ਗੁਰਬਾਣੀ ਦੀ ਸਰਲ iਵਆiਖਆ!(ਭਾਗ 485)
ਗਉੜੀ ਬੈਰਾਗਣਿ ਮਹਲਾ 4 ॥
ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥
ਵੇਗਾਰਿ ਫਿਰੈ ਵੇਗਾਰੀਆ ਸਿਿਰ ਭਾਰੁ ਉਠਾਇਆ ॥
ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥1॥
ਜਿਹੜਾ ਮਨੁੱਖ ਸਦਾ ਦਿਨ-ਰਾਤ ਮਾਇਆ ਦਾ ਲਾਲਚ ਕਰਦਾ ਰਹਿੰਦਾ ਹੈ, ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖਾਤਰ ਭਟਕਦਾ ਰਹਿੰਦਾ ਹੈ, ਉਹ ਉਸ ਵੇਗਾਰੀ ਵਾਙ ਹੈ ਜੋ ਆਪਣੇ ਸਿਰ ਉੱਤੇ ਬਿਗਾਨਾ ਭਾਰ ਚੁੱਕ ਕੇ ਵੇਗਾਰ ਕਰਦਾ ਫਿਰਦਾ ਹੈ। ਪਰ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਸ ਨੂੰ ਪਰਮਾਤਮਾ ਨੇ ਨਾਮ-ਸਿਮਰਨ ਦੇ ਉਸ ਕੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਆਪਣਾ ਅਸਲ ਕੰਮ ਹੈ।1।
ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥
ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥1॥ ਰਹਾਉ ॥
ਹੇ ਮੇਰੇ ਰਾਮ, ਅਸਾਂ ਜੀਵਾਂ ਦੇ ਮਾਇਆ ਦੇ ਬੰਧਨ ਤੋੜ, ਤੇ ਸਾਨੂੰ ਅਸਲੀ ਆਪਣੇ ਕੰਮ ਵਿਚ ਜੋੜ, ਅਸੀਂ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ।1।ਰਹਾਉ।
ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥
ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥2॥
ਨਰੋਲ ਮਾਇਆ ਦੀ ਖਾਤਰ ਕੋਈ ਮਨੁੱਖ ਕਿਸੇ ਰਾਜੇ ਪਾਤਸ਼ਾਹ ਦੀ ਨੌਕਰੀ ਕਰਦਾ ਹੈ। ਰਾਜਾ ਕਈ ਵਾਰੀ ਕਿਸੇ ਖੁਨਾਮੀ ਦੇ ਕਾਰਨ ਉਸ ਨੂੰ ਕੈਦ ਕਰ ਲੈਂਦਾ ਹੈ, ਜਾਂ ਜੁਰਮਾਨਾ ਆਦਿਕ ਸਜ਼ਾ ਦੇਂਦਾ ਹੈ, ਜਾਂ ਰਾਜਾ ਆਪ ਹੀ ਮਰ ਜਾਂਦਾ ਹੈੈ ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ। ਪਰ ਸ਼ਬਦ-ਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ, ਸਦਾ ਸਾਲਾਹੁਣ ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।2।
ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥
ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥
ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥3॥
ਮਾਇਆ ਕਮਾਣ ਦੀ ਖਾਤਰ ਸਦਾ ਕਈ ਤਰ੍ਹਾਂ ਦਾ ਵਣਜ-ਵਿਹਾਰ ਵੀ ਕਰੀਦਾ ਹੈ, ਜਦੋਂ ਉਹ ਵਣਜ-ਵਪਾਰ ਨਫਾ ਦੇਂਦਾ ਹੈ ਤਾਂ ਮਨ ਵਿਚ ਖੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ ਹਉਕੇ ਨਾਲ ਮਰ ਜਾਂਦਾ ਹੈ। ਪਰ ਜਿਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫਤ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ।3।
ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿiਰ ਲਾਗੈ ॥
ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥
ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿiਰ ਭੂਖ ਨ ਲਾਗੈ ॥4॥4॥10॥48॥
ਹੋਰ ਹੋਰ ਰਸਾਂ ਦੀ, ਹੋਰ ਹੋਰ ਸਵਾਦਾਂ ਦੀ ਜਿਤਨੀ ਵੀ ਤ੍ਰਿਸ਼ਨਾ ਮਨੁੱਖ ਨੂੰ ਲਗਦੀ ਹੈ, ਜਿਉਂ ਜਿਉਂ ਰਸ ਸਵਾਦ ਮਾਣੀਦੇ ਹਨ , ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲਗਦੀ ਜਾਂਦੀ ਹੈ, ਮਾਇਕ ਰਸਾਂ ਵਲੋਂ ਮਨੁੱਖ ਕਦੇ ਵੀ ਰੱਜਦਾ ਨਹੀਂ। ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕ੍ਰਿਪਾ ਕਰਦਾ ਹੈ, ਉਹ ਮਨੁੱਖ ਗੁਰੂ ਅੱਗੇ ਆਪਣਾ ਸਿਰ ਵੇਚ ਦੇਂਦਾ ਹੈ, ਉਹ ਆਪਣਾ-ਆਪ ਗੁਰੂ ਦੇ ਹਵਾਲੇ ਕਰਦਾ ਹੈ।
ਹੇ ਦਾਸ ਨਾਨਕ, ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ।4।4।10।48।
ਚੰਦੀ ਅਮਰ ਜੀਤ ਸਿੰਘ (ਚਲਦਾ)