ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸਰੀਰ , ਪੰਜਾਂ ਤੱਤਾਂ ਦੀ ਖੇਡ
ਸਰੀਰ , ਪੰਜਾਂ ਤੱਤਾਂ ਦੀ ਖੇਡ
Page Visitors: 6134

               ਸਰੀਰ , ਪੰਜਾਂ ਤੱਤਾਂ ਦੀ ਖੇਡ
     ਅੱਜ ਕਲ ਸਿੱਖ ਵਿਦਵਾਨਾਂ ਵਿਚ ਤਰਕ ਦਾ ਵਿਸ਼ਾ , ਸਰੀਰ ਦੇ ਪੰਜ ਤੱਤ , ਬੜੇ ਜ਼ੋਰ ਸ਼ੋਰ ਨਾਲ ਚਲ ਰਿਹਾ ਹੈ , ਕੁਝ ਵੀਰ ਉਸ ਬਾਰੇ ਸਮਝਣ ਦੇ ਆਹਰ ਵਿਚ ਹਨ , ਤਾਂ ਕੁਝ ਉਸ ਦੀ ਆੜ ਵਿਚ ਆਪਣੀ ਵਿਦਵਤਾ , ਸਥਾਪਤ ਕਰਨ ਦੇ ਚੱਕਰ ਵਿਚ , ਅਤੇ ਕੁਝ ਤਾਂ ਸੌਕੀਆ ਹੀ ਉਸ ਨੂੰ ਹੋਰ ਉਲਝਾਉਣ ਦੇ ਚੱਕਰ ਵਿਚ ਪਏ ਹੋਏ ਹਨ । ਵੈਸੇ ਅੱਜ-ਕਲ ਕੁਝ ਵਿਦਵਾਨਾਂ ਦਾ ਸ਼ੁਗਲ ਹੈ , ਕੋਈ ਮੁੱਦਾ ਲੈ ਕੇ ਗੱਲ ਸ਼ੁਰੂ ਕਰ ਦੇਣੀ , ਫਿਰ ਤਰਕ-ਵਿਤਰਕ ਸ਼ੁਰੂ ਹੋ ਜਾਂਦਾ ਹੈ । ਏਥੋਂ ਤਕ ਤਾਂ ਫਿਕਰ ਕਰਨ ਦੀ ਕੋਈ ਗੱਲ ਨਹੀਂ , ਫਿਕਰ ਤਾਂ ਉਸ ਵੇਲੇ ਹੁੰਦਾ ਹੈ , ਜਦ ਉਨ੍ਹਾਂ ਵਿਦਵਾਨਾਂ ਵਿਚੋਂ , ਜਿਨ੍ਹਾਂ ਗੁਰਮਤਿ ਨੂੰ ਆਮ ਸਿੱਖਾਂ ਤਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ , ਉਹ ਵੀ ਇਸ ਬਹਿਸ ਵਿਚ ਉਲਝ ਕੇ , ਆਪਣਾ ਕੀਮਤੀ ਸਮਾ ਬਰਬਾਦ ਕਰਨ ਲਗ ਜਾਂਦੇ ਹਨ ।
    ਆਮ ਬੰਦੇ ਲਈ ਤਾਂ ਗੁਰਬਾਣੀ ਦਾ ਉਹ ਪੱਖ ਸਮਝਣ ਦੀ ਲੋੜ ਹੈ , ਜਿਸ ਨੂੰ ਸਮਝ ਕੇ , ਜਿਸ ਨੂੰ ਆਪਣੀ ਕਰਨੀ ਵਿਚ ਢਾਲ ਕੇ ਉਹ ਪਰਮਾਤਮਾ ਦੇ ਹਜ਼ੂਰ ਸੁਰਖਰੂ ਹੋ ਸਕੇ । ਪਰ ਅੱਜ ਤਾਂ 90% ਸਿੱਖ ਵਿਦਵਾਨ (ਜੋ ਗੁਰਬਾਣੀ ਦੇ ਗਿਆਤਾ ਹੋਣ ਦੇ ਦਾਵੇਦਾਰ ਹਨ) ਅਜਿਹੇ ਹਨ , ਜਿਨ੍ਹਾਂ ਵਿਚੋਂ ਕੁਝ ਤਾਂ ਅਕਾਲ-ਪੁਰਖ ਦੀ ਹੋਂਦ ਤੋਂ ਹੀ ਮੁਨਕਿਰ ਹਨ , ਉਨ੍ਹਾਂ ਅਨੁਸਾਰ ਕੁਦਰਤ ਹੀ ਸਭ ਕੁਝ ਹੈ ।   ਕੁਝ ਅਜਿਹੇ ਹਨ ਜੋ ਲੁਕਵੇਂ ਢੰਗ ਨਾਲ ਇਹੋ ਪਰਚਾਰ ਰਹੇ ਹਨ ਕਿ ਗੁਬਾਣੀ ਨੂੰ ਪੜ੍ਹਨ , ਉਸ ਦੀ ਸਿਖਿਆ ਤੇ ਅਮਲ ਕਰਨ ਦੀ ਕੋਈ ਲੋੜ ਨਹੀਂ , (ਹਾਲਾਂਕਿ ਉਹ ਉਸ ਗੁਰਬਾਣੀ ਦੀ ਆੜ ਵਿਚ ਹੀ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ)  ਬੰਦਾ ਜੰਮਦਾ ਹੈ , ਮਰ ਜਾਂਦਾ ਹੈ , ਨਾ ਉਸ ਤੋਂ ਪਹਿਲਾਂ ਕੋਈ ਜਨਮ ਸੀ , ਨਾ ਹੀ ਉਸ ਤੋਂ ਮਗਰੋਂ ਕੋਈ ਜਨਮ ਹੋਣਾ ਹੈ , ਨਾ ਹੀ ਕੋਈ ਲੇਖਾ-ਜੋਖਾ ਹੋਣਾ ਹੈ , ਜਿਵੇਂ ਵੀ ਹੋਵੇ , ਇਸ ਜੀਵਣ ਨੂੰ , ਮੌਜਾਂ ਮਾਣਦੇ ਬਿਤਾਉ । 
   ਅਜਿਹੇ ਪਰਚਾਰਕਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ , ਉਹ ਕੋਈ ਵਿਚਾਰਕ ਕੰਮ , ਗੁਰਬਾਣੀ ਨੂੰ ਸਮਝਣ ਦਾ ਕੰਮ ਕਰ ਸਕਦੇ ਹਨ  ? ਉਨ੍ਹਾਂ ਦਾ ਸ਼ੁਗਲ ਹੈ , ਨਿੱਤ ਕੋਈ ਨਾ ਕੋਈ ਵਿਸ਼ਾ ਖੜਾ ਕਰ ਕੇ , ਬਹਿਸ ਕਰੀ ਜਾਣੀ ।
   ਹੁਣ ਇਨ੍ਹਾਂ ਪੰਜਾਂ ਤੱਤਾਂ ਦੀ ਹੀ ਗੱਲ ਕਰੀਏ , ਬਹਿਸ ਦਾ ਵਿਸ਼ਾ ਹੈ , ਤੱਤ ਕਿੰਨੇ ਹਨ ? ਕੀ ਗੁਰਮਤਿ ਅਨੁਸਾਰ
ਤੱਤ ਪੰਜ ਹੀ ਹਨ ?    ਸੋਚੋ ਜ਼ਰਾ , ਇਸ ਤੋਂ ਕਿਸੇ ਸਧਾਰਨ ਕਿਰਤੀ ਸਿੱਖ ਨੇ ਕੀ ਲੈਣਾ ਹੈ ? ਇਹ ਤਾਂ ਵਿਦਵਾਨਾਂ ਦਾ ਆਪਸੀ ਭੇੜ ਹੀ ਹੈ (ਜੋ ਕਿਸੇ ਵੇਲੇ ਬ੍ਰਾਹਮਣਾਂ ਵਿਚ ਹੋਇਆ ਕਰਦਾ ਸੀ) । ਜੇ ਬਹੁਤ ਜ਼ਿਆਦਾ ਗੱਲ ਕੀਤੀ ਜਾਵੇ ਤਾਂ , ਇਹ ਗੱਲ ਵਿਚਾਰੀ ਜਾ ਸਕਦੀ ਹੈ ਕਿ , ਸਰੀਰ ਵਿਚਲੇ ਪੰਜ ਤੱਤ ਕਿਹੜੇ ਹਨ ? ਅਤੇ ਇਹ ਗੁਰਬਾਣੀ ਵਿਚ ਸਪੱਸ਼ਟ ਹੈ , ਪਰ ਗੁਰਬਾਣੀ ਕੌਣ ਪੜ੍ਹੇ ? ਗੁਰਬਾਣੀ ਉਨ੍ਹਾਂ ਤੱਤਾਂ ਨੂੰ ਮਾਨਤਾ ਦੇਂਦੀ ਹੈ ? ਇਹ ਵੀ ਗੁਰਬਾਣੀ ਵਿਚ ਸਪੱਸ਼ਟ ਹੈ , ਗੱਲ ਉਹੀ ਹੈ ਕਿ ਗੁਰਬਾਣੀ ਕੌਣ ਪੜ੍ਹੇ ?  ਆਉ ਅੱਜ ਇਸ ਤੇ ਹੀ ਵਿਚਾਰ ਕਰਦੇ ਹਾਂ । ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਹੈ , ਵਿਚਾਰ ਸਿਰਫ ਗੁਰਬਾਣੀ ਵਿਚੋਂ ਹੀ ਕੀਤੀ ਜਾਵੇਗੀ , ਗੁਰਬਾਣੀ ਤੋਂ ਬਾਹਰੋਂ ਕੋਈ ਦ੍ਰਿਸ਼ਟਾਂਤ ਨਹੀਂ ਦਿੱਤਾ ਜਾਵੇਗਾ , ਜਿਸ ਨਾਲ ਪਾਠਕਾਂ ਨੂੰ ਪਤਾ ਚਲ ਜਾਵੇ ਕਿ ਇਹ ਵਿਦਵਾਨ ਗੁਰਬਾਣੀ ਕਿੰਨੀ ਕੁ ਪੜ੍ਹਦੇ ਹਨ ? ਉਸ ਤੋਂ ਕਿੰਨੀ ਕੁ ਸੇਧ ਲੈਂਦੇ ਹਨ ?
   ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਹੈ ਕਿ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ , ਹਵਾ , ਪਾਣੀ , ਅੱਗ , ਧਰਤੀ ਅਤੇ ਆਕਾਸ਼ । ਗੁਰਬਾਣੀ ਇਸ ਨੂੰ ਰੱਦ ਨਹੀਂ ਕਰਦੀ , ਸਵਾਂ ਪ੍ਰੋੜ੍ਹਤਾ ਕਰਦੀ ਹੈ । ਜੇ ਇਹ ਵੀਰ ਥੋੜ੍ਹਾ ਜਿਹਾ ਗੁਰਬਾਣੀ ਨੂੰ ਪੜ੍ਹਨ , ਸਮਝਣ ਦਾ ਕੰਮ ਕਰ ਲੈਂਦੇ ਤਾਂ ਪੰਥ ਦਾ ਇਹ ਕੀਮਤੀ ਸਮਾ , ਇਸ ਬਿਖੜੇ ਸਮੇ , ਪੰਥ ਦੇ ਕਿਸੇ ਹੋਰ ਕੰਮ
ਆ ਸਕਦਾ ਹੈ । ਗੁਰਬਾਣੀ ਫੁਰਮਾਨ ਹੈ ,
                  ਪਾਂਚੈ ਪੰਚ ਤਤ ਬਿਸਥਾਰ ॥ ਕਨਿਕ ਕਾਮਿਨੀ ਜੁਗ ਬਿਉਹਾਰ ॥
                 ਪ੍ਰੇਮ ਸੁਧਾ ਰਸੁ ਪੀਵੈ ਕੋਇ ॥ ਜਰਾ ਮਰਣ ਦੁਖੁ ਫੇਰਿ ਨ ਹੋਇ ॥6॥ (343)
   ਅਰਥਾਤ:- ਇਹ ਜਗਤ ਪੰਜਾਂ ਤੱਤਾਂ ਤੋਂ ਬਣਿਆ ਹੈ , ਇਹ ਧਨ ਤੇ ਇਸਤ੍ਰੀ , ਦੋਵਾਂ ਵਿਚ ਰੁਝਾ ਹੋਇਆ ਹੈ । ਏਥੇ ਕੋਈ ਵਿਰਲਾ ਮਨੁੱਖ ਹੀ , ਪਰਮਾਤਮਾ ਦੇ ਪ੍ਰੇਮ ਅੰਮ੍ਰਿਤ ਦਾ ਰਸ ਪੀਂਦਾ ਹੈ । ਅਜਿਹੇ ਮਹੁੱਖ ਨੂੰ ਫਿਰ ਬੁਢੇਪੇ ਅਤੇ ਮੌਤ ਦਾ ਦੁੱਖ ਨਹੀਂ ਸਹਿਣਾ ਪੈਂਦਾ , ਕਿਉਂਕਿ ਉਹ ਦੁਬਾਰਾ , ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ ।     ਅਤੇ ,
        ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
      ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥11॥  (1426)
   ਅਰਥਾਤ:- ਹੇ ਨਾਨਕ ਆਖ , ਹੇ ਚਤੁਰ ਮਨੁੱਖ , ਹੇ ਸਿਆਣੇ ਬੰਦੇ , ਤੂੰ ਜਾਣਦਾ ਹੈਂ ਕਿ ਇਹ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ , ਯਕੀਨ ਜਾਣ ਇਹ ਸਰੀਰ ਜਿਨ੍ਹਾਂ ਪੰਜਾਂ ਤੱਤਾਂ ਤੋਂ ਬਣਿਆ ਹੈ , ਇਕ ਦਿਨ ਸਰੀਰ ਦੇ ਇਹ ਤੱਤ ਵਿਖਰ
ਕੇ , ਉਨ੍ਹਾਂ ਪੰਜਾਂ ਹੀ ਤੱਤਾਂ ਵਿਚ ਮਿਲ ਜਾਣੇ ਹਨ ।  ਇਸ ਤੋਂ ਅਗਲੇ ਸਲੋਕ ਨੂੰ ਸਮਝਿਆਂ ਹੀ ਪੂਰੀ ਗੱਲ ਸਮਝ ਆਉਣੀ
ਹੈ । ਅਗਲਾ ਸਲੋਕ ਹੈ ,

         ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
      ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥12॥  (1426)
    ਹੇ ਨਾਨਕ ਆਖ , ਹੇ ਮਨ ਸੰਤ ਜਨਾਂ ਨੇ , ਸਤਸੰਗੀਆਂ ਨੇ ਉੱਚੀ-ਉੱਚੀ ਪੁਕਾਰ ਕੇ ਕਿਹਾ ਹੈ ਕਿ ਪਰਮਾਤਮਾ , ਹਰ ਸਰੀਰ ਵਿਚ ਬਿਰਾਜਮਾਨ ਹੈ , ਤੂੰ ਉਸ ਅਕਾਲ-ਪੁਰਖ ਦੀ ਭਜਨ-ਬੰਦਗੀ ਕਰਿਆ ਕਰ , ਉਸ ਨੂੰ ਯਾਦ ਰੱਖਿਆ ਕਰ , ਉਸ ਆਸਰੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ । (ਜੋ ਬੰਦਾ ਭਜਨ-ਬੰਦਗੀ ਨਹੀਂ ਕਰੇਗਾ , ਪ੍ਰਭੂ ਨੂੰ ਯਾਦ ਨਹੀਂ ਰੱਖੇਗਾ , ਉਸ ਦਾ ਕੀ ਹੋਵੇਗਾ ? ਬੜਾ ਸਾਫ ਜ਼ਾਹਰ ਹੈ । ਪਰ ਇਹ ਮਹਾਨ ਵਿਦਵਾਨ ਸਿੱਖਾਂ ਨੂੰ ਕੀ ਪੜ੍ਹਾਉਂਦੇ ਹਨ ?)
  ਇਹ ਤਾਂ ਸੀ ਪੰਜਾਂ ਤੱਤਾਂ ਦੀ ਗੱਲ , ਅਤੇ ਗੁਰਬਾਣੀ ਦੇ ਉਨ੍ਹਾਂ ਨੂੰ ਮਾਨਤਾ ਦੇਣ ਦੀ ਗੱਲ । ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ
ਪੰਜ ਤੱਤ ਕੇਹੜੇ ਹਨ ?  ਗੁਰਬਾਣੀ ਫੁਰਮਾਨ ਹੈ , 
                        ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ 
              ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥2॥3॥   (695)
   ਅਰਥਾਤ;- ਜੋ ਕੁਝ ਵੀ ਸਾਰੇ ਬ੍ਰਹਮੰਡ ਵਿਚ ਹੈ , ਉਹੀ ਸਭ ਕੁਝ ਸਰੀਰ ਵਿਚ ਵੀ ਹੈ , ਜੋ ਉਸ ਨੂੰ ਸਰੀਰ ਵਿਚੋਂ ਹੀ ਖੋਜਦਾ ਹੈ , ਉਹ ਹੀ , ਉਸ ਨੂੰ ਪਾਉਂਦਾ ਹੈ ।  ਹੁਣ ਸਮਝਣ ਦੀ ਗੱਲ ਹੈ ਕਿ ਜੇ ਇਨ੍ਹਾਂ ਵਿਦਵਾਨਾਂ ਨੇ ਅਗਲੀ ਤੁਕ ਵਿਚਾਰੀ ਹੁੰਦੀ ਤਾਂ , ਉਨ੍ਹਾਂ ਦਾ ਇਹ ਰਗੜਾ ਪੈਦਾ ਹੀ ਨਹੀਂ ਹੁੰਦਾ ਸੀ ਕਿ , ਸਰੀਰ ਵਿਚਲੀ ਜੋਤ ਪੰਜਵਾਂ ਤੱਤ ਹੈ ? (ਜਿਸ ਦੇ ਆਧਾਰ ਤੇ ਆਕਾਸ਼ ਨੂੰ ਰੱਦ ਕਰਨ ਦੀ ਕਵਾਇਦ ਹੋ ਰਹੀ ਹੈ) ਜਾਂ ਛੇਵਾਂ ਤੱਤ ਹੈ ? (ਜਿਸ ਦੇ ਆਧਾਰ ਤੇ ਪੰਜਾਂ ਤੱਤਾਂ ਦੇ ਸਿਧਾਂਤ ਨੂੰ ਰੱਦ ਕਰਨ ਦੀ ਵਿਉਂਤ-ਬੰਦੀ ਹੋ ਰਹੀ ਹੈ)  ਅਗਲੀ ਤੁਕ ਦਾ ਅਰਥ ਹੈ ,
   ਇਸ ਸਰੀਰ ਵਿਚੋਂ ਖੋਜਣ ਦੀ ਗੱਲ ਪਰਮ-ਤੱਤ ਦੀ ਹੈ , ਜਿਸ ਤੋਂ ਇਹ ਸਾਰਾ ਸੰਸਾਰ ਬਣਿਆ ਹੈ , ਬ੍ਰਹਮੰਡ ਦੀ ਹਰ ਚੀਜ਼ ਬਣੀ ਹੈ , ਅਤੇ ਅੰਤ ਉਸ ਵਿਚ ਹੀ ਸਮਾ ਜਾਂਦੀ ਹੈ । ਯਾਨੀ ਪਰਮਾਤਮਾ ਨੂੰ ਖੋਜਣ ਦੀ ਗੱਲ ਹੋ ਰਹੀ ਹੈ (ਹਾਲਾਂਕਿ ਇਹ ਗੱਲ ਬੰਦੇ ਦੇ , ਪ੍ਰਭੂ ਨੂੰ ਲੱਭਣ ਲਈ ਬਾਹਰ ਭਟਕਣ ਤੋਂ ਰੋਕਣ ਲਈ ਕਹੀ ਹੈ , ਪਰ ਇਸ ਵਿਚ ਇਹ ਵੀ ਸਪੱਸ਼ਟ ਹੁੰਦਾ ਹੈ ਕਿ , ਜੋਤ , ਪਰਮਾਤਮਾ , ਆਤਮਾ , ਜੋ ਮਰਜ਼ੀ ਕਹਿ ਲਵੋ , ਉਹ ਸਾਰੇ ਬ੍ਰਹਮੰਡ ਦਾ ਮੂਲ ਤੱਤ
ਹੈ , ਜਿਸ ਤੋਂ ਸਾਰਾ ਸੰਸਾਰ ਬਣਿਆ ਹੈ , ਪੰਜਾਂ ਤੱਤਾਂ ਸਮੇਤ ।  ਉਹ ਆਪ ਕੋਈ ਤੱਤ ਨਹੀਂ ਹੈ) ਜਿਸ ਬਾਰੇ ਸਤਿਗੁਰੁ ਹੀ ਸੋਝੀ ਦੇਂਦਾ ਹੈ ।      ਇਸ ਤੋਂ ਇਲਾਵਾ ਗੁਰਬਾਣੀ ਇਹ ਵੀ ਸੋਝੀ ਦੇਂਦੀ ਹੈ ,
          ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥
           ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥14॥   (1041)
    ਅਰਥਾਤ:- ਜਿਹੜਾ ਪਰਮਾਤਮਾ ਸਾਰੈ ਬਰਹਮੰਡਿ ਵਿਚ ਵਸਦਾ ਹੈ , ਉਸ ਨੂੰ ਹੀ ਬ੍ਰਹਮੰਡ ਦੇ ਹਰ ਖੰਡ ਵਿਚ ,
ਹਰ ਟੋਟੇ ਵਿਚ , ਹਰ ਜ਼ੱਰੇ ਵਿਚ ਵਸਦਾ ਜਾਣੋ । ਗੁਰਮੁਖ ਹੋ ਕੇ , ਗੁਰੂ ਦੀ ਸਿਖਿਆ ਅਨੁਸਾਰ , ਗੁਰ-ਸ਼ਬਦ ਨੂੰ ਵਿਚਾਰ
ਕੇ , ਇਸ ਭੇਦ ਨੂੰ ਬੁਝੋ , ਸਮਝੋ ।  ਪਰ ਖਾਸ ਗੱਲ ਸਮਝਣ ਦੀ ਇਹ ਹੈ ਕਿ , ਉਹ ਪ੍ਰਭੂ ਬ੍ਰਹਮੰਡ ਦੇ ਕਣ-ਕਣ ਵਿਚ , ਹਰ ਸਰੀਰ ਵਿਚ ਹੁੰਦੇ ਹੋਏ ਵੀ , ਇਨ੍ਹਾਂ ਦਾ ਹਿੱਸਾ ਨਹੀਂ ਹੈ , ਇਨ੍ਹਾਂ ਤੋਂ ਨਿਰਲੇਪ ਹੈ । ਜਿਹੜਾ ਬੰਦਾ ਇਸ ਸਚਾਈ ਨੂੰ ਸਮਝੇਗਾ , ਉਹ ਇਸ ਝਮੇਲੇ ਵਿਚ ਕਿਉਂ ਪਵੇਗਾ ਕਿ , ਅਕਾਲ-ਪੁਰਖ ਸਰੀਰ ਦੇ ਪੰਜਾਂ ਤੱਤਾਂ ਵਿਚੋਂ ਹੈ ਜਾਂ ਛੇਵਾਂ ਤੱਤ
ਹੈ ?            ਆਉ ਹੁਣ ਇਨ੍ਹਾਂ ਤੱਤਾਂ ਦੇ ਕੰਮ ਬਾਰੇ ਵੀ ਵਿਚਾਰ-ਸਾਂਝ ਕਰੀਏ , 
    ਅੱਜ ਦਾ ਵਿਗਿਆਨ ਚਾਰ ਤੱਤਾਂ ਦੀ ਤਾਂ ਪੁਸ਼ਟੀ ਕਰਦਾ ਹੈ , ਅਤੇ ਇਹ ਵਿਦਵਾਨ ਵੀ ਉਸ ਨੂੰ ਮਾਨਤਾ ਦੇਂਦੇ ਹਨ । ਯਾਨੀ ਕਿ ਪਾਣੀ , ਅੱਗ , ਧਰਤੀ , ਤਿੰਨਾਂ ਤੱਤਾਂ ਨੂੰ ਤਾਂ ਸਭ ਪਰਤੱਖ ਵੇਖਦੇ ਹੀ ਹਨ , ਹਵਾ ਭਾਵੇਂ ਨਜ਼ਰ ਨਾ ਆਵੇ , ਪਰ ਉਸ ਨੂੰ ਵੀ ਪ੍ਰਤੱਖ ਰੂਪ ਵਿਚ ਮਹਿਸੂਸ ਕੀਤਾ ਜਾਂਦਾ ਹੈ ।     ਹੁਣ ਰਹਿ ਗਿਆ ਪੰਜਵਾਂ ਤੱਤ ਆਕਾਸ਼ , ਇਸ ਨੂੰ ਵਿਗਆਨੀਆਂ ਨੇ ਠੀਕ ਹੀ ਨਾਂ ਦਿੱਤਾ ਹੈ ਸਪੇਸ , ਖਾਲੀ ਥਾਂ ।    ਸਾਰੇ ਸੂਝਵਾਨ ਇਹ ਜਾਣਦੇ ਹਨ ਕਿ ਧਰਤੀ ਤੋਂ ਥੋੜਾ ਉਪਰ ਜਾ ਕੇ , ਇਕ ਅਜਿਹੀ ਜਗ੍ਹਾ ਆਉਂਦੀ ਹੈ , ਜਿੱਥੇ ਨਾ ਧਰਤੀ ਹੁੰਦੀ ਹੈ , ਨਾ ਪਾਣੀ ਹੁੰਦਾ ਹੈ , (ਭਾਵੇਂ ਉਹ ਭਾਫ ਦੇ ਰੂਪ ਵਿਚ ਹੋਵੇ ਜਾਂ ਬੱਦਲਾਂ ਦੇ ਰੂਪ ਵਿਚ ਹੋਵੇ) ਨਾ ਹਵਾ ਹੀ ਹੁੰਦੀ ਹੈ , ਨਾ ਅੱਗ ਹੀ ਹੁੰਦੀ ਹੈ । (ਜਿੱਥੇ ਹਵਾ ਨਹੀਂ ਹੋਵੇਗੀ ਓਥੇ ਅੱਗ ਨਹੀਂ ਬਲ ਸਕਦੀ) ਉਹ ਥਾਂ ਖਾਲੀ ਹੁੰਦੀ ਹੈ , ਪਰ ਉਸ ਤੋਂ ਕੁਝ ਉਪਰ ਤਕ , ਧਰਤੀ ਦੇ ਆਕਰਸ਼ਣ ਦਾ ਪ੍ਰਭਾਵ ਜ਼ਰੂਰ ਹੁੰਦਾ ਹੈ , ਕੁਝ ਹੋਰ ਉਪਰ ਜਾ ਕੇ ਉਹ ਵੀ ਨਹੀਂ ਹੁੰਦਾ । ਇਸ ਅਵਸਥਾ ਨੂੰ ਹੀ ਗੁਰੂ ਸਾਹਿਬ ਨੇ ਸੁੰਨ ਕਿਹਾ ਹੈ । ਸੁੰਨ ਬਾਰੇ ਗੁਰਬਾਣੀ ਕਹਿੰਦੀ ਹੈ ,
             ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥
        ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥2॥  (503)
   ਹੇ ਕਤਾਰ ਜਦੋਂ ਤੂੰ ਆਪਣੇ-ਆਪ ਨੂੰ , ਆਪ ਹੀ ਪਰਗਟ ਕੀਤਾ ਸੀ , ਤਦੋਂ ਨਾ ਜਲ (ਪਾਣੀ) ਸੀ , ਨਾ ਥਲ (ਖੁਸ਼ਕੀ , ਸੁੱਕੀ ਥਾਂ) ਸੀ , ਨਾ ਧਰਤੀ ਸੀ ਅਤੇ ਨਾ ਹੀ ਆਕਾਸ਼ ਸੀ , ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ , ਆਪਣੇ ਅੰਦਰ ਹੀ ਸੁਰਤ ਜੋੜ ਕੇ ਸਮਾਧੀ ਲਾਈ ਬੈਠਾ ਸੀ , ਅਤੇ ਆਪਣੇ ਵਿਚਾਰਾਂ ਬਾਰੇ , ਇਕੱਲਾ ਆਪ ਹੀ ਜਾਣਦਾ ਸੀ । 
             ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ 
        ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥3॥ (503-4) 
   ਤਦ ਨਾ ਇਹ ਮਾਇਆ ਸੀ , ਨਾ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ , ਕੋਈ ਜੀਵ ਸੀ । ਨਾ ਉਸ ਵੇਲੇ ਸੂਰਜ ਸੀ , ਨਾ ਚੰਦ ਸੀ , ਨਾ ਹੀ ਰੌਸ਼ਨੀ ਕਰਨ ਵਾਲੀ ਕੋਈ ਹੋਰ ਜੋਤ ਸੀ । ਸਾਰੇ ਜੀਵਾਂ ਦੀ ਦੇਖ-ਭਾਲ ਕਰਨ ਵਾਲੀ , ਉਨ੍ਹਾਂ ਦੀ ਸਾਰ ਲੈਣ ਵਾਲੀ , ਤੇਰੀ ਮਿਹਰ ਦੀ ਨਜ਼ਰ , ਤੇਰੇ ਆਪਣੇ ਅੰਦਰ ਹੀ ਟਿਕੀ ਹੋਈ ਸੀ ।
   ਇਹ ਸੀ ਉਸ ਵੇਲੇ ਦੀ ਸੁੰਨ ਦੀ ਅਵਸਥਾ , ਜਦੋਂ ਅਜੇ ਸ੍ਰਿਸ਼ਟੀ ਹੋਂਦ ਵਿਚ ਨਹੀਂ ਆਈ ਸੀ । 
             ਅੱਜ ਦੀ ਹਾਲਤ ਬਾਰੇ ਗੁਰਬਾਣੀ ਕਹਿੰਦੀ ਹੈ
        ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ 
         ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥1॥   (1037)
   ਉਸ ਪਰਮਾਤਮਾ ਨੇ , ਜੋ ਆਪ ਹੀ ਪਰੇ ਤੋਂ ਪਰੇ ਹੈ (ਉਸ ਤੋਂ ਪਰੇ , ਹੋਰ ਕੁਝ ਵੀ ਨਹੀਂ) , ਜਿਸ ਨੇ ਆਪਣੀ ਤਾਕਤ ਆਪ ਹੀ ਬਣਾਈ ਹੈ । ਕਰਤਾਰ ਉਹ ਹਾਲਤ ਵੀ ਆਪ ਹੀ ਪੈਦਾ ਕਰਦਾ ਹੈ , ਜਿਸ ਵਿਚ ਉਸ ਦੇ ਆਪਣੇ-ਆਪ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੁੰਦਾ । ਤੇ ਆਪ ਹੀ ਉਹ ਹਾਲਤ ਵੀ ਪੈਦਾ ਕਰਦਾ ਹੈ , ਜਦੋਂ ਆਪਣੀ ਕੁਦਰਤ ਰਚ ਕੇ , ਆਪ ਹੀ ਉਸ ਨੂੰ ਵੇਖਦਾ ਹੈ , ਉਸ ਦੀ ਸਾਰ-ਸੰਭਾਲ ਕਰਦਾ ਹੈ । (ਅੱਜ ਵਰਗੀ ਹਾਲਤ)
     ਯਾਨੀ ਆਕਾਸ਼ , ਸੁੰਨ , ਖਲਾਅ , ਉਹ ਅਸਥਾਨ ਹੈ , ਜਿਸ ਵਿਚ , ਨਾ ਹਵਾ ਹੁੰਦੀ ਹੈ , ਨਾ ਪਾਣੀ ਹੁੰਦਾ ਹੈ , ਨਾ ਅੱਗ ਹੁੰਦੀ ਹੈ , ਨਾ ਧਰਤੀ ਹੁੰਦੀ ਹੈ ।             
  ਇਹ ਆਕਾਸ਼ , ਇਹ ਸੁੰਨ , ਇਹ ਖਲਾਅ , ਬੰਦੇ ਦੇ ਸਰੀਰ ਦਾ ਹਿੱਸਾ ਕਿਵੇਂ ਹੈ ? ਇਹ ਹੈ ਉਹ ਸਵਾਲ , ਜੋ ਸਾਡੈ ਵਿਦਵਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ , ਅਤੇ ਉਸ ਪ੍ਰੇਸ਼ਾਨੀ ਵਿਚ , ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ ਥਾਂ , ਆਪਣੀ ਮਨ-ਮਤ ਦੀਆਂ ਕਲਾ-ਬਾਜ਼ੀਆਂ ਆਸਰੇ , ਦੁਨੀਆ ਵਿਚ ਸਥਾਪਤ ਮਾਨਤਾਵਾਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਬਿ ਜੀ ਤੇ ਵੀ ਉਂਗਲੀ ਉਠਾ ਰਹੇ ਹਨ । 
   ਬੰਦੇ ਦੇ ਸਰੀਰ ਦੇ ਅੰਦਰ ਹਵਾ ਹੈ , ਅਤੇ ਪੰਜਵੀਂ ਜਮਾਤ ਦਾ ਵਿਦਿਆਰਥੀ ਵੀ ਜਾਣਦਾ ਹੈ ਕਿ , ਜਿੱਥੇ ਹਵਾ ਹੁੰਦੀ ਹੈ , ਓਥੇ ਹੋਰ ਕੁਝ ਵੀ ਨਹੀਂ ਹੁੰਦਾ । ਇਵੇਂ ਹੀ ਜਿੱਥੇ ਪਾਣੀ ਹੁੰਦਾ ਹੈ , ਓਥੇ ਵੀ ਹੋਰ ਕੁਝ ਨਹੀਂ ਹੁੰਦਾ , ਜਿੱਥੇ ਅੱਗ ਹੁੰਦੀ ਹੈ , ਓਥੇ ਵੀ ਹੋਰ ਕੁਝ ਨਹੀਂ ਹੁੰਦਾ , ਜਿੱਥੇ ਧਰਤੀ ਹੁੰਦੀ ਹੈ , ਓਥੇ ਵੀ ਹੋਰ ਕੁਝ ਨਹੀਂ ਹੁੰਦਾ । ਅਜਿਹੀ ਹਾਲਤ ਵਿਚ , ਇਹ ਸਾਰੀਆਂ ਚੀਜ਼ਾਂ , ਇਕ ਥਾਂ ਇਕੱਠੀਆਂ ਕਿਵੇਂ ਰਹਿ ਸਕਦੀਆਂ ਹਨ ?  
ਇਹ ਵੀ ਸਾਰੇ ਜਾਣਦੇ ਹਨ ਕਿ ਜਿੱਥੇ ਸੁੰਨ , ਖਲਾਅ , ਆਸਮਾਨ ਹੁੰਦਾ ਹੈ , ਓਥੇ ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਨਹੀਂ 
ਰਹਿ ਸਕਦੀ ।  ਸਰੀਰ ਵਿਚਲੇ ਚਾਰਾਂ ਤੱਤਾਂ ਨੂੰ ਇਕ ਦੂਸਰੇ ਤੋਂ ਅਲੱਗ , ਆਪੋ-ਆਪਣੇ ਥਾਂ ਵਿਵਸਥਿਤ ਢੰਗ ਨਾਲ , ਕੰਮ ਕਰਦਾ ਰੱਖਣ ਲਈ , ਇਹ ਆਕਾਸ਼ , ਸੁੰਨ , ਖਲਾਅ  ਦਾ ਤੱਤ ਕੰਮ ਕਰਦਾ ਹੈ । ਨਹੀਂ ਤਾਂ ਇਹ ਸਾਰੇ ਤੱਤ , ਕਿਸੇ ਹਾਲਤ ਵਿਚ ਵੀ ਇਕ ਥਾਂ ਇਕੱਠੇ ਨਹੀਂ ਰਹਿ ਸਕਦੇ ।

   ਗੁਰਬਾਣੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇਂਦੀ ਹੈ , ਜੇ ਅਸੀਂ ਉਸ ਦੀ ਖੋਜ ਕਰੀਏ , ਇਸ ਵਿਵਸਥਾ ਨੂੰ
ਸਮਝਾਉਂਦਾ ਵੀ ਇਕ ਸਲੋਕ ਗੁਰਬਾਣੀ ਵਿਚ ਇਵੇਂ ਹੈ ,
          ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥  (327)
    ਹੁਣ ਮੈਂ ਵਾਹਿਗੁਰੂ ਕੋਲ , ਇਸ ਢੰਗ ਨਾਲ , ਐਸੀ ਰਹਤ ਨਾਲ ਰਹਿੰਦਾ ਹਾਂ , ਜਿਵੇਂ ਇਕ ਸਰੀਰ ਵਿਚ , ਪੰਜੋ ਤੱਤ , ਹਵਾ , ਪਾਣੀ , ਅੱਗ , ਧਰਤੀ ਅਤੇ ਆਕਾਸ਼ ਮਿਲ ਕੇ ਰਹਿੰਦੇ ਹਨ ।
                                       ਅਮਰ ਜੀਤ ਸਿੰਘ ਚੰਦੀ 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.