ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 499)
ਗਉੜੀ ਪੂਰਬੀ ਮਹਲਾ 4 ॥
ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥
ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥1॥
ਹੇ ਭਾਈ, ਹਰੀ ਦੇ ਮਿਲਾਪ ਦੀ ਖਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ, ਸੱਚੇ ਗੁਰੂ ਦਾਤੇ ਨੇ ਮੇਰੇ ਹਿਰਦੇ ਵਿਚ ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਤੇ, ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ।1।
ਰਾਮ ਗੁਰਮਤਿ ਹਰਿ ਲਿਵ ਲਾਗੇ ॥1॥ ਰਹਾਉ ॥
ਹੇ ਭਾਈ, ਗੁਰੂ ਦੀ ਮੱਤ ਤੇ ਤੁਰਿਆਂ ਹੀ ਰਾਮ ਹਰੀ ਦੇ ਚਰਨਾਂ ਵਿਚ ਲਗਨ ਲੱਗਦੀ ਹੈ ।1।ਰਹਾਉ।
ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥2॥
ਭਾਵੇਂ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਵੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਲਗਨ ਲੱਗਦੀ ਹੈ। ਮੈਂ ਗੁਰੂ ਨੂੰ ਆਪਣਾ ਮਨ, ਆਪਣਾ ਤਨ ਦੇਣ ਨੂੰ ਤਿਆਰ ਹਾਂ, ਆਪਣਾ ਸਿਰ ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ, ਮੇਰਾ ਡਰ ਦੂਰ ਹੋ ਸਕਦਾ ਹੈ।2।
ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥3॥
ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸੇ ਹੋਏ ਜੀਵ ਦੇ ਅੰਦਰ, ਗੁਰੂ ਹੀ ਗਿਆਨ ਦਾ ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ ਪ੍ਰਭੂ ਚਰਨਾਂ ਵਿਚ ਲਗਨ ਲੱਗਦੀ ਹੈ, ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ ਮੋਹ ਦੀ ਨੀਂਦ ਵਿਚੋਂ ਜਾਗ ਪੈਂਦਾ ਹੈ।3।
ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥
ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥4॥
ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਨਾਣ ਵਾਲੇ ਮਨੁੱਖ, ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਨ੍ਹਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ। ਉਹ ਮਨੁੱਖ, ਸੱਚੇ ਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ, ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ, ਉਹ ਬਦ-ਕਿਸਮਤ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।4।
ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥5॥10॥24॥62॥
ਹੇ ਗੁਰੂ, ਹੇ ਠਾਕੁਰ, ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਦਾਸ ਨਾਨਕ ਦੀ ਲਾਜ, ਇੱਜ਼ਤ ਰੱਖਣ ਵਾਲਾ ਗੁਰੂ ਹੀ ਹੈ, ਮੈਂ ਸੱਚੇ ਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ, ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ।5।10।24।62।
ਚੰਦੀ ਅਮਰ ਜੀਤ ਸਿੰਘ (ਚਲਦਾ)