-: ਕੀ ਸਿੱਖ ਰਹਿਤ ਮਰਯਾਦਾ ਕੈਦ ਹੈ? ਭਾਗ 1 :-
ਪ੍ਰੋ: ਦਰਸ਼ਨ ਸਿੰਘ ਜੀ (ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ):- ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਹੈ, ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ ਤਾਂ ਕੀ ਸਿੱਖ ਰਹਿਤ ਮਰਯਾਦਾ ਦੀ ਕੈਦ ਵਿੱਚ ਸਿੱਖ ਕੈਦ ਨਹੀਂ?
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ਉਹ ਕਾਗਦ ਦੀ ਓਬਰੀ {ਜੇਲ੍ਹ} ਕੀ ਸੀ ਬੇਦ ਸ਼ਾਸਤ੍ਰ ਮੰਨੂ ਸਿਮ੍ਰਤੀਆਂ, ਇਹ ਜੇਲ੍ਹ ਹੈ, ਮਨੁੱਖ ਜੇਹੜਾ ਬੇਦ ਸ਼ਾਸਤ੍ਰ ਮੰਨੂ ਸਿਮ੍ਰਤੀਆਂ ਦੇ ਘੇਰੇ ਵਿੱਚੋਂ ਬਾਹਰ ਨਿਕਲੇਗਾ ਉਹ ਹਿੰਦੂ ਨਹੀਂ ਰਹੇਗਾ।
ਵਿਚਾਰ- ਇਹ ਉਪਰਲੀ ਉਦਾਹਰਣ ਦੇ ਕੇ ਪ੍ਰੋ: ਦਰਸ਼ਨ ਸਿੰਘ ਜੀ ਕਹਿਣਾ ਚਾਹੁੰਦੇ ਹਨ ਕਿ; ਸਿੱਖ ਰਹਿਤ ਮਰਯਾਦਾ ਵੀ ਬੇਦਾਂ, ਸ਼ਾਸਤ੍ਰਾਂ, ਸਿਮ੍ਰਤੀਆਂ ਦੀ ਤਰ੍ਹਾਂ ਸਿੱਖ ਲਈ ਕੈਦ ਹੈ। ਅਤੇ ਕੈਦ ਵਿੱਚੋਂ ਨਿਕਲਣ ਵਾਲਾ ਸਿੱਖ ਕਿਉਂ ਨਹੀਂ ਹੈ?
ਵਿਸ਼ੇ ਸਬੰਧੀ ਆਪਣਾ ਪੱਖ ਰੱਖਣ ਤੋਂ ਪਹਿਲਾਂ ਸਿੱਖ ਰਹਿਤ ਮਰਯਾਦਾ ਵਿੱਚੋਂ ਕੁਝ ਅੰਸ਼:-
ਸਿੱਖ ਦੀ ਤਾਰੀਫ਼;:- ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੁ ਨਾਨਕ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
.
ਗੁਰੂ ਪੰਥ:- ਸੇਵਾ ਕੇਵਲ ਪੱਖੇ, ਲੰਗਰ ਆਦਿ ਤੇ ਹੀ ਨਹੀਂ ਮੁੱਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ, ਸਫਲ ਉਹ ਹੈ ਜੋ ਥੋੜ੍ਹੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ *ਜੱਥੇਬੰਦੀ* ਦੇ ਰਾਹੀਂ ਹੋ ਸਕਦੀ ਹੈ।ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ *ਪੰਥਕ* ਫਰਜ਼ ਭੀ ਪੂਰੇ ਕਰਨੇ ਹਨ।ਇਸ *ਜੱਥੇਬੰਦੀ ਦਾ ਨਾਂ ਪੰਥ* ਹੈ।ਹਰ ਇਕ ਸਿੱਖ ਨੇ *ਪੰਥ ਦਾ ਇੱਕ ਅੰਗ* ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।
ਵਿਚਾਰ ਜਾਰੀ- ਹਿੰਦੂ ਨੇ ਸ਼ਰਤ ਰੱਖ ਦਿੱਤੀ ਕਿ, ਬੇਦਾਂ, ਸ਼ਾਸਤ੍ਰਾਂ, ਸਿਮ੍ਰਤੀਆਂ ਨੂੰ ਮੰਨਣ ਵਾਲਾ ਹਿੰਦੂ ਹੈ।
ਇਹ ਤਾਂ ਬੜੀ ਵਾਜਿਬ ਜਿਹੀ ਗੱਲ ਹੈ ਕਿ ਹਿੰਦੂ ਵੱਲੋਂ ਨਿਰਧਾਰਿਤ ਸ਼ਰਤਾਂ ਮੁਤਾਬਕ ਜਿਹੜਾ ਉਹਨਾ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਉਹ ਹਿੰਦੂਨਹੀਂ ਹੋ ਸਕਦਾ।ਅਰਥਾਤ ਹਿੰਦੂ ਸੰਗਠਨ ਜਾਂ ਹਿੰਦੂ ਭਾਈਚਾਰੇ ਦਾ ਹਿੱਸਾ ਨਹੀਂ ਹੋ ਸਕਦਾ।ਇਸ ਵਿੱਚ ਤਾਂ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।ਇਹ ਤਾਂ ਕੋਈ ਵਾਜਿਬ ਗੱਲ ਨਹੀਂ ਨਾ ਹੋਈ ਕਿ ਕੋਈ ਕਹੇ ਕਿ ਹਿੰਦੂ ਸਮਾਜ ਦਾ ਹਿੱਸਾ ਬਣਨ ਲਈ ਨਿਰਧਾਰਿਤ ਕੀਤੀਆਂ ਗਈਆਂ ਸ਼ਰਤਾਂ ਨੂੰ ਤਾਂ ਮੈਂ ਨਹੀਂ ਮੰਨਦਾ ਪਰ ਫੇਰ ਵੀ ਆਪਣੇ ਆਪ ਨੂੰ ਹਿੰਦੂ ਸੰਗਠਣ ਦਾ ਹਿੱਸਾ ਜਰੂਰ ਮੰਨਦਾ ਹਾਂ।ਹੈ ਨਾ ਅਜੀਬ ਗੱਲ?
ਇਸੇ ਤਰ੍ਹਾਂ ਜਦੋਂ ਸਿੱਖ ਭਾਈਚਾਰੇ ਨੇ ਕੁਝ ਸ਼ਰਤਾਂ ਨਿਰਧਾਰਿਤ ਕਰ ਦਿੱਤੀਆਂ ਕਿ ਜਿਹੜਾ ਉਹਨਾ ਸ਼ਰਤਾਂ ਨੂੰ ਮੰਨਦਾ ਹੈ ਉਹ ਸਿੱਖ ਪੰਥ ਜਾਂ ਸਿੱਖ ਜੱਥੇਬੰਦੀ ਦਾ ਹਿੱਸਾ ਹੈ।ਸੋ ਕੀ ਇਹ ਵਾਜਿਬ ਗੱਲ ਨਹੀਂ ਕਿ ਜਿਹੜਾ ਸ਼ਖਸ, ਸਿੱਖ ਜੱਥੇਬੰਦੀ ਵੱਲੋਂ ਨਿਰਧਾਰਿਤ ਸ਼ਰਤਾਂ ਨੂੰ ਨਹੀਂ ਮੰਨਦਾ ਉਹ ਸਿੱਖ ਪੰਥ ਜਾਂ ਸਿੱਖ ਜੱਥੇਬੰਦੀ ਦਾ ਹਿੱਸਾ ਨਹੀਂ ਹੈ?
ਰਹਿਤ ਮਰਯਾਦਾ ਨੂੰ ਮੰਨਣ ਵਾਲਾ ਕੋਈ ਵੀ ਸਿੱਖ ਇਸ ਨੂੰ ਕੈਦ ਨਹੀਂ ਮੰਨਦਾ।ਕਿਸੇ ਤੇ ਕੋਈ ਜ਼ੋਰ ਜਬਰਦਸਤੀ ਨਹੀਂ ਹੈ।ਸਿੱਖ ਰਹਿਤ ਮਰਯਾਦਾ ਨੂੰ ਸਵਿਕਾਰਨਾ ਜਾਂ ਤਿਆਗਣਾ ਸਵੈ-ਇੱਛਾ ਦਾ ਮਾਮਲਾ ਹੈ।ਜੇ ਪ੍ਰੋ: ਸਾਹਿਬ ਨੂੰ ਸਿੱਖ ਰਹਿਤ ਮਰਯਾਦਾ ਕੈਦ ਲੱਗਦੀ ਹੈ ਤਾਂ ਉਹ ਇਸ ਦਾ ਤਿਆਗ ਜਦੋਂ ਮਰਜੀ ਕਰ ਸਕਦੇ ਹਨ।ਕਿਸੇ ਨੇ ਜ਼ਬਰਦਸਤੀ ਉਹਨਾ ਨੂੰ ਕਿਸੇ ਕੈਦ ਵਿੱਚ ਨਹੀਂ ਰੱਖਿਆ ਹੋਇਆ।
ਵੈਸੇ ਵੀ ਪ੍ਰੋ: ਦਰਸ਼ਨ ਸਿੰਘ ਜੀ, ਪੰਥ ਲਫਜ਼ ਨੂੰ ਸੰਗਠਣ ਜਾਂ ਜੱਥੇਬੰਦੀ ਦੇ ਅਰਥਾਂ ਵਿੱਚ ਸਵਿਕਾਰ ਨਹੀਂ ਕਰਦੇ। ਜਦੋਂ ਪ੍ਰੋ: ਸਾਹਿਬ ਪੰਥਕ ਜਾਂ ਜੱਥੇਬੰਦਕ ਢਾਂਚੇ ਨੂੰ ਮਾਨਤਾ ਹੀ ਨਹੀਂ ਦਿੰਦੇ, ਇਸ ਨੂੰ ਸਵਿਕਾਰ ਹੀ ਨਹੀਂ ਕਰਦੇ ਤਾਂ ਉਹ ਇਸ ਦਾ ਹਿੱਸਾ ਕਿਵੇਂ ਹੋ ਸਕਦੇ ਹਨ ਅਤੇ ਇਸਦਾ ਹਿੱਸਾ ਕਿਉਂ ਬਣੇ ਰਹਿਣਾ ਚਾਹੁੰਦੇ ਹਨ???
ਬੜੀ ਅਜੀਬ ਗੱਲ ਹੈ ਕਿ, ਇੱਕ ਪਾਸੇ ਤਾਂ ਪ੍ਰੋ: ਸਾਹਿਬ ਪੰਥ ਜਾਂ ਪੰਥਕ ਢਾਂਚੇ ਨੂੰ ਮਾਨਤਾ ਹੀ ਨਹੀਂ ਦਿੰਦੇ ਅਤੇ ਦੂਜੇ ਪਾਸੇ ਉਸੇ ਪੰਥ ਦਾ ਹਿੱਸਾ ਬਣੇ ਰਹਿਣ ਦੀ ਗੱਲ ਕਰ ਰਹੇ ਹਨ।
ਗੁਰਬਾਣੀ ਦੇ ਹਵਾਲੇ ਦੇ ਕੇ ਇਹ ਕਿਹਾ ਜਾ ਸਕਦਾ ਹੈ ਕਿ ਜੀ ਦੇਖੋ ਗੁਰਬਾਣੀ ਫੁਰਮਾਨ ਮੁਤਾਬਕ ਅਸੀਂ ਸਿੱਖ ਹਾਂ ਅਤੇ ਸਾਨੂੰ ਸਿੱਖ ਅਖਵਾਉਣ ਤੋਂ ਕੌਣ ਰੋਕ ਸਕਦਾ ਹੈ?
ਵਿਚਾਰ- ਜੀ ਹਾਂ! ਗੁਰਬਾਣੀ ਵਿੱਚ ਦੱਸੇ ਗਏ ਮੁਤਾਬਕ ਗੁਰੂ ਦੀ ਮੰਨਣ ਵਾਲਾ ਸੱਖ ਜਰੂਰ ਹੈ, ਪਰ ਉਹ ਸਿੱਖ ਕਿਸਦਾ? ਉਹ ਗੁਰੂ ਦਾ ਸਿੱਖ ਹੈ। ਉਹ ਗੁਰੂ ਦਾ ਸਿੱਖ ਜਰੂਰ ਹੈ ਪਰ ਉਹ ਸਿੱਖ ਜੱਥੇਬੰਦੀ, ਸਿੱਖ ਪੰਥ ਦਾ ਹਿੱਸਾ ਨਹੀਂ ਹੈ ਅਤੇ ਨਾ ਹੋ ਸਕਦਾ ਹੈ।
ਇਸੇ ਤਰ੍ਹਾਂ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਕਿਹਾ ਜਾਂਦਾ ਹੈ ਕਿ ਦੇਖੋ ਜੀ ਗੁਰਬਾਣੀ ਮੁਤਾਬਕ ਅੰਮ੍ਰਿਤ ਦਾ ਕੀ ਅਰਥ ਕੀ ਹੈ
?
ਵਿਚਾਰ- ਜੀ ਹਾਂ! ਗੁਰਬਾਣੀ ਵਿੱਚ ਆਇਆ ਅੰਮ੍ਰਿਤ ਲਫਜ਼, ਅਧਿਆਤਮ ਦੇ ਅਰਥਾਂ ਵਿੱਚ ਹੈ।
ਅਤੇ ਦੂਜੇ ਪਾਸੇ, ਸਿੱਖ ਜੱਥੇਬੰਦੀ ਜਾਂ ਸਿੱਖ ਪੰਥ ਦਾ ਹਿੱਸਾ ਬਣਨ ਵੇਲੇ ਖੰਡੇ-ਬਾਟੇ ਦੁਆਰਾ ਛਕਾਏ ਜਾਂਦੇ ਜਲ ਨੂੰ ਵੀ ਅੰਮ੍ਰਿਤ ਨਾਮ ਦਿੱਤਾ ਗਿਆ ਹੈ। ਦੋਨੋਂ ਜਗ੍ਹਾ ਤੇ ਅੰਮ੍ਰਿਤ ਵੱਖ ਵੱਖ ਅਰਥ ਰੱਖਦਾ ਹੈ।
ਗੁਰਬਾਣੀ ਵਿੱਚ ਅਧਿਆਤਮਕ ਅਰਥ ਰੱਖਣ ਵਾਲੇ ਬਹੁਤ ਸਾਰੇ ਐਸੇ ਲਫਜ਼ ਹਨ, ਜਿੰਨ੍ਹਾਂ ਨੂੰ ਦੁਨਿਆਵੀ ਜਾਂ ਸੰਸਾਰਕ ਵਸਤੂਆਂ, ਸਥਾਨਾਂ ਜਾਂ ਵਿਅਕਤੀਗਤ ਨਾਵਾਂ ਲਈ ਵੀ ਵਰਤਿਆ ਗਿਆ ਹੈ, ਜਿਵੇਂ- ਗੋਬਿੰਦ, ਹਰਿ, ਅੰਮ੍ਰਿਤਸਰ, ਅਕਾਲ ਤਖਤ, ਅਕਾਲ ਬੁੰਗਾ, ਕਿਰਸਾਣੀ
. ਇਸੇ ਤਰ੍ਹਾਂ ਪੰਥ ਅਤੇ ਅੰਮ੍ਰਿਤ ਲਫਜ਼ ਵੀ ਅਧਿਆਤਮ ਅਤੇ ਸੰਸਾਰਕ, ਦੋਨਾਂ ਵੱਖ ਵੱਖ ਅਰਥਾਂ ਵਿੱਚ ਵਰਤੇ ਗਏ ਹਨ।
ਸੌ ਹੱਥ ਰੱਸਾ ਸਿਰੇ ਤੇ ਘੰਢ:
ਸਿੱਖ ਰਹਿਤ ਮਰਯਾਦਾ ਸਿੱਖ ਲਈ ਕੈਦ ਨਹੀਂ ਅਤੇ ਇਸ ਨੂੰ ਨਾ ਮੰਨਣ ਵਾਲਾ ਸਿੱਖ ਨਹੀਂ।
ਸਿੱਖ ਰਹਿਤ ਮਰਯਾਦਾ ਦੇ ਖਿਲਾਫ ਪ੍ਰਚਾਰ ਕਰਨ ਵਾਲਾ ਸਿੱਖ/ਸਿੱਖੀ ਦਾ ਦੁਸ਼ਮਣ ਹੈ।ਇਸਦੇ ਖਿਲਾਫ ਪ੍ਰਚਾਰ ਕਰਨ ਵਾਲੇ ਨੂੰ ਇਸ ਤਰ੍ਹਾਂ ਕਰਨ ਦੀ ਖੁਲ੍ਹ ਨਹੀਂ ਦਿੱਤੀ ਜਾ ਸਕਦੀ।
ਜਿਸ ਨੂੰ ਸਿੱਖ ਰਹਿਤ ਮਰਯਾਦਾ ਕੈਦ ਲੱਗਦੀ ਹੈ, ਉਹ ਕਿਸੇ ਵੀ ਵਕਤ ਇਸ ਕੈਦ ਵਿੱਚੋਂ ਬਾਹਰ ਨਿਕਲ ਸਕਦਾ ਹੈ, ਕਿਸੇ ਤੇ ਜ਼ੋਰ ਜਬਰਦਸਤੀ ਨਹੀਂ ਹੈ।
ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਗੁਰੂ ਦਾ ਸਿੱਖ ਤਾਂ ਅਖਵਾ ਸਕਦਾ ਹੈ, ਪਰ ਕਿਉਂਕਿ ਰਹਿਤ ਮਰਯਾਦਾ ਕਿਸੇ ਗੁਰੂ ਸਾਹਿਬ ਨੇ ਨਹੀਂ ਬਣਾਈ, ਸਿੱਖ ਪੰਥ, ਸਿੱਖ ਜੱਥੇਬੰਦੀ ਨੇ ਬਣਾਈ ਹੈ, ਇਸ ਲਈ ਇਸ ਨੂੰ ਨਾ ਮੰਨਣ ਵਾਲਾ ਆਪਣੇ ਆਪ ਨੂੰ ਸਿੱਖ ਪੰਥ ਦਾ ਹਿੱਸਾ ਨਹੀਂ ਅਖਵਾ ਸਕਦਾ।
ਪੰਥ ਅਤੇ ਅੰਮ੍ਰਿਤ ਲਫਜ਼ਾਂ ਨੂੰ ਸਿਰਫ ਅਧਿਆਤਮਕ ਅਰਥਾਂ ਵਿੱਚ ਹੀ ਕਬੂਲਣਾ ਅਤੇ ਸਿੱਖ ਜੱਥੇਬੰਦੀ ਦੇ ਅਰਥਾਂ ਵਿੱਚ ਸਵਿਕਾਰ ਨਾ ਕਰਨਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਕੈਦ ਦੱਸਣਾ
ਇਸ ਸਭ ਦੇ ਪ੍ਰੋ: ਦਰਸ਼ਨ ਸਿੰਘ ਜੀ ਲਈ ਕੀ ਨਤੀਜੇ ਹੋ ਸਕਦੇ ਹਨ ? ਅਰਥਾਤ ਇਸ ਸਭ ਦੇ ਪ੍ਰੋ: ਸਾਹਿਬ ਲਈ ਕੀ ਸਾਈਡ ਇਫੈਕਟ ਹੋ ਸਕਦੇ ਹਨ, ਇਸ ਬਾਰੇ ਅਗਲੇ ਲੇਖ ਵਿੱਚ।
ਜਸਬੀਰ ਸਿੰਘ ਵਿਰਦੀ 07-03-2025