ਗੁਰਬਾਣੀ ਦੀ ਸਰਲ iਵਆiਖਆ!(ਭਾਗ 481)
ਗਉੜੀ ਗੁਆਰੇਰੀ ਮਹਲਾ 4 ॥
ਹਰਿ ਆਪੇ ਜੋਗੀ ਡੰਡਾਧਾਰੀ ॥
ਹਰਿ ਆਪੇ ਰਵਿ ਰਹਿਆ ਬਨਵਾਰੀ ॥
ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥1॥
ਹੱਥ ਵਿਚ ਡੰਡਾ ਰੱਖਣ ਵਾਲਾ ਜੋਗੀ ਵੀ ਪਰਮਾਤਮਾ ਆਪ ਹੀ ਹੈ, ਕਿਉਂਂਕਿ ਉਹ ਹਰੀ-ਪਰਮਾਤਮਾ ਆਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਤਪੀਆਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਤਾੜੀ ਲਾ ਕੇ ਤੱਪ-ਸਾਧਨ ਕਰ ਰਿਹਾ ਹੈ।1।
ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥
ਨਿਕਟਿ ਵਸੈ ਨਾਹੀ ਹਰਿ ਦੂਰਿ ॥1॥ ਰਹਾਉ ॥
ਹੇ ਭਾਈ, ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ। ਉਹ ਹਰੇਕ ਜੀਵ ਦੇ ਨੇੜੇ ਵੱਸਦਾ ਹੈ, ਕਿਸੇ ਵੀ ਥਾਂ ਤੋਂ ਉਹ ਹਰੀ ਦੂਰ ਨਹੀਂ ਹੈ ।1।ਰਹਾਉ।
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥
ਹਰਿ ਆਪੇ ਵੇਖੈ ਵਿਗਸੈ ਆਪੇ ॥
ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥2॥
ਪਰਮਾਤਮਾ ਆਪ ਹੀ ਸ਼ਬਦ ਹੈ, ਆਪ ਹੀ ਸੁਰਤ ਹੈ, ਆਪ ਹੀ ਧੁਨ, ਲਗਨ ਹੈ। ਪਰਮਾਤਮਾ ਆਪ ਹੀ ਸਭ ਜੀਵਾਂ ਵਿਚ
ਬੈਠਾ, ਇਹ ਜਗਤ ਤਮਾਸ਼ਾ ਵੇਖ ਰਿਹਾ ਹੈ, ਤੇ ਆਪ ਹੀ ਇਹ ਤਮਾਸ਼ਾ ਵੇਖ ਕੇ ਖੁਸ਼ ਹੋ ਰਿਹਾ ਹੈ। ਪਰਮਾਤਮਾ ਆਪ ਹੀ ਸਭ ਵਿਚ ਬੈਠ ਕੇ ਆਪਣਾ ਨਾਮ ਜਪ ਰਿਹਾ ਹੈ।2।
ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥
ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥
ਹਰਿ ਆਪਿ ਕਰੇ ਆਪੇ ਨਿਸਤਾਰਾ ॥3॥
ਪਰਮਾਤਮਾ ਆਪ ਹੀ ਪਪੀਹਾ ਹੈ ਤੇ ਆਪ ਹੀ ਉਸ ਪਪੀਹੇ ਲਈ ਵਰਖਾ ਦੀ ਧਾਰ ਹੈ। ਪਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹੈ। ਤੇ ਆਪ ਹੀ ਉਹ ਜੀਵਾਂ ਨੂੰ ਅੰਮ੍ਰਿਤ ਪਿਲਾਣ ਵਾਲਾ ਹੈ। ਪ੍ਰਭੂ ਆਪ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।3।
ਹਰਿ ਆਪੇ ਬੇੜੀ ਤੁਲਹਾ ਤਾਰਾ ॥
ਹਰਿ ਆਪੇ ਗੁਰਮਤੀ ਨਿਸਤਾਰਾ ॥
ਹਰਿ ਆਪੇ ਨਾਨਕ ਪਾਵੈ ਪਾਰਾ ॥4॥6॥44॥
ਪਰਮਾਤਮਾ ਆਪ ਹੀ ਜੀਵਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ ਬੇੜੀ ਹੈ, ਤੁਲਹਾ ਹੈ ਤੇ ਆਪ ਹੀ ਪਾਰ ਲੰਘਾਣ ਵਾਲਾ ਹੈ। ਪ੍ਰਭੂ ਆਪ ਹੀ ਗੁਰੂ ਦੀ ਮੱਤ ਤੇ ਤੋਰ ਕੇ ਵਿਕਾਰਾਂ ਤੋਂ ਬਚਾਂਦਾ ਹੈ।
ਹੇ ਨਾਨਕ, ਪਰਮਾਤਮਾ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।4।6।44।
ਚੰਦੀ ਅਮਰ ਜੀਤ ਸਿੰਘ (ਚਲਦਾ)