ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 494)
ਗਉੜੀ ਪੂਰਬੀ ਮਹਲਾ 4 ॥
ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥1॥
ਹੇ ਮੇਰੇ ਮਨ, ਉਹ ਸਵਾਮੀ ਹਰ ਵੇਲੇ ਜੀਵਾਂ ਦੇ ਨਾਲ ਵੱਸਦਾ ਹੈ। ਦੱਸ ਉਹ ਕਿਹੜਾ ਥਾਂ ਹੈ, ਜਿੱਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ ? ਉਹ ਸਦਾ-ਥਿਰ ਰਹਣ ਵਾਲਾ ਪਰਮਾਤਮਾ ਆਪ ਹੀ ਸਾਡੇ ਅਵਗੁਣ ਬਖਸ਼ ਲੈਂਦਾ ਹੈ ਉਹ ਹਰੀ ਆਪ ਹੀ ਵਿਕਾਰਾਂ ਦੇ ਪੰਜੇ ਤੋਂ ਛੁਡਾ ਲੈਂਦਾ ਹੈ, ਉਸ ਦੀ ਮਦਦ ਨਾਲ ਵਿਕਾਰਾਂ ਤੋਂ ਬਚ ਸਕੀਦਾ ਹੈ।1।
ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥
ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥1॥ ਰਹਾਉ ॥
ਹੇ ਮੇਰੇ ਮਨ, ਸਦਾ ਹਰਿ-ਨਾਮ ਜਪ, ਹੇ ਭਾਈ, ਹਰਿ ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ। ਹੇ ਮੇਰੇ ਮਨ, ਸੱਚੇ ਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ, ਮਾਇਆ ਦੇ ਬੰਧਨਾਂ ਤੋਂ ਬਚ ਜਾਈਦਾ ਹੈ ।1।ਰਹਾਉ।
ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥
ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥2॥
ਹੇ ਮੇਰੇ ਮਨ, ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ, ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ। ਹੇ ਮਨ, ਗੁਰੂ ਦੀ ਸਰਨ ਪੈ ਕੇ ਆਪਣਾ ਅਸਲ ਘਰ
ਲੱਭ ਲੈ ਤੇ ਪ੍ਰਭੂ ਦੇ ਚਰਨਾਂ ਵਿਚ ਜਾ ਟਿਕ। ਜਿਵੇਂ ਚੰਦਨ ਸਿਲ ਨਾਲ ਘਸ ਕੇ ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦੀ ਸਿਫਤ-ਸਾਲਾਹ ਨੂੰ ਆਪਣੇ ਮਨ ਨਾਲ ਘਸਾਣਾ ਚਾਹੀਦਾ ਹੈ, ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ।2।
ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥
ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥3॥
ਹੇ ਮੇਰੇ ਮਨ, ਪਰਮਾਤਮਾ ਦੀ ਸਿਫਤ-ਸਾਲਾਹ ਸਭ ਤੋਂ ਸ੍ਰੈਸ਼ਟ ਪਦਾਰਥ ਹੈ। ਹੇ ਭਾਈ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ। ਜਦ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ ਤਦੋਂ ਆਤਮਕ ਜੀਵਨ ਦੇਣ ਵਾਲਾ, ਉਸ ਦਾ ਨਾਮ-ਰਸ ਚੱਖ ਸਕੀਦਾ ਹੈ।3।
ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥4॥
ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਭੁਲਾ ਕੇ ਜਿਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਨ੍ਹਾਂ ਨੂੰ ਘੁੱਟ ਲਿਆ ਹੁੰਦਾ ਹੈ, ਆਤਮਕ ਮੌਤ ਉਨ੍ਹਾਂ ਨੁੰ ਥੋੜ੍ਹ-ਵਿੱਤਾ ਬਣਾ ਦੇਂਦੀ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ, ਉਨ੍ਹਾਂ ਦੇ ਨੇੜੇ ਨਹੀਂ ਢੁੱਕਣਾ ਚਾਹੀਦਾ।4।
ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥
ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥5॥5॥19॥57॥
ਹੇ ਮੇਰੇ ਮਨ, ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ, ਜੋ ਅਦ੍ਰਿਸ਼ਟ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ ਭਗਤੀ ਕੀਤਿਆਂ, ਕੀਤੇ ਕਰਮਾਂ ਦਾ ਲੇਖਾ ਮੁੱਕ ਜਾਂਦਾ ਹੈ, ਮਾਇਆ ਵੱਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ। ਹੇ ਦਾਸ ਨਾਨਕ, ਜਿਨ੍ਹਾਂ ਮਨੁੱਖਾਂ ਨੂੰ ਹਰੀ-ਪ੍ਰਭੂ ਨੇ ਪੂਰਨ ਸ਼ੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਨ੍ਹਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ, ਇਕ ਮਾਸ਼ਾ ਭਰ, ਰਤਾ ਵੀ ਕਮਜ਼ੋਰੀ ਨਹੀਂ ਆਉਂਦੀ ।4।5।19।57।
ਚੰਦੀ ਅਮਰ ਜੀਤ ਸਿੰਘ (ਚਲਦਾ)