ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਘਰ ਦਾ ਪਿਆਰ
Page Visitors: 35
ਘਰ ਦਾ ਪਿਆਰ
ਅੱਜ ਘਰ ਦੇ ਪਿਆਰ ਦੀ ਗੱਲ ਕਰਦੇ ਹਾਂ (ਆਰਸੀ, ਪ੍ਰਿੰ. ਤੇਜਾ ਸਿੰਘ ਦੀ ਕਿਤਾਬ ਦੇ ਅਧਾਰ ਤੇ)
ਬਹੁਤੇ ਸੱਜਣਾਂ ਨੇ ਕਾਬਲੀ ਵਾਲੇ ਦੀ ਧੀ ਜਾਂ ਪਠਾਣ ਦੀ ਧੀ ਕਹਾਣੀ ਪੜ੍ਹੀ ਹੋਵੇਗੀ। ਪਰ ਉਦੋਂ ਅਸੀਂ ਇਮਤਿਹਾਨ ਪਾਸ ਕਰਨ ਲਈ ਪੜ੍ਹਦੇ ਜ਼ਿਆਦਾ ਤੇ ਸਮਝਦੇ ਘੱਟ ਸਾਂ। ਮੈਨੂੰ ਵੀ ਇਕ ਹੀ ਨੁਕਤਾ ਯਾਦ ਹੈ ਕਿ ਨਹੁੰ-ਮਾਸ ਦਾ ਰਿਸ਼ਤਾ, ਰਿਸ਼ਤਾ ਨਹੀਂ ਹੁੰਦਾ ਸਗੋਂ ਨਿਤਾ ਪ੍ਰਤੀ ਦਾ ਵਿਹਾਰ ਸਾਡੇ ਦਿਲਾਂ ਦੀ ਸਾਂਝ ਨੂੰ ਜੇਕਰ ਪੱਕਿਆਂ ਨਹੀਂ ਕਰਦਾ ਤਾਂ ਨਹੁੰ-ਮਾਸ ਦਾ ਰਿਸ਼ਤਾ ਵੀ ਇਕ ਦਿਨ ਟੁੱਟ ਹੀ ਜਾਂਦਾ ਹੈ। ਫੇਸ-ਬੁੱਕ ਤੇ ਅੱਜ-ਭਲਕ ਆਪਾਂ ਸਾਰਿਆਂ ਨੇ ਨਾਨਕ ਪੁਰਾ ਪਿੰਡ ਦੇ ਇਕ ਤਕੜੇ ਜ਼ਿਮੀਦਾਰ, ਪ੍ਰੋ ਨਿਤਨੇਮ ਸਿੰਘ ਬਰਾੜ ਦੀ ਵੀਡੀਓ ਦੇਖੀ ਹੈ। ਉਹ ਕਹਿੰਦਾ ਹੈ, “ਮੈਂ ਇਕ ਕਰੋੜ ਰੁਪਿਆ ਲਾ ਕੇ ਵਧੀਆ ਘਰ ਬਣਾਇਆ ਤੇ ਖੇਤੀ-ਬਾੜੀ ਲਈ ਸੰਦ ਵਲੇਂਵਾਂ ਨਵਾਂ ਖਰੀਦਿਆ ਕਿ ਮੇਰਾ ਪੁੱਤਰ ਬਾਹਰ ਨਾ ਜਾਵੇ ਪਰ ਉਹ ਨਹੀਂ ਰੁੱਕਿਆ”। ਇਸਦਾ ਮਤਲਬ ਇਹ ਹੋਇਆ ਕਿ ਇਕੱਲੇ ਇਕ ਘਰ ਦਾ ਮਹੌਲ ਬਦਲਿਆਂ ਸਾਰੇ ਸਮਾਜ ਵਿਚ ਤਬਦੀਲੀ ਨਹੀਂ ਹੁੰਦੀ, ਜਦੋਂ ਕਿ ਰਹਿਣਾ ਇਨਸਾਨ ਨੇ ਇਸ ਸਮਾਜ ਵਿਚ ਹੈ। ਸੋ ਚੰਗਾ ਸਮਾਜ ਸਿਰਜਿਆ ਜਾਵੇ, ਇਨਸਾਨ ਦੀ ਇਹ ਲੋੜ ਹੈ।
ਇਸ ਤੋਂ ਅੱਗੇ ਅੱਜ ਫਿਰ ਪ੍ਰਿੰ. ਤੇਜਾ ਸਿੰਘ ਦੀ ਕਿਤਾਬ ‘ਆਰਸੀ’ ਵਿਚੋਂ “ਘਰ ਦੇ ਪਿਆਰ” ਬਾਰੇ ਦੋਸਤਾਂ, ਮਿਤਰਾਂ ਤੇ ਪਾਠਕਾਂ ਨਾਲ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਲੱਗਿਆ ਹਾਂ।
ਇਕ ਦਿਨ ਗੁਰਦਵਾਰੇ ਵਿਚ “ਘਰ ਦੇ ਪਿਆਰ” ਉਤੇ ਲੈਕਚਰ ਦਿੱਤਾ। ਇਹ ਲੈਕਚਰ ਮੇਰੀ ਕਿਤਾਬ “ਸਭਿਆਚਾਰ” ਵਿਚ ਇਕ ਕਾਂਡ ਹੋ ਕੇ ਛਪਿਆ ਹੈ। ਲੈਕਚਰ ਮਗਰੋਂ ਇਕ ਬੀਬੀ ਮੇਰੇ ਪਾਸ ਆਈ ਤੇ ਦੁੱਧ ਦਾ ਭਰਿਆ ਛੰਨਾ ਫੜਾ ਕੇ ਕਹਿਣ ਲੱਗੀ, “ ਤੁਸੀਂ ਇਹ ਪੀ ਕੇ ਮੇਰੇ ਨਾਲ ਸਾਡੇ ਘਰ ਚੱਲਣ ਦੀ ਕ੍ਰਿਪਾ ਕਰੋ”। ਮੈਂ ਕਿਹਾ, “ਆਪਣੇ ਪਤੀ ਜੀ ਨੂੰ ਨਾਲ ਲਿਆਓ”। ਉਹ ਵੀ ਆ ਗਿਆ। ਮੈਂ ਉਨ੍ਹਾਂ ਦੇ ਨਾਲ ਘਰ ਗਿਆ ਅਤੇ ਬਹਿ ਕੇ ਗੱਲਾਂ ਕਰਨ ਲੱਗੇ।
ਬੀਬੀ ਕਹਿਣ ਲੱਗੀ, “ਅਸੀਂ ਆਪ ਦੇ ਲੈਕਚਰ ਤੋਂ ਪ੍ਰਭਾਵਤ ਹੋ ਕੇ ਇਕ ਗੱਲ ਪੁੱਛਣਾ ਚਾਹੁੰਦੇ ਹਾਂ। ਤੁਸੀਂ ਸਾਡੇ ਘਰ ਦਾ ਮਾਮਲਾ ਲਓ ਤੇ ਦੱਸੋ ਕਿ ਬਾਵਜੂਦ ਸਭ ਕੁੱਝ ਹੁੰਦੇ ਸੁੰਦੇ ਅਸੀਂ ਆਪੋ ਵਿਚ ਪਿਆਰ ਕਿਉਂ ਨਹੀਂ ਕਰਦੇ। ਦੋਵੇਂ ਨੌਜਵਾਨ ਹਾਂ, ਅਰੋਗ ਹਾਂ, ਕਿਸੇ ਹੋਰ ਨੂੰ ਪਿਆਰ ਵੀ ਨਹੀ ਕਰਦੇ। ਆਚਰਣ ਸ਼ੁੱਧ ਹੈ, ਫਿਰ ਵੀ ਸਾਡੇ ਲਈ ਇਕ ਦੂਜੇ ਲਈ ਕੋਈ ਖਿੱਚ ਨਹੀਂ। ਉਹ ਆਪਣੇ ਸਾਥੀਆਂ ਨਾਲ ਟੈਨਿਸ ਖੇਡ ਲੈਂਦੇ ਹਨ ਜਾਂ ਥੀਏਟਰ ਵਿਚ ਹੋ ਆਉਂਦੇ ਹਨ। ਮੈਂ ਵੀ ਆਪਣੀਆਂ ਸਹੇਲੀਆਂ ਨਾਲ ਇੱਧਰ-ਉੱਧਰ ਹੋ ਆਉਂਦੀ ਹਾਂ, ਗੱਪ-ਸ਼ੱਪ ਮਾਰ ਲੈਂਦੀ ਹਾਂ। ਪਰ ਇਨ੍ਹਾਂ ਨਾਲ ਜਾਣ ਨੂੰ ਜੀ ਕਦੇ ਨਹੀਂ ਕਰਦਾ। ਇਕ ਦੂਜੇ ਵੱਲ ਅਸੀਂ ਕੋਰੇ ਹੀ ਰਹਿੰਦੇ ਹਾਂ। ਇਸ ਦਾ ਕੀ ਇਲਾਜ਼ ਹੈ?
ਮੈਂ ਕਿਹਾ, “ਤੁਹਾਡਾ ਕੇਸ ਅਨੋਖਾ ਜਿਹਾ ਹੈ। ਮੈਂ ਤੁਹਾਡੇ ਸਬੰਧੀ ਸਾਰੇ ਹਾਲਾਤ ਨਾ ਜਾਣਦਾ ਹੋਇਆ ਬਹੁਤ ਕੁੱਝ ਨਹੀਂ ਕਹਿ ਸਕਦਾ। ਪਰ ਮਾਲੂਮ ਹੁੰਦਾ ਹੈ, ਤੁਸੀਂ ਬਹੁਤ ਸਿਆਣੇ ਜਿਹੇ ਹੋ, ਘੁੰਤਰੀ ਹੋ, ਇਕ ਦੂਜੇ ਤੋਂ ਸੁਤੰਤਰ ਰਹਿੰਦੇ ਹੋ, ਕੋਈ ਆਪੋ ਵਿਚ ਦੀ ਸਾਂਝ ਨਹੀਂ ਬਣਾਈ, ਇਕ ਦੂਜੇ ਨੂੰ ਆਪਣੀਆਂ ਲੋੜਾਂ ਦਾ ਆਧਾਰ ਨਹੀਂ ਬਣਾਇਆ। ਖਾਸ ਕਰਕੇ ਤੁਹਾਡੇ ਘਰ ਕੋਈ ਬਾਲ-ਬੱਚਾ ਨਹੀਂ ਹੋਇਆ, ਗੁਰੂ ਮਹਾਰਾਜ ਨੇ ਇਹੋ ਜਿਹੇ ਪ੍ਰਥਾਇ ਹੀ ਇਹ ਵਾਕ ਉਚਾਰਿਆ ਸੀ।
ਗੋਰੀ ਸੇਤੀ ਤੁਟੈ ਭਤਾਰ॥ ਪੁਤੀਂ ਗੰਢੁ ਪਵੈ ਸੰਸਾਰਿ॥
ਤੁਸੀਂ ਪਹਿਲਾਂ ਆਪਣੀਆਂ ਲੋੜਾਂ ਸਾਝੀਆਂ ਕਰੋ। ਪਤੀ ਜਿੱਥੇ ਵੀ ਜਾਵੇ ਉੱਥੇ ਚੰਗੀ ਤੋਂ ਚੰਗੀ ਚੀਜ਼ ਦੇਖ ਕੇ ਏਹੋ ਸੋਚੇ ਕਿ ਇਹ ਚੀਜ਼ ਕਿਵੇਂ ਮੇਰੀ ਪਤਨੀ ਪਾਸ ਪਹੁੰਚੇ ਤੇ ਉਸ ਦੀ ਕੋਈ ਲੋੜ ਪੂਰੀ ਕਰੇ। ਜਿਵੇਂ ਮੈਂ ਕੱਲ੍ਹ ਬਜ਼ਾਰ ਗਿਆ ਸਾਂ। ਉੱਥੇ ਦੰਦ ਖੰਡ ਦੀਆਂ ਚੂੜੀਆਂ ਵੇਖ ਕੇ ਖਿਆਲ ਆਇਆ ਕੇ ਇਹ ਚੂੜੀਆਂ ਆਪਣੀ ਸੈਂਕੜੇ ਕੋਹ ਦੂਰ ਬੈਠੀ ਪਤਨੀ ਲਈ ਲੈ ਲਵਾਂ।। ਇਸੇ ਤਰ੍ਹਾਂ ਜੇ ਪਤਨੀ ਕੋਈ ਚੰਗਾ ਜਿਹਾ ਫਲ ਵੇਖੇ ਜਾਂ ਚੰਗੀ ਭਾਜੀ ਦੇਖੇ ਤਾਂ ਉਸ ਨੂੰ ਆਪਣੇ ਪਤੀ ਦੀ ਖਾਸ ਖਾਸ ਰੁਚੀ ਯਾਦਾ ਆਵੇ ਤੇ ਉਹ ਉਸ ਰੁਚੀ ਨੂੰ ਪੂਰਾ ਕਰਨ ਦਾ ਸਾਧਨ ਸੋਚੇ। ਇਸ ਤੋਂ ਛੁੱਟ ਤੁਸੀਂ ਪ੍ਰਸਪਰ ਸਾਂਝ ਬਣਾਉਣ ਤੇ ਵਧਾਉਣ ਲਈ ਰੋਟੀ ਇਕੱਠੇ ਖਾਇਆ ਕਰੋ (ਵੱਸ ਲੱਗੇ ਇਕੋ ਥਾਲੀ ਜਾਂ ਪਲੇਟ ਵਿਚੋਂ), ਸੈਰ ਇਕੱਠੇ ਕਰੋ, ਖੇਡੋ ਇਕੱਠੇ, ਥੀਏਟਰ ਇਕੱਠੇ ਜਾਉ ਅਤੇ ਹੋਰ ਕਈ ਗੱਲਾਂ ਇਕੱਠੇ ਹੋ ਕੇ ਕਰੋ ਜਿਨ੍ਹਾਂ ਨਾਲ ਤੁਹਾਨੂੰ ਇਕ ਦੂਜੇ ਨਾਲ ਮਿਲ ਕੇ ਸੋਚਣਾ, ਮਹਿਸੂਸ ਕਰਨਾ ਅਤੇ ਮਨ ਬਣਾਉਣਾ ਪਵੇ।
ਪਿਆਰ ਮਨਾਂ ਦੇ ਜੁੜਨ ਨੂੰ ਕਹਿੰਦੇ ਹਨ। ਜਦ ਮਨਾਂ ਦੀ ਕਿਰਤ ਵਿਰਤ ਸਾਂਝੀ ਹੋ ਜਾਏਗੀ ਤਾਂ ਉਹਨਾਂ ਦੇ ਸੁਭਾਅ ਵੀ ਇਕ ਹੋ ਜਾਣਗੇ ਅਤੇ ਉਹਨਾਂ ਦੀ ਬਣਤਰ ਵੀ ਇਕ ਹੋ ਜਾਏਗੀ। ਇਸੇ ਨੂੰ ਮਨਾਂ ਦੀ ਏਕਤਾ ਕਹਿੰਦੇ ਹਨ। ਇਸੇ ਨੂੰ ਪਿਆਰ ਕਹਿੰਦੇ ਹਨ”। ਇਸ ਪ੍ਰਥਾਇ ਵੀ ਗੁਰੂ ਸਹਿਬਾਨ ਦਾ ਇਕ ਵਾਕ ਹੈ।
ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ (ਪੰਨਾ 788)
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ। ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ, ਇੱਕੋ ਸੋਚ ਹੋ ਜਾਏ ਉਹ ਇਸਤ੍ਰੀ-ਪੁਰਸ਼,ਪਤੀ-ਪਤਨੀ ਅਖਵਾਉਣ ਦੇ ਹੱਕਦਾਰ ਹਨ।
ਪਿਆਰ ਕੋਈ ਬੋਲ ਕੇ ਸੁਣਾਉਣ ਵਾਲੀ ਗੱਲ ਨਹੀਂ ਸਗੋਂ ਮਹਿਸੂਸ ਕਰਨ ਵਾਲੀ ਬਾਤ ਹੈ। ਪਿਆਰ ਕੋਈ ਥਾਲੀ ਵਿਚ ਪਰੋਸ ਕੇ ਦੇਣ ਵਾਲੀ ਚੀਜ਼ ਜਾਂ ਵਸਤੂ ਨਹੀਂ ਸਗੋਂ ਖਿਆਲਾਂ ਦਾ ਭੰਡਾਰਾ ਹੈ ਜੋ ਇਕ ਦੂਜੇ ਨਾਲ ਸਾਂਝਾ ਕਰਨ ਤੇ ਵੱਧਦਾ ਹੈ ਤੇ ਸਾਨੂੰ ਆਪਸ ਵਿਚ ਜੋੜਨ ਵਿਚ ਮੱਦਦ ਕਰਦਾ ਹੈ। ਪਿਆਰ ਕੋਈ ਖਰੀਦਣ ਵਾਲੀ ਵਸਤੂ ਨਹੀਂ ਸਗੋਂ ਦਿਮਾਗੀ ਪੱਧਰ ਤੇ ਪੈਦਾ ਕਰਨ ਵਾਲੀ ਸੋਚ ਹੈ ਜਿਸ ਨਾਲ ਅਸੀਂ ਆਪਸ ਵਿਚ ਜੁੜ ਵੀ ਸਕਦੇ ਹਾਂ ਨਹੀਂ ਟੁੱਟੇ ਤਾਂ ਹਾਂ ਹੀ। ਜਦੋਂ ਵੀ ਇਕ ਮਿੱਟੀ ਦੇ ਦੋ ਵੱਖਰੇ ਵੱਖਰੇ ਪੁਤਲਿਆਂ ਵਿਚ ਸੋਚ/ਆਤਮਾ ਇਕ ਹੋ ਜਾਏਗੀ ਤਾਂ ਉਹ ਪਤੀ ਪਤਨੀ ਕਹਾਉਣ ਦੇ ਹੱਕਦਾਰ ਹੋਣਗੇ ਨਹੀਂ ਤਾਂ “ ਜੋੜੀਆਂ ਜੱਗ ਥੋੜੀਆਂ ਗਲ ਨਰੜ ਬਥੇਰੇ।
ਜਿੱਥੇ ਆਦਮੀ ਔਰਤ ਦਾ ਮੇਲ ਨਹੀਂ।
ਉਥੇ ਹੋਰ ਨਰਕ ਦੀ ਲੋੜ ਨਹੀਂ”।
ਪ੍ਰੋ.ਤੇਜਾ ਸਿੰਘ ਦੀ ਆਰਸੀ ਕਿਤਾਬ ਦਾ ਪੰਨਾ 109 ਤੇ ਲਿਖੀ ਉਪਰ ਵਾਲੀ ਗੱਲ ਮੈਂ ਆਪਣੇ ਲੜਕੇ ਦੀ ਪਤਨੀ, ਮਤਲਬ ਮੇਰੀ ਨੂੰਹ ਨੂੰ ਸੁਣਾਈ। ਅਗਲੇ ਦਿਨ ਉਸ ਨੇ ਸਵੇਰੇ ਉੱਠ ਕੇ, ਮੇਰੇ ਲੜਕੇ ਜਾਣੀ ਆਪਣੇ ਪਤੀ ਦੇ ਕੰਮ ਤੋਂ ਜਾਣ ਤੋਂ ਪਹਿਲਾਂ, ਕਾਫੀ ਦਾ ਕੱਪ ਤੇ ਇਕ ਬਰਗਰ ਤਿਆਰ ਕਰਕੇ ਮੇਜ ਤੇ ਰੱਖ ਦਿੱਤਾ। ਉਸ ਨਾਲ ਨਾਸ਼ਤਾ ਨਹੀਂ ਕੀਤਾ ਤੇ ਆਪ ਜਾ ਕੇ ਸੌਂ ਗਈ। ਜਦੋਂ ਉਹ ਬਾਰਾਂ ਕੁ ਵਜੇ ਉੱਠੀ ਤਾਂ ਮੈਨੂੰ ਆ ਕੇ ਕਹਿਣ ਲੱਗੀ ਕਿ ਭੂਪਿੰਦਰ ਦਾ ਮੈਨੂੰ ਸੁਨੇਹਾ ਆਇਆ ਹੈ ਕਿ ਅੱਜ ਮੈਨੂੰ ਕਾਫੀ ਦਾ ਕੱਪ ਤੇ ਬਰਗਰ ਚੰਗਾ ਲੱਗਾ। ਮੇਰਾ ਜਵਾਬ ਸੀ ਪੁੱਤਰ ਜੀ ਹਰ ਰੋਜ਼ ਇਸੇ ਤਰ੍ਹਾਂ ਕਰੋ, ਜੇ ਹੋ ਸਕੇ ਤਾਂ ਨਾਸ਼ਤਾ ਵੀ ਇਕੱਠੇ ਕਰੋ ਪਰ ਉਸ ਨੇ ਨਹੀਂ ਕੀਤਾ। ਉਸ ਲੜਕੀ ਦੇ ਬਾਪ, ਸਿਰਦਾਰ ਹਰਭਜਨ ਸਿੰਘ ਬਸਰਾ ਜੀ ਦੇ ਕਹਿਣ ਤੇ ਵੀ ਉਸ ਨੇ ਆਪਣੇ ਪਤੀ ਨਾਲ ਨਾਸ਼ਤਾ ਕਦੀ ਨਹੀਂ ਕੀਤਾ ਤੇ ਦੋ ਸਾਲ ਦੇ ਅੰਦਰ ਅੰਦਰ ਤਲਾਕ ਹੋ ਗਿਆ। ਇਹ ਗੱਲ ਮੈਂ ਆਪਣੀ ਪਤਨੀ ਨੂੰ ਵੀ ਨਹੀਂ ਸਮਝਾ ਸਕਿਆ ਤੇ ਸਾਡਾ ਵੀ 43 ਸਾਲਾਂ ਬਾਅਦ ਏਹੋ ਹਾਲ ਹੋਣ ਵਾਲਾ ਹੈ।
ਜਿਹੜੀ ਔਰਤ ਵਿਆਹ ਤੋਂ ਬਾਅਦ ਹਰ ਰੋਜ਼ ਟਿਊਸ਼ਨ ਆਪਣੇ ਮਾਂ-ਬਾਪ ਤੋਂ ਲੈਂਦੀ ਹੈ ਉਸ ਨੂੰ ਡਾਈ ਵੋਰਸ ਦੀ ਡਿਗਰੀ ਲਾਜ਼ਮੀ ਮਿਲ ਜਾਂਦੀ ਹੈ। ਜਿਹੜੀ ਔਰਤ ਆਪਣੇ ਬਾਪ ਨੂੰ ਹੀ ਸਿਆਣਾ ਮੰਨਦੀ ਹੈ ਉਸਦੀ ਕਦੀ ਵੀ ਆਪਣੇ ਪਤੀ ਨਾਲ ਨਹੀਂ ਬਣੇਗੀ। ਭਾਂਵੇਂ ਪਤੀ ਦੀ ਸਲਾਹ ਨੇਕ ਵੀ ਕਿਉਂ ਨਾ ਹੋਵੇ ਉਹ ਕਦੀ ਵੀ ਆਪਣੇ ਪਤੀ ਨੂੰ ਸਿਆਣੇ ਆਦਮੀ ਦੇ ਤੌਰ ਤੇ ਸਵੀਕਾਰ ਨਹੀਂ ਕਰਦੀ। ਬਸ ਏਹੋ ਸਾਡੇ ਸਿਆਣੇ ਸਮਾਜ ਦੀ ਵੱਡੀ ਕਮੀ ਹੈ ਜੋ ਸਾਨੂੰ ਸਭ ਨੂੰ ਇਕ ਦੂਜੇ ਤੋਂ ਦੂਰ ਤੋਂ ਹੋਰ ਦੂਰ ਲਈ ਜਾ ਰਹੀ ਹੈ
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # 647 966 3132