
ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਬਣੀ ਦੁਬਿਧਾ ਨੂੰ ਖਤਮ ਕਰਨ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ।
ਸਤਿਕਾਰਯੋਗ
ਐਡਵੋਕੇਟ ਗੁਰਚਰਨਜੀਤ ਸਿੰਘ ਲਾਂਬਾ ਯੂ.ਐਸ.ਏ,
ਡਾ. ਅਨੁਰਾਗ ਸਿੰਘ ਲੁਧਿਆਣਾ,
ਕਰਨਲ ਸੁਰਜੀਤ ਸਿੰਘ ਨਿਸ਼ਾਨ
ਵਿਸ਼ਾ: ਨਾਨਕਸ਼ਾਹੀ ਕੈਲੰਡਰ ਸਬੰਧੀ ਬਣੀ ਦੁਬਿਧਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਸਮੁੱਚੀ ਪੰਥਕ ਏਕਤਾ ਵਾਸਤੇ ਇਸ ਮਾਮਲੇ ਨੂੰ ਵਿਚਾਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕਮੇਟੀ ਦੀ ਹੁਣ ਤੱਕ ਦੀ ਕਾਰਵਾਈ ਸਬੰਧੀ ਜਾਣਕਾਰੀ ਲਈ ਬੇਨਤੀ।
ਪੰਜਾਬੀ ਟ੍ਰਿਬਿਉਨ ’ਚ ਛਪੀ 10 ਮਾਰਚ 2015 ਦੀ ਖ਼ਬਰ ਅਨੁਸਾਰ ਨਾਨਕਸ਼ਾਹੀ ਕੈਲੰਡਰ ਸਬੰਧੀ ਬਣੀ ਦੁਬਿਧਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਸਮੁੱਚੀ ਪੰਥਕ ਏਕਤਾ ਵਾਸਤੇ ਇਸ ਮਾਮਲੇ ਨੂੰ ਵਿਚਾਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕ ਕਮੇਟੀ ਗਠਿਤ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਸ ਕਮੇਟੀ ਨੇ ਕੈਲੰਡਰ ਸਬੰਧੀ ਗੁਰਬਾਣੀ ਅਤੇ ਇਤਿਹਾਸਕ ਸਰੋਤਾਂ ਅਨੁਸਾਰ ਵਿਚਾਰ ਵਟਾਂਦਰਾ ਕਰ ਕੇ ਦਸੰਬਰ ਤੱਕ ਆਪਣੀ ਰਿਪੋਰਟ ਦੇਣੀ ਸੀ, ਜਿਸ ਦੇ ਆਧਾਰ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਮਾਮਲਾ ਮੁੜ ਵਿਚਾਰੇ ਜਾਣ ਪਿੱਛੋਂ ਅਗਲਾ ਫੈਸਲਾ ਲਿਆ ਜਾਣਾ ਸੀ।
ਇਸ ਕਮੇਟੀ ਵਿੱਚ ਵਿਦਵਾਨਾਂ ਵਜੋਂ ਆਪ ਤਿੰਨਾਂ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਦਾ ਨਾਮ ਸ਼ਾਮਲ ਸੀ। ਇਨ੍ਹਾਂ ਚਾਰਾਂ ’ਚੋਂ ਪਾਲ ਸਿੰਘ ਪੁਰੇਵਾਲ ਤਾਂ ਇਸ ਦੁਨੀਆਂ ’ਚ ਨਹੀਂ ਰਹੇ ਪਰ ਉਨ੍ਹਾਂ ਨੇ ਨਿਜੀ ਗੱਲਬਾਤ ਦੌਰਾਨ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕਦੀ ਵੀ ਇਸ ਕਮੇਟੀ ’ਚ ਸ਼ਾਮਲ ਕੀਤੇ ਜਾਣ ਸਬੰਧੀ ਅਧਿਕਾਰਤ ਤੌਰ ’ਤੇ ਕਿਸੇ ਨੇ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਕਿਸੇ ਮੀਟਿੰਗ ਲਈ ਸੱਦਾ ਪੱਤਰ ਮਿਲਿਆ ਹੈ। ਪਰ ਤੁਸੀਂ ਤਿੰਨੇ ਸੱਜਣ ਤਾਂ ਇਸ ਸਮੇਂ ਮੌਜੂਦ ਹੋ ਇਸ ਲਈ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਜੀ ਕਿ :
1. ਮੀਟਿੰਗਾਂ ਕਦੋਂ- ਕਦੋਂ ਅਤੇ ਕਿੱਥੇ-ਕਿੱਥੇ ਹੋਈਆਂ ਸਨ ਅਤੇ ਉਨ੍ਹਾਂ ਮੀਟਿੰਗਾਂ ’ਚ ਤੁਹਾਡੇ ਤੋਂ ਇਲਾਵਾ ਹੋਰ ਕੌਣ-ਕੌਣ ਸ਼ਾਮਿਲ ਸੀ। ਉਸ ਕਮੇਟੀ ਨੇ ਕੀ ਰਿਪੋਰਟ ਦਿੱਤੀ ਸੀ?
2. ਕੀ ਸ਼੍ਰੋਮਣੀ ਕਮੇਟੀ ਨੇ ਮਾਰਚ 2015 ਵਿੱਚ ਨਾਨਕਸ਼ਾਹੀ ਸੰਮਤ ੫੪੭ ਦਾ ਕੈਲੰਡਰ ਬਣਾਉਣ ਵੇਲੇ ਉਸ ਰਿਪੋਰਟ ’ਤੇ ਅਮਲ ਕੀਤਾ ਸੀ ਜਾਂ ਨਹੀਂ।
3. ਜੇ ਤੁਹਾਡੀ ਰਿਪੋਰਟ ’ਤੇ ਅਮਲ ਨਹੀਂ ਕੀਤਾ ਸੀ ਤਾਂ ਕੀ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕਾਰਨ ਪੁੱਛਿਆ ਸੀ?
4. ਕੀ ਤੁਸੀਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਆਹ ਸੁਝਾਉ ਦਿੱਤੇ ਸਨ ਪਰ ਕਮੇਟੀ ਨੇ ਅਮਲ ਨਹੀਂ ਕੀਤਾ।
5. ਜੇ ਨਹੀਂ ਤਾਂ ਉਹ ਰਿਪੋਰਟ ਹੁਣ ਸੰਗਤ ਦੀ ਕਚਿਹਰੀ ਵਿੱਚ ਪੇਸ਼ ਕੀਤੀ ਜਾਵੇ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।
6. ਕੀ ਤੁਸੀਂ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਮੌਜੂਦਾ ਕੈਲੰਡਰ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਜਾਂ ਇਸ ਵਿੱਚ ਕੋਈ ਨੁਕਸ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਉਹ ਕਿਹੜਾ ਕਿਹੜਾ ਨੁਕਸ ਹੈ।
ਨਾਨਕਸ਼ਾਹੀ ਕੈਲੰਡਰ ਸਬੰਧੀ ਬਣਿਆ ਭੰਬਲਭੂਸਾ ਸਦਾ ਲਈ ਖਤਮ ਕਰਨ ਦਾ ਚਾਹਵਾਨ
ਕਿਰਪਾਲ ਸਿੰਘ ਬਠਿੰਡਾ
ਮਿਤੀ: ੨੪ ਫੱਗਣ ਨਾਨਕਸ਼ਾਹੀ ਸੰਮਤ ੫੫੬/7 ਮਾਰਚ 2025