ਮਾਮਲਾ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਰੱਖੇ ਸਿਗਰਟਾਂ ਪੀਣ ਵਾਲੇ ਮੁਲਾਜ਼ਮਾਂ ਦੇ ਰੰਗੇ ਹੱਥੀ ਫੜ੍ਹੇ ਜਾਣ ਦਾ
ਮਨਜੀਤ ਸਿੰਘ ਜੀ ਕੇ ਆਪਣੇ ਆਹੁਦੇ ਤੋ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਵੇ :
ਪ੍ਰਭਜੀਤ ਸਿੰਘ ਜੀਤੀ
ਅੰਮ੍ਰਿਤਸਰ (ਜਸਬੀਰ ਸਿੰਘ) ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਿੱਲੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਮੈਂਬਰ ਪ੍ਰਭਜੀਤ ਸਿੰਘ ਜੀਤੀ ਨੇ ਦਿੱਲੀ ਕਮੇਟੀ ਵਿੱਚ ਰੱਖੇ ਸਿਗਰਟਾਂ ਪੀਣ ਵਾਲੇ ਮੁਲਾਜਮਾਂ ਦੇ ਰੰਗੇ ਹੱਥੀ ਫੜੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਅਜਿਹੇ ਮੁਲਾਜਮ ਰੱਖ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਬੱਜਰ ਗਲਤੀ ਕੀਤੀ ਜਿਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਅਜਿਹੇ ਮੁਲਾਜਮਾਂ ਦੀ ਬਿਨਾਂ ਕਿਸੇ ਦੇਰੀ ਤੋ ਛੁੱਟੀ ਕੀਤੀ ਜਾਵੇ ਅਤੇ ਮਨਜੀਤ ਸਿੰਘ ਜੀ ਕੇ ਨੈਤਿਕਤਾ ਦੇ ਆਧਾਰ ਤੇ ਆਪਣੇ ਆਹੁਦੇ ਤੋ ਅਸਤੀਫਾ ਦੇਵੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਪ੍ਰਭਜੀਤ ਸਿੰਘ ਜੀਤੀ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋ ਸ਼ਕਾਇਤਾਂ ਮਿਲ ਰਹੀਆ ਸਨ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵੱਲੋ ਰੱਖੇ ਗਏ ਕੁਝ ਨਵੇਂ ਮੁਲਾਜਮ ਗੁਰੂਦੁਆਰਾ ਕੰਪਲੈਕਸ ਵਿੱਚ ਸਿਰਗਟਾਂ ਤੇ ਬੀੜੀਆ ਪੀ ਰਹੇ ਹਨ ਅਤੇ ਤੰਮਾਕੂਨੋਸ਼ੀ ਵੀ ਕਰ ਰਹੇ ਹਨ ਜਿਸ ਬਾਰੇ ਉਹਨਾਂ ਨੇ ਕਈ ਵਾਰੀ ਪ੍ਰਬੰਧਕਾਂ ਦੇ ਨੋਟਿਸ ਵਿੱਚ ਲਿਆਦਾ ਸੀ ਪਰ ਕਿਸੇ ਨੇ ਕੋਈ ਐਕਸ਼ਨ ਨਹੀ ਲਿਆ। ਉਹਨਾਂ ਕਿਹਾ ਕਿ ਅੱਜ ਸਥਿਤੀ ਉਸ ਵੇਲੇ ਤਨਾਅ ਪੂਰਨ ਹੋ ਗਈ ਜਦੋਂ ਸੰਗਤਾਂ ਨੇ ਮੁਲਾਜਮਾਂ ਨੂੰ ਰੰਗੇ ਹੱਥੀ ਸਿਗਰਟਾਂ ਤੇ ਬੀੜੀਆ ਪੀਦੇ ਫੜ ਲਿਆ ਅਤੇ ਸੰਗਤਾਂ ਨੇ ਪਹਿਲਾਂ ਤਾਂ ਇਹ ਮੁਲਾਜ਼ਮਾਂ ਦੀ ਚੰਗੀ ਭੁਗਤ ਸਵਾਰੀ ਤੇ ਫਿਰ ਕਮੇਟੀ ਦੇ ਹਵਾਲੇ ਕਰ ਦਿੱਤਾ ਪਰ ਕਮੇਟੀ ਦੇ ਅਧਿਕਾਰੀਆ ਨੇ ਇਹਨਾਂ ਮੁਲਾਜਮਾਂ ਦੇ ਖਿਲਾਫ ਲੋੜੀਦੀ ਕਾਰਵਾਈ ਕਰਨ ਦੀ ਬਜਾਏ ਉਹਨਾਂ ਦਾ ਬਚਾ ਕਰਦਿਆ ਉਹਨਾਂ ਨੂੰ ਦੂਸਰੇ ਗੁਰੂਦੁਆਰਿਆ ਵਿੱਚ ਭੇਜ ਦਿੱਤਾ।
ਉਹਨਾਂ ਕਿਹਾ ਕਿ ਇਸੇ ਤਰਾ ਗੁਰੂਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਰਣਜੀਤ ਸਿੰਘ ਨੂੰ ਇਹ ਵੀ ਨਹੀ ਪਤਾ ਕਿ ਮਹੀਨਾ ਕੱਤਕ ਦਾ ਚੜਿਆ ਹੈ ਪਰ ਉਹ ਅਰਦਾਸ ਅੱਸੂ ਮਹੀਨੇ ਦੀ ਹੀ ਕਰੀ ਜਾ ਰਿਹਾ ਹੈ ਜਿਸ ਬਾਰੇ ਵੀ ਕਮੇਟੀ ਅਧਿਕਾਰੀਆ ਨੂੰ ਸ਼ਕਾਇਤ ਕੀਤੀ ਗਈ ਹੈ ਪਰ ਕਮੇਟੀ ਨੇ ਇਸ ਗ੍ਰੰਥੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ .ਕੇ. ਕੁਸ਼ਲ ਨਹੀ ਸਗੋਂ ਨਿਕੰਮੇ ਪ੍ਰਬੰਧਕ ਸਾਬਤ ਹੋਏ ਅਤੇ ਉਹ ਮੰਗ ਕਰਦੇ ਹਨ ਕਿ ਮਨਜੀਤ ਸਿੰਘ ਜੀ ਕੇ ਨੂੰ ਨੈਤਿਕਤਾ ਦੇ ਆਧਾਰ ‘ਤੇ ਤੁਰੰਤ ਆਪਣੇ ਆਹੁਦੇ ਤੋ ਤੁਰੰਤ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ ।