ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 492)
ਗਉੜੀ ਪੂਰਬੀ ਮਹਲਾ 4 ॥
ਕਰਹੁ ਕਿRਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥1॥
ਹੇ ਜਗਤ ਦੇ ਜੀਵਨ, ਹੇ ਦਾਤਾਰ, ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ। ਤੇਰੀ ਕਿਰਪਾ ਨਾਲ ਸੱਚੇ ਗੁਰੂ ਨੇ ਮੈਨੂੰ ਬਹੁਤ ਪਵਿੱਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖੁਸ਼ ਹੋ ਰਿਹਾ ਹੈ।1।
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥1॥ ਰਹਾਉ ॥
ਹੇ ਰਾਮ, ਹੇ ਸਦਾ ਕਾਇਮ ਰਹਣ ਵਾਲੇ ਹਰੀ, ਤੂੰ ਮਿਹਰ ਕਰ ਕੇ ਮੇਰੇ ਮਨ ਨੂੰ, ਮੇਰੇ ਤਨ ਨੂੰ ਆਪਣੇ ਚਰਨਾਂ ਵਿਚ ਵਿੱਨ੍ਹ ਲਿਆ ਹੈ। ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, ਉਸ ਆਤਮਕ ਮੌਤ ਤੋਂ ਮੈਂ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਬਚ ਗਿਆ ਹਾਂ ।1।ਰਹਾਉ।
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚ ਵਿਸਟਾ ਮਰਿ ਮਰਿ ਪਾਚੇ ॥2॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਪਰਾਪਤ ਨਹੀਂ ਹੋਈ, ਉਹ ਮਾਇਆ ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ। ਉਨ੍ਹਾਂ ਵਾਸਤੇ ਜਨਮ-ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ ਵਿਕਾਰਾਂ ਦੇ ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ, ਦੁਖੀ ਹੁੰਦੇ ਰਹਿੰਦੇ ਹਨ।2।
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥3॥
ਹੇ ਦਇਆਲ ਪ੍ਰਭੂ, ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ, ਮੈਂ ਤੇਰੇ ਦਰ ਤੇ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖਸ਼। ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ, ਤਾਂ ਜੋ ਮੇਰਾ ਮਨ ਤੇਰੇ ਨਾਮ ਵਿਚ ਜੁੜ ਕੇ ਸਦਾ ਨਾਚ ਕਰਦਾ ਰਹੇ, ਸਦਾ ਆਤਮਕ ਆਨੰਦ ਮਾਣਦਾ ਰਹੇ।3।
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥4॥3॥17॥55 ॥
ਪ੍ਰਭੂ ਜੀ, ਆਪ ਹੀ ਨਾਮ ਦੀ ਰਾਸ-ਪੂੰਜੀ ਦੇਣ ਵਾਲੇ, ਸਭ ਜੀਵਾਂ ਦੇ ਵੱਡੇ ਸ਼ਾਹ ਹਨ, ਮਾਲਕ ਹਨ। ਅਸੀਂ ਸਾਰੇ ਜੀਵ, ਉਸ ਸ਼ਾਹ ਦੇ ਭੇਜੇ ਹੋਏ ਵਣਜਾਰੇ ਹਾਂ, ਵਪਾਰੀ ਹਾਂ। ਹੇ, ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ, ਮੇਰਾ ਮਨ, ਮੇਰਾ ਤਨ, ਮੇਰੀ ਜਿੰਦ, ਇਹ ਸਭ-ਕੁਝ, ਤੇਰੀ ਬਖਸ਼ੀ ਹੋਈ ਰਾਸ-ਪੂੰਜੀ ਹੈ, ਮੈਨੂੰ ਆਪਣੇ ਨਾਮ ਦੀ ਦਾਤ ਵੀ ਬਖਸ਼ ।4।3।17।55।
ਚੰਦੀ ਅਮਰ ਜੀਤ ਸਿੰਘ (ਚਲਦਾ)