ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 497)
ਗਉੜੀ ਪੂਰਬੀ ਮਹਲਾ 4 ॥
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਿਲ ਸਾਧੂ ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥1॥
ਹੇ ਭਾਈ ਇਹ ਸਰੀਰ ਨਗਰ, ਕਾਮ-ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ, ਗੰਦਾ ਹੋਇਆ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਕਾਮ-ਕ੍ਰੋਧ ਆਦਿਕ ਦੇ ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ। ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖੇ ਜਾਂਦੇ ਹਨ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਤੇ ਉਸ ਦੇ ਮਨ ਵਿਚ, ਹਰਿ-ਚਰਨਾਂ ਵਿਚ ਸੁਰਤ ਜੁੜਨ ਦੀ ਬਰਕਤ ਨਾਲ ਆਤਮਕ ਰੌਸ਼ਨੀ ਦੀ ਸਜਾਵਟ ਹੋ ਜਾਂਦੀ ਹੈ।1।
ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥
ਕਰਿ ਡੰਡਉਤ ਪੁਨੁ ਵਡਾ ਹੇ ॥1॥ ਰਹਾਉ ॥
ਹੇ ਭਾਈ, ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰ, ਇਹ ਵੱਡਾ ਨੇਕ ਕੰਮ ਹੈ। ਗੁਰੂ ਅੱਗੇ ਡੰਡਉਤ ਕਰ, ਇਹ ਬੜਾ ਭਲਾ ਕੰਮ ਹੈ।1।ਰਹਾਉ।
ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਿਰ ਡੰਡਾ ਹੇ ॥2॥
ਮਾਇਆ-ਵੇੜ੍ਹੇ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹਉਮੈ ਦਾ ਕੰਡਾ ਟਿiਕਆ ਰਹਿੰਦਾ ਹੈ। ਉਹ ਮਨੁੱਖ ਜਿਉਂ ਜਿਉਂ ਜੀਵਨ-ਮਾਰਗ ਵਿਚ ਚਲਦੇ ਹਨ ਤਿਉਂ ਤਿਉਂ ਉਹ ਹਉਮੈ ਦਾ ਕੰਡਾ ਉਨ੍ਹਾਂ ਨੂੰ ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਉਹ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪੀ ਡੰਡਾ, ਡੰਡੇ ਦੀ ਚੋਟ ਸਹਾਰਦੇ ਰਹਿੰਦੇ ਹਨ।2।
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥3॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਨ੍ਹਾਂ ਦੇ ਜਨਮ-ਮਰਨ ਦੇ ਗੇੜ ਦਾ ਦੁੱਖ, ਸੰਸਾਰ ਸਮੁੰਦਰ ਦੇ ਵਿਕਾਰਾਂ ਦਾ ਦੁੱਖ ਨਾਸ ਹੋ ਜਾਂਦਾ ਹੈ। ਉਨ੍ਹਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸ਼ਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਨ੍ਹਾਂ ਦੀ ਬਹੁਤ ਸੋਭਾ ਹੁੰਦੀ ਹੈ।3।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥4॥8॥22॥60॥
ਹੇ ਪ੍ਰਭੂ, ਹੇ ਹਰੀ, ਅਸੀਂ ਜੀਵ ਗਰੀਬ ਹਾਂ, ਆਜਿਜ਼ ਹਾਂ, ਤੇਰੇ ਹਾਂ, ਤੂੰ ਸਾਡਾ ਸਭ ਤੋਂ ਵੱਡਾ ਆਸਰਾ ਹੈਂ, ਸਾਡੀ ਰੱਖਿਆ ਕਰ।
ਹੇ ਦਾਸ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਸਹਾਰਾ ਬਣਾਇਆ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਸਦਾ, ਆਤਮਕ ਆਨੰਦ ਮਾਣਦਾ ਹੈ ।4।8।22।60।
ਚੰਦੀ ਅਮਰ ਜੀਤ ਸਿੰਘ (ਚਲਦਾ)