ਗੁਰਬਾਣੀ ਦੀ ਸਰਲ iਵਆiਖਆ!(ਭਾਗ 488-ੲ)
ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥ ਸੋ ਜਿਨਾ ॥8॥ (1079)
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸਵਾਮੀ, ਹੇ ਸਭ ਦੇ ਦਿਲਾਂ ਦੀ ਜਾਨਣ ਵਾਲੇ ਪ੍ਰਭੂ, ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ।8।
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥ ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥9॥
ਹੇ ਭਾਈ, ਜਿਸ ਮਨੁੱਖ ਦੇ ਮਨ ਵਿਚ, ਪਿਆਰਾ ਪ੍ਰਭੂ ਆਂ ਵੱਸਦਾ ਹੈ, ਉਹ ਪ੍ਰਭੂ ਦੀ ਪੂਰੀ ਮਿਹਰ ਨਾਲ, ਗੁਰੂ ਦਾ ਦੱਸਿਆ ਜਪ, ਜਪਦਾ ਹੈ (ਆਪਾਂ ਇਹ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਕਿ ਜਪ ਮਨ ਵਿਚ ਯਾਦ ਕਰਨ ਦਾ ਵਿਸ਼ਾ ਹੈ ਅਤੇ ਜਾਪ, ਕਿਸੇ ਮੰਤ੍ਰ ਦਾ ਰਟਨ ਕਰਨਾ ਹੁੰਦਾ ਹੈ) ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ।9।
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੁਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥10॥
ਹੇ ਭਾਈ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ, ਉਸ ਦਾ ਦੁੱਖ, ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ। ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆਉਣ ਲਗ ਪੈਂਦਾ ਹੈ, ਗੁਰਬਾਣੀ ਦੀ ਬਰਕਤ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌਂ ਚਲਦੀ ਰਹਿੰਦੀ ਹੈ।10।
ਸੋ ਧਨਵੰਤਾ ਜਿiਨ ਪ੍ਰਭੁ ਧਿਆਇਆ ॥ ਸੋ ਪਤਿਵੰਤਾ ਜਿiਨ ਸਾਧਸੰਗੁ ਪਾਇਆ ॥
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥11॥
ਹੇ ਭਾਈ, ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ, ਉਹ ਨਾਮ-ਖਜ਼ਾਨੇ ਦਾ ਮਾਲਕ ਬਣ ਗਿਆ, ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ, ਉਹ, ਲੋਕ-ਪਰਲੋਕ ਵਿਚ ਇੱਜ਼ਤ ਵਾਲਾ ਹੋ ਗਿਆ। ਹੇ ਭਾਈ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ, ਉਹ ਜਗਤ ਵਿਚ ਉੱਘਾ ਹੋ ਗਿਆ।11।
ਜਲਿ ਥਲਿ ਮਹੀਅਲਿ ਸੁਆਮੀ ਸੋਈ ॥ ਅਵਰੁ ਨ ਕਹੀਐ ਦੂਜਾ ਕੋਈ ॥
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥12॥
ਹੇ ਭਾਈ, ਉਹ ਮਾਲਕ-ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਵੱਸਦਾ ਹੈ, ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਨਹੀਂ ਜਾ ਸਕਦਾ। ਹੇ ਭਾਈ, ਗੁਰੂ ਦੇ ਗਿਆਨ ਦੇ ਸੁਰਮੇ ਨੇ ਜਿਸ ਮਨੁੱਖ ਦੀਆਂ ਅੱਖਾਂ ਦਾ ਸਾਰਾ ਭਰਮ-ਜਾਲਾ ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ, ਕਿਤੇ ਕੋਈ ਹੋਰ ਨਹੀਂ ਦਿਸਦਾ।12।
ਊਚੇ ਤੇ ਊਚਾ ਦਰਬਾਰਾ ॥ ਕਹਣੁ ਨ ਜਾਈ ਅੰਤੁ ਨ ਪਾਰਾ ॥
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ, ਨ ਜਾਈ ਕਿਆ ਮਿਨਾ ॥13॥
ਹੇ ਪ੍ਰਭੂ, ਤੇਰਾ ਦਰਬਾਰ ਸਭ ਦਰਬਾਰਾਂ ਨਾਲੋਂ ਉੱਚਾ ਹੈ, ਉਸ ਦਾ ਅਖੀਰ, ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ। ਹੇ ਡੂੰਘੇ ਤੇ ਅਥਾਹ ਸਮੁੰਦਰ, ਹੇ ਵੱਡੇ ਜਿਗਰੇ ਵਾਲੇ, ਹੇ ਮਾਲਕ, ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿiਣਆ ਨਹੀਂ ਜਾ ਸਕਦਾ।13।
ਤੂ ਕਰਤਾ ਤੇਰਾ ਸਭੁ ਕੀਆ ॥ ਤੁਝੁ ਬਿਨੁ ਅਵਰੁ ਨ ਕੋਈ ਬੀਆ ॥
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥14॥
ਹੇ ਪ੍ਰਭੂ, ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ। ਤੈਥੋਂ ਬਗੈਰ ਤੇਰੇ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਜਗਤ ਦੇ ਸ਼ੁਰੂ ਤੋਂ ਅਖੀਰ ਤੱਕ, ਤੂੰ ਸਦਾ ਕਾਇਮ ਰਹਣ ਵਾਲਾ ਹੈਂ। ਇਹ ਸਾਰਾ ਜਗਤ ਖਿਲਾਰਾ ਤੇਰੇ ਹੀ ਆਪਣੇ-ਆਪ ਦਾ ਹੈ ।14।
ਜਮਦੂਤੁ ਤਿਸੁ ਨਿਕਟਿ ਨ ਆਵੈ ॥ ਸਾਧਸੰਗਿ ਹਰਿ ਕੀਰਤਨੁ ਗਾਵੈ ॥
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥15॥ (1079)
ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫਤ-ਸਾਲਾਹ ਦਾ ਗੀਤ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਆ ਸਕਦਾ, ਮੌਤ ਉਸ ਨੂੰ ਡਰਾ ਨਹੀਂ ਸਕਦੀ। ਆਤਮਕ ਮੌਤ ਉਸ ਦੇ ਨੇੜੇ ਨਹੀਂ ਆ ਸਕਦੀ। ਜਿਹੜਾ ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜੱਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।15।
(ਸਾਨੂੰ ਗੁਰਬਾਣੀ ਦਾ ਇਕ ਇਕ ਅੱਖਰ ਸੋਚ-ਵਿਚਾਰ ਕੇ ਗੁਰਬਾਣੀ ਦੀ ਸਿੱਖਿਆ ਤੇ ਅਮਲ ਕਰਨ ਦੀ ਲੋੜ ਹੈ। ਇਸ ਤੁਕ ਵਿਚ ਸਭ ਤੋਂ ਪਹਿਲਾਂ ਸਾਧ-ਸੰਗਤ, ਸਤ-ਸੰਗਤ ਵਿਚ ਜੁੜਨ ਦੀ ਗੱਲ ਹੈ। ਸਤ-ਸੰਗਤ ਕੀ ਹੁੰਦੀ ਹੈ ? ਜਿੱਥੈ ਇਕੱਠੇ ਹੋ ਕੇ ਪਰਮਾਤਮਾ ਦੇ ਨਾਮ ਬਾਰੇ ਵਿਚਾਰ ਕੀਤੀ ਜਾਂਦੀ ਹੋਵੇ, ਨਾਮ ਦੀ ਵਿਚਾਰ ਬਾਰੇ ਤਾਂ ਹੀ ਵਿਚਾਰ ਸਕਦੇ ਹਾਂ, ਜੇ ਸਾਨੂੰ ਪਤਾ ਹੋਵੇ ਕਿ ਨਾਮ ਕੀ ਚੀਜ਼ ਹੈ ? (ਆਪਣਾ ਮਨ ਟੋਹ ਕੇ ਵੇਖੋ, ਕਿੰਨਿਆਂ ਨੂੰ ਨਾਮ ਬਾਰੇ ਗਿਆਨ ਹੈ ?)
ਆਪਣੇ ਕੰਨਾਂ ਨਾਲ ਪ੍ਰਭੂ ਦਾ ਜੱਸ ਉਹੀ ਬੰਦਾ ਸੁਣੇਗਾ, ਜੋ ਸਤ-ਸੰਗਤ ਵਿਚ ਜੁੜੇਗਾ, ਸੰਗਤ ਤਾਂ ਬਹੁਤ ਤਰਾਂ ਦੀ ਹੁੰਦੀ ਹੈ, ਸਤ-ਸੰਗਤ ਵਿਚ ਉਹੀ ਜੁੜੇਗਾ, ਜਿਸ ਨੂੰ ਸਤ-ਸੰਗਤ ਬਾਰੇ ਗਿਆਨ ਹੋਵੇਗਾ। ਫਿਰ ਸੁਣਨ ਬਾਰੇ ਵੀ ਗਿਆਨ ਹੋਵੇ, ਗੁਰਬਾਣੀ ਨੇ ਸੁਣਨ ਦੀ ਬਹੁਤ ਵਡਿਆਈ ਕੀਤੀ ਹੈ, ਅੰਤ ਸਿੱਟਾ ਇਹੀ ਕੱਢਿਆ ਹੈ "
ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ (4)
ਸੁਣਨ ਦੀ ਪੂਰੀ ਕਿiਰਆ ਹੈ, ਕੰਨਾਂ ਨਾਲ ਸੁਣ ਕੇ ਵੀ ਸੁਣਿਆ ਜਾ ਸਕਦਾ ਹੈ ਜੇ ਮਨ ਅਤੇ ਸੁਰਤ ਇਕ-ਸਾਰ ਹੋਣ। ਅੱਖਾਂ ਨਾਲ ਪੜ੍ਹੇ ਨੂੰ ਵੀ ਸੁਣਿਆ ਜਾ ਸਕਦਾ ਹੈ ਜੇ ਮਨ ਅਤੇ ਸੁਰਤ ਇਕ-ਸਾਰ ਹੋਣ। ਕੰਨਾਂ ਨਾਲ ਸੁਣਿਆ ਵੀ ਪਹਿਲਾਂ ਦਿਮਾਗ ਵਿਚ ਜਾਂਦਾ ਹੈ, ਦਿਮਾਗ ਉਸ ਨੂੰ ਅੱਗੇ ਮਨ ਵੱਲ ਘੱਲ ਦੇਂਦਾ ਹੈ, ਮਨ ਅਤੇ ਦਿਮਾਗ ਇਕ-ਸਾਰ ਹੋਣ ਤਾਂ ਕਿਸੇ ਵੀ ਤਰੀਕੇ ਨਾਲ ਸੁਣਿਆ ਹੋਇਆ ਸਮਝ ਆ ਜਾਂਦਾ ਹੈ। ਉਸ ਤੇ ਅਮਲ ਕਰਨਾ ਅਗਲਾ ਪੜਾਅ ਹੈ। ਗੁਰਬਾਣੀ ਨੇ ਸੇਧ ਦਿੱਤੀ ਹੈ ਕਿ ਇਹ ਸਾਰੇ ਕੰਮ ਅਕਲ ਨਾਲ ਸੋਚ ਕੇ ਸਹੀ ਹੁੰਦੇ ਹਨ। ਫਿਰ ਹੀ ਕਿਸੇ ਨੂੰ ਅੱਗੇ ਦੱਸਣ ਜੋਗੇ ਹੋਈਦਾ ਹੈ। ਜਿਸ ਨੇ ਅਕਲ ਨਾਲ ਸਮਝ ਕੇ ਉਸ ਨੂੰ ਮੰਨ ਲਿਆ, ਫਿਰ ਗੱਲ ਰਹਿ ਜਾਂਦੀ ਹੈ ਉਸ ਨੂੰ ਮੰਨਣ ਦੀ, ਪ੍ਰਭੂ ਨਾਲ ਪਿਆਰ ਕਰਨ ਦੀ, ਇਹ ਕੰਮ ਨਰੋਲ ਮਨ ਦਾ ਹੈ, ਜਬਾਨ ਦਾ ਨਹੀਂ। ਜੇ ਮਨ ਮੰਨ ਲਵੇ ਤਾਂ ਸਰੀਰ ਦੇ ਅੰਦਰ ਹੀ ਤੀਰਥ ਜ਼ਾਹਰ ਹੋ ਜਾਂਦਾ ਹੈ। ਫਿਰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਰਹਿੰਦੀ। ਮਨ, ਸਰੀਰ ਦੇ ਅੰਦਰਲੇ ਤੀਰਥ ਤੇ ਹੀ ਇਸ਼ਨਾਨ ਕਰ ਕਰ ਕੇ ਆਪਣੇ ਕੀਤੇ ਪਾਪਾਂ ਦੀ ਮੈਲ ਸਹਿਜੇ ਖਤਮ ਕਰ ਲੈਂਦਾ ਹੈ, ਢੋਲਕੀਆਂ-ਛੈਣੇ ਖੜਕਾਉਣ ਦੀ ਲੋੜ ਨਹੀਂ ਪੈਂਦੀ।
ਤੂ ਸਭਨਾ ਕਾ ਸਭੁ ਕੋ ਤੇਰਾ ॥ ਸਾਚੇ ਸਾਹਿਬ ਗਹਿਰ ਗੰਭੀਰਾ ॥
ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥16॥1॥8॥
ਹੇ ਪ੍ਰਭੂ, ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ।
ਹੇ ਨਾਨਕ, ਆਖ, ਹੇ ਸਦਾ ਕਾਇਮ ਰਹਣ ਵਾਲੇ ਮਾਲਕ, ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ, ਉਹੀ ਮਨੁੱਖ ਸ੍ਰੇਸ਼ਟ ਹਨ, ਜਿਹੜੇ ਤੇਰੇ ਮਨ ਨੂੰ ਚੰਗੇ ਲਗਦੇ ਹਨ।16।1।18।
ਚੰਦੀ ਅਮਰ ਜੀਤ ਸਿੰਘ (ਚਲਦਾ)
ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ iਵਆiਖਆ!(ਭਾਗ 488-ੲ)
Page Visitors: 27