ਮੋਮਬੱਤੀ ਬਾਲ ਕੇ ਮੈਂ ਥੜੇ ਉਤੇ ਰਖਦੀ ਹਾਂ ! (ਨਿੱਕੀ ਕਹਾਣੀ)
------------------------------------------------------
ਆਓ ਭੈਣ ਜੀ ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੁ ਨੂੰ ਖੁਸ਼ !
(ਪ੍ਰਬੰਧਕ ਕਮੇਟੀ ਤੋਂ ਲਿੱਤੇ ਸਟਾਲ ਤੇ ਮੋਮਬਤੀਆਂ ਵੇਚ ਰਿਹਾ ਦੁਕਾਨਦਾਰ ਬੋਲਿਆ) !
ਹਰਨਾਮ ਕੌਰ : ਹੈ ? ਗੁਰਪੁਰਬ ਦੇ ਮੌਕੇ ਤੇ ਮੋਮਬੱਤੀ ਜਲਾਉਣ ਨਾਲ ਗੁਰੁ ਸਾਹਿਬ ਖੁਸ਼ ਹੋ ਜਾਂਦੇ ਨੇ ? (ਜਾਣ-ਬੂਝ ਕੇ ਅਨਜਾਣ ਬਣਦੀ ਹੈ!)
ਪਹਿਲਾਂ ਕਿਓਂ ਨਹੀ ਦਸਿਆ ਵੀਰ ? ਮੈਂ ਤੇ ਸੋਚਦੀ ਸੀ ਕੀ ਚੰਗਾ ਜੀਵਨ ਜੀਉਣ ਨਾਲ ਅਤੇ ਗੁਰਬਾਣੀ ਦੇ ਰਾਹ ਤੇ ਚਲਣ ਨਾਲ ਗੁਰੁ ਸਾਹਿਬ ਖੁਸ਼ ਹੁੰਦੇ ਨੇ !
ਦੁਕਾਨਦਾਰ : ਇਹ ਦੋ ਮੋਮਬਤੀਆਂ ਬੱਚੇ ਵਾਸਤੇ ਵੀ ਲਵੋ .. ਤਾਂਕਿ ਇਹ ਵੀ ਗੁਰੁ ਘਰ ਨਾਲ ਜੁੜ ਸਕਣ !
(ਇਤਨੇ ਵਿਚ ਉਨ੍ਹਾਂ ਦੇ ਕੋਲੋਂ ਹੇਡ-ਗ੍ਰੰਥੀ ਗੁਰਨਾਮ ਸਿੰਘ ਜੀ ਨਿਕਲਦੇ ਹਨ... ਹਰਨਾਮ ਕੌਰ ਉਨ੍ਹਾਂ ਨੂੰ ਰੋਕ ਲੈਂਦੀ ਹੈ )
ਹਰਨਾਮ ਕੌਰ : ਭਾਈ ਸਾਹਿਬ ਜੀ, ਇੱਕ ਗੱਲ ਦੱਸੋ ਕਿ ਜੱਦ ਤੁਹਾਨੂੰ ਖੁਦ ਨੂੰ ਪਤਾ ਹੈ ਕੀ ਇਹ ਸਭ ਕਰਮ ਮਨਮੱਤ ਹਨ ਤੇ ਫਿਰ ਤੁਸੀਂ ਕਿਓਂ ਨਹੀ ਇਨ੍ਹਾਂ ਮਨਮਤਾਂ ਨੂੰ ਰੋਕਦੇ ?
ਗੁਰਨਾਮ ਸਿੰਘ : ਭੈਣ ਜੀ, ਮੈਂ ਸ਼ੁਰੂ ਸ਼ੁਰੂ ਵਿਚ ਕੋਸ਼ਿਸ਼ ਕਿੱਤੀ ਸੀ, ਪਰ ਪ੍ਰਬੰਧਕਾਂ ਨੇ ਬਹੁਤ ਡਾਂਟਿਆ ਕੀ ਸੰਗਤਾਂ ਦਿਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ! ਜੋ ਪ੍ਰੇਮ ਨਾਲ ਕਰ ਰਿਹਾ ਹੈ ਕਰਨ ਦਿਓ, ਆਪਣੀ ਗੁਰਮਤ ਸਾਂਭ ਕੇ ਰਖੋ ਵਰਨਾ ਕਿਧਰੇ ਹੋਰ ਨੌਕਰੀ ਵੇਖੋ !ਹੁਣ ਅਸੀਂ ਵੀ ਬੱਚੇ ਪਾਲਨੇ ਨੇ ਭੈਣ, ਇਨ੍ਹਾਂ ਪ੍ਰਬੰਧਕਾਂ ਦੇ ਮੂੰਹ ਕੌਣ ਲੱਗੇ ? ਦੁਖ ਤੇ ਸਾਨੂੰ ਵੀ ਬਹੁਤ ਹੁੰਦਾ ਹੈ ਕੀ ਇਹ ਮਨਮਤ ਕਿਵੇਂ ਫੈਲ ਰਹੀ ਹੈ ! ਕੀਮਤੀ ਸੰਗਮਰਮਰ ਲਗਾ ਕੇ ਫਿਰ ਉਸਨੂੰ ਮੋਮ ਤੇ ਅੱਗ ਨਾਲ ਖਰਾਬ ਕਰ ਦੇਣਾ ਕਿਥੋਂ ਦੀ ਸਿਆਨਪ ਹੈ ? ਬਸ ਵੇਖਾ ਵੇਖੀ ਭੇੜਚਾਲ ਚੱਲ ਰਹੀ ਹੈ !
ਪ੍ਰਬੰਧਕ ਚਾਹੁਣ ਤੇ ਇਹ ਦੁਕਾਨਦਾਰ ਇਥੇ ਨਜ਼ਰ ਨਾ ਆਉਣ ਪਰ ....... (ਠੰਡਾ ਹਉਕਾ ਭਰਦਾ ਹੈ ...)
ਹਰਨਾਮ ਕੌਰ : ਆਮ ਸਿੱਖ ਗੁਰਮਤ ਆਪ ਜੀ ਪਾਸੋਂ ਹੀ ਸਿਖਦਾ ਹੈ ਪਰ ਆਪ ਹੀ ਨੌਕਰੀ ਦੇ ਡਰ ਨਾਲ ਚੁੱਪ ਬੈਠੇ ਹੋ ਤੇ ਫਿਰ ਤੇ ਗੁਰਮਤ ਦਾ ਭੋਗ ਪੈਣਾ ਪੱਕਾ ਹੈ ! ਬਾੜ ਹੀ ਖੇਤ ਨੂੰ ਖਾ ਰਹੀ ਹੈ ! ਰਖਵਾਲਾ ਹੀ ਬਾਗ ਦਾ ਦੁਸ਼ਮਨ ਬਣ ਬੈਠਾ ਹੈ !
ਗੁਰਨਾਮ ਸਿੰਘ : ਭੈਣੇ, ਮੈਂ ਸ਼ਰਮਿੰਦਾ ਹਾਂ ... ਮੈਂ ਜਾਣਦਾ ਹਾਂ ਕੀ ਗੁਰਮਤ ਨੂੰ ਵਿਸਾਰ ਕੇ ਹੀ ਮੇਰੀ ਪੇਟ ਦੀ ਭੁਖ ਸ਼ਾਂਤ ਹੋ ਰਹੀ ਹੈ ਪਰ ਮੈਂ ਮਜਬੂਰ ਹਾਂ ! ਮੈਂ ਅੱਜ ਕੁਛ ਕਹਾਂਗਾ ਤੇ ਕੱਲ ਹੀ ਕੋਈ ਦੂਜਾ ਗ੍ਰੰਥੀ ਆ ਜਾਵੇਗਾ ਮੇਰੇ ਤੋਂ ਵੀ ਘਟ ਤਨਖਾਹ ਤੇ ਕੰਮ ਕਰਨ ਲਈ ! ਫਿਰ ਨੌਕਰੀ ਕੀ ਤੇ ਨਖਰਾ ਹੀ ? ਜੋ ਮਾਲਕ ਕਹੇ ਅਸੀਂ ਤੇ ਓਹੀ ਕਰ ਰਹੇ ਹਾਂ ... !
ਹਰਨਾਮ ਕੌਰ ਦੁਖ ਨਾਲ ਭਰੀ ਉਨ੍ਹਾਂ ਵਾਲ ਵੇਖਦੀ ਹੈ ਤੇ ਬੋਲਦੀ ਹੈ..“ਮਾਲਕ ਕਹੇਗਾ ਕੀ ਖੂੰਹ ਵਿਚ ਛਾਲ ਮਾਰੋ ਤੇ ਕੀ ਮਾਰ ਦਵੋਗੇ ?ਗੁਰਨਾਮ ਸਿੰਘ ਗੱਲ ਨੂੰ ਸਮਝਦਾ ਹੋਇਆ ਅੱਖਾਂ ਨੀਵੀਆਂ ਪਾ ਕੇ ਇੱਕ ਪਾਸੇ ਤੁਰ ਪੈਂਦਾ ਹੈ !
ਹਰਨਾਮ ਕੌਰ ਵੀ ਮਨਮਤ ਦਾ ਭੰਗੜਾ ਵੇਖ ਦੇ ਆਪਣੇ ਰਾਹ ਪੈਂਦੀ ਹੈ !
ਦੁਕਾਨਦਾਰ ਦੀ ਆਵਾਜ਼ ਮਨਮਤ ਦੇ ਢੋਲ ਵਾਂਗ ਗੂੰਜਦੀ ਹੈ ..... “ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੁ ਨੂੰ ਖੁਸ਼ !”
-- ਬਲਵਿੰਦਰ ਸਿੰਘ ਬਾਈਸਨ