ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 490)
ਮਹਲਾ 4 ਗਉੜੀ ਪੂਰਬੀ ॥
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥
ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥1॥
ਦਇਆਲ ਹਰਿ-ਪ੍ਰਭੂ ਨੇ ਮੇਰੇ ਉੱਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ, ਤਨ ਵਿਚ, ਮੇਰੇ ਮੂੰਹ ਵਿਚ ਆਪਣੀ ਸਿਫਤ-ਸਾਲਾਹ ਦੀ ਬਾਣੀ ਰੱਖ ਦਿੱਤੀ। ਮੇਰੇ ਹਿਰਦੇ ਦੀ ਚੋਲੀ, ਮੇਰਾ ਹਿਰਦਾ ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁੜ ਗੂੜ੍ਹਾ ਹੋ ਗਿਆ।1।
ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥
ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥1॥ ਰਹਾਉ ॥
ਮੈਂ ਆਪਣੇ ਹਰੀ ਦੀ, ਪ੍ਰਭੂ ਦੀ ਗੋਲੀ ਬਣ ਗਈ ਹਾਂ। ਜਦ ਮੇਰਾ ਮਨ ਪ੍ਰਭੂ ਦੀ ਯਾਦ ਦੇ ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ।1।ਰਹਾਉ।
ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥
ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥2॥
ਹੇ ਸੰਤ-ਜਨ ਭਰਾਵੋ, ਤੁਸੀਂ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ, ਤੁਹਾਨੂੰ ਇਹ ਗੱਲ ਪ੍ਰਤੱਖ ਦਿਸ ਪਵੇਗੀ ਕਿ ਇਹ ਸਾਰਾ ਜਗਤ, ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤ ਵੱਸ ਰਹੀ ਹੈ।
ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ, ਕੋਲ ਵੱਸਦਾ ਹੈ।2।
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥3॥
ਉਹ ਪਰਮਾਤਮਾ ਜੋ ਪਰੇ ਤੋਂ ਪਰੇ ਹੈ, ਜੋ ਸਰਬ-ਵਿਆਪਕ ਹੈ, ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ। ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪ੍ਰਗਟ ਕੀਤਾ ਹੈ, ਇਸ ਵਾਸਤੇ ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ, ਆਪਣਾ ਕੋਈ ਹੱਕ-ਦਾਹਵਾ ਨਹੀਂ ਰੱਖਿਆ, ਜਿਵੇਂ ਮੁੱਲ ਵੇਚੀ ਕਿਸੇ ਚਜ਼ਿ ਉੱਤੇ ਕੋਈ ਹੱਕ ਨਹੀਂ ਰਹਿ ਜਾਂਦਾ।3।
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿiਲ ਸਤਿਗੁਰ ਗੁਰ ਵੇਚੋਲੀ ॥4॥1॥15॥ 53॥
ਹੇ ਹਰੀ, ਸਾਰੇ ਜਗਤ ਵਿਚ ਸਭ ਜੀਵਾਂ ਦੇ ਅੰਦਰ-ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ। ਦਾਸ ਨਾਨਕ, ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ।4।1।15।53।
ਚੰਦੀ ਅਮਰ ਜੀਤ ਸਿੰਘ (ਚਲਦਾ)