ਗੁਰਬਾਣੀ ਦੀ ਸਰਲ iਵਆiਖਆ!(ਭਾਗ 493)
ਗਉੜੀ ਪੂਰਬੀ ਮਹਲਾ 4 ॥
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰ ਮੇਲਿ ਮੇਰਾ ਪ੍ਰਾਨੇ ॥1॥
ਹੇ, ਜੀਵਾਂ ਦੇ ਸਾਰੇ ਦੁੱਖ ਨਾਸ ਕਰਨ ਵਾਲੇ ਸਵਾਮੀ। ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ।
ਮੈਨੂੰ ਉਹ ਗੁਰੂ ਮਿਲਾ, ਜੋ ਮੇਰੀ ਜਿੰਦ ਦਾ ਸਹਾਰਾ ਹੈ, ਜਿਸ ਦੀ ਕਿਰਪਾ ਸਦਕਾ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ।1।
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥1॥ ਰਹਾਉ ॥
ਹੇ ਭਾਈ, ਮੈਂ ਸੱਚੇ ਗੁਰੂ, ਸ਼ਬਦ ਗੁਰੂ ਨੂੰ ਆਤਮਕ ਜੀਵਨ ਵਿਚ ਰਾਮ-ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ। ਮੈਂ ਮੂਰਖ ਸਾਂ, ਮਹਾਂ-ਮੂਰਖ ਸਾਂ, ਮੈਲੀ-ਮੱਤ ਵਾਲਾ ਸਾਂ, ਸ਼ਬਦ-ਗੁਰੂ, ਸੱਚੇ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ।1।ਰਹਾਉ।
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਿਲ ਸਤਿਗੁਰ ਮੀਠ ਰਸ ਗਾਨੇ ॥2॥
ਜਗਤ ਦੇ ਜਿਤਨੇ ਵੀ ਹੋਰ ਹੋਰ ਕਿਸਮ ਦੇ ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ। ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਰੱਬ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ, ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ।2।
ਜਿਨ ਕਉ ਗੁਰ ਸਤਿਗੁਰ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥3॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ, ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ। ਪਰ ਉਨ੍ਹਾਂ ਦੇ ਕੀ ਵੱਸ ? ਧੁਰੋਂ ਪਰਮਾਤਮਾ ਨੇ ਉਨ੍ਹਾਂ ਦੇ ਭਾਗਾਂ ਵਿਚ ਇਹ ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ
ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ, ਜਿਉਂ ਦੀਵੇ ਨੂੰ ਵੇਖ ਕੇ ਪਤੰਗੇ ।3।
ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥4॥4॥18॥56॥
ਹੇ ਪ੍ਰਭੂ, ਜਿਨ੍ਹਾਂ ਮਨੁੱਖਾਂ ਨੂੰ ਤੰੂ ਮਿਹਰ ਕਰ ਕੇ ਗੁਰੂ ਚਰਨਾਂ ਵਿਚ ਮਿਲਾਂਦਾ ਹੈਂ, ਹੇ ਹਰੀ ਉਹ ਤੇਰੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ। ਹੇ ਦਾਸ ਨਾਨਕ, ਉਹ ਹਰੀ ਦਾ ਨਾਮ ਜਪ ਜਪ ਕੇ ਚਮਕ ਪੈਂਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਪਰਮਾਤਮਾ
ਦੇ ਨਾਮ ਵਿਚ ਲੀਨ ਰਹਿੰਦੇ ਹਨ ।4।4।18।56।
ਚੰਦੀ ਅਮਰ ਜੀਤ ਸਿੰਘ (ਚਲਦਾ)