* - = ਜਪੁ ਬਾਣੀ ੫੪੩ = - *
ਕਰਨਲ ਮਨਮੋਹਨ ਸਿੰਘ ਸਕਾਊਟ ( ੦੯੧-੮੨੮੩੮੨੪੮੨੫ ) ਦੁਆਰਾ ਲਿਖਿਆ ਜਪੁਜੀ ਸਾਹਿਬ ਦਾ ਟੀਕਾ ਨਿਵੇਕਲਾ ਅਤੇ ਪ੍ਰਭਾਵਸਾਲੀ ਲੱਗਿਆ । ਇਸ ਟੀਕੇ ਦੇ ਕੁੱਲ ੧੭੨ ਪੇਜ਼ ਹਨ, ਜਿਸ ਵਿੱਚ ਲੇਖਕ ਨੇ ਪਹਿਲੇ ੪੩ ਪੇਜਾਂ ਵਿੱਚ ਟੀਕੇ ਦੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ਼ ਬੰਨੀ ਹੈ । ਇਹ ਟੀਕਾ ਉਹਨਾਂ ਦੋ ਭਾਸਾਵਾਂ ਪੰਜਾਬੀ, ਅੰਗਰੇਜੀ ਵਿੱਚ ਕੀਤਾ ਹੈ । ਉਹਨਾਂ ਆਪਣੇ ਟੀਕੇ ਵਿੱਚ ਗੁਰਬਾਣੀ ਦੇ ਨਿਵੇਕਲੇ ਅਰਥ ਕੀਤੇ ਹਨ ਜਿਹਨਾਂ ਨੂੰ ਧਿਆਨ ਨਾਲ਼ ਪੜ੍ਹਨ ਤੇ ਸਮਝਣ ਦੀ ਲੋੜ ਹੈ । ਲੇਖਕ ਨੇ ਆਪਣੇ ਟੀਕੇ ਵਿੱਚ ੴ ਨੂੰ ਦਾ ਉਚਾਰਨ ਏਕਅੰਕਾਰ ਕਿਹਾ ਹੈ ਜਿਸ ਦੀ ਉਹ ਗੁਰੁ ਗ੍ਰੰਥ ਸਾਹਿਬ ਵਿੱਚੋਂ ਹੀ ਉਦਾਹਰਣ ਵੀ ਦਿੰਦੇ ਹਨ ॥ ਸਾਹੇ ਊਪਰਿ ਏਕੰਕਾਰ ॥ ਮ:੧,੮੦੪॥ ਹੋ ਸਕਦਾ ਕਈ ਵੀਰ ਇਸ ਦੇ ਨਿਵੇਕਲੇ ਅਰਥਾਂ ਨੂੰ ਦੇਖ ਕੇ ਕਿਤਾਬ ਨੂੰ ਅੱਗੇ ਪੜ੍ਹਨ ਹੀ ਨਾਂ, ਜਿਹੜੀ ਕਿ ਕਿਤਾਬ ਨਾਲ਼ ਬੇਇੰਨਸਾਫੀ ਹੋਵੇਗੀ ਕਿਉਂਕਿ ਲੇਖਕ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਅਤੇ ਮੇਰੀ ਜਾਂਚੇ ਸਾਇਦ ਉਹਨਾਂ ਆਪਣਾ ਪੂਰਾ ਜੀਵਨ ਹੀ ਇਹ ਟੀਕਾ ਲਿਖਣ ਤੇ ਲਗਾ ਦਿਤਾ ਹੈ । ਉਹਨਾਂ ਮੂਲ ਮੰਤਰ ਦੇ ਵੀ ਬਹੁਤ ਨਿਵੇਲਕੇ ਆਰਥ ਕੀਤੇ ਹਨ ਜਿਵੇਂ :-
ਸਤਿ = ਸੱਚੇ ਇਲਾਹੀ, ਨਾਮੁ = ਨੇਮ, ਕਰਤਾ = ਘੜਦੇ ਹਨ, ਪੁਰਖੁ = ਇੱਕ ਸਚਿਆਰਾ (ਜੋ) , ਨਿਰਭਉ = ਨਿਡਰ, ਨਿਰਵੈਰ = ਅਤੇ ਨਿਰਪੇਖ, ਅਕਾਲ = ਰੱਬ, ਮੂਰਤਿ = ਰੂਪੀ, ਅਜੂਨੀ = ਹੋਰ ਜਨਮ ਲਏ ਬਗੈਰ, ਸੈਭੰ = ਪਰਕਾਸ਼ਵਾਨ ਹੋ ਕੇ, ਗੁਰ = ਸ਼ਬਦ ਗੁਰੁ ਦੇ, ਪ੍ਰਸਾਦਿ = ਯਾਨੀ ਗੁਰਮਤਿ , ਜਪੁ = ਅਨੁਸਾਰ ਢਲਣ ਦੇ ਨਾਲ਼ (ਬਣਦਾ ਹੈ ) ਅੱਗੇ ਸ਼ਬਦਾਂ ਦੇ ਅਰਥ ਕਰਦਾ ਲੇਖਕ ਲਿਖਦਾ ਹੈ ਕਿ ਏਕੰਕਾਰ ਜਾਂ ਰੱਬ ਦੀ ਹਸਤੀ ਅਤੇ ਰੂਹਾਨੀ ਸੋਚ ਮੁੱਢੋ ਆਦਿ ਤੋਂ ਹੀ ਵਿਆਪਕ ਸੀ । ਮਨੁੱਖ ਦੇ ਭੂਤਕਾਲ ਦੇ ਮਿਥਿਹਾਸਿਕ ਚਾਰੇ ਜੁੱਗਾਂ ਵਿੱਚ ਸਚ ਅਤੇ ਸਚਾਈ ਦੀ ਹਮੇਸ਼ਾਂ ਅੰਤਮ ਜਿੱਤ ਰਹੀ ਹੈ । ਵਰਤਮਾਨ ਵਿੱਚ ਅਸੀਂ ਜੋ ਵੀ ਦੇਖ ਰਹੇ ਹਾਂ, ਉਹ ਕੋਈ ਸੁਪਨਾ ਜਾਂ ਮਾਯਾ ਨਹੀਂ ਹੈ, ਸਗੋਂ ਇਕ ਠੋਸ ਰੂਹਾਨੀ ਸਚਾਈ ਹੈ । ਨਾਨਕ ਵਿਚਾਰਧਾਰਾ ਦੇ ਗੁਰਬਾਣੀ ਵਿੱਚ ਦਰਸਾਏ, ਜੀਵਨ ਮੁਕਤੀ ਦੇ ਸਿਧਾਂਤ ਭਵਿੱਖ ਵਿੱਚ ਹਮੇਸ਼ਾਂ ਲਈ ਢੁਕਵੇਂ ਹਨ ।
ਲੇਖਕ ਨੇ ਆਪਣੇ ਟੀਕੇ ਵਿੱਚ ਇਸ ਗੱਲ ਨੂੰ ਉਭਾਰਿਆ ਹੈ ਕਿ ਹੁਣ ਤੱਕ ਦੇ ਟੀਕੇ ਬ੍ਰਾਹਮਣਵਾਦ ਨੂੰ ਉਭਾਰਦੇ ਹਨ । ਇੰਝ ਲੱਗਦਾ ਹੈ ਕਿ ਇਸ ਨਿਵੇਕਲੇ ਟੀਕੇ ਵਿੱਚ ਲੇਖਕ ਨੇ ਪੁਰਾਣੇ ਸਾਰੇ ਟੀਕਾ ਕਾਰਾਂ ਨੂੰ ਨਕਾਰਿਆਂ ਹੈ ਜੋ ਕਿ ਆਪਣੇ ਆਪ ਨੂੰ ਪੂਰਨ ਕਹਿਣਾ ਸਿਆਣਪ ਨਹੀਂ ਹੈ । ਲੇਖਕ ਨੇ ਆਪਣੀ ਵੈਬ ਸਾਈਟ ਤੇ ਮਿਸਟਰ ਐਮ ਏ. ਮੈਕਾਲਫ ਦੀ ੧੯੦੯ ਦੀ ਅੰਗਰੇਜੀ ਦੀ ਟ੍ਰਾਸਲੇਸ਼ਨ ਅਤੇ ਪ੍ਰੋ. ਸ਼ਾਹਿਬ ਸਿੰਘ ਦੀ ੧੯੩੧ ਦੀ ਪੰਜਾਬੀ ਟ੍ਰਾਸਲੇਸਨ ਵੀ ਦਿੱਤੀ ਹੈ ਤਾਂ ਜੋ ਦੋਨਾਂ ਦਾ ਅਧਿਐਨ ਕੀਤਾ ਜਾ ਸਕੇ । ਸੋਚ ਦੀ ਡੀਵੈਲਪਮੈਂਟ ਚੱਲਦੀ ਰਹਿੰਦੀ ਹੈ ਜੋ ਕਿ ਲਗਾਤਾਰ ਨਿਰੰਤਰ ਅਗਾਹ ਵੀ ਜਾਰੀ ਹੈ , ਕਿਸੇ ਚੀਜ ਤੇ ਆ ਕੇ ਫੁੱਲ ਸਟਾਪ ਮੁਰਦਿਆਂ ਦੀ ਨਿਸਾਨੀ ਹੈ ।
ਲੇਖਕ ਦੀ ਉਮਰ ਲੱਗਭੱਗ ੭੦ ਸਾਲ ਦੇ ਕਰੀਬ ਹੈ । ਲੇਖਕ ਨੇ ਫੌਜ ਦੀ ਉੱਚ ਅਹੁਦੇ ਵਾਲੀ (ਕਰਨਲ) ਨੌਕਰੀ ਕੀਤੀ ਹੈ । ਉਹਨਾਂ ਦੀ ਪੰਜਾਬੀ ਭਾਸ਼ਾ ਦੇ ਨਾਲ਼ ਨਾਲ਼ ਅੰਗਰੇਜੀ ਭਾਸ਼ਾ ਤੇ ਪਕੜ ਵੀ ਚੰਗੀ ਹੈ । ਉਹਨਾਂ ਦਾ ਸ਼ੌਕ ਗਰੀਬ ਸਿੱਖ ਬੱਚਿਆਂ ਨੂੰ ਸਰਕਾਰ ਤੋਂ ਸਕਾਲਰਸਿਪ ਦਿਲਵਾਉਣ ਦਾ ਹੈ ਤਾਂ ਜੋ ਉਹ ਨਿਰਵਿਘਨ ਆਪਣੀ ਵਿਦਿਆ ਜਾਰੀ ਰੱਖ ਸਕਣ । ਇਸ ਕੰਮ ਲਈ ਲੇਖਕ ਦਿਨ ਮਿਹਨਤ ਕਰਦਾ ਹੈ ਨਾਲ਼ ਨਾਲ਼ ਗੁਰਬਾਣੀ ਦੀ ਵੀ ਡੂੰਘੀ ਸਮਝ ਰੱਖਦਾ ਹੈ । ਇਸ ਟੀਕੇ ਵਿੱਚ ਅਗਰ ਕਿਸੇ ਨੂੰ ਕੋਈ ਗੱਲ ਗੁਰਮਤਿ ਤੋਂ ਉਲਟ ਲੱਗੇ ਤਾਂ ਉਹ ਸਿੱਧਾ ਲੇਖਕ ਨਾਲ਼ ਸੰਪਰਕ ਕਰ ਸਕਦਾ ਹੈ ਅਤੇ ਨਿਰਸੰਕੋਚ ਉਹਨਾਂ ਨਾਲ਼ ਵਾਰਤਾਲਾਪ ਕਰ ਸਕਦਾ ਹੈ ਕਿਉਂਕਿ ਲੇਖਕ ਖੁੱਲੇ ਵਿਚਾਰਾਂ ਵਾਲ਼ਾ ਹੈ ਜਿੱਦੀ ਨਹੀਂ ਹੈ ।
ਸੋ ਸਾਨੂੰ ਇਸ ਟੀਕੇ ਨੂੰ ਜਰੂਰ ਪੜਨਾ ਚਾਹੀਦਾ ਹੈ ਤਾਂ ਜੋ ਲੇਖਕ ਦਾ ਹੋਰ ਲਿਖਣ ਦਾ ਹੌਸਲਾ ਬਣਿਆ ਰਹੇ ਅਤੇ ਅਗਲਾ ਐਡੀਸ਼ਨ ਪਾਠਕਾਂ ਦੀ ਕੋਪਰੇਸ਼ਨ ਨਾਲ਼ ਹੋਰ ਸਪੱਸ਼ਟਤਾ ਨਾਲ਼ ਸਾਹਮਣੇ ਆਵੇ ।ਇਸ ਕਿਤਾਬ ਨੂੰ ਪੜਨ ਲਈ ਵੈਬ ਸਾਈਟ www.jappbani.info ਤੇ ਜਾ ਸਕਦੇ ਹੋ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ :9872099100