ਗੁਰਮਤਿ ਵਿਆਖਿਆ (ਭਾਗ ਦਸਵਾਂ)
ਗੁਰਬਾਣੀ ਦਰਸ਼ਨ
(ਗੁਰਬਾਣੀ ਦਾ ਫਲਸਫਾ)
(ਗੁਰਮਤਿ ਸਿਧਾਂਤ)
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਵੇਦ ਆਦਿਕ ਧਰਮ-ਪੁਸਤਕਾਂ ਕਹਿੰਦੀਆਂ ਹਨ ਕਿ , ਜਦੋਂ ਤੋਂ ਸੰਸਾਰ , ਹੋਂਦ ਵਿਚ ਆਇਆ ਹੈ , ਤਦ ਤੋਂ ਹੀ ਅਨੇਕਾਂ ਰਿਸ਼ੀ-ਮੁਨੀ ਆਦਿ , ਉਸ ਪਰਮਾਤਮਾ ਦੀ ਕੁਦਰਤ ਦਾ ਓੜਕ , ਆਖਰੀ ਸਿਰਾ , ਲੱਭ-ਲੱਭ ਕੇ ਥੱਕ ਗਏ ਹਨ , ਪਰ ਉਸ ਦਾ ਓੜਕ ਕਿਸੇ ਨੂੰ ਨਹੀਂ ਲੱਭਾ । ਇਸ ਸ੍ਰਿਸ਼ਟੀ ਵਿਚ , ਲੱਖਾਂ ਹੀ (ਬੇ-ਓੜਕੇ) ਪਾਤਾਲ ਹਨ ।(ਏਥੇ ਪਾਤਾਲ ਬਾਰੇ ਵੀ ਥੋੜਾ ਭੁਲੇਖਾ , ਦੂਰ ਕਰ ਲੈਣਾ ਬਣਦਾ ਹੈ । ਜਿਵੇਂ ਹਿੰਦੂ ਮਿਥਿਹਾਸ ਦੇ ਆਧਾਰ ਤੇ ਕਿਸੇ ਪਾਤਾਲ ਵਿਚ , ਵਿਸ਼ਨੂ ਭਗਵਾਨ ਦਾ ਡੇਰਾ , ਮੰਨਿਆ ਜਾਂਦਾ ਹੈ , ਉਸ ਨੂੰ ਹੋਰ ਮਾਨਤਾ ਦਿੰਦਿਆਂ , ਸਿੱਖ ਪਰਚਾਰਕਾਂ ਨੇ ਵੀ ਉਸ ਪਾਤਾਲ ਨੂੰ , ਸੁਲਤਾਨ ਪੁਰ ਲੋਦੀ ਵਿਚਲੀ ਕਾਲੀ ਵੇਈਂ ਨੂੰ ਵੀ ਉਸ ਪਾਤਾਲ ਨਾਲ ਜੁੜੀ ਹੋਈ ਸਾਬਤ ਕਰਦਿਆਂ , ਇਹ ਪਰਚਾਰ ਕੀਤਾ ਕਿ , ਬਾਬਾ ਨਾਨਕ ਜੀ , ਉਸ ਵੇਈਂ ਦੇ ਰਸਤੇ ਭਗਵਾਨ ਵਿਸ਼ਨੂ ਦੇ ਦਰਬਾਰ ਵਿਚ ਗਏ ਸਨ , ਅਤੇ ਓਥੋਂ ਹੀ , ਦੁਨੀਆ ਦੇ ਭਲੇ ਦਾ ਅਗਲਾ ਪ੍ਰੋਗਰਾਮ ਅਤੇ ਉਸ ਨੂੰ ਲਾਗੂ ਕਰਨ ਲਈ , ਲੋੜੀਂਦੀ ਸੂਝ ਲੈ ਕੇ ਆਏ ਸਨ । ਜਦ ਕਿ ਅਸਲੀਅਤ ਵਿਚ ਉਹ , ਨਦੀ ਤੋਂ ਪਾਰਲੇ ਜੰਗਲ ਵਿਚ , ਦੋ ਦਿਨ ਇਹੀ ਵਿਚਾਰਾਂ ਕਰਦੇ ਰਹੇ ਸਨ ਕਿ ਦੁਨੀਆ ਦਾ ਭਲਾ ਕਿਵੇਂ ਹੋ ਸਕਦਾ ਹੈ ? ਉਨ੍ਹਾਂ ਦੀ ਸੋਚ ਦਾ ਸਿੱਟਾ ਹੀ ਸੀ , ਜੋ ਉਨ੍ਹਾਂ ਓਥੋਂ ਵਾਪਸ ਆ ਕੇ ਲੋਕਾਂ ਸਾਮ੍ਹਣੇ ਰੱਖਿਆ ਸੀ ,
“ ਨਾ ਹਿੰਦੂ ਨਾ ਮੁਸਲਮਾਨ ”
ਇਸ ਨੂੰ ਵੀ ਨਾ ਸਮਝਦੇ , ਪਰਚਾਰਕਾਂ ਨੇ ਇਹੀ ਪਰਚਾਰਿਆ ਕਿ , ਗੁਰੂ ਸਾਹਿਬ ਨੇ ਹੋਕਾ ਦਿੱਤਾ ਕਿ ਮੈਂ , “ ਨਾ ਹਿੰਦੂ ਹਾਂ , ਨਾ ਹੀ ਮੁਸਲਮਾਨ ਹਾਂ ” ਜਦ ਕਿ ਇਸ ਦਾ ਮਤਲਬ ਸੀ ਕਿ , ਨਾ ਤਾਂ ਲੋਕਾਂ ਦਾ ਹਿੰਦੂ ਬਣਿਆਂ ਭਲਾ ਹੈ , ਅਤੇ ਨਾ ਹੀ ਮੁਸਲਮਾਨ ਬਣਿਆਂ ਭਲਾ ਹੈ । ਇਨ੍ਹਾਂ ਧਰਮਾਂ ਦੇ ਸਿਧਾਂਤਾਂ ਨੂੰ ਪੁਜਾਰੀਆਂ ਨੇ ਏਨਾ ਗੰਧਲਾ ਕਰ ਦਿੱਤਾ ਹੈ ਕਿ ,
ਉਨ੍ਹਾਂ ਅਨੁਸਾਰ ਚੱਲਿਆਂ , ਮਨੁੱਖਤਾ ਦਾ ਭਲਾ ਨਹੀਂ ਹੋਣ ਵਾਲਾ । ਨਾ ਹੀ ਇਨ੍ਹਾਂ ਧਰਮ-ਸਿਧਾਂਤਾਂ ਵਿਚ ਕੋਈ ਤਬਦੀਲੀ ਕਰ ਕੇ ਹੀ ਕੋਈ ਲਾਭ ਦੀ ਆਸ ਕੀਤੀ ਜਾ ਸਕਦੀ ਹੈ । ਲੋਕਾਂ ਨੂੰ ਧਰਮਾਂ ਦਾ ਜਾਲ ਤੋੜ ਕੇ , ਇੰਸਾਨੀਅਤ ਦੇ ਰਾਹ ਤੇ ਹੀ ਚਲਣਾ ਪੈਣਾ ਹੈ , ਇਸ ਨਾਲ ਹੀ ਉਨ੍ਹਾਂ ਦਾ ਭਲਾ ਹੋ ਸਕਦਾ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਨਵੇਂ ਧਰਮ ਦੀ ਗੱਲ ਨਹੀਂ ਕੀਤੀ ਗਈ , ਬਲਕਿ ਸਾਰੇ ਸੰਸਾਰ ਦੇ ਉਸ ਸਾਂਝੇ ਧਰਮ ਦੀ ਗੱਲ ਕੀਤੀ ਗਈ ਹੈ , ਜੋ ਪਰਮਾਤਮਾ ਵਲੋਂ ਸਿਰਜੇ ਨਿਯਮ-ਕਾਨੂਨ ਅਨੁਸਾਰੀ ਹੋਵੇ , ਜਿਸ ਵਿਚ ਕਿਸੇ ਬੰਦੇ ਦੇ ਮਨ ਵਿਚ , ਦੂਸਰੇ ਬੰਦੇ ਲਈ , ਧਰਮ ਦੇ ਆਧਾਰ ਤੇ ਨਫਰਤ ਨਾ ਹੋਵੇ ।
ਜਦ ਕਿ ਪਾਤਾਲ ਦਾ ਸਿੱਧਾ ਜਿਹਾ ਅਰਥ ਹੈ , ਪਾ+ਤਾਲ = ਪਾਣੀ ਦਾ ਤਾਲ (ਤਾਲਾਬ) = ਸਮੁੰਦਰ । ਸਾਇੰਸ ਅੱਜ ਇਹ ਗੱਲ ਸਾਬਤ ਕਰ ਚੁੱਕੀ ਹੈ ਕਿ ਹਰ ਧਰਤੀ ਦਾ ਆਪਣਾ ਅਲੱਗ ਪਾਤਾਲ ਅਤੇ ਅਲੱਗ ਆਕਾਸ਼ ਹੈ । ਪਰ ਸਾਡੇ ਵਿਦਵਾਨਾਂ ਨੇ ਵੀ ਆਪਣੀ ਵਿਦਵਤਾ ਦੀ ਨਮਾਇਸ਼ ਲਈ , ਠੇਠ ਪੰਜਾਬੀ ਦੇ ਲਫਜ਼ਾਂ ਦੀਆਂ ਜੜ੍ਹਾਂ ਵੀ ਸੰਸਕ੍ਰਿਤ ਵਿਚ ਲੱਭਦਿਆਂ , ਚੀਜ਼ਾਂ ਦੇ ਅਰਥ ਵਿਗਾੜ ਕੇ , ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ , ਕੁਰਾਹੇ ਪਾਉਣ ਦਾ ਯਤਨ ਹੀ ਕੀਤਾ ਹੈ । ਪੁਰਾਣੇ ਸਮੇ ਦੇ ਲੋਕਾਂ ਨੇ ਸਮੁੰਦਰ ਲਈ ਹੀ ਪਾਤਾਲ ਲਫਜ਼ ਵਰਤਿਆ ਸੀ , ਜਿਸ ਵਿਚ ਅਸੰਖਾਂ ਜੀਵ ਤਾਂ ਰਹਿੰਦੇ ਹਨ , ਪਰ ਅਕਾਲ-ਪੁਰਖ ਤਾਂ ਸ੍ਰਿਸ਼ਟੀ ਦੇ ਕਣ-ਕਣ ਵਿਚ ਵਸਦਾ ਹੈ । ਕਿਉਂਕਿ ਸ੍ਰਿਸ਼ਟੀ ਵਿਚ ਤਾ ਬੇ-ਗਿਣਤ ਪਾਤਾਲ ਹਨ , ਫਿਰ ਬ੍ਰਾਹਮਣਾਂ ਦੇ ਸਿਧਾਂਤ ਅਨੁਸਾਰ ਤਾਂ , ਹਰ ਧਰਤੀ-ਪਾਤਾਲ ਦਾ ਇਕ ਅਲੱਗ , ਵਿਸ਼ਨੂ ਭਗਵਾਨ ਹੋਣਾ ਚਾਹੀਦਾ ਹੈ । ਧਰਤੀ ਤੋਂ ਵੱਖਰਾ , ਨਾ ਕੋਈ ਆਕਾਸ਼ ਹੈ , ਨਾ ਹੀ ਕੋਈ ਪਾਤਾਲ ਹੈ , ਜਿਸ ਦੀ ਕਲਪਣਾ ਬ੍ਰਾਹਮਣਾਂ ਨੇ ਕੀਤੀ ਹੋਈ ਹੈ , ਜਿਸ ਵਿਚ ਰੱਬ ਜੀ ਦੇ ਬਹੁਤ ਸਾਰੇ ਦਫਤਰ ਹਨ । ਧਰਤੀ-ਆਕਾਸ਼ ਅਤੇ ਪਾਤਾਲ , ਤਿੰਨਾਂ ਦੇ ਮੇਲ ਨਾਲ ਹੀ ਇਕ ੲਕਾਈ ਬਣਦੀ ਹੈ , ਅਤੇ ਅਜਿਹੀਆਂ ਇਕਾਈਆਂ ਦੇ ਸਮੂਹਾਂ ਦਾ ਸੰਸਾਰ ਵਿਚ ਕੋਈ ਅੰਤ ਨਹੀਂ ਹੈ ।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਇਵੇਂ ਹੀ ਮੁਸਲਮਾਨੀ ਅਤੇ ਈਸਾਈ ਧਰਮ ਗ੍ਰੰਥ ਵੀ ਆਖਦੇ ਹਨ ਕਿ ਅਠਾਰਾਂ ਹਜ਼ਾਰ(ਬਹੁਤ ਸਾਰੇ) ਆਲਮ
(ਧਰਤੀ+ਆਕਾਸ਼ ਅਤੇ ਪਾਤਾਲਾਂ ਦੇ ਸਮੂਹ) ਹਨ , ਜਿਨ੍ਹਾਂ ਦਾ ਮੁੱਢ , ਜਿਨ੍ਹਾਂ ਨੂੰ ਪੈਦਾ ਕਰਨ ਵਾਲੀ ਇਕੋ ਹਸਤੀ ਹੈ , ਅਲਾਹ , ਗਾਡ ।
ਪਰ ਅਸਲੀਅਤ ਇਹ ਹੈ ਕਿ , ਇਨ੍ਹਾਂ ਧਰਤੀਆਂ ਦਾ ਲੇਖਾ , ਤਦ ਹੀ ਲਿਖਿਆ ਜਾ ਸਕਦਾ ਹੈ , ਜੇ ਇਨ੍ਹਾਂ ਦਾ ਕੋਈ ਲੇਖਾ ਹੋਵੇ , ਲੇਖਾ ਹੋ ਹੀ ਨਹੀਂ ਸਕਦਾ , ਕਿਉਂਕਿ ਇਨ੍ਹਾਂ ਦਾ ਲੇਖਾ ਕਰਦਿਆਂ-ਕਰਦਿਆਂ ,ਲੇਖੇ ਦਾ ਹੀ ਅੰਤ ਹੋ ਜਾਂਦਾ ਹੈ , ਲੇਖਾ ਹੀ ਖਤਮ ਹੋ ਜਾਂਦਾ ਹੈ । ਪਰ ਜਿਸ ਦਾ ਲੇਖਾ ਕਰਨਾ ਹੁੰਦਾ ਹੈ , ਉਹ ਤਾਂ ਓਵੇਂ ਹੀ , ਹੋਰ ਅੱਗੇ ਨਜ਼ਰ ਆਉਂਦਾ ਰਹਿੰਦਾ ਹੈ ।
(ਵੈਸੇ ਵੀ ਬੰਦੇ ਦੀ ਜ਼ਿੰਦਗੀ ਦਾ ਮਕਸਦ ਪ੍ਰਭੂ ਅਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਨਹੀਂ , ਬੰਦੇ ਦੀ ਜ਼ਿੰਦਗੀ ਦਾ ਮਕਸਦ ਤਾਂ
“ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ” ਹੈ ।)
ਹੇ ਨਾਨਕ , ਜਿਸ ਕਰਤਾ-ਪੁਰਖ ਨੂੰ , ਸਾਰੇ ਸੰਸਾਰ ਵਾਲੇ , ਵੱਡਾ-ਵੱਡਾ ਕਹਿੰਦੇ ਹਨ , ਉਹ ਕਿੰਨਾ ਕੁ ਵੱਡਾ ਹੈ ? ਇਹ ਤਾਂ ਉਹ ਆਪ ਹੀ ਆਪਣੇ-ਆਪ ਬਾਰੇ ਜਾਣਦਾ ਹੈ , ਆਪਣੀ ਕੁਦਰਤ ਅਤੇ ਆਪਣੀ ਵਡਿਆਈ ਬਾਰੇ ਜਾਣਦਾ ਹੈ । ਦੂਸਰਾ ਕੋਈ , ਉਸ ਬਾਰੇ ਨਾ ਤਾਂ ਜਾਣਦਾ ਹੀ ਹੈ , ਅਤੇ ਨਾ ਹੀ ਜਾਣ ਸਕਦਾ ਹੈ ।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥23॥
ਹੇ ਭਾਈ , ਪਰਮਾਤਮਾ ਅਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ , ਤੇਰੀ ਜ਼ਿੰਦਗੀ ਦਾ ਮਕਸਦ ਨਹੀਂ ਹੈ , ਨਾ ਹੀ ਤੇਰੇ ਵਿਚ ਪ੍ਰਭੂ ਨੇ ਏਨੀ ਸਮਰਥਾ ਪਾਈ ਹੈ ਕਿ , ਤੂੰ ਉਸ ਦਾ ਓੜਕ ਲਭ ਸਕੇਂ । ਤੇਰੀ ਜ਼ਿੰਦਗੀ ਦਾ ਮਕਸਦ ਉਸ ਅਕਾਲ-ਪੁਰਖ ਨਾਲ ਇਕ-ਮਿਕ ਹੋਣਾ ਹੈ , ਜਿਸ ਦਾ ਇਕੋ-ਇਕ ਵਸੀਲਾ , ਉਸ ਪ੍ਰਭੂ ਦੀ ਸਿਫਤ-ਸਾਲਹ ਕਰਨੀ ਉਸ ਦੀ ਭਗਤੀ ਕਰਨਾ ਹੈ । ਇਸ ਲਈ ਤੂੰ ਤਾਂ , ਉਸ ਸਾਲਾਹਣ-ਯੋਗ ਅਕਾਲ-ਪੁਰਖ ਦੀ ਸਿਫਤ-ਸਾਲਾਹ ਕਰਿਆ ਕਰ। ਉਸ ਨੂੰ ਮਨੋਂ ਪਿਆਰ ਕਰਿਆ ਕਰ ।
ਜਿਵੇਂ ਜਦੋਂ ਨਦੀਆਂ-ਨਾਲੇ ਸਮੁੰਦਰ ਵਿਚ ਪੈ ਜਾਂਦੇ ਹਨ , ਸਮੁੰਦਰ ਵਿਚ ਰਲ ਜਾਂਦੇ ਹਨ , ਤਾਂ ਉਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ ਰਹਿ ਜਾਂਦਾ । ਉਹ ਸਮੁੰਦਰ ਵਿਚ ਥਾਂ ਤਾਂ ਪਾ ਲੈਂਦੇ ਹਨ , ਪਰ ਉਸ ਵੇਲੇ ਉਹ ਆਪ ਹੀ ਸਮੁੰਦਰ
ਹੁੰਦੇ ਹਨ , ਉਨ੍ਹਾਂ ਦੀ ਸਮੁੰਦਰ ਨਾਲੋਂ ਕੋਈ ਵੱਖ ਹਸਤੀ ਨਹੀਂ ਹੁੰਦੀ , ਜੋ ਉਹ ਸਮੁੰਦਰ ਬਾਰੇ ਕੁਝ ਦੱਸ ਸਕਣ ।
ਓਵੇਂ ਹੀ ਸਮੁੰਦਰ ਦਾ ਸੁਲਤਾਨ , ਬਾਦਸ਼ਾਹ , ਪਰਮਾਤਮਾ ਹੈ , ਜਿਸ ਦੇ ਪਦਾਰਥਾਂ ਦੇ ਭੰਡਾਰੇ , ਪਹਾੜਾਂ ਵਰਗੇ , ਕਦੇ ਨਾ ਖਤਮ ਹੋਣ ਵਾਲੇ ਹਨ । ਬੰਦਾ , ਉਸ ਦੀ ਸਿਫਤ ਸਾਲਾਹ ਕਰਨ ਨਾਲ ਵੀ ਉਸ ਦੀ ਥਾਹ ਨਹੀਂ ਪਾ ਸਕਦਾ । ਪਰ ਜਦ ਬੰਦਾ , ਉਸ ਪ੍ਰਭੂ ਦੀ ਸਿਫਤ-ਸਾਲਾਹ ਦੀ ਬਰਕਤ ਆਸਰੇ , ਉਸ ਨਾਲ ਇਵੇਂ ਇਕ-ਮਿਕ ਹੋ ਜਾਂਦਾ ਹੈ ,
ਜਿਵੇਂ ਨਦੀਆਂ-ਨਾਲੇ ਸਮੁੰਦਰ ਨਾਲ ਰਲ ਕੇ ਹੋ ਜਾਂਦੇ ਹਨ , ਤਦ ਉਹ ਪਰਮਾਤਮਾ ਦਾ ਹੀ ਇਕ ਭਾਗ ਤਾਂ ਜ਼ਰੂਰ ਹੋ ਜਾਂਦਾ ਹੈ , ਜਨਮ ਮਰਨ ਦੇ ਗੇੜ ਤੋਂ ਵੀ ,ਉਸ ਦੀ ਖਲਾਸੀ ਹੋ ਜਾਂਦੀ ਹੈ ,ਪਰ ਉਸ ਵੇਲੇ , ਉਸ ਦੀ ਆਪਣੀ ਅਲੱਗ
ਕੋਈ ਪਛਾਣ ਨਹੀਂ ਹੁੰਦੀ , ਜਿਸ ਨਾਲ ਉਹ ਕਿਸੇ ਹੋਰ ਨੂੰ , ਪਰਮਾਤਮਾ ਜਾਂ ਉਸ ਦੀ ਕੁਦਰਤ ਦੇ ਸਾਰੇ ਭੇਦਾਂ ਬਾਰ
ਕੋਈ ਸੋਝੀ ਦੇ ਸਕੇ ।
ਅਜਿਹੇ ਪਰਮਾਤਮਾ ਨੂੰ ਤਾਂ , ਜੇ ਇਕ ਕੀੜੀ ਵੀ ਮਨੋਂ ਨਾ ਵਿਸਾਰੇ , ਹਮੇਸ਼ਾ ਯਾਦ ਰੱਖੇ , ਤਾਂ ਉਸ ਦੀਆਂ ਵਡਿਆਈਆਂ ਦੀ ਵੀ ਨਾਪ-ਤੋਲ ਨਹੀਂ ਕੀਤੀ ਜਾ ਸਕਦੀ , ਉਨ੍ਹਾਂ ਦਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ । ਉਸ ਦੀ ਵੀ ਕਿਸੇ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ , ਕਿਸੇ ਨਾਲ ਤੁਲਣਾ ਨਹੀਂ ਕੀਤੀ ਜਾ ਸਕਦੀ ।
ਹੇ ਭਾਈ , ਕਿਉਂਕਿ ਬੰਦੇ ਦੀ ਜ਼ਿੰਦਗੀ ਦਾ ਮਕਸਦ , ਪ੍ਰਭੂ ਦਾ , ਜਾਂ ਉਸ ਦੀ ਕੁਦਰਤ ਦਾ ਅੰਤ ਪਾਉਣਾ ਨਹੀਂ ਹੈ ।ਬੰਦੇ ਦੀ ਜ਼ਿੰਦਗੀ ਦਾ ਮਕਸਦ ਤਾਂ , ਪ੍ਰਭੂ ਨਾਲ ਇਕ-ਮਿਕ ਹੋਣਾ ਹੈ , ਇਸ ਲਈ ਤੂੰ ਵੀ , ਬੇਕਾਰ ਦੀਆਂ ਗੱਲਾਂ ਵਿਚ , ਸਮਾ ਬਰਬਾਦ ਨਾ ਕਰਦਾ ਹੋਇਆ , ਉਸ ਦੀ ਸਿਫਤ-ਸਾਲਾਹ ਨਾਲ ਜੁੜ , ਉਸ ਨੂੰ ਹਮੇਸ਼ਾ ਯਾਦ ਰੱਖ , ਉਸ ਨੂੰ ਕਿਸੇ ਵੇਲੇ ਵੀ ਮਨੋਂ ਨਾ ਵਿਸਾਰ ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414