
ਪੁਸਤਕ "ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ" ਲੇਖਕ ਗੁਰਚਰਨ ਸਿੰਘ ਸੇਖੋਂ V/S "ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ" ਲੇਖਕ ਕਿਰਪਾਲ ਸਿੰਘ ਬਠਿੰਡਾ
ਸ: ਅਨੁਰਾਗ ਸਿੰਘ ਜੀ !
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਆਪ ਜੀ ਨੇ ਫੇਸ ਬੁੱਕ ਦੀਆਂ ਪੁਰਾਤਨ ਪੋਸਟਾਂ ਦੀ ਸੰਪਾਦਨਾ ਕਰਕੇ ਸ: ਗੁਰਚਰਨ ਸਿੰਘ ਸੇਖੋਂ ਦੇ ਨਾਮ ਹੇਠ ਪੁਸਤਕ ਛਪਵਾਈ ਜਿਸ ਨਾਮ ਰੱਖਿਆ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”। ਤੁਸੀਂ ਇਸ ਪੁਸਤਕ ਦੇ ਮਾਰਕੀਟ ’ਚ ਆਉਣ ਤੋਂ ਇੱਕ ਸਾਲ ਪਹਿਲਾਂ ਹੀ ਆਪਣੀ ਫੇਸ ਬੁੱਕ ’ਤੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕਾਮਰੇਡ ਪੁਰੇਵਾਲ ਦੇ ਭਗਤ ਇਸ ਪੁਸਤਕ ਨੂੰ ਪੜ੍ਹਨ ’ਤੇ ਜਵਾਬ ਦੇਣ। ਲੰਬੀ ਉਡੀਕ ਪਿੱਛੋਂ ਜਦ ਤੁਹਾਡੀ ਪੁਸਤਕ ਮਿਲੀ, ਪੜ੍ਹੀ ਤਾਂ ਉਸ ’ਚ ਇਸ ਸਿਰਲੇਖ ਵਾਲਾ ਕੋਈ ਅਧਿਆਇ ਜਾਂ ਲੇਖ ਨਹੀਂ ਮਿਲਿਆ ਅਤੇ ਨਾ ਹੀ ਉਸ ਕੈਲੰਡਰ ਦੀ ਫੋਟੋ ਕਾਪੀ ਛਾਪੀ ਗਈ। ਅਨੇਕਾਂ ਵਾਰ ਮੰਗ ਕਰਨ ’ਤੇ ਆਪ ਜੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਆਖਰ ਤੁਹਾਡੀ ਇਸ ਪੁਸਤਕ ’ਚ ਮਾਰੀਆਂ ਬੇਥਵੀਆਂ ਦਾ ਮੇਰੇ ਵੱਲੋਂ ਤਥਾਂ ਸਹਿਤ ਜਵਾਬ ਅਤੇ ਕੈਲੰਡਰਾਂ ਸਬੰਧੀ ਜਾਣਕਾਰੀ ਦਿੰਦੀ ਪੁਸਤਕ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਪੁਸਤਕ ਅਕਤੂਬਰ 2024 ’ਚ ਛਾਪੀ ਗਈ; ਜੋ ਆਪ ਜੀ ਨੂੰ ਮਿਲ ਚੁੱਕੀ ਹੈ ਪੜ੍ਹ ਵੀ ਲਈ ਹੈ; ਜਿਸ ਦਾ ਸਬੂਤ ਇਹ ਹੈ ਕਿ ਤੁਸੀਂ ਉਸ ਪੁਸਤਕ ਦਾ ਟਾਈਟਲ ਪੇਜ਼ ਆਪਣੀ ਫ਼ੇਸਬੁੱਕ ’ਤੇ ਪਾਇਆ ਹੈ। ਯਕੀਨ ਹੈ ਕਿ ਤੁਸੀਂ ਇਸ ਨੂੰ ਪੜ੍ਹ ਅਤੇ ਸਮਝ ਲਿਆ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪੁਸਤਕ ਸਬੰਧੀ ਤਕਨੀਕੀ ਅਤੇ ਇਤਿਹਾਸਕ ਆਧਾਰ ’ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਵਿਦਵਾਨਾਂ ਦੇ ਇਸ ਗਰੁੱਪ ਵਿੱਚ ਦੇਣ ਦੀ ਹਿੰਮਤ ਵਿਖਾਉ। ਮੇਰੀ ਪੁਸਤਕ ’ਚ ਦਿੱਤੀ ਗਈ ਜਾਣਕਾਰੀ ਸਬੰਧੀ ਤੁਹਾਡੇ ਵੱਲੋਂ ਪੁੱਛੇ ਗਏ ਹਰ ਸਵਾਲ/ਸ਼ੰਕੇ ਦਾ ਜਵਾਬ ਦੇਣ ਲਈ ਮੈਂ ਬਚਨਵੱਧ ਹਾਂ। ਆਸ ਹੈ ਤੁਹਾਡੇ ਵੱਲੋਂ ਵਿਦਵਾਨਾਂ ਵਾਲੀ ਪਹੁੰਚ ਅਪਣਾਈ ਜਾਵੇਗੀ।
ਤੁਹਾਡੇ ਪ੍ਰਤੀਕਰਮ ਦੀ ਉਡੀਕ ’ਚ
ਕਿਰਪਾਲ ਸਿੰਘ ਬਠਿੰਡਾ
੯ ਫੱਗਣ ਨਾਨਕਸ਼ਾਹੀ ਸੰਮਤ ੫੫੬/20 ਫ਼ਰਵਰੀ 2025 ਦਿਨ ਵੀਰਵਾਰ
ਗੁਰੂ ਕਾਲ ਵਾਲੇ ਬਿਕ੍ਰਮੀ ਸੂਰਯ ਕੈਲੰਡਰ ਦੀ ਫੱਗਣ ਸੁਦੀ ੮ ਬਿਕ੍ਰਮੀ ਸੰਮਤ ੨੦੮੧, ਦਿਨ ਵੀਰਵਾਰ
ਸ੍ਰੋਮਣੀ ਕਮੇਟੀ ਵਲੋਂ ਅਪਣਾਏ ਮੌਜੂਦਾ ਬਿਕ੍ਰਮੀ ਦ੍ਰਿਕ ਗਣਿਤ ਕੈਲੰਡਰ ਦੀ ਫੱਗਣ ਸੁਦੀ ੭ ਬਿਕ੍ਰਮੀ ਸੰਮਤ ੨੦੮੧, ਦਿਨ ਵੀਰਵਾਰ
ਨੋਟ : ਅਸਰਜ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ, ਗੁਰੂ ਕਾਲ ਵਾਲੇ ਬਿਕ੍ਰਮੀ ਸੂਰਯ ਕੈਲੰਡਰ ਅਤੇ ਸ੍ਰੋਮਣੀ ਕਮੇਟੀ ਵੱਲੋਂ ਅਪਣਾਏ ਦ੍ਰਿਕ ਗਣਿਤ ਬਿਕ੍ਰਮੀ ਕੈਲੰਡਰ ਤਿੰਨਾਂ ਦੀ ਹੀ ਅੱਜ ੯ ਫੱਗਣ ਹੈ। ਦੱਸਿਆ ਜਾਵੇ ਇਸ ਹਾਲਤ ’ਚ ਸਾਨੂੰ Solar ਕੈਲੰਡਰ ਜਾਂ Lunar ਕੈਲੰਡਰ ’ਚੋਂ ਕਿਹੜਾ ਵੱਧ ਉਪਯੋਗੀ ਹੋਵੇਗਾ?
ਕਿਰਪਾਲ ਸਿੰਘ ਬਠਿੰਡਾ।