ਝਾੜੂ ਉੱਤੇ ਝਾੜੂ ! (ਨਿੱਕੀ ਕਹਾਣੀ)
ਇਹ ਕੀ ? ਸਾਫ਼ ਹੋ ਚੁੱਕੀ ਸੜਕ ਉੱਤੇ ਹੀ ਤੁਸੀਂ ਝਾੜੂ ਕਿਓਂ ਮਾਰੀ ਜਾ ਰਹੇ ਹੋ ? (ਮਨਜੀਤ ਸਿੰਘ ਨੇ ਝਾੜੂ ਜੱਥੇ ਦੇ ਸੇਵਾਦਾਰ ਕੁਲਜੀਤ ਸਿੰਘ ਨੂੰ ਪੁਛਿਆ)
ਕੁਲਜੀਤ ਸਿੰਘ : ਬਾਬਾ ਜੀ ਦੀ ਸਵਾਰੀ ਆ ਰਹੀ ਹੈ ! ਸਾਡਾ ਫਰਜ਼ ਹੈ ਕੀ ਸੜਕ ਨੂੰ ਸਾਫ਼ ਰਖੀਏ ! (ਇਹ ਕਹਿੰਦੇ ਹੋਏ ਮਨਜੀਤ ਸਿੰਘ ਨੇ ਝਾੜੂ ਚੁੱਕ ਲਿਆ ਤੇ ਸਾਫ਼ ਹੋ ਚੁੱਕੀ ਸੜਕ ਤੇ ਫਿਰ ਮਾਰਣ ਲੱਗਾ)
ਮਨਜੀਤ ਸਿੰਘ : ਵੀਰ ! ਕੇਵਲ ਸੜਕ ਦਾ ਕੂੜਾ ਇੱਕ ਪਾਸੇ ਕਰ ਦੇਣ ਨਾਲ ਹੀ ਸਾਡਾ ਕੰਮ ਖਤਮ ਹੋ ਜਾਂਦਾ ਹੈ ? ਜਾਂ ਫਿਰ ਜੇਕਰ ਇਸ ਕੂੜੇ ਨੂੰ ਜੋ ਪਾਣੀ ਨਾਲ ਰਲ ਕੇ ਸੜਕ ਤੇ ਤਿਲਕਣ ਅਤੇ ਗੰਦਗੀ ਪੈਦਾ ਕਰ ਰਿਹਾ ਹੈ ਨੂੰ ਕਿਸੀ ਬੋਰੀ ਜਾਂ ਪੋਲੀਥੀਨ ਬੈਗ ਵਿਚ ਪਾ ਕੇ ਸਾੰਭ ਲਈਏ ਤਾਂ ਕੀ ਨਗਰ ਕੀਰਤਨ ਤੋਂ ਬਾਅਦ ਇਸ ਸੜਕ ਤੋਂ ਲੰਘਣ ਵਾਲੀਆਂ ਸੰਗਤਾਂ ਅਤੇ ਹੋਰ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਹੋਵੇ ? ਅੱਤੇ ਮੁਨਿਸਿਪਲ ਕਮੇਟੀ ਵਾਲਿਆਂ ਨੂੰ ਵੀ ਸੋਖ ਹੋ ਜਾਵੇ ਸਫਾਈ ਰਖਣ ਵਿਚ ! ਨਾਲ ਹੀ ਜੋ ਲੋਗ ਵੰਨ-ਸੁਵੰਨੇ ਸਟਾਲ ਲਗਾਉਂਦੇ ਨੇ ਉਨ੍ਹਾਂ ਨੂੰ ਵੀ ਜਾਗਰੂਕ ਕਰੀਏ ਕੀ ਸਫਾਈ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਵੇ !
ਕੁਲਜੀਤ ਸਿੰਘ (ਔਖਾ ਹੁੰਦਾ ਹੋਇਆ) : ਇਹ ਸਾਡਾ ਕੰਮ ਨਹੀ ਹੈ ! ਸਾਡਾ ਕੰਮ ਹੈ ਝਾੜੂ ਦੀ ਸੇਵਾ ਕਰਨਾ ਤੇ ਅਸੀਂ ਬਹੁਤ ਸਾਲਾਂ ਤੋਂ ਇਹੀ ਕਰਦੇ ਆ ਰਹੇ ਹਾਂ ! ਤੁਹਾਨੂੰ ਜਿਆਦਾ ਦਰਦ ਹੈ ਤੇ ਤੁਸੀਂ ਆਪ ਕਰ ਲਵੋ ਸਫਾਈ ਤੇ ਲੋਕਾਂ ਨੂੰ ਜਾਗਰੂਕ !
ਮਨਜੀਤ ਸਿੰਘ : ਸਾਫ਼ ਹੋ ਚੁਕੀ ਸੜਕ ਤੇ ਤੁਸੀਂ ਦਸ-ਦਸ ਵਾਰ ਸ਼ਰਧਾ ਦੇ ਨਾਮ ਤੇ ਝਾੜੂ ਉੱਤੇ ਝਾੜੂ ਮਾਰ ਸਕਦੇ ਹੋ ਪਰ ਉਸ ਕੂੜੇ ਦੀ ਸੰਭਾਲ ਕਰਨ ਲਈ ਤਿਆਰ ਨਹੀ ਹੋ ! ਆਪ ਜੀ ਪਾਸ ਨਿਸ਼ਕਾਮ ਸੇਵਾਦਾਰ ਵੀ ਹਨ ਇਸ ਕੂੜੇ ਦੀ ਸੰਭਾਲ ਲਈ ਪਰ ਵਿਚਾਰ ਕਿਓਂ ਨਹੀ ਕਰਨਾ
ਚਾਹੁੰਦੇ ? ਆਪਨੇ ਘਰਾਂ ਵਿਚ ਵੀ ਤੇ ਅਸੀਂ ਝਾੜੂ ਮਾਰਣ ਤੋਂ ਬਾਅਦ ਕੂੜਾ ਇਕੱਠਾ ਕਰ ਕੇ ਡਸ਼ਟ ਬਿਨ ਵਿਚ ਪਾਉਂਦੇ ਹਾਂ; ਫਿਰ ਇੱਥੇ ਕੀ ਦਿੱਕਤ ਹੈ ?
ਕੁਲਜੀਤ ਸਿੰਘ : ਜਾਓ ਤੁਸੀਂ ਭਾਈ ਸਾਹਿਬ; ਕਿਓਂ ਸਾਡਾ ਸਮਾਂ ਖਰਾਬ ਕਰ ਰਹੇ ਹੋ ? (ਕਹਿੰਦਾ ਹੋਇਆ ਆਪਣੇ ਦੋਸਤਾਂ ਨਾਲ ਜਾ ਕੇ ਖੜਾ ਹੋ ਜਾਂਦਾ ਹੈ ਜੋ ਘੱਟੋ ਘੱਟ ਦਸ ਵਾਰ ਸਾਫ਼ ਸੜਕ ਤੇ ਝਾੜੂ ਮਾਰਣ ਤੋਂ ਬਾਅਦ ਨਗਰ ਕੀਰਤਨ ਦੇ ਅੱਗੇ ਚਲਣ ਦਾ ਇੰਤੀਜ਼ਾਰ ਕਰ ਰਹੇ ਸੀ !ਮਨਜੀਤ ਸਿੰਘ : ਵੀਰ ਸ਼ਾਇਦ ਇਸੀ ਕਰਕੇ ਆਮ ਲੋਗ "ਨਗਰ ਕੀਰਤਨ" ਦੇ ਜਾਣ ਤੋਂ ਬਾਅਦ ਸੜਕਾਂ ਤੇ ਪਇਆ ਕੂੜਾ ਵੇਖ ਕੇ ਕਹਿੰਦੇ ਨੇ ਕੀ ਅੱਜ ਸਿੱਖਾਂ ਦਾ "ਜਲੂਸ" ਨਿਕਲਿਆ ਸੀ ! (ਮਨ ਹੀ ਮਨ ਫੈਸਲਾ ਕਰਦਾ ਹੈ ਕੀ ਸੰਗਤਾਂ ਅੱਤੇ ਸਟਾਲ ਵਾਲਿਆਂ ਨੂੰ ਖੁਦ ਉਸ ਕੂੜੇ ਦੀ ਸਫਾਈ ਅਤੇ ਸਾੰਭ ਕਰ ਕੇ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇ !)
- ਬਲਵਿੰਦਰ ਸਿੰਘ ਬਾਈਸਨ