ਸ. ਭਗਵੰਤ ਸਿੰਘ ਜੀ,
ਜਨਰਲ ਮੈਨੇਜਰ,
ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ :- ਨਵਾਂ ਸਾਲ
ਸਭ ਤੋਂ ਪਹਿਲਾ ਤਾਂ ਸਮੂਹ ਸੰਗਤਾਂ ਨੂੰ ਨਵੇਂ ਸਾਲ, ਸੰਮਤ 557 ਨਾਨਕਸ਼ਾਹੀ ਦੀਆਂ ਲੱਖ- ਲੱਖ ਵਧਾਈਆਂ।
ਸ. ਭਗਵੰਤ ਸਿੰਘ ਜੀ, ਆਪ ਜੀ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਮੁਖ ਰੱਖਕੇ ਜਾਰੀ ਕੀਤਾ ਗਿਆ ਵੀਡੀਓ ਸੰਦੇਸ਼ ਅਤੇ ਪੋਸਟਰ ਮਿਲੇ,
ਜਿਨ੍ਹਾਂ ਰਾਹੀ ਆਪ ਜੀ ਨੇ ਨਵਾਂ ਸਾਲ ਮਨਾਉਣ ਦੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਹੈ। ਜਿਸ ਮੁਤਾਬਕ 30 ਫੱਗਣ (13 ਮਾਰਚ) ਦਿਨ
ਬੁਧਵਾਰ ਦੀ ਸ਼ਾਮ ਨੂੰ ਸਮਾਗਮ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦਾ ਇਹ ਉੱਦਮ ਬਹੁਤ ਹੀ ਸਲਾਹੁਣਯੋਗ ਹੈ। ਆਸ ਕਰਦੇ ਹਾਂ ਕਿ
ਦੁਨੀਆਂ ਵਿੱਚ ਬੈਠੇ ਸਿੱਖ ਆਪਣਾ ਨਵਾਂ ਸਾਲ ਉਸੇ ਉਤਸ਼ਾਹ ਨਾਲ ਮਨਾਉਣਗੇ ਜਿਵੇ 31 ਦਸੰਬਰ ਦੀ ਰਾਤ ਨੂੰ ਸਾਂਝੇ ਕੈਲੰਡਰ
ਮੁਤਾਬਕ ਨਵਾਂ ਸਾਲ ਮਨਾਇਆ ਜਾਂਦਾ ਹੈ।
ਸ. ਭਗਵੰਤ ਸਿੰਘ ਜੀ, ਆਪ ਜੀ ਵੱਲੋਂ ਦੱਸੇ ਗਏ ਪ੍ਰੋਗਰਾਮ ਮੁਤਾਬਕ 30 ਫੱਗਣ (13 ਮਾਰਚ) ਦਿਨ ਬੁਧਵਾਰ ਦੀ ਸ਼ਾਮ ਬੁਧਵਾਰ ਦੀ ਸ਼ਾਮ
ਨੂੰ 7 ਵਜੇ ਤੋਂ ਰਾਤ 12 ਵਜੇ ਤੀਕ ਮੰਜੀ ਸਾਹਿਬ ਦਿਵਾਨ ਹਾਲ ਵਿਖੇ ਵਿਸ਼ੇਸ਼ ਦਿਵਾਨ ਸਜਾਏ ਜਾਣਗੇ। ਇਸ ਦਾ ਭਾਵ ਹੋਇਆ ਕਿ ਨਵੇਂ
ਸਾਲ ਦਾ ਆਰੰਭ ਰਾਤ 12 ਵਜੇ ਤੋਂ ਹੋਵੇਗਾ। ਜਿਵੇ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਵੇ ਦਿਨ ਜਾਂ ਨਵੇ ਸਾਲ ਦਾ ਆਰੰਭ ਰਾਤ ਨੂੰ 12
ਵਜੇ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਂਝੇ ਕੈਲੰਡਰ ਦੇ ਨਵੇਂ ਸਾਲ ਦਾ ਆਰੰਭ 31 ਦਸੰਬਰ ਦੀ ਰਾਤ ਨੂੰ 12 ਵਜੇ ਹੁੰਦਾ ਹੈ। ਪਰ;
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 22 ਫਰਵਰੀ 2025 ਈ: ਨੂੰ ਜਾਰੀ ਕੀਤੇ ਗਏ ਕੈਲੰਡਰ ਨੂੰ ਜੇ ਧਿਆਨ ਨਾਲ ਵੇਖੀਏ ਤਾਂ
ਜਾਣਕਾਰੀ ਮਿਲਦੀ ਹੈ ਕਿ ਇਹ ਕੈਲੰਡਰ ਤਾਂ ਨਾਨਕਸ਼ਾਹੀ ਕੈਲੰਡਰ ਹੈ ਹੀ ਨਹੀਂ। ਇਹ ਤਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਹੈ। ਇਸ
ਵਿੱਚ ਚੰਦ ਅਤੇ ਸੂਰਜੀ ਕੈਲੰਡਰ ਇਕੱਠੇ ਚਲਦੇ ਹਨ। ਜਦੋਂ ਇਸ ਦੇ ਸੂਰਜੀ ਮਹੀਨੇ ਦਾ ਆਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨਾਂ ਦੀ
ਗਿਣਤੀ ਮੁਤਾਬਕ ਸਾਲ ਦੀ ਲੰਬਾਈ ਵੇਖੀਏ ਤਾਂ ਇਹ 365.2563 ਦਿਨ ਬਣਦੀ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ
ਲੰਬਾਈ 365.2425 ਦਿਨ ਹੈ। ਇਹ ਤਾ ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਹੈ। ਯਾਦ ਰਹੇ ਦ੍ਰਿਕਗਿਣਤ
ਸਿਧਾਂਤ, ਨਵੰਬਰ 1964 ਈ: ਵਿੱਚ ਹੋਂਦ ਵਿੱਚ ਆਇਆ ਸੀ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਆਰੰਭ 1
ਵੈਸਾਖ ਤੋਂ ਹੁੰਦਾ ਹੈ ਜਦੋਂ ਸੂਰਜ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਸਾਲ ਸੂਰਜ ਮੇਖ ਰਾਸ਼ੀ 14 ਤਾਰੀਖ ਸਵੇਰੇ 3:30 ਵਜੇ
ਪ੍ਰਵੇਸ਼ ਕਰੇਗਾ। ਪਰ ਸੰਗਰਾਂਦ 13 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਕੈਲੰਡਰ ਮੁਤਾਬਕ ਚੰਦ ਦੇ ਨਵੇ ਸਾਲ (ਸੰਮਤ 2082 ਬਿ:) ਦਾ
ਆਰੰਭ ਚੇਤ ਸੁਦੀ ਏਕਮ, 30 ਮਾਰਚ ਦਿਨ ਐਤਵਾਰ ਨੂੰ ਹੋਵੇਗਾ।
ਪਹਿਲੀ ਬੇਨਤੀ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਮੁਤਾਬਕ ਕਿਸੇ ਵੀ ਨਵੇ ਸਾਲ (ਚੰਦ
ਜਾਂ ਸੂਰਜ) ਦਾ ਆਰੰਭ 14 ਮਾਰਚ ਨੂੰ ਨਹੀਂ ਹੁੰਦਾ।
ਦੂਜੀ ਬੇਨਤੀ ਇਹ ਹੈ ਕਿ ਚੰਦਰ-ਸੂਰਜੀ ਬਿਕ੍ਰਮੀ (365.2563 ਦਿਨ, ਦ੍ਰਿਕਗਿਣਤ ਸਿਧਾਂਤ) ਕੈਲੰਡਰ ਮੁਤਾਬਕ ਦਿਨ ਦਾ ਆਰੰਭ
ਸਵੇਰ ਨੂੰ ਸੂਰਜ ਚੜਨ ਵੇਲੇ ਤੋਂ ਮੰਨਿਆ ਜਾਂਦਾ ਹੈ। ਨਾ ਕਿ ਰਾਤ ਦੇ 12 ਵਜੇ।
ਆਪ ਜੀ ਦੇ ਵੀਡੀਓ ਸੰਦੇਸ਼ ਮੁਤਾਬਕ, ਸ਼੍ਰੋਮਣੀ ਕਮੇਟੀ ਵੱਲੋਂ 30 ਫੱਗਣ (13 ਮਾਰਚ) ਦਿਨ ਬੁਧਵਾਰ ਸ਼ਾਮ 7:00 ਤੋਂ 12:00 ਵਜੇ ਤੀਕ
ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ, ਮੂਲ ਨਾਨਕਸ਼ਾਹੀ ਕੈਲੰਡਰ, ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਜਾਰੀ ਕੀਤਾ ਗਿਆ ਸੀ, ਦੇ
ਮੁਤਾਬਕ ਹਨ ਨਾ ਕਿ ਸ਼੍ਰੋਮਣੀ ਕਮੇਟੀ ਵੱਲੋਂ 20 ਫਰਵਰੀ 2025 ਈ: ਨੂੰ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਜਾਰੀ ਕੀਤੇ ਗਏ ਚੰਦਰ-
ਸੂਰਜੀ ਬਿਕ੍ਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਮੁਤਾਬਕ।
ਸ. ਭਗਵੰਤ ਸਿੰਘ ਜੀ, ਬੇਨਤੀ ਹੈ ਕਿ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ, ਨਵੇ ਸਾਲ ਦਾ ਪ੍ਰੋਗਰਾਮ 30 ਫੱਗਣ (13 ਮਾਰਚ) ਦੀ
ਰਾਤ 12 ਵਜੇ ਤੀਕ ਕਰਨਾ ਹੈ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰੋ। ਜੇ ਸ਼੍ਰੋਮਣੀ ਕਮੇਟੀ ਨੇ 20 ਫਰਵਰੀ ਨੂੰ
ਜਾਰੀ ਕੀਤੇ ਗਏ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਚਲਣਾ ਹੈ ਤਾਂ ਇਸ ਕੈਲੰਡਰ ਦੇ ਨਵੇਂ (ਸੂਰਜੀ) ਸਾਲ
ਦਾ ਆਰੰਭ 1 ਵੈਸਾਖ (13 ਅਪ੍ਰੈਲ) ਦਿਨ ਸ਼ਨਿਚਰ ਵਾਰ ਸਵੇਰੇ 6:05 ਵਜੇ ਹੋ ਰਿਹਾ ਹੈ, ਉਸ ਸਮੇਂ ਮਨਾਓ।
ਸ. ਭਗਵੰਤ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ, ਆਪਣੇ ਅਹੁਦੇ (ਮੁਖ ਪ੍ਰਬੰਧਕ ਸ਼੍ਰੀ ਦਰਬਾਰ ਸਾਹਿਬ) ਦੇ ਮਾਣ-
ਸਤਿਕਾਰ ਨੂੰ ਮੁਖ ਰੱਖਦੇ ਹੋਏ, ਉਪ੍ਰੋਕਤ ਤੱਥਾ ਨੂੰ ਵਿਚਾਰ ਕੇ ਸਪੱਸ਼ਟ ਕਰੋ, ਤਾਂ ਜੋ ਸੰਗਤਾਂ ਕਿਸੇ ਗਲਤ ਫੈਮੀ ਵਿੱਚ ਨਾ ਰਹਿਣ।
ਸੰਗਤਾਂ ਨੂੰ ਸਹੀ ਜਾਣਕਾਰੀ ਦੇਣੀ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਹੈ। ਆਸ ਹੈ ਕਿ ਆਪ ਜੀ ਆਪਣੀ ਜਿੰਮੇਵਾਰ ਨਿਭਾਉਣ ਤੋਂ ਆਕੀ
ਨਹੀਂ ਹੋਵੋਗੇ।
ਧੰਨਵਾਦ
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
28 ਫੱਗਣ 556 ਨ: ਸ: (11 ਮਾਰਚ 2025 ਈ:)