ਗੁਰਸੇਵਕ ਸਿੰਘ ਧੋਲਾ
ਜੋਗਿੰਦਰ ਸਿੰਘ ਸਪੋਕਸਮੈਨ ਨਾਲ ਯਾਦਾਂ-6
Page Visitors: 20
ਜੋਗਿੰਦਰ ਸਿੰਘ ਸਪੋਕਸਮੈਨ ਨਾਲ ਯਾਦਾਂ-6
---
ਜੋਗਿੰਦਰ ਸਿੰਘ ਨੇ ਸਪੋਕਸਮੈਨ ਰਾਹੀਂ ਕਈ ਵਧੀਆ ਕੰਮ ਵੀ ਕੀਤੇ। ਅਖ਼ਬਾਰ ਕਾਇਮ ਹੋਣ ਤੋਂ ਬਾਅਦ ਸਭ ਤੋਂ ਵੱਡਾ ਕੰਮ ਧਰਮੀ ਫੌਜੀਆਂ ਨੂੰ ਸਨਮਾਨ ਦੇਣ ਦਾ ਕੀਤਾ ਗਿਆ। ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਅਤੇ ਇਕ ਬਹੁਤ ਉੱਤਮ ਕਿਸਮ ਦੀ ਕਿਤਾਬ ਵੀ ਛਾਪੀ ਗਈ। ਧਰਮੀ ਫੌਜੀਆਂ ਨੇ 1984 ਵਿਚ ਦਰਬਾਰ ਸਾਹਿਬ ਦੇ ਕੀਤੇ ਗਏ ਫੌਜੀ ਹਮਲੇ ਸਮੇਂ ਆਪਣੀਆਂ ਬੈਰਕਾਂ ਛੱਡੀਆਂ ਸਨ। ਫੋਜ ਨੇ ਬੈਰਕਾਂ ਛੱਡਣ ਵਾਲੇ ਅਨੇਕਾਂ ਸਿੱਖ ਫੌਜੀ ਸ਼ਹੀਦ ਕਰ ਦਿੱਤੇ ਸਨ ਕਈਆਂ ਨੇ ਲੰਮੀਆਂ ਜੇਲ੍ਹਾਂ ਕੱਟੀਆਂ ਸਨ ਅਤੇ ਕਈ ਕੰਮਾਂ ਤੋਂ ਆਰ੍ਹੀ ਹੋ ਚੁੱਕੇ ਸਨ। ਇਨ੍ਹਾਂ ਧਰਮੀ ਫੋਜੀਆਂ ਦਿੇ ਮਨ ਵਿਚ ਨਿਰਾਸਾ ਸੀ ਕਿ ਕੌਮ ਨੇ ਉਨ੍ਹਾਂ ਨੂੰ ਉਹ ਮਾਣ ਨਹੀਂ ਦਿੱਤਾ ਜਿਸ ਦੇ ਉਹ ਹੱਕਦਾਰ ਸਨ। ਜਦੋਂ ਸਪੋਕਸਮੈਨ ਰਾਹੀਂ ਧਰਮੀ ਫੌਜੀਆਂ ਨੂੰ ਮਾਣ ਮਿਲਿਆ ਤਾਂ ਹੋਰ ਵੀ ਅਨੇਕਾਂ ਸਿੱਖ ਸੰਸਥਾਵਾਂ ਨੇ ਉਨ੍ਹਾਂ ਨੂੰ ਬਣਦਾ ਰੁਤਵਾ ਅਤੇ ਆਰਥਿਕ ਮੱਦਦ ਕੀਤੀ। ਸ਼੍ਰੋਮਣੀ ਕਮੇਟੀ ਨੇ ਕਈ ਧਰਮੀ ਫੋਜੀਆਂ ਨੂੰ ਅਦਾਰੇ ਵਿਚ ਨੌਕਰੀਆਂ ਦਿੱਤੀਆਂ।
ਜਦੋਂ ਅਖਬਾਰ ਛਪਣਾ ਸ਼ੁਰੂ ਹੋਇਆ ਤਾਂ ਸੱਚਮੁੱਚ ਅਜਿਹਾ ਲਗਦਾ ਸੀ ਕਿ ਗੁਰੂ ਨਾਨਕ ਵਿਚਾਰਧਾਰਾ ਦਾ ਹੜ੍ਹ ਆ ਗਿਆ ਹੈ। ਕਈ ਡੇਰੇਦਾਰਾਂ ਅਤੇ ਕੌਮੀ ਮੁੱਖਧਾਰਾ ਤੋਂ ਉਲਟ ਅਵੱਗਿਆ ਕਰ ਰਹੇ ਲੋਕ ਸਿੱਧੇ ਰਾਹ ਪੈ ਗਏ। ਉਸ ਵੇਲ਼ੇ ਤੋਂ ਕੌਮ ਦੀ ਮੁੱਖਧਾਰਾ ਵਿਚ ਆਏ ਅਨੇਕਾਂ ਲੋਕ ਹਮੇਸ਼ਾਂ ਲਈ ਗਲਤ ਮਾਰਗ ਛੱਡ ਗਏ।
ਇਹ ਅਖਬਾਰ ਨੇ ਹੀ ਸਭ ਤੋਂ ਪਹਿਲਾਂ ਲੇਖਕਾਂ ਦੇ ਸੰਪਰਕ ਨੰਬਰ ਛਾਪਣੇ ਸ਼ੁਰੂ ਕੀਤੇ। ਇਸ ਤੋਂ ਪਹਿਲਾਂ ਸਾਰੇ ਅਖ਼ਬਾਰ ਅਤੇ ਰਸਾਲੇ ਲੇਖਕ ਦਾ ਨਾਮ ਜਰੂਰ ਛਾਪਦੇ ਸਨ ਪਰ ਸੰਪਰਕ ਨੰਬਰ ਨਹੀਂ ਸੀ ਛਾਪਦੇ ਉਹ ਸਮਝਦੇ ਸਨ ਕਿ ਛਾਪਿਆ ਜਾ ਰਿਹਾ ਲੇਖਕ ਉਨ੍ਹਾਂ ਦੀ ਪ੍ਰੌਪਰਟੀ ਹੈ। ਜਦੋਂ ਸਪੋਕਸਮੈਨ ਸੰਪਰਕ ਨੰਬਰ ਛਾਪਣ ਲੱਗਿਆ ਤਾਂ ਇਕੋ ਮੱਤ ਦੇ ਲੇਖਕਾਂ ਨੇ ਆਪਸ ਵਿਚ ਸੰਪਰਕ ਕਰਕੇ ਆਪਣੇ ਲਿੰਕ ਪੈਦਾ ਕਰ ਲਏ ਇਸ ਤਰਾਂ ਲੇਖਕਾਂ ਦੀ ਮਸਲਿਆਂ ਪ੍ਰਤੀ ਆਪਸੀ ਸਮਝ ਤਾਂ ਵਧੀ ਹੀ ਸਗੋਂ ਪਾਠਕਾਂ ਨੇ ਵੀ ਆਪਣੇ ਚਹੇਤੇ ਲੇਖਕਾਂ ਨਾਲ ਰਾਬਤਾ ਕਾਇਮ ਕਰ ਲਿਆ। ਇਸ ਨੀਤੀ ਤਾਹਿਤ ਹੋਰ ਅਖਬਾਰਾਂ ਨੂੰ ਵੀ ਇਹੀ ਰਾਹ ਫੜਨਾ ਪਿਆ । ਇਸ ਤਰਾਂ ਲੇਖਕਾਂ ਅਤੇ ਪਾਠਕਾਂ ਨੂੰ ਨਵੇਂ ਮੰਚ ਮਿਲੇ।
-ਚਲਦਾ