ਗੁਰਬਾਣੀ ਦੀ ਸਰਲ iਵਆiਖਆ!(ਭਾਗ 482)
ਗਉੜੀ ਬੈਰਾਗਣਿ ਮਹਲਾ 4 ॥
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥1॥
ਹੇ ਪ੍ਰਭੂ, ਤੂੰ ਸਾਡਾ ਸ਼ਾਹ ਹੈਂ, ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ-ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀ ਲੈ ਲੈਂਦੇ ਹਾਂ। ਜੇ ਤੂੰ ਆਪ ਮਿਹਰਵਾਨ ਹੋ ਕੇ ਸਾਨੂੰ ਆਪਣੇ ਨਾਮ ਦਾ ਸਰਮਾਇਆ ਦੇਂਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ।1।
ਹਮ ਵਣਜਾਰੇ ਰਾਮ ਕੇ ॥
ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥1॥ ਰਹਾਉ ॥
ਹੇ ਭਾਈ, ਅਸੀਂ ਜੀਵ ਪਰਮਾਤਮਾ-ਸ਼ਾਹੂਕਾਰ ਦੇ ਭੇਜੇ ਹੋਏ ਵਪਾਰੀ ਹਾਂ। ਉਹ ਸ਼ਾਹ ਆਪਣੇ ਨਾਮ ਦਾ ਸਰਮਾਇਆ ਦੇ ਕੇ ਅਸਾਂ ਜੀਵਾਂ ਪਾਸੋਂ ਵਪਾਰ ਕਰਾਂਦਾ ਹੈ।1।ਰਹਾਉ।
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥2॥
ਜਿਸ ਜੀਵ ਵਣਜਾਰੇ ਨੇ ਪਰਮਾਤਮਾ ਦੀ ਭਗਤੀ ਦੀ ਖੱਟੀ, ਖੱਟੀ ਹੈ, ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹੋ ਉਸ ਸਦਾ ਕਾਇਮ ਰਹਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ। ਜਿਸ ਜੀਵ ਵਪਾਰੀ ਨੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਜਿਆ ਹੈ, ਜਮ ਮਸੂਲੀਆ ਉਸ ਦੇ ਨੇੜੇ ਵੀ ਨਹੀਂ ਢੁੱਕਦਾ।2।
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥3॥
ਪਰ ਜਿਹੜੇ ਜੀਵ ਵਣਜਾਰੇ, ਪ੍ਰਭੂ ਨਾਮ ਤੋਂ ਬਿਨਾ ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇ-ਅੰਤ ਲਹਿਰਾਂ ਵਿਚ ਫਸ ਕੇ ਦੁੱਖ ਸਹਾਰਦੇ ਰਹਿੰਦੇ ਹਨ। ਪਰ ਉਨ੍ਹਾਂ ਦੇ ਵੀ ਕੀ ਵੱਸ ? ਜਿਹੋ ਜਿਹੇ ਵਣਜ ਵਿਚ ਪਮਾਤਮਾ ਨੇ ਉਨ੍ਹਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਨ੍ਹਾਂ ਨੇ ਪਾ ਲਿਆ ਹੈ।3।
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
ਜਨ ਨਾਨਕ ਸਾਹੁ ਹਰਿ ਸੇਵਿਆ ਫਿiਰ ਲੇਖਾ ਮੂਲਿ ਨ ਲੇਈ ॥4॥1॥7॥45॥
ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ, ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ।
ਹੇ ਦਾਸ ਨਾਨਕ, ਜਿਸ ਮਨੁੱਖ ਨੇ ਸਭ ਦੇ ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਵੀ ਉਸ ਦੇ ਵਣਜ-ਵਪਾਰ ਦਾ ਲੇਖਾ ਨਹੀਂ ਮੰਗਦਾ ।4।1।7।45।
ਚੰਦੀ ਅਮਰ ਜੀਤ ਸਿੰਘ (ਚਲਦਾ)