ਗੁਰਬਾਣੀ ਦੀ ਸਰਲ iਵਆiਖਆ!(ਭਾਗ 483)
ਗਉੜੀ ਬੈਰਾਗਣਿ ਮਹਲਾ 4 ॥
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥
ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥
ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥1॥
ਜਿਵੇਂ ਕੋਈ ਮਾਂ, ਪੁੱਤਰ ਜੰਮਣ ਦੀ ਆਸ ਰੱਖ ਕੇ ਨੌਂ ਮਹੀਨੇ ਆਪਣੀ ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ, ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ, ਸਾਨੂੰ ਲਿਆ ਕੇ ਦੇਵੇਗਾ, ਏਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤ ਨੂੰ ਆਪ, ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ।1।
ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥
ਜਨ ਕੀ ਉਪਮਾ ਤੁਝਹਿ ਵਡਈਆ ॥1॥ ਰਹਾਉ ॥
ਹੇ ਮੇਰੇ ਰਾਮ, ਹੇ ਮੇਰੇ ਮਾਲਕ, ਹੇ ਹਰੀ, ਮੈਨੂੰ ਮੂਰਖ ਨੂੰ ਆਪਣੀ ਸਰਨ ਵਿਚ ਰੱਖ। ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ।1।ਰਹਾਉ।
ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥
ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥
ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥2॥
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਪਿਆਰੀ ਲਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ, ਹਿਰਦੇ-ਘਰ ਵਿਚ ਸਦਾ ਆਨੰਦੁ ਬਣਿਆ ਰਹਿੰਦਾ ਹੈ। ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ, ਉਸ ਨੂੰ ਇਉਂ ਜਾਪਦਾ ਹੈ, ਜਿਵੇਂ ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ। ਪਰਮਾਤਮਾ ਦਾ ਸੇਵਕ ਭਗਤ ਆਪਣੀਆਂ 21 ਕੁਲਾਂ, ਆਪਣੇ ਸਾਰੇ ਸੰਗੀ-ਸਾਥੀ, ਸਾਰੇ ਜਗਤ ਨੂੰ ਹੀ ਵਿਕਾਰਾਂ ਤੋਂ ਬਚਾ ਲੈਂਦਾ ਹੈ।2।
ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥
ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥
ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥3॥
ਇਹ ਸਾਰਾ ਹੀ ਜਗਤ, ਜੋ ਬਣਿਆ ਦਿਸਦਾ ਹੈ, ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਓਸੇ ਦਾ ਮਹਾਨ ਕੰਮ ਹੈ। ਹੇ ਹਰੀ, ਜਗਤ ਦੇ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਭਨਾਂ ਜੀਵਾਂ ਵਿਚ ਤੂੰ ਹੀ ਤੂੰ ਮੌਜੂਦ ਹੈਂ। ਹੇ ਭਾਈ, ਸਭ ਜੀਵਾਂ ਪਾਸੋਂ ਪਰਮਾਤਮਾ ਆਪ ਹੀ ਆਪਣੀ ਪੂਜਾ-ਭਗਤੀ ਕਰਵਾ ਰਿਹਾ ਹੈ। ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖਜ਼ਾਨੇ ਸਭ ਜੀਵਾਂ ਨੂੰ ਦਿਵਾਂਦਾ ਹੈ, ਆਪ ਹੀ ਵੰਡਦਾ ਹੈ।3।
ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥
ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥4॥2॥8॥46॥
ਜੇ ਕੋਈ ਗੁਲਾਮ ਮੰਡੀ ਵਿਚੋਂ ਖਰੀਦਿਆ ਹੋਇਆ ਹੋਵੇ, ਉਸ ਗੁਲਾਮ ਦੀ, ਆਪਣੇ ਮਾਲਕ ਦੇ ਸਾਮ੍ਹਣੇ ਕੋਈ ਚਲਾਕੀ ਚੱਲ ਨਹੀਂ ਸਕਦੀ, ਪਰਮਾਤਮਾ ਦਾ ਸੇਵਕ-ਭਗਤ ਸਤ-ਸੰਗ ਦੀ ਹੱਟੀ ਵਿਚੋਂ, ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ, ਜੇ ਪਰਮਾਤਮਾ ਰਾਜ-ਤਖਤ ਤੇ ਬਿਠਾ ਦੇਵੇ, ਤਾਂ ਵੀ ਉਹ ਪਰਮਾਤਮਾ ਦਾ ਗੁਲਾਮ ਹੀ ਰਹਿੰਦਾ ਹੈ, ਆਪਣੇ ਬਣਾਏ ਹੋਏ ਸੇਵਕ ਘਸਿਆਰੇ ਦੇ ਮੂੰਹੋਂ ਵੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ।
ਹੇ ਭਾਈ, ਦਾਸ ਨਾਨਕ ਪਰਮਾਤਮਾ ਦਾ ਖਰੀਦਿਆ ਹੋਇਆ ਗੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ ਕਿ ਉਸ ਨੇ ਨਾਨਕ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ।4।2।8।46।
ਚੰਦੀ ਅਮਰ ਜੀਤ ਸਿੰਘ (ਚਲਦਾ)