ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 488-ੳ)
ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 488-ੳ)
Page Visitors: 31

   ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 488-ੳ)   
     ਗਉੜੀ ਬੈਰਾਗਣਿ ਮਹਲਾ 4
     ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥
     ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥
     ਤਿਉ ਸਤਿਗੁਰ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥1
      ਜਿਵੇਂ ਮਾਂ, ਪੁੱਤਰ ਨੂੰ ਜਨਮ ਦੇ ਕੇ, ਉਸ ਨੂੰ ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ, ਘਰ ਵਿਚ ਅੰਦਰ ਬਾਹਰ ਕੰਮ ਕਰਦੀ ਹੋਈ ਵੀ ਪਲ ਪਲ ਪਿਆਰ ਕਰ ਕੇ ਉਸ ਪੁੱਤਰ ਦੇ ਮੂੰਹ ਵਿਚ ਗ੍ਰਾਹੀ ਦੇਂਦੀ ਰਹਿੰਦੀ ਹੈ। ਏਸੇ ਤਰ੍ਹਾਂ ਗੁਰੂ, ਸ਼ਬਦ ਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤ ਦੀ ਆਤਮਕ ਖੁਰਾਕ ਦੇ ਕੇ ਪਿਆਰ ਨਾਲ ਸੰਭਾਲਦਾ ਹੈ।1
     ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
     ਧੰਨੁ ਧੰਨੁ ਗੁਰੂ ਗੁਰ ਸਤਿਗੁਰ ਪਾਧਾ ਜਿiਨ ਹਰਿ ਉਪਦੇਸੁ ਦੇ ਕੀਏ ਸਿਆਣੇ ॥1॥ ਰਹਾਉ ॥
      ਹੇ ਮੇਰੇ ਰਾਮ, ਹੇ ਹਰੀ, ਹੇ ਪ੍ਰਭੂ, ਅਸੀਂ ਤੇਰੇ ਅੰਞਾਣ ਬੱਚੇ ਹਾਂ। ਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ, ਸ਼ਬਦ ਗੁਰੂ ਨੂੰ, ਜਿਸ ਨੇ, ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ, ਸਿਆਣੇ ਬਣਾ ਦਿੱਤਾ ਹੈ।1।ਰਹਾਉ।  
     ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥
     ਓਹ ਰਾਖੈ ਚੀਤੁ ਪੀਛੈ ਬਿiਚ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥
     ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰ ਸਿਖ ਰਖੈ ਜੀਅ ਨਾਲੀ ॥2
      ਜਿਵੇਂ ਚਿੱਟੇ ਖੰਭਾਂ ਵਾਲੀ ਕੂੰਜ ਆਸਮਾਨ ਵਿਚ ਉੜਦੀ ਫਿਰਦੀ ਹੈ, ਪਰ ਉਹ ਪਿੱਛੇ ਰਹੇ ਹੋਏ ਆਪਣੇ ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਨ੍ਹਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ, ਸੰਭਾਲਦੀ ਹੈ, ਏਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤ ਦੇ ਕੇ, ਉਨ੍ਹਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ।2
     ਜੈਸੇ ਕਾਤੀ ਤੀਸ ਬਤੀਸ ਹੈ ਵਿiਚ ਰਾਖੈ ਰਸਨਾ ਮਾਸ ਰਤੁ ਕੇਰੀ ॥
     ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
     ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥3

      ਜਿਵੇਂ ਤੀਹਾਂ ਬੱਤੀਆਂ ਦੰਦਾਂ ਦੀ ਕੈਂਚੀ ਹੇ, ਉਸ ਕੈਂਚੀ ਵਿਚ ਪਰਮਾਤਮਾ ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ ਬਚਾ ਕੇ ਰੱਖਦਾ ਹੈ। ਕੋਈ ਮਨੁੱਖ ਪਿਆ ਸਮਝੇ ਕਿ ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ, ਮਾਸ ਦੀ ਜੀਭ ਦੇ ਹੱਥ ਵਿਚ ਹੈ, ਜਾਂ ਦੰਦਾਂ ਦੀ ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ। ਏਸੇ ਤਰ੍ਹਾਂ ਲੋਕ ਤਾਂ ਸੰਤ-ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਹੀ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ।3
     ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
     ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
     ਐਸਾ ਹਰਿ ਨਾਮੁ ਮਨਿ ਚਿiਤ ਨਿiਤ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥471351
      ਹੇ ਭਾਈ, ਮੱਤ ਕੋਈ ਸਮਝੇ ਕਿ ਕਿਸੇ ਮਨੁੱਖ ਦੇ ਵੱਸ ਵਿਚ ਕੁਝ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ, ਆਪ ਹੀ ਕਰਾਂਦਾ ਹੈ। ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿ ਹਰੇਕ ਦੁਖ-ਕਲੇਸ਼ ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ ਕਿਸੇ ਜੀਵ ਨੂੰ ਨਹੀਂ ਲੱਗ ਸਕਦਾ।
  ਹੇ ਦਾਸ ਨਾਨਕ, ਜਿਹੜਾ ਹਰਿ-ਨਾਮ ਅਖੀਰਲੇ ਸਮੇ ਜਮ ਆਦਿਕਾਂ ਤੋਂ ਛੁਡਾ ਲੈਂਦਾ ਹੈ, ਉਸ ਨੂੰ ਆਪਣੇ ਮਨ ਵਿਚ, ਚਿੱਤ ਵਿਚ ਸਦਾ ਸਿਮਰਦੇ ਰਹੋ ।471351
   ਜਿਸ ਸਿਮਰਨ ਦੀ ਏਨੀ ਬਰਕਤ ਹੈ, ਇਸ ਬਾਰੇ ਸਿੱਖਾਂ ਵਿਚ ਬੜਾ ਭੁਲੇਖਾ ਹੈ, ਆਉ ਵੇਖੀਏ ਕਿ ਇਸ ਸਿਮਰਨ ਬਾਰੇ ਗੁਰਬਾਣੀ ਕੀ ਸੇਧ ਦੇਂਦੀ ਹੈ ? ਪਹਿਲੀ ਚੀਜ਼ ਤਾਂ ਨਾਲ ਹੀ ਏਥੇ ਹੀ ਦਿੱਤੀ ਹੋਈ ਹੈ ਕਿ ਇਹ ਮਨ ਦਾ ਚਿੱਤ ਦਾ ਵਿਸ਼ਾ ਹੈ, ਰੱਟਾ ਲਾਉਣ ਦਾ ਵਿਸ਼ਾ ਨਹੀਂ ਹੈ।    ਅਤੇ,
     ਮਾਰੂ ਸੋਲਹੇ ਮਹਲਾ 5   (1078)
     ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
     ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥1
      ਪਦ-ਅਰਥ:- ਸਿਮਰੈ=ਸਿਮਰਦਾ ਹੈ, ਹਰ ਵੇਲੇ ਚੇਤੇ ਰੱਖਦਾ ਹੈ, ਰਜ਼ਾ ਵਿਚ ਤੁਰਦਾ ਹੈ।
     ਸਿਮਰਹਿ=ਸਿਮਰਦੇ ਹਨ, ਬਹੁ ਵਚਨ।
      ਹੇ ਭਾਈ, ਧਰਤੀ, ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ। ਆਕਾਸ਼ ਉਸ ਦੀ ਰਜ਼ਾ ਵਿਚ ਹੈ। ਚੰਦ ਅਤੇ ਸੂਰਜ, ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ ਪਾਣੀ ਅੱਗ ਆਦਿ ਤੱਤ ਪ੍ਰਭੂ ਦੀ ਰਜ਼ਾ ਅਨੁਸਾਰ ਕੰਮ ਕਰ ਰਹੇ ਹਨ। ਸਾਰੀ ਸਰਿਸ਼ਟੀ, ਉਸ ਦੀ ਰਜ਼ਾ ਅਨੁਸਾਰ ਚੱਲ ਰਹੀ ਹੈ।1
   ਚੰਦੀ ਅਮਰ ਜੀਤ ਸਿੰਘ   (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.