ਵਾਦ-ਵਿਵਾਦ ਦਾ ਵਪਾਰ ਅਤੇਤਨਖਾਹਦਾਰ
ਧਰਮ ਚਿੰਤਨ ਦੇ ਖੇਤਰ ਵਿਚ ਵਿਚਾਰ ਚਰਚਾ ਹੁੰਦੀ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਗੁਰੂ ਨਾਨਕ ਜੀ ਵਲੋਂ ਉਚਰੀ ‘ਸਿੱਧ ਗੋਸ਼ਟਿ’ ਹੈ। ਪਰ ਨਾਲ ਹੀ ਬਾਣੀ ਅੰਦਰ ਵਿਚਾਰ ਚਰਚਾ ਨੂੰ ਵਾਦ-ਵਿਵਾਦ ਵਿਚ ਬਦਲਣ ਬਾਰੇ ਵੀ ਉਚੇਚੀ ਸਿੱਖਿਆ ਹੈ । ਗੁਰਮਤਿ ਵਿਚ ਵਿਚਾਰ ਚਰਚਾ ਦਾ ਭਾਵ, ਬਿਬੇਕ ਦੀਪਕ ਦੀ ਵਰਤੋਂ ਦੇ ਜਤਨ ਦਾ ਹੈ, ਤਾਂ ਕਿ ਵਿਚਾਰ-ਚਰਚਾ ਵਿਚ ਕਿਸੇ ਵੀ ਨੁੱਕਤੇ ਪ੍ਰਤੀ ਗ਼ੈਰ ਵਾਜਬ ਦਲੀਲ ਨੂੰ ਨਾ ਵਰਤਿਆ ਜਾਏ, ਕਿਉਂਕਿ ਗ਼ੈਰ ਵਾਜਬ ਦਲੀਲ,ਆਖਰਕਾਰ ਬੇਲੋੜੀ ਅਤੇ ਬੇਅਸਰ ਸਾਬਤ ਹੁੰਦੀ ਹੈ, ਭਾਵੇਂ ਕੁੱਝ ਸਮੇਂ ਲਈ ਉਹ ਦਲੀਲ, ਜ਼ਾਹਰਾ ਤੌਰ ਤੇ ਚੰਗੀ ਹੀ ਕਿਉਂ ਨਾ ਲੱਗਦੀ ਹੋਵੇ।ਵਾਜਬ ਵਿਚਾਰ ਚਰਚਾ ਤੋਂ ਪਰੇ ਵਾਦ-ਵਿਵਾਦ ਉੱਤਪੰਨ ਕਰਨ ਦੀ ਪ੍ਰਵ੍ਰਿਤੀ ਬਾਰੇ ਸੁਚੱਜੀ ਵਿਚਾਰ ਚਰਚਾ ਦੇ ਜਨਕ ਜਗਤ ਗੁਰੂ, ਗੁਰੂ ਨਾਨਕ ਜੀ ਫੁਰਮਾਉਂਦੇ ਹਨ:-
ਅਕਲਿ ਏਹ ਨ ਆਖਿਐ ਅਕਲਿ ਗਵਾਈਐ ਬਾਦਿ ॥
ਅਕਲਿ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲਿ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ (ਗੁਰੂ ਗ੍ਰੰਥ ਸਾਹਿਬ ਜੀ , ਪੰਨਾ ੧੨੪੫)
ਭਾਵ ਵਾਦ-ਵਿਵਾਦ ਵਿਚ ਗੁਆਈ ਅਕਲ ਨੂੰ ਅਕਲਮੰਦੀ ਨਹੀਂ ਕਿਹਾ ਜਾ ਸਕਦਾ।ਅਕਲਮੰਦੀ ਤਾਂ ਪਰਮਾਤਮਾ ਦੇ ਸਿਮਰਨ ਰਾਹੀਂ ਮਾਨ ਪ੍ਰਾਪਤ ਕਰਨ ਵਿਚ ਹੈ।ਅਕਲਮੰਦੀ ਤਾਂ ਪਰਮਾਤਮਾ ਨੂੰ ਬੂਝਣ ਅਤੇ ਉਸ ਬੂਝ ਨੂੰ ਵੰਡਣ ਵਿਚ ਹੈ ਨਾ ਕਿ ਵਾਦ ਵਿਵਾਦ ਖੜੇ ਕਰਕੇ ਉਨਾਂ ਨੂੰ ਵੇਚਣ ਵਿਚ । ਅੱਜ ਅਸੀਂ ਵੇਖਦੇ ਹਾਂ ਕਿ ਸਿੱਖੀ ਪ੍ਰਤੀ ਦਰਦ ਦਾ ਰੋਲਾ ਪਾਉਂਦੇ ਕੁੱਝ ਅਖ਼ਬਾਰ ਅਤੇ ਕਲਮ ਨਵੀਸ ਕਿਵੇਂ ਆਪਣੀਆਂ ਲਿਖਤਾਂ ਵੇਚਦੇ ਪੈਸਾ ਕਮਾਉਂਦੇ ਹਨ । ਇਨਾਂ ਬਾਰੇ ਗੁਰੂ ਸਾਹਿਬ ਉਚਾਰਦੇ ਹਨ:-
ਧ੍ਰਿਗ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਿਹ ਨਾਉ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੨੪੫)
ਐਸੇ ਸੱਜਣ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੋਈ ਭੇਟਾਂ ਨਾ ਦੇਵੋ ਬਸ ਸਾਨੂੰ ਡੋਨੇਸ਼ਨ ਦੇਉ ਜੀ, ਸਾਡੀ ਪਰਚੀ/ਕੂਪਨ ਕਟਾ ਸਾਡੇ ਮੈਂਬਰ ਬਣੋਂ ਜੀ ! ਕੀ ਇਹ ਨਾਮ ਵੇਚਣ ਵਾਲੇ ਨਹੀਂ ਹਨ ? ਨਿਰਸੰਦੇਹ: ਇਹ ਨਾਮ ਵੇਚਣ ਵਾਲੇ ਹਨ ਜੋ ਰਾਗੀਆਂ ਅਤੇ ਪਾਠੀਆਂ ਨੂੰ ਭੰਡਦੇ ਆਪ ਨਾਮ ਵੇਚਦੇ ਹਨ। ਕੀ ਇਹ ਗਲਾਂ ਆਪ ਸ਼ੈਤਾਨੀ ਨਹੀਂ ਹਨ ?
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੨੪੫)
ਖ਼ੈਰ, ਜਿਵੇਂ ਕਿ ਆਰੰਭ ਵਿਚ ਵਿਚਾਰ ਆਏ ਹਾਂ, ਵਿਚਾਰ ਚਰਚਾ ਵਿਚ ਦਿੱਤੀ ਗ਼ੈਰ ਵਾਜਬ ਦਲੀਲ, ਆਖਰਕਾਰ ਬੇਲੋੜੀ ਅਤੇ ਬੇਅਸਰ ਸਾਬਤ ਹੁੰਦੀ ਹੈ, ਇਸ ਲਈ ਉਸ ਤੋਂ ਬੱਚਣਾ ਚਾਹੀਦਾ ਹੈ।ਇਹ ਵਿਚਾਰ ਚਰਚਾ ਲੰਭੀ ਨਾ ਹੋਵੇ ਇਸ ਲਈ ਹੇਠ ਲਿਖਿਆਂ ਇਕ-ਦੋ ਗਲਾਂ ਮਿਸਾਲ ਰੂਪ ਵਿਚਾਰ ਲੇਂਦੇ ਹਾਂ।
ਕਿਸੇ ਅਦਾਲਤ ਦੇ ਜੱਜ ਵਲੋਂ ਦਿੱਤੇ ਗਲਤ ਫੈਸਲੇ ਤੇ ਟਿੱਪਣੀ ਕਰਨ ਵੇਲੇ ਇਹ ਦਲੀਲ ਕੋਈ ਮਤਲਭ ਨਹੀਂ ਰੱਖਦੀ ਕਿ ਜੱਜ ਇਕ ਤਨਖਾਹਦਾਰ ਮੁਲਾਜ਼ਿਮ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਜੱਜ ਤਨਖਾਹਦਾਰ ਹੁੰਦੇ ਹਨ ਪਰ ਉਨਾਂ ਨੂੰ ਤਨਖਾਹ ਕੋਈ ਆਪਣੀ ਜੇਬ ਵਿਚੋਂ ਨਹੀਂ ਦਿੰਦਾ ਜਿਵੇਂ ਕਿ ਗੁਰਦੁਆਰੇ ਦੇ ਸੇਵਾਦਾਰ ਦੀ ਤਨਖਾਹ ਕੋਈ ਆਪਣੀ ਜੇਬ ਵਿਚੋਂ ਨਹੀਂ ਦਿੰਦਾ ਬਲਕਿ ਉਹ ਗੁਰੂ ਦੀ ਗੋਲਕ ਵਿਚੋਂ ਤਨਖਾਹ ਲੇਂਦਾ ਹੈ ਜਿਸ ਨੂੰ ਹਲਾਲ ਸਾਬਤ ਕਰਨ ਦੀ ਜਿੰਮੇਵਾਰੀ ਸੇਵਾਦਾਰ ਦੀ ਹੁੰਦੀ ਹੈ। ਤਨਖਾਹ ਤਾਂ ਫੌਜਾਂ ਦੇ ਜਨਰਲ ਵੀ ਲੇਂਦੇ ਹਨ ਅਤੇ ਮੁੱਲਕਾਂ ਦੇ ਸਰਬਰਾਹ ਵੀ ! ਨਹੀਂ ? ਕੀ ਉਹ ਤਨਖਾਹ ਲੇਂਣ ਕਾਰਨ ਗੱਧਾਰ ਹੋ ਜਾਂਦੇ ਹਨ ?
ਤਨਖਾਹਦਾਰੀ ਤਾਂ ਜਿੰਮੇਵਾਰੀ ਲਾਗੂ ਕਰਦੀ ਹੈ । ਵਰਨਾ ਬਿਨਾ ਤਨਖਾਹ ਦੇ ਕੰਮ ਕਰਨ ਵਾਲਾ ਸੱਜਣ ਕਈਂ ਵਾਰ ਤਨਖਾਹ ਨਾ ਲੇਂਣ ਕਾਰਨ ਬੇਲਗਾਮ, ਅਹੰਕਾਰੀ ਜਾਂ ਅਹਿਸਾਨ ਜਤਾਉਂਣ ਵਾਲਾ ਹੋ ਨਿੱਬੜਦਾ ਹੈ । ਜਿਵੇਂ ਕਿ ਕੋਈ ਤਾਨਾਸ਼ਾਹ ! ਸੱਜਣ ਪੂਰਬੀ ਹੋਂਣ ਜਾਂ ਪੱਛਮੀ ਦੇਸ਼ਾਂ ਦੇ, ਜ਼ਰਾ ਕੁ ਵਿਚਾਰ ਕਰਨ ਕਿ ਕਿਹੜਾ ਜੱਜ ਇਸ ਲਈ ਗਲਤ ਕਿਹਾ ਜਾ ਸਕਦਾ ਹੈ ਕਿ ਉਹ ਤਨਖਾਹਦਾਰ ਹੈ ? ਜ਼ਿਆਦਾ ਸੱਭਿਯ ਕਹੇ ਜਾਂਦੇ ਪੱਛਮੀ ਦੇਸ਼ਾਂ ਵਿਚ ਵੱਸਦੇ ਅਤੇ ਉਨਾਂ ਦੇਸ਼ਾਂ ਦੇ ਨਿਯਮਾਂ ਦਾ ਪਾਲਨ ਕਰਨ ਵਿਚ ਫਖ਼ਰ ਦਰਸਾਉਂਦੇ ਕੁੱਝ ਲੇਖਕਾਂ ਨੇ, ਕਦੇ ਉਨਾਂ ਦੇਸ਼ਾਂ ਦੇ ਅਦਾਲਤੀ ਨਿਜ਼ਾਮ ਨੂੰ ਵੇਖਿਆ ਹੈ ? ਕੀ ਉੱਥੇ ਪੁਜਾਰੀ ਬੈਠੇ ਹਨ ਜੋ ਤਨਖਾਹ ਲੇਂਣ ਕਰਕੇ ਮਾੜੇ ਕਹੇ ਜਾ ਸਕਦੇ ਹਨ ? ਜੇ ਕਿਸੇ ਮਾੜੇ ਅਦਾਲਤੀ ਫੈਸਲੇ ਤੇ ਟਿੱਪਣੀ ਕਰਨ ਵਾਲਾ ਸੱਜਣ, ਨੁਕਤੇ ਤੇ ਗਲ ਕਰਨ ਦੇ ਬਜਾਏ, ਜੱਜ ਦੇ ਤਨਖਾਹਦਾਰ ਹੋਂਣ ਦਾ ਰੋਲਾ ਹੀ ਪਾਉਂਦਾ ਰਹੇਗਾ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਰੋਲਾ ਪਾਉਂਣ ਵਾਲਾ, ਵਾਜਬ ਦਲੀਲ ਤੋਂ ਰਹਿਤ ਵਾਦ-ਵਿਵਾਦ ਕਰਨ ਵਾਲਾ ਐਸਾ ਸੱਜਣ ਹੈ ਜੋ ਆਪਣੀ ਦਲੀਲ ਦੀ ਮਜ਼ਬੂਤੀ ਜਾਂ ਕਮਜ਼ੋਰੀ ਨੂੰ ਪਰਖਣ ਵਿਚ ਅਸਮਰਥ ਹੈ ਅਤੇ ਇਸ ਪੱਖੋਂ ਉਸਦੀ ਦਿਲਚਸਪੀ ਵਾਜਬ ਵਿਚਾਰ ਚਰਚਾ ਵਾਲੀ ਨਹੀਂ ਬਲਕਿ ਬੇ-ਦਲੀਲ ਵਿਵਾਦ ਕਰਨ ਵਾਲੀ ਹੈ। ਨੁਕਤੇ ਤੋਂ ਪਰੇ ਐਸੇ ਵਾਦ-ਵਿਵਾਦ ਬਾਰੇ ਗੁਰੂ ਨਾਨਕ ਦੇਵ ਜੀ ਉਚਾਰਦੇ ਹਨ:-
ਧਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੬)
ਪੜਿ ਪੜਿ ਪੰਡਿਤ ਬਾਦੁ ਵਖਾਣੈ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੫੨)
ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੨੬)
ਗੁਰਮਤਿ ਸਾਚੀ ਹੁਜਤਿ ਦੂਰਿ ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੫੨)
ਜਿਹੜੇ ਸੱਜਣ ਅਣਜਾਣੇ ਐਸੇ ਵਾਦ-ਵਿਵਾਦ ਵਿਚ ਫੱਸਦੇ ਹਨ ਉਨਾਂ ਨੂੰ ਚਾਹੀਦਾ ਹੈ ਕਿ ਉਹ ਵਾਦ ਵਿਵਾਦ ਵੇਚਣ ਦੇ ਵਪਾਰ ਨੂੰ ਸਮਝਣ।
ਹਰਦੇਵ ਸਿੰਘ,
ਹਰਦੇਵ ਸਿੰਘ ਜਮੂੰ
ਵਾਦ-ਵਿਵਾਦ ਦਾ ਵਪਾਰ ਅਤੇਤਨਖਾਹਦਾਰ
Page Visitors: 2878