ਭਾਵੇਂ ਇਸ ਸਮੇਂ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਪੰਜਾਬ ਦੀ ਨੱਬੇ ਫੀਸਦੀ ਨੌਜਵਾਨੀ ਤਾਰੀਆਂ ਲਾ ਰਹੀ ਹੈ, ਪਰ ਇਸ ਵੱਡੀ ਬਰਬਾਦੀ ਤੋਂ ਬਾਅਦ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਦੇਖਕੇ ਲੱਗ ਰਿਹਾ ਹੈ ਕਿ ਨਵੀਂ ਪੀੜ੍ਹੀ ਦੀਆਂ ਮਾਂਵਾਂ ਇਸ ਦਰਿਆ ਨੂੰ ਇਕ ਜਰੂਰ ਠੱਲ ਲੈਣਗੀਆਂ। ਇਹ ਆਸ ਦੀ ਕਿਰਨ ਸਾਨੂੰ ਉਸ ਵੇਲੇ ਨਜ਼ਰ ਆ ਰਹੀ ਹੈ, ਜਦੋਂ ਚੁਫੇਰੇ ਹਨੇਰ ਹੀ ਹਨੇਰ ਪਸਰਿਆ ਹੋਇਆ ਹੈ। ਫਿਲਹਾਲ ਜਦੋਂ ਅਸੀਂ ਪੰਜਾਬ ਦੀ ਤਾਜ਼ਾ ਸਥਿਤੀ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹੀ ਨਜ਼ਰ ਆਉਦਾ ਹੈ ਕਿ ਪੰਜਾਬ ਦੀ ਹਰ ਗਲੀ ਦੇ ਮੋੜ ’ਤੇ ਸਰਾਬ ਦਾ ਠੇਕਾ ਹੈ ਅਤੇ ਪੰਜਾਬ ਦੀਆਂ ਸਰਹੱਦਾਂ ’ਤੇ ਹੈਰੋਇਨ ਤੇ ਸਮੈਕ ਦੇ ਭੰਡਾਰ ਪਏ ਹਨ, ਜਿਹਨਾਂ ਵਿਚੋਂ ਆ ਰਿਹਾ ਕੁਆਟਲਾਂ ਦੇ ਹਿਸਾਬ ਨਾਲ ਨਸ਼ਾ ਵੀ ਪੰਜਾਬ ਦੀ ਨੌਜਵਾਨੀ ਲਈ ਘੱਟ ਪੈ ਰਿਹਾ ਹੈ।
ਇਸ ਤੋਂ ਇਲਾਵਾ ਬਹੁਤ ਸਾਰੀਆਂ ਦੇਸ਼ੀ ਅਤੇ ਵਿਦੇਸੀ ਦਵਾਈਆਂ (ਮੈਡੀਸ਼ਨ) ਦੀਆਂ ਕੰਪਨੀਆਂ ਸਿਰਫ ਤੇ ਸਿਰਫ਼ ਪੰਜਾਬ ਵਿੱਚ ਵੇਚਣ ਲਈ ਖੰਗ ਦੀ ਦਵਾਈ ਸਮੇਤ ਕਈ ਕਿਸਮ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਹੀ ਬਣਾ ਰਹੀਆਂ ਹਨ। ਏਨੇ ਨਸ਼ੇ ਦੇ ਨਾਲ ਹੀ ਰਾਜਸਥਾਨ ਅਤੇ ਹਰਿਆਣੇ ਦੀ ਤਰਫੋਂ ਆ ਰਹੀ ਭੁੱਕੀ (ਪੋਸਤ) ਅਤੇ ਅਫੀਮ ਵੀ ਪੰਜਾਬ ਦੇ ਨੌਜਵਾਨ ਅਤੇ ਅਧਖੜ ਲੋਕਾਂ ਲਈ ਪੂਰੀ ਨਹੀਂ ਪੈ ਰਹੀ, ਜਿਸ ਕਰਕੇ ਯੂ.ਪੀ. ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਵਿੱਚੋਂ ਵੀ ਪੰਜਾਬ ਦੇ ਨਸ਼ਈ ਲਈ ਨਸ਼ੇ ਦੀ ਵਿਸੇਸ ਖੇਪਾਂ ਆ ਰਹੀਆਂ ਹਨ। ਇਸ ਨਸ਼ੇ ਦੀ ਦਲਦਲ ਵਿੱਚ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਅਤੇ ਅਨੇਕਾਂ ਹੀ ਘਰ ਬਰਬਾਦੀ ਦੇ ਕੰਢੇ ’ਤੇ ਪੁਹੰਚ ਚੁੱਕੇ ਹਨ। ਬਹੁਤ ਸਾਰੇ ਘਰਾਂ ਦੇ ਕਮਾੳ ਮੈਂਬਰ ਨਸ਼ੇ ਦੇ ਦੈਂਤ ਨੇ ਨਿਗਲ ਲਏ ਅਤੇ ਬਹੁਤਿਆਂ ਨੂੰ ਨਿਗਲਣ ਜਾਣ ਲਈ ਇਹ ਦੈਂਤ ਮੂੰਹ ਖੋਲੀ ਖੜਾ ਹੈ।
ਇਸ ਨਸ਼ਿਆਂ ਦੀ ਦਲਦਲ ਵਿੱਚ ਪੈ ਕੇ ਜਿੰਦਗੀਆਂ ਬਰਬਾਦ ਕਰਨ ਵਾਲੇ ਨਸ਼ਈਆਂ ਦੇ ਪਰਵਾਰਾਂ ਦੀ ਬੀਬੀਆਂ ਜਰੂਰ ਇਸ ਵਕਤ ਸੁਚੇਤ ਨਜ਼ਰ ਆਉਣ ਲੱਗੀਆਂ ਹਨ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਇਸ ਨਸ਼ੇ ਦੀ ਲਾਹਨਤ ਤੋਂ ਬਚਾਉਣ ਲਈ ਸਾਰਥਿਕ ਉਪਰਾਲੇ ਕਰਦੀਆਂ ਨਜਰ ਆ ਰਹੀਆਂ ਹਨ। ਪੰਜਾਬ ਅਤੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਵੱਡੀ ਰਾਹਤ ਅਤੇ ਖੁਸ਼ੀ ਦੀ ਗੱਲ ਹੈ ਕਿ ਜਿਆਦਾਤਰ ਜਿਹਨਾਂ ਘਰਾਂ ਦੇ ਨੌਜਵਾਨ ਜਾਂ ਅਧੇੜ ਉਮਰ ਦੇ ਵਿਅਕਤੀ ਨਸ਼ਿਆਂ ਦਾ ਸੇਵਨ ਕਰਕੇ ਆਪਣੀਆਂ ਜਿੰਦਗੀਆਂ ਖਤਮ ਕਰ ਚੁੱਕੇ ਹਨ ਜਾਂ ਬਰਬਾਦ ਕਰਨ ਦੇ ਰਾਹ ’ਤੇ ਤੁਰੇ ਹੋਏ ਹਨ, ਉਹਨਾਂ ਪਰਵਾਰਾਂ ਵਿੱਚ ਬੀਬੀਆਂ ਵੱਲੋਂ ਆਪਣੀ ਨਵੀਂ ਪੀੜੀ ਵੱਲ ਵਿਸੇਸ਼ ਧਿਆਨ ਦਿੱਤਾ ਜਾਣ ਲੱਗਿਆ ਹੈ। ਜਿਸ ਦਾ ਪਤਾ ਇਸ ਗੱਲ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਦਸ ਬਾਰਾਂ ਸਾਲ ਦੀ ਉਮਰ ਤੋਂ ਹੇਠਲੀ ਬੱਚਿਆਂ ਦੇ ਸਿਰਾਂ ’ਤੇ ਜੂੜੇ ਨਜ਼ਰ ਆਉਣ ਲੱਗੇ ਹਨ ਅਤੇ ਮਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਲਈ ਯਤਨਸ਼ੀਲ ਹੋ ਗਈਆਂ ਹਨ।
ਇਸ ਬਦਲਾਅ ਦਾ ਵੱਡਾ ਕਾਰਨ ਪੰਜਾਬ ਦੇ ਤਕਰੀਬਨ ਹਰ ਤੀਸਰੇ ਜਾਂ ਚੋਥੇ ਘਰ ਵਿੱਚ ਨਸ਼ਿਆਂ ਕਾਰਨ ਸੱਥਰ ਵਿਸ ਚੁੱਕੇ ਹਨ ਅਤੇ ਨਸ਼ਿਆਂ ਕਾਰਨ ਪੈ ਰਹੇ ਕਲੇਸ਼ ਕਰਕੇ ਤਕਰੀਬਨ ਹਰ ਦੂਸਰਾ ਘਰ ਨਰਕ ਦਾ ਨਮੂਨਾ ਬਣਿਆ ਹੋਇਆ, ਜਿਸ ਨੂੰ ਦੇਖਦਿਆਂ ਇਹਨਾਂ ਪਰਵਾਰਾਂ ’ਚ ਜਨਮੀ ਨਵੀਂ ਪੀੜ੍ਹੀ ਨਸ਼ਿਆਂ ਨੂੰ ਨਫਰਤ ਕਰ ਰਹੀ ਹੈ ਅਤੇ ਇਹਨਾਂ ਪਰਵਾਰਾਂ ਦੀਆਂ ਔਰਤਾਂ ਵੱਲੋਂ ਆਪਣੀ ਖਾਨਦਾਨ ਦੀ ਦੀਵਾ ਜਗਦਾ ਰੱਖਣ ਲਈ ਆਪਣੀ ਔਲਾਦ ਨੂੰ ਸਿੱਖੀ ਨਾਲ ਜੋੜਣ ਲਈ ਉਪਰਾਲੇ ਕੀਤੇ ਜਾਣ ਲੱਗੇ ਹਨ।
ਇੱਕ ਪਾਸੇ ਤਾਂ ਇਸ ਮੌਕੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਸਰਾਬ ਦੇ ਠੇਕਿਆਂ ਤੋਂ ਹੋਈ ਕਮਾਈ ਨੂੰ ਪੰਜਾਬ ਸਰਕਾਰ ਦੇ ਮਾਅਰਕੇ ਵੱਲੋਂ ਪੇਸ਼ ਕਰਕੇ ਹਰ ਸਾਲ ਅਖਬਾਰ ਵਿੱਚ ਇਸਤਿਹਾਰ ਦੇ ਕੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਸਰਾਬ ਦੇ ਕਾਰੋਬਾਰ ਭਾਵ ਪਿਛਲੇ ਸਾਲ ਨਾਲ ਵੱਧ ਦਿੱਤੇ ਠੇਕਿਆਂ ਰਾਹੀਂ ਏਨੇ ਕਰੋੜ ਦੀ ਵਾਧੂ ਆਮਦਨ ਕੀਤੀ ਹੈ, ਦੂਸਰੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਵਿੱਚ ਪ੍ਰੈਸ ਕਲੱਬ ਨੂੰ ਜਗ੍ਹਾ ਦੇਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਇਹ ਕਹਿ ਕੇ ਕਿ ‘ਬਠਿੰਡੇ ਵਾਲੀਆਂ ਝੀਲਾਂ ’ਚ ਪੱਤਰਕਾਰਾਂ ਨੂੰ ਜਗ੍ਹਾ ਦੇ ਦਿੰਦੇ ਹਾਂ, ਜਿਥੇ ਪੱਤਰਕਾਰ ਸਰਾਬ ਪੀ-ਪੀ ਕੇ ਨਹਾਈ ਜਾਇਆ ਕਰਨਗੇ, ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਹੁਣ ਦਿਨੇ ਵੀ ਸਰਾਬ ਦੇ ਹੀ ਸੁਪਨੇ ਆ ਰਹੇ ਹਨ।
ਅਜਿਹੇ ਹਾਲਾਤ ਵਿੱਚ ਸਰਾਬ ਸਮੇਤ ਬਾਕੀ ਦੇ ਨਸ਼ਿਆਂ ਤੋਂ ਪੰਜਾਬ ਨੂੰ ਬਚਾਉਣਾ ਵਾਕਿਆ ਹੀ ਅੰਬਰੋਂ ਤਾਰੇ ਤੋੜਨ ਵਰਗਾ ਕੰਮ ਹੈ। ਨੱਬੇ ਦਹਾਕੇ ਸੁਰੂਆਤੀ ਸਮੇਂ ਵਿੱਚ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀ ਨਸ਼ਲਕੁਸ਼ੀ ਦੀ ਚੱਲੀ ਸਰਕਾਰੀ ਚਾਲ ਤੋਂ ਬਾਅਦ ਪੰਜਾਬ ਦਾ ਨੌਜਵਾਨ ਬੁਰੀ ਤਰਾਂ ਨਾਲ ਟੁੱਟ ਕੇ ਨਿਰਾਸ਼ਤਾ ਦੇ ਦੌਰ ਵਿੱਚ ਚਲਾ ਗਿਆ। ਇਸ ਦਰਮਿਆਨ ਹੀ ਪੰਜਾਬ ਵਿੱਚ ਸੰਤਵਾਦ ਦਾ ਯੁੱਗ ਸ਼ੁਰੂ ਹੋ ਗਿਆ ਅਤੇ ਇੱਕ ਤੋਂ ਬਾਅਦ ਇੱਕ, ਕਿੰਨੇ ਹੀ ਸੰਤ, ਬਾਬੇ, ਮਹਾਰਾਜ ਅਤੇ ਬ੍ਰਹਮਗਿਆਨੀ ਪੈਦਾ ਹੋ ਗਏ। ਇਹਨਾਂ ਬਾਬਿਆਂ ਸੰਤਾਂ ਸਾਧਾਂ ਨੇ ਸਿੱਖ ਨੌਜਵਾਨੀ ਨੂੰ ਨਿਰਾਸ਼ਤਾ ਦੇ ਦੌਰ ਵਿੱਚੋਂ ਕੱਢਣ ਦੀ ਵਜਾਏ ਚੰਦ ਛਿੱਲੜਾਂ ਦੇ ਲਾਲਚਵੱਸ ਹੋ ਕੇ ਹੋਰ ਅੰਧ ਵਿਸਵਾਸਾਂ ਅਤੇ ਕਰਮ ਕਾਂਡਾਂ ਵਿੱਚ ਉਲਝਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਿੱਖ ਨੌਜਵਾਨੀ ਹੋਰ ਨਿਘਰਦੀ ਗਈ। ਇਸ ਕਾਰਨ ਪੰਜਾਬੀਆਂ ਦੇ ਘਰਾਂ ਵਿੱਚ ਨੌਜਵਾਨ ਦੇ ਸੱਥਰ ਵਿਛਣ ਲੱਗੇ, ਪਰ ਸਾਡੇ ਸੰਤ ਬਾਬੇ ਸਿੱਖੀ ਦੀ ਪਨੀਰੀ ਨੂੰ ਬਚਾਉਣ ਦੀ ਬਿਜਾਏ ਰਾਜਸਥਾਨ ਦੇ ਮਕਰਾਣੇ ਇਲਾਕੇ ’ਚੋਂ ਪੱਥਰ ਲਿਆ ਲਿਆ ਆਪਣੇ ਬਣਾਏ ਡੇਰਿਆਂ ’ਤੇ ਲਾਉਦੇ ਰਹੇ।
ਦੂਸਰੇ ਪਾਸੇ ਜੋ ਵਿਚਾਰਧਾਰਾ ਪੰਜ ਸਦੀਆਂ ਤੋਂ ਸਿੱਖੀ ਦੇ ਬੂਟੇ ਨੂੰ ਮਸਲਣ ਲਈ ਜੱਦੋ ਜਹਿਦ ਕਰ ਰਹੀ ਹੈ, ਉਸ ਵਿਚਾਰਧਾਰਾ ਦੇ ਪੈਰੋਕਾਰਾਂ ਨੇ ਰਾਜਸਥਾਨ ਅਤੇ ਹੋਰ ਬਾਹਰਲੇ ਰਾਜਾਂ ਤੋਂ ਪੰਜਾਬ ਨੂੰ ਭੁੱਕੀ ਅਤੇ ਅਫੀਮ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ। ਅਜਿਹੇ ਹਾਲਾਤਾਂ ਵਿੱਚ ਬਾਦਲ ਸਾਬ੍ਹ ਦੀ ਪਾਰਟੀ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ ਬਣੇ ਰਹਿਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਸਮੇਂ ਵੀ ਨਸ਼ੇ ਦੀ ਸਹਾਰਾ ਲੈਣ ਲੱਗ ਪਈ। ਇਸ ਵਰਤਾਰੇ ਨਾਲ ਹਾਲਾਤ ਇੱਥੋਂ ਤੱਕ ਵਿਗੜ ਗਏ ਹਨ ਕਿ ਹਰ ਘਰ ਤੱਕ ਨਸ਼ੇ ਦੀ ਸਿੱਧੀ ਜਾਂ ਅਸਿੱਧੀ ਮਾਰ ਪਈ ਹੈ। ਇਸ ਨਸ਼ੇ ਦੀ ਮਾਰ ਬਾਰੇ ਪੰਜਾਬੀ ਮਰਦਾਂ ਵਿੱਚ ਭਾਵੇਂ ਉਸ ਪੱਧਰ ਦੀ ਚਿੰਤਾ ਨਹੀਂ ਦੇਖੀ ਜਾ ਰਹੀ, ਜਿਸ ਚਿੰਤਾ ਲੈ ਕੇ ਪੰਜਾਬੀ ਇਸ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਕਮਰਕੱਸੇ ਕਰਕੇ ਨਿਕਲਣ ਪੈਣ, ਪਰ ਪਿੰਡਾਂ ਵਿੱਚ ਨਸ਼ਿਆਂ ਵੱਲੋਂ ਕੀਤੀ ਬਰਬਾਦੀ ਨੇ ਔਰਤਾਂ ਨੂੰ ਜਰੂਰ ਸੁਚੇਤ ਕੀਤਾ ਹੈ ਅਤੇ ਔਰਤਾਂ ਆਪੋ ਆਪਣੇ ਘਰਾਂ ਛੋਟੇ ਬੱਚਿਆਂ ਨੂੰ ਜਰੂਰ ਸਾਂਭਣ ਲੱਗ ਪਈਆਂ ਹਨ ਅਤੇ ਹੁਣ ਪੰਜਾਬ ਦੀ ਨਵੀਂ ਪੀੜੀ ਦੇ ਸਿਰਾਂ ’ਤੇ ਫੇਰ ਪਟਕੇ ਨਜ਼ਰ ਆਉਣ ਪਏ ਹਨ, ਜੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਲਈ ਇੱਕ ਵੱਡਾ ਧਰਵਾਸਾ ਮੰਨਿਆ ਜਾ ਰਿਹਾ ਹੈ।
ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਇੱਕ ਔਰਤ ਦੇ ਪੜ੍ਹਨ ਜਾਂ ਗਿਆਨਵਾਨ ਹੋਣ ਨਾਲ ਦੋ ਕੁਲਾਂ ਤਰ ਜਾਂਦੀਆਂ ਹਨ, ਉਸੇ ਗੱਲ ਨਾਲ ਮਿਲਦੀ ਜੁਲਦੀ ਗੱਲ ਹੈ ਕਿ ਔਰਤਾਂ ਵੱਲੋਂ ਹੀ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਈ ਜਾ ਸਕਦੀ ਹੈ, ਜਿਸ ਦੀ ਸੁਰੂਆਤ ਪੰਜਾਬ ਦੀਆਂ ਬੀਬੀਆਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਹੁਣ ਲੋੜ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਇਹਨਾਂ ਸੁਹਿਰਦ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਪੰਜਾਬ ਅਤੇ ਸਿੱਖੀ ਦੀ ਨਵੀਂ ਪੀੜੀ ਨੂੰ ਬਚਾ ਸਕੀਏ। ਸਮਾਜ਼ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਹੁਣ ਨਵੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉੁਣ ਲਈ ਸਰਗਰਮ ਭੁਮਿਕਾ ਨਿਭਾਉਣ ।
ਗੁਰਸੇਵਕ ਸਿੰਘ ਧੌਲਾ
946321267