ਗੁਰਬਾਣੀ ਦੀ ਸਰਲ iਵਆiਖਆ!(ਭਾਗ 480)
ਗਉੜੀ ਗੁਆਰੇਰੀ ਮਹਲਾ 4 ॥
ਸਤਿਗੁਰ ਸੇਵਾ ਸਫਲ ਹੈ ਬਣੀ ॥
ਜਿਤੁ ਮਿiਲ ਹਰਿ ਨਾਮੁ ਧਿਆਇਆ ਹਰਿ ਧਣੀ ॥
ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥1॥
ਸੱਚੇ ਗੁਰੂ, ਸ਼ਬਦ ਗੁਰੂ ਦੀ ਸਰਨ, ਮਨੁੱਖ ਦੇ ਆਤਮਕ ਜੀਵਨ ਵਾਸਤੇ ਲਾਭਦਾਇਕ ਬਣ ਜਾਂਦੀ ਹੈ, ਕਿਉਂਕਿ ਇਸ ਗੁਰ-ਸਰਨ ਦੀ ਰਾਹੀਂ, ਸਾਧ-ਸੰਗਤ ਵਿਚ ਜੁੜ-ਬੈਠ ਕੇ ਮਾਲਕ ਪ੍ਰਭੂ ਦਾ ਨਾਮ, ਪ੍ਰਭੂ ਦੇ ਹੁਕਮ ਦੀ ਦਿਲੋਂ ਪਾਲਣਾ ਕੀਤੀ ਜਾ ਸਕਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਦੀ ਰਜ਼ਾ ਦੀ ਪਾਲਣਾ ਕੀਤੀ ਹੈ, ਉਨ੍ਹਾਂ ਦੇ ਪੂਰਨਿਆਂ ਤੇ ਤੁਰ ਕੇ, ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ॥1।
ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥
ਹਰਿ ਬੋਲਤ ਸਭ ਪਾਪ ਲਹਿ ਜਾਈ ॥1॥ ਰਹਾਉ ॥
ਹੇ ਮੇਰੇ ਭਾਈ, ਗੁਰੂ ਦੇ ਸਿੱਖ ਬਣ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਸਿਮਰਨ ਕਰੋ, ਤਦੇ ਹੀ ਪ੍ਰਭੂ ਦਾ ਨਾਮ ਸਿਮਰਿਆਂ, ਹਰੇਕ ਕਿਸਮ ਦਾ ਪਾਪ, ਮਨ ਤੋਂ ਦੂਰ ਹੋ ਜਾਂਦਾ ਹੈ।1।ਰਹਾਉ।
ਜਬ ਗੁਰ ਮਿiਲਆ ਤਬ ਮਨੁ ਵਸਿ ਆਇਆ ॥
ਧਾਵਤ ਪੰਚ ਰਹੇ ਹਰਿ ਧਿਆਇਆ ॥
ਅਨਦਿਨੁ ਨਗਰੀ ਹਰਿ ਗੁਣ ਗਾਇਆ ॥2॥
ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ, ਮਨੁੱਖ ਦੇ ਪੰਜੇ ਗਿਆਨ ਇੰਦਰੇ ਵਿਕਾਰਾਂ ਵਲ ਦੌੜਨੋਂ ਹਟ ਜਾਂਦੇ ਹਨ, ਤੇ ਸਰੀਰ ਦਾ ਮਾਲਕ, ਜੀਵਾਤਮਾ ਹਰ ਰੋਜ਼, ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ।2।
ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥
ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥
ਤੇ ਹਰਿ ਦਰਗਹ ਮੁਖ ਊਜਲ ਭਾਈ ॥3॥
ਜਿਨ੍ਹਾਂ ਵਡਭਾਗੀਆਂ ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾ ਲਈ, ਜਿਨ੍ਹਾਂ ਦੇ ਦਿਮਾਗ ਨੇ ਗੁਰੂ ਦਾ ਗਿਆਨ ਚੰਗੀ ਤਰ੍ਹਾਂ ਸਮਝ ਲਿਆ, ਉਨ੍ਹਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤ ਜੋੜ ਲਈ। ਪਰਮਾਤਮਾ ਦੀ
ਹਜ਼ੂਰੀ ਵਿਚ ਉਹ ਮਨੁੱਖ ਸੁਰਖਰੂ ਹੁੰਦੇ ਹਨ।3।
ਗੁਰ ਸੇਵਾ ਆਪਿ ਹਰਿ ਭਾਵੈ ॥
ਕ੍ਰਿਸਨੁ ਬਲਭਦ੍ਰ ਗੁਰ ਪਗ ਲਗਿ ਧਿਆਵੈ ॥
ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥ 4॥5॥43॥
ਗੁਰੂ ਦੀ ਸਰਨ ਪੈਣਾ ਪਰਮਾਤਮਾ ਨੂੰ ਵੀ ਚੰਗਾ ਲਗਦਾ ਹੈ। ਕ੍ਰਿਸ਼ਨ ਵੀ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਵੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ।
ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ ਆਪ ਪਰਮਾਤਮਾ ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।4।5।43।
ਚੰਦੀ ਅਮਰ ਜੀਤ ਸਿੰਘ (ਚਲਦਾ)