ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਦਵਾਰਾ ਕਮੇਟੀਆਂ ਸਿੱਖਾਂ ਨੂੰ , ਗੁਰੂ ਦੀ ਹਜ਼ੂਰੀ ਵਿਚ ਹੀ ਝੂਠ ਬੋਲਣਾ ਸਿਖਾਉਂਦੀਆਂ ਹਨ
ਗੁਰਦਵਾਰਾ ਕਮੇਟੀਆਂ ਸਿੱਖਾਂ ਨੂੰ , ਗੁਰੂ ਦੀ ਹਜ਼ੂਰੀ ਵਿਚ ਹੀ ਝੂਠ ਬੋਲਣਾ ਸਿਖਾਉਂਦੀਆਂ ਹਨ
Page Visitors: 2632

              ਗੁਰਦਵਾਰਾ ਕਮੇਟੀਆਂ ਸਿੱਖਾਂ ਨੂੰ ,
 ਗੁਰੂ ਦੀ ਹਜ਼ੂਰੀ ਵਿਚ ਹੀ ਝੂਠ ਬੋਲਣਾ ਸਿਖਾਉਂਦੀਆਂ ਹਨ 
     ਦਿਵਾਲੀ ਵਾਲੇ ਦਿਨ , ਸਿੱਖੀ ਦੇ ਕੇਂਦਰ , ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਤੋਂ ਅਰਦਾਸੀਆ ਅਰਦਾਸ ਕਰ ਰਿਹਾ ਸੀ  “ ਹੇ ਸੱਚੇ ਪਾਤਸ਼ਾਹ ਜੀਉ , ਆਪ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਆਜ਼ਾਦ ਹੋ ਕੇ , ਹਰਿਮੰਦਰ ਸਾਹਿਬ ਜੀ ਵਿਚ ਆਉਣ ਦੀ ਖੁਸ਼ੀ ਵਿਚ ……………”  
   ਮੈਂ ਸੋਚੀਂ ਪੈ ਗਿਆ ਕਿ , ਇਸ ਵੀਰ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ? ( ਭੱਟ ਵਹੀਆਂ , ਜੋ ਸਿੱਖੀ ਇਤਿਹਾਸ ਦਾ ਪਰਮਾਣੀਕ ਸੋਮਾ ਹਨ , ਅਨੁਸਾਰ ਦਿਵਾਲੀ ਵਾਲੀ ਰਾਤ ਤਾਂ , ਗੁਰੂ ਹਰਿਗੋਬਿੰਦ ਸਾਹਿਬ ਜੀ , ਗਵਾਲੀਅਰ ਵਿਚ ਹੀ , ਭਾਈ ਹਰਦਾਸ ਜੀ , ਦਰੋਗੇ ਦੇ ਘਰ ਸਨ) ਇਸ ਨੂੰ ਅਰਦਾਸ ਕਰਨ ਵੇਲੇ ਕੁਝ ਤਾਂ ਜਾਣਕਾਰੀ ਹੋਣੀ ਚਾਹੀਦੀ ਸੀ । ਜੇ ਇਸ ਨੂੰ ਸਹੀ ਜਾਣਕਾਰੀ ਨਹੀਂ ਤਾਂ , ਇਸ ਨੂੰ ਇਹ ਗਲਤ ਜਾਣਕਾਰੀ ਕਿਸ ਤੋਂ ਮਿਲੀ ? ਯਕੀਨਨ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਕਿਸੇ ਵਿਅਕਤੀ ਤੋਂ ਹੀ ਮਿਲੀ ਹੋਵੇਗੀ । ਕੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ , ਗਲਤ ਬਿਆਨੀ ਕਰਨਾ ਠੀਕ ਹੈ ?
  ਗੁਰੂ ਸਾਹਿਬ ਤਾਂ ਸਿੱਖ ਨੂੰ , ਗੁਰੁ , ਪਰਮਾਤਮਾ ਦੀ ਹਜ਼ੂਰੀ ਵਿਚ , ਜੋ ਹਰ ਵੇਲੇ , ਹਰ ਥਾਂ ਮੌਜੂਦ ਹੈ , ਸੱਚ ਬੋਲਣ ਦੀ ਸਿਖਿਆ ਦੇਂਦੇ ਹਨ , ਪਰ ਜੋ ਬੰਦਾ ਗੁਰਦਵਾਰੇ ਦੀ ਹੱਦ ਅੰਦਰ , ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੀ ਸੱਚ ਨਹੀਂ ਬੋਲ ਸਕਦਾ , ਉਹ ਹਰ ਵੇਲੇ , ਹਰ ਥਾਂ ਮੌਜੂਦ ਗੁਰੁ ਦੀ ਹਜ਼ੂਰੀ ਵਿਚ ਕੀ ਸੱਚ ਬੋਲਦਾ ਹੋਵੇਗਾ ? ਫਿਰ ਖਿਆਲ ਆਇਆ ਕਿ , ਕਦੀ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੱਚ ਬੋਲਦੇ ਵੀ ਸੁਣਿਆ ਹੈ ?  50 / 60 ਸਾਲ ਪਿੱਛੇ ਝਾਤੀ ਮਾਰਨ ਨਾਲ , ਇਕ ਦੋ ਮੌਕਿਆਂ ਤੇ ਕਿਸੇ ਨੇ ਸੱਚ ਤਾਂ ਬੋਲਿਆ ਸੀ , ਪਰ ਉਸ ਦਾ ਨਤੀਜਾ ਕੀ ਹੋਇਆ ਸੀ , ਗੁਰਦਵਾਰੇ ਵਿਚ ਹੀ ਸੱਚ ਬੋਲਣ ਵਾਲੇ ਨਾਲ ਬੁਰਾ ਵਿਹਾਰ ਹੋਇਆ ਸੀ ।
   ਗੁਰਦਵਾਰਾ ਕਮੇਟੀ ਵਾਲੇ , ਇਕ ਦੂਸਰੇ ਨੂੰ ਠਿੱਬੀ ਲਾਉਂਦੇ , ਗੁਰਦਵਾਰੇ ਵਿਚ ਹੀ ਸਰਾ-ਸਰ ਝੂਠ ਬੋਲਦੇ ਵੇਖੇ ਜਾ ਸਕਦੇ ਹਨ । ਕੀਰਤਨੀਏ , ਕਥਾਵਾਚਕ , ਪਰਚਾਰਕ , ਢਾਡੀ , ਗੁਰੁ ਮਹਾਰਾਜ ਦੀ ਹਜ਼ੂਰੀ ਵਿਚ ਹੀ , ਮਿਥਿਹਾਸਿਕ ਕਹਾਣੀਆਂ ਵਿਚ ਆਪਣੇ ਪੱਲਿਉਂ ਮਸਾਲੇ ਲਾ-ਲਾ ਕੇ ਸੁਣਾਉਂਦੇ ਰਹਿੰਦੇ ਹਨ । ਡੇਰੇਦਾਰ ਤਾਂ ਸਰਾਸਰ ਝੂਠੀਆਂ ਸਾਖੀਆਂ ਸੁਣਾਉਂਦੇ , ਆਪਣੇ ਝੂਠ ਨੂੰ ਸੱਚ ਦੀ ਪੁੱਠ ਚੜਾਉਣ ਲਈ ਵਿਚ-ਵਿਚ ਸੰਗਤ ਕੋਲੋਂ ਵਾਹਿਗੁਰੂ ਅਖਵਾ ਕੇ , ਆਪਣੇ ਝੂਠ ਦੇ ਸੱਚ ਹੋਣ ਦਾ ਭਰਮ ਬਣਾਈ ਰਖਦੇ ਹਨ । ਕਿਸੇ ਖੁਸ਼ੀ ਦੇ ਸਮੇ ਜਾਂ ਕਿਸੇ ਮਰਗ ਦੇ ਸਮੇ , ਸਟੇਜ ਤੋਂ ਬੁਲਾਰੇ , ਪ੍ਰੋਗਰਾਮ ਨਾਲ ਸਬੰਧਿਤ ਵਿਅਕਤੀ ਦੀਆਂ ਵਡਿਆਈਆਂ ਕਰਦੇ ਆਮ ਹੀ ਸੁਣੇ ਜਾ ਸਕਦੇ ਹਨ , ਉਹ ਸੱਜਣ ਭਾਵੇਂ , ਚੋਰ-ਠੱਗ , ਬਲੈਕੀਆ , ਦੂਸਰੇ ਦਾ ਹੱਕ ਮਾਰਨ ਵਾਲਾ ਹੀ ਹੋਵੇ । ਵੇਹਲੜ-ਠੱਗ , ਵਿਭਚਾਰੀ , ਗੁਰੂ ਦੀ ਹਜ਼ੂਰੀ ਵਿਚ ਸਰਾਸਰ ਝੂਠ ਬਾਲਣ ਵਾਲੇ , ਸਿੱਖਾਂ ਨੂੰ ਗੁਰਮਤਿ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਨੂੰ  ਸੰਤ-ਮਹਾਂਪੁਰਸ਼ , ਬ੍ਰਹਮਗਿਆਨੀ ਦੀ ਡਿਗਰੀ ਦੇਣਾ ਤਾਂ ਇਨ੍ਹਾਂ ਲਈ ਆਮ ਜਿਹੀ ਗੱਲ ਹੈ ।  ਇਸ ਮਾਮਲੇ ਵਿਚ ਸਟੇਜ-ਸਕੱਤ੍ਰ ਨੂੰ ਤਾਂ ਸਹਿਜ ਹੀ ਝੂਠ ਦਾ ਪੁਤਲਾ ਕਿਹਾ ਜਾ ਸਕਦਾ ਹੈ ।
    ਗੁਰੂ ਸਾਹਿਬ ਜੀ ਦੇ ਕਹੇ ਜਾਂਦੇ ਵਜ਼ੀਰ ,(ਅਰਦਾਸ ਕਰਨ ਵੇਲੇ) ਜਿਸ ਨੇ ਵੀ ਹੱਥ ਵਿਚ ਪੈਸੇ ਦੇ ਦਿੱਤੇ , ਉਸ ਨੂੰ ਹੀ ਗੁਰੂ ਘਰ ਦਾ ਮਹਾਨ ਸੇਵਕ , ਗੁਰਮੁਖਿ , ਪੂਰਨ ਗੁਰਸਿੱਖ ਦੀ ਉਪਾਧੀ ਨਾਲ ਨਿਵਾਜਣ ਵਿਚ ਜ਼ਰਾ ਵੀ ਢਿੱਲ ਨਹੀਂ ਲਾਉਂਦੇ , ਭਾਵੇ ਉਹ ਰੋਮਾਂ ਦੀ ਬੇਅਦਬੀ ਕਰਨ ਵਾਲਾ ਹੋਵੇ , ਭਾਵੇਂ ਸਿਰ-ਗੁਮ ਹੋਵੇ ਜਾਂ ਗੁਰੁ ਵਲੋਂ ਮਨ੍ਹਾ ਕੀਤੇ ਸਾਰੇ ਕਰਮ-ਕਾਂਡ ਕਰਨ ਵਾਲਾ ਹੋਵੇ । ਇਸ ਸਾਰੀ ਬਿਮਾਰੀ ਦੀ ਜੜ੍ਹ ਗੁਰਦਵਾਰੇ ਤੇ ਕਾਬਜ਼ ਕਮੇਟੀ ਦੇ ਮੈਂਬਰ ਹੀ ਹੁੰਦੇ ਹਨ ।
  ਅਜਿਹੀਆਂ ਕਮੇਟੀਆਂ ਵਲੋਂ ਚਲਾਏ ਜਾਂਦੇ ਗੁਰਦਵਾਰਿਆਂ ਨੂੰ , ਕੀ ਵਾਕਿਆ ਹੀ ਗੁਰਦਵਾਰਾ , ਗੁਰੂ ਦਾ ਘਰ , ਧਰਮ-ਅਸਥਾਨ ਕਿਹਾ ਜਾ ਸਕਦਾ ਹੈ ? ਜਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਚੱਲ ਰਹੇ ਵਪਾਰਕ ਕੇਂਦਰ ਹਨ ?  ਜਦੋਂ ਅਜਿਹੇ ਬੰਦੇ ਪੂਰਨ ਗੁਰਸਿੱਖ ਬਣ ਕੇ , ਅਮਰ ਵੇਲ ਵਾਙ ਸਿੱਖੀ ਤੇ ਛਾਏ ਹੋਏ ਹੋਣ ਤਾਂ , ਸਿੱਖੀ ਦੇ ਬਚਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ? ਅਜਿਹੇ ਗਰਦਵਾਰਿਆਂ ਤੋਂ ਭੱਜੇ ਲੋਕ , ਨਾਸਤਕ , ਕਰਮ-ਕਾਂਡੀ ਨਹੀਂ ਤਾਂ ਹੋਰ ਕੀ ਬਣਨਗੇ ?
        ਕੀ ਇਸ ਦਾ ਕੋਈ ਹੱਲ ਕਿਸੇ ਕੋਲ ਹੈ ? ਜੇ ਨਹੀਂ ਤਾਂ ਫਿਰ ਸਿੱਖੀ ਕਿਵੇਂ ਬਚੇਗੀ ?
                                                       ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.