ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 13)
ਜਹਾ ਬੋਲਿ ਤਹ ਅਛਰ ਆਵਾ ॥ ਜਹ ਅਬੋਲ ਤਹ ਮਨੁ ਨ ਰਹਾਵਾ ॥
ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ ਤਸ ਲਖੈ ਨ ਕੋਈ ॥2॥ ਸੰਸਾਰ ਦw ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ ਕੇਵਲ ਓਥੇ ਹੀ ਵਰਤੇ ਜਾਂਦੇ ਹਨ, ਜੋ ਅਵਸਥਾ ਬਿਆਨ ਤੋਂ ਪਰੇ ਹੈ, ਜਦ ਅਕਾਲ-ਪੁਰਖ ਵਿਚ ਲੀਨਤਾ ਹੁੰਦੀ ਹੈ, ਓਥੇ ਬਿਆਨ ਕਰਨ ਵਾਲਾ ਮਨ ਆਪ ਹੀ ਨਹੀਂ ਰਹਿ ਜਾਂਦਾ। ਓਥੇ ਇਹ ਨਾਸਵੰਤ ਅੱਖਰ ਕਿਵੇਂ ਵਰਤੇ ਜਾ ਸਕਦੇ ਹਨ ?
(ਓਥੇ ਤਾਂ ਉਹੀ ਅੱਖਰ ਚੱਲ ਸਕਦੇ ਹਨ, ਜੋ ਅੱਖਰ ਮਨ ਨੇ ਆਪ ਲਿਖੇ ਹੋਣ ਅਤੇ ਕਿਸੇ ਕਾਗਜ਼, ਕਿਸੇ ਖੱਲ, ਕਿਸੇ ਧਾਤ ਦੇ ਪੱਤਰੇ ਤੇ, ਕਿਸੇ ਪੱਥਰ ਤੇ ਜਾਂ ਹੋਰ ਕਿਸੇ ਦੁਨਿਆਵੀ ਚੀਜ਼ ਦੀ ਥਾਂ ਆਪਣੇ ਉੱਤੇ ਹੀ ਲਿਖੇ ਹੋਣ। ਜਿਵੇਂ ਇਹ ਅੱਖਰ ਤਾਂ ਇਹ ਹੀ ਦੱਸ ਸਕਦੇ ਹਨ ਕਿ ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ। ਸਿੱਖਾਂ ਦੇ ਅੱਜ ਦੇ ਵਤੀਰੇ ਮੁਤਾਬਕ ਪੜ੍ਹ ਪੜ੍ਹ ਕੇ ਰੱਟੇ ਲਾਉਣ ਨਾਲ, ਗਿਣਤੀ-ਮਿਣਤੀ ਵਿਚ ਯਾਦ ਕਰਨ ਨਾਲ, ਢੋਲਕੀਆਂ ਛੈਣਿਆਂ ਆਸਰੇ ਉੱਚੀ ਉੱਚੀ ਰੌਲਾ ਪਾਉਣ ਨਾਲ, ਝੁੰਬਲ-ਮਾਟਾ ਕਰ ਕੇ ਯਾਦ ਕਰਨ ਨਾਲ, ਜਾਂ ਅਜਿਹੇ ਹੋਰ ਵਰਤੇ ਜਾਂਦੇ ਵਤੀਰੇ ਆਸਰੇ ਪਰਮਾਤਮਾ ਨਾਲ ਪਿਆਰ ਨਹੀਂ ਹੋ ਸਕਦਾ। ਪਰਮਾਤਮਾ ਨਾਲ ਤਾਂ ਤਦ ਹੀ ਪਿਆਰ ਹੋ ਸਕਦਾ ਹੈ, ਜੇ ਇਹ ਪਿਆਰ ਮਨੌਂ ਕੀਤਾ ਜਾਵੇ, ਪਰ ਸਿੱਖਾਂ ਦੇ ਅੱਜ ਦੇ ਵਤੀਰੇ ਵਿਚ ਤਾਂ ਪਰਮਾਤਮਾ ਨਾਲ ਮਨੋਂ ਪਿਆਰ ਕਰਨ ਦੀ ਕੋਈ ਮਦ (ਲੋੜ) ਹੈ ਹੀ ਨਹੀਂ, ਅਤੇ ਇਨ੍ਹਾਂ ਲਿਖੇ ਹੋਏ ਅੱਖਰਾਂ ਆਸਰੇ ਪ੍ਰਭੂ ਨਾਲ ਪਿਆਰ ਹੋ ਨਹੀਂ ਸਕਦਾ।)
ਅੱਜ ਦੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਹੈ, ਜਿਸ ਦੇ ਦੋ ਭਾਗ ਹਨ, ਇਕ ਕੋਰੇ ਕਾਗਜ਼ਾਂ ਦਾ ਪੋਥਾ, ਜਿਲਦ ਸਮੇਤ। ਇਸ ਨੂੰ ਅਸੀਂ ਗ੍ਰੰਥ ਤਾਂ ਕਹਿ ਸਕਦੇ ਹਾਂ ਪਰ ਗੁਰੂ ਨਹੀਂ, ਕਿਉਂਕਿ ਇਸ ਵਿਚ ਗਿਆਨ ਦੀ ਕੋਈ ਗੱਲ ਨਹੀਂ। ਦੂਸਰਾ ਭਾਗ ਹੈ ਲਿਖੀ ਹੋਈ ਬਾਣੀ। ਇਸ ਨੂੰ ਅਸੀਂ ਪੜ੍ਹ ਸਕਦੇ ਹਾਂ ਦਿਮਾਗ ਨਾਲ ਸਮਝ ਸਕਦੇ ਹਾਂ, ਪਰ ਉਸ ਸਮਝੇ ਨੂੰ ਕਰਤਾਰ ਦੀ ਦਰਗਾਹ ਵਿਚ ਨਹੀਂ ਪੇਸ਼ ਕੀਤਾ ਜਾ ਸਕਦਾ, ਕਿਉਂਕਿ ਦਿਮਾਗ ਵੀ ਸਾਡੇ ਸਰੀਰ ਦਾ ਹਿੱਸਾ ਹੈ, ਨਾਸ਼ਵਾਨ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਨਹੀਂ ਪਹੁੰਚ ਸਕਦਾ। ਪਰਮਾਤਮਾ ਦੀ ਹਜ਼ੂਰੀ ਵਿਚ ਪੇਸ਼ ਹੋਣਾ ਹੈ ਮਨ ਨੇ, ਆਪਣੀ ਗਵਾਹੀ ਵਿਚ ਪੇਸ਼ ਕਰਨੀ ਹੈ ਉਹ ਚੀਜ਼, ਜੋ ਉਸ ਦੇ ਕੋਲ ਹੋਵੇ, ਉਹ ਆਪਣੇ ਨਾਲ ਸੰਸਾਰ ਦੀ ਕੋਈ ਵੀ ਦਿਸਣ ਵਾਲੀ ਚੀਜ਼ ਨਹੀਂ ਲਿਜਾ ਸਕਦਾ। ਫਿਰ ਇਸ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਰੂਪ ਵਿਚ ਕੀ ਚਾਹੀਦਾ ਹੈ ?
ਚੰਦੀ ਅਮਰ ਜੀਤ ਸਿੰਘ (ਚਲਦਾ)