ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 496)
ਗਉੜੀ ਪੂਰਬੀ ਮਹਲਾ 4 ॥
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿiਸ ਚਲਿ ਚਲਿ ਹਾਢੇ ॥
ਗੁਰ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰ ਦੀਆ ਮਨੁ ਠਾਢੇ ॥1॥
ਮੇਰਾ ਇਹ ਅੰਞਾਣ ਮਨ, ਬਹੁਤ ਰੰਗ-ਤਮਾਸ਼ਿਆਂ ਵਿਚ ਫਸ ਕੇ ਰਤਾ ਭਰ ਵੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ। ਪਰ ਹੁਣ ਵੱਡੇ ਭਾਗਾਂ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ ਨਾਮ-ਸਿਮਰਨ ਦਾ ਉਪਦੇਸ਼ ਦਿੱਤਾ ਹੈ, ਜਿਸ ਦੀ ਬਰਕਤ ਨਾਲ ਮਨ ਸ਼ਾਂਤ ਹੋ ਗਿਆ ਹੈ।1।
ਰਾਮ ਹਮ ਸਤਿਗੁਰ ਲਾਲੇ ਕਾਂਢੇ ॥1॥ ਰਹਾਉ ॥
ਹੇ ਰਾਮ, ਮੈਂ ਗੁਰੂ ਦਾ ਗੁਲਾਮ ਅਖਵਾਂਦਾ ਹਾਂ।1।ਰਹਾਉ।
ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥
ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥2॥
ਪੂਰੇ ਗੁਰੂ ਨੇ ਮੇਰੇ ੳੱਤੇ ਬਹੁਤ ਪਰਉੋਪਕਾਰ ਕੀਤਾ ਹੈ, ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ। ਗੁਰੂ ਦੇ ਉਪਕਾਰ ਦਾ ਇਹ ਬਹੁਤ ਕਰਜਾ ਮੇਰੇ ਸਿਰ ਉੱਤੇ ਇਕੱਠਾ ਹੋ ਗਿਆ ਹੈ,
ਇਹ ਕਰਜਾ ਉੱਤਰ ਨਹੀਂ ਸਕਦਾ, ਉਸ ਦੇ ਇਵਜ਼ ਵਿਚ ਮੈਂ ਗੁਰੂ ਦਾ ਗੁਲਾਮ ਬਣ ਗਿਆ ਹਾਂ, ਤੇ ਮੇਰੇ ਮੱਥੇ ਤੇ ਗੁਲਾਮੀ ਦਾ ਨਿਸ਼ਾਨ ਦਾਗਿਆ ਗਿਆ ਹੈ।2।
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥3॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ, ਜੇ ਉਹ ਬਾਹਰੀ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ। ਜਿਵੇਂ ਪਾਣੀ ਵਿਚ ਪਿਆ ਕਾਗਜ ਗਲ ਜਾਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ-ਪ੍ਰੀਤ ਤੋਂ ਸੱਖਣੇ ਹੋਣ ਕਰ ਕੇ ਜੂਨਾਂ ਦੇ ਗੇੜ ਵਿਚ ਆਪਣੇ ਆਤਮਕ ਜੀਵਨ ਵਲੋਂ ਗਲ ਜਾਂਦੇ ਹਨ।3।
ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥4॥7॥21॥59॥
ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ, ਨਾ ਹੁਣ ਤੱਕ ਅਸੀਂ ਜੀਵ ਕੋਈ ਚਤੁਰਾਈ ਸਿਆਣਪ ਕਰ ਸਕੇ ਹਾਂ, ਨਾ ਹੀ ਅਗਾਂਹ ਨੂੰ ਕਰ ਸਕਾਂਗੇ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ, ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ।
ਹੇ ਦਾਸ ਨਾਨਕ, ਉਸ ਦੇ ਦਰ ਤੇ ਅਰਦਾਸ ਹੀ ਫੱਬਦੀ ਹੈ। ਅਰਦਾਸ ਕਰੋ ਤੇ ਆਖੋ, ਹੇ ਗੁਰੂ ਸਾਡੀਆਂ ਭੁੱਲਾਂ-ਚੁੱਕਾਂ ਅਣਡਿੱਠ ਕਰ ਕੇ ਸਾਡੇ ਉੱਤੇ ਮਿਹਰ ਕਰੋ, ਅਸੀਂ ਤੁਹਾਡੇ ਦਰ ਦੇ ਕੂਕਰ ਅਖਵਾਂਦੇ ਹਾਂ।4।7।21।59।
ਚੰਦੀ ਅਮਰ ਜੀਤ ਸਿੰਘ (ਚਲਦਾ)