੰ ਗੁਰੂ ਨਾਲ ਮਿਲਾਵੋ, ਤਾਂ ਜੋ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ।1।ਰਹਾਉ।
ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥
ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥
ਧਨੁ ਧਨੁ ਗੁਰ ਸਤ ਪੁਰਖੁ ਹੈ ਜਿiਨ ਭਗਤਿ ਹਰਿ ਦੀਨੀ ॥
ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰ ਹਮ ਕੀਨੀ ॥2॥
ਹੇ ਸੰਤ ਜਨੋ, ਪਿਆਰੇ ਗੁਰੂ ਦੀ ਮਿਹਰ ਨਾਲ ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖਸ਼ ਦਿੱਤੀ ਹੈ। ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸਵਾਦ ਹਾਸਲ ਕੀਤਾ ਹੈ, ਹੁਣ ਮੇਰਾ ਮਨ, ਮੇਰਾ ਤਨ ਉਸ ਸਵਾਦ ਵਿਚ ਮਗਨ ਰਹਿੰਦਾ ਹੈ। ਹੇ ਸੰਤ ਜਨੋ, ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਦਾਤ ਦਿੱਤੀ ਹੈ, ਮੇਰੇ ਵਾਸਤੇ ਤਾਂ ਉਹ ਸਤ-ਪੁਰਖ ਗੁਰੂ ਸਦਾ ਹੀ ਸਲਾਹੁਣ-ਯੋਗ ਹੈ। ਜਿਸ ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ।2।
ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥
ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥
ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥
ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥3॥
ਹੇ ਭਾਈ ਸਾਰੇ ਜਗਤ ਦਾ ਸ਼ਹਿਨਸ਼ਾਹ ਪਰਮਾਤਮਾ ਸਭ ਜੀਵਾਂ ਨੂੰ ਸਭ ਗੁਣਾਂ ਦੀ ਦਾਤ ਦੇਣ ਵਾਲਾ ਹੈ, ਅਸੀਂ ਜੀਵ ਅਵਗੁਣਾਂ ਨਾਲ ਭਰੇ ਰਹਿੰਦੇ ਹਾਂ। ਜਿਵੇਂ ਪੱਥਰ ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀਂ ਪਾਪੀ ਜੀਵ, ਵਿਕਾਰਾਂ ਦੇ ਸਮੁੰਦਰ ਵਿਚ ਡੁਬੇ
ਰਹਿੰਦੇ ਹਾਂ, ਪਰਮਾਤਮਾ ਸਾਨੂੰ ਗੁਰੂ ਦੀ ਮੱਤ ਦੇ ਕੇ ਉਸ ਸਮੁੰਦਰ ਵਿਚੋਂ ਪਾਰ ਲੰਘਾਂਦਾ ਹੈ।
ਹੇ ਪ੍ਰਭੂ, ਤੂੰ ਪਵਿੱਤ੍ਰ ਸਰੂਪ ਹੈਂ, ਤੂੰ ਗੁਣ ਬਖਸ਼ਣ ਵਾਲਾ ਹੈਂ, ਅਸੀਂ ਜੀਵ ਅਵਗੁਣਾਂ ਨਾਲ ਭਰੇ ਪਏ ਹਾਂ। ਹੇ ਹਰੀ, ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਅਵਗੁਣਾਂ ਤੋਂ ਬਚਾ ਲੈ। ਸਾਨੂੰ ਮੂਰਖਾਂ ਨੂੰ, ਮਹਾਂ-ਮੂਰਖਾਂ ਨੂੰ ਵਿਕਾਰਾਂ ਦੇ ਸਮੁੰਦਰ ਵਿਚੋਂ ਪਾਰ ਲੰਘਾ ਲੈ।3।
ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥
ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥
ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥
ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰ ਪਾਇਆ ॥4॥4॥18॥38॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਦਾ ਸਿਮਰਿਆ ਹੈ, ਉਹ ਗੁਰੂ ਦੀ ਮੱਤ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ, ਆਤਮਕ ਆਨੰਦ ਮਾਣਦੇ ਹਨ। ਜਿਨ੍ਹਾਂ ਨੂੰ ਹਰਿ-ਪ੍ਰਭ ਸੱਜਣ ਮਿਲ ਪਿਆ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ। ਹੇ ਹਰੀ, ਹੇ ਪ੍ਰਭੂ ਮਿਹਰ ਕਰ, ਮੇਰੀ ਬੇਨਤੀ ਸੁਣ, ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ। ਹੇ ਪ੍ਰਭੂ, ਤੇਰਾ ਦਾਸ ਨਾਨਕ, ਤੇਰੇ ਦਰ ਤੇ ਉਨ੍ਹਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪਿਆ ਹੈ।4।4।18।38।
ਚੰਦੀ ਅਮਰ ਜੀਤ ਸਿੰਘ (ਚਲਦਾ)