ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 491)
ਗਉੜੀ ਪੂਰਬੀ ਮਹਲਾ 4 ॥
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥1॥
ਹੇ ਜਗਤ ਦੇ ਜੀਵਨ ਪ੍ਰਭੂ, ਹੇ ਬੇਅੰਤ ਪ੍ਰਭੂ, ਹੇ ਸਵਾਮੀ, ਹੇ ਜਗਤ ਦੇ ਈਸ਼ਵਰ, ਹੇ ਸਰਬ-ਵਿਆਪਕ, ਹੇ ਸਿਰਜਣਹਾਰ, ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉੱਤੇ ਤੁਰਨ ਲਈ ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉੱਤੇ ਹੀ ਤੁਰਦੇ ਹਾਂ ।1।
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥
ਸਤਸੰਗਤਿ ਮਿiਲ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥1॥ ਰਹਾਉ ॥
ਹੇ ਰਾਮ, ਮਿਹਰ ਕਰ, ਮੇਰਾ ਮਨ ਤੇਰੇ ਨਾਮ ਵਿਚ ਰੰਗਿਆ ਰਹੇ। ਹੇ ਭਾਈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ ਸਾਧ-ਸੰਗਤ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ।1।ਰਹਾਉ। ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥2॥
ਹੇ ਭਾਈ, ਪਰਮਾਤਮਾ ਦਾ ਨਾਮ ਜਗਤ ਵਿਚ, ਸਭ ਰੋਗਾਂ ਦੀ ਦਵਾਈ ਹੈ, ਪਰਮਾਤਮਾ ਦਾ ਨਾਮ ਆਤਮਕ ਸ਼ਾਂਤੀ ਦੇਣ ਵਾਲਾ ਹੈ। ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪ੍ਰਭੂ ਦਾ ਨਾਮ-ਰਸ ਚਖਦੇ ਹਨ, ਉਨ੍ਹਾਂ ਦੇ ਸਾਰੇ ਪਾਪ, ਸਾਰੇ ਐਬ ਨਾਸ ਹੋ ਜਾਂਦੇ ਹਨ।2।
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥3॥
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਿਖਆ ਹੁੰਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖ-ਸਰ ਵਿਚ ਇਸ਼ਨਾਨ ਕਰਦੇ ਹਨ,ਉਹ ਮਨੁੱਖ, ਗੁਰੂ ਵਿਚ ਆਪਣਾ-ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜਿਊਂਦੇ ਹਨ।
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਦੀ ਭੈੜੀ ਮੱਤ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ।3।
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥4॥2॥16॥54॥
ਹੇ ਰਾਮ, ਹੇ ਠਾਕੁਰ, ਤੂੰ ਆਪ ਹੀ, ਤੂੰ ਆਪ ਹੀ, ਤੂੰ ਆਪ ਹੀ ਸਭ ਜੀਵਾਂ ਦਾ ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ। ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਪਰ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ।4।2।16।54।
ਚੰਦੀ ਅਮਰ ਜੀਤ ਸਿੰਘ (ਚਲਦਾ)