ਦਲਜੀਤ ਸਿੰਘ ਇੰਡਿਆਨਾ
ਗੁਰਬਾਣੀ ਅਨੁਸਾਰ ਰਸ (ਚਸਕੇ) ਕਿਹੜੇ ਹਨ ?
Page Visitors: 3095
ਗੁਰਬਾਣੀ ਅਨੁਸਾਰ ਰਸ (ਚਸਕੇ) ਕਿਹੜੇ ਹਨ ?
ਜਦੋਂ ਵੀ ਕੋਈ ਪ੍ਰਚਾਰਕ ਕਿਤੇ ਜਾਂਦਾ ਹੈ, ਅਤੇ ਓਹ ਸੰਗਤਾਂ ਵਿਚ ਬੈਠ ਕੇ ਵਿਚਾਰ ਚਰਚਾ ਕਰੇ ਤਾਂ
ਸੰਗਤਾਂ ਦਾ ਸਭ ਤੋਂ ਪਹਿਲਾ ਸਵਾਲ ਮਾਸ ਬਾਰੇ ਹੁੰਦਾ ਹੈ, ਕਿ ਖਾਣਾ ਚਾਹੀਦਾ ਹੈ ਕਿ ਨਹੀਂ..ਪਰ ਗੁਰਬਾਣੀ ਵਿਚ
ਆਏ ਰਸਾਂ ਦੇ ਵਰਣਨ ਤੋਂ ਪਤਾ ਲਗਦਾ ਹੈ, ਕਿ ਮਾਸ ਸਭ ਤੋਂ ਅਖੀਰਲਾ ਰਸ ਹੈ.. ਪਰ ਇਹ ਮਾਸ ਬਾਰੇ ਸਵਾਲ
ਪੁੱਛਣ ਵਾਲਿਆਂ ਅਤੇ ਸੰਗਤਾਂ ਨੂੰ ਮਾਸ ਬਾਰੇ ਉਲਝਾਉਣ ਵਾਲੇ, ਕੀ ਓਹ ਦੂਸਰੇ ਰਸਾਂ ਤੋਂ ਮੁਕਤ ਹੋ ਗਏ ਹਨ।
ਜੋ ਸਭ ਦਾ ਧਿਆਨ ਸਿਰਫ ਮਾਸ ਉਪਰ ਹੀ ਆਕੇ ਟਿਕਦਾ ਹੈ। ਆਓ ਗੁਰਬਾਣੀ ਅਨੁਸਾਰ ਸਾਰੇ ਰਸਾਂ ਵਾਰੇ
ਥੋੜੀ ਵਿਚਾਰ ਕਰੀਏ-
ਗੁਰਬਾਣੀ ਵਿਚ ਆਏ ਰਸਾਂ ਬਾਰੇ ਸਿਰੀਰਾਗ ਮਹਲਾ ਪਹਿਲਾ ਵਿਚ ਲਿਖਿਆ ਹੈ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ)
ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ
1... ਰਸੁ ਸੁਇਨਾ ... ਗੁਰਬਾਣੀ ਵਿਚ ਸਭ ਤੋਂ ਪਹਿਲਾ ਰਸ ਸੋਨੇ ਦਾ ਹੈ, ਪਰ ਹੁਣ ਦੇਖੋ ਜਿਹੜੇ ਸਾਧ ਸੰਤ
ਡੇਰਿਆਂ ਵਾਲੇ ਹਨ, ਜਾਂ ਅਸੀਂ ਕਿਨੇ ਕੁ ਇਸ ਰਸ ਤੋਂ ਬਚੇ ਹੋਏ ਹਾਂ.. ਅਜ ਤਾਂ ਬਹੁਤੇ ਡੇਰਿਆਂ ਵਾਲਿਆਂ ਨੇ ਅਤੇ ਗੁਰਦਵਾਰਾ ਸਾਹਿਬ ਇਚ ਸਿਰਫ ਸੋਨਾ ਲਾਉਣ 'ਤੇ ਜ਼ੋਰ ਹੈ, ਕੀ ਇਹ ਲੋਕ ਸੋਨੇ ਨੂ ਅਹਿਮੀਅਤ ਦੇਕੇ ਗੁਰਬਾਣੀ
ਦੇ ਉਲਟ ਕੰਮ ਨਹੀਂ ਕਰ ਰਹੇ ? ਜਾਂ ਇਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ..ਬੀਬੀਆਂ ਇਸ ਰਸ ਵਿਚ ਸਭ ਤੋਂ
ਜਿਆਦਾ ਗਲਤਾਨ ਨੇ, ਕਿਓਂਕਿ ਓਨ੍ਹਾਂ ਨੂੰ ਗਹਿਣਿਆਂ ਭਾਵ ਸੋਨੇ ਦਾ ਚਸਕਾ ਹੁੰਦਾ ਹੈ ।
2 ... ਰਸੁ ਰੁਪਾ ਕਾਮਣਿ ਰਸੁ ... .ਦੂਸਰਾ ਰਸ ਭਾਵ ਕਾਮ ਦਾ ਰਸ, ਜਿਹੜੇ ਇਹ ਸਾਧ ਸੰਤ ਵਿਆਹ ਨਹੀਂ
ਕਰਵਾਉਂਦੇ ਅਤੇ ਬਾਅਦ ਵਿਚ ਇਨ੍ਹਾਂ 'ਤੇ ਬਲਾਤਕਾਰ ਦੇ ਕੇਸ ਚਲਦੇ ਹਨ, ਕਿਉਂਕਿ ਇਹ ਕਾਮੀ ਹਨ, ਇਸ ਦੀ
ਤਾਜ਼ਾ ਉਧਾਰਨ ਮਾਨ ਸਿੰਘ ਪਹੇਵੇ ਵਾਲੇ ਸਾਧ ਦਾ ਬਲਾਤਕਾਰ ਦੇ ਕੇਸ ਵਿਚ ਉਲਝਨਾ ਅਤੇ ਸੰਤ ਧਨਵੰਤ
ਸਿੰਘ ਨੂੰ ਬਲਾਤਕਾਰ ਦੇ ਕੇਸ ਵਿਚ ਸਜ਼ਾ ਹੋਣਾ, ਸਰਸੇ ਵਾਲੇ ਸਾਧ ਦਾ ਬਲਾਤਕਾਰ ਦੇ ਕੇਸ ਵਿਚ ਫਸਣਾ.. ਆਸਾ
ਰਾਮ ਅਤੇ ਹੋਰ ਅਨੇਕਾਂ ਅਖੌਤੀ ਸਾਧ ਸੰਤ ਨੇ ਜਿਹੜੇ ਕਾਮੀ ਨੇ... ਆਪਣੇ ਡੇਰੇ ਵਿਚ ਆਉਣ ਵਾਲੀਆਂ ਬੀਬੀਆਂ
ਨੂੰ ਕਾਮ ਵਾਸਨਾ ਦਾ ਸ਼ਿਕਾਰ ਬਣਾਉਦੇ ਹਨ।
3 ... ਪਰਮਲ ਕੀ ਵਾਸੁ ... ਤੀਜਾ ਰਸ ਗੁਰਬਾਣੀ ਅਨੁਸਾਰ ਸੁਗੰਧੀਆਂ ਦਾ, ਲੋੜ ਅਨੁਸਾਰ ਅਸੀਂ ਆਪਣੀ ਚਮੜੀ
ਦੀ ਰਖਿਆ ਕਰਨ ਵਾਸਤੇ ਕਰੀਮ ਲੋਸ਼ਨ ਲਾਉਣੇ ਹਨ, ਪਰ ਇਸ ਨੂੰ ਜਿੰਦਗੀ ਦਾ ਰਸ ਨਹੀਂ ਬਣਾਉਣਾ। ਪਰ
ਕਈ ਸਾਧ ਤਾਂ ਗੁਰੂ ਗਰੰਥ ਸਾਹਿਬ ਉਪਰ ਵੀ ਪਰਫਿਊਮ ਦੀ ਸਪਰੇ ਕਰਦੇ ਹਨ, ਹਾਲਾਂਕਿ ਇਸ ਵਿਚ
ਅਲਕੋਹਲ ਹੁੰਦੀ ਹੈ, ਪਰ ਇਨ੍ਹਾਂ ਨੂੰ ਕਿਹੜਾ ਸਮਝਾਵੇ, ਕਿ ਗੁਰਬਾਣੀ ਤਾਂ ਇਹਨਾ ਰਸਾਂ ਤੋਂ ਦੂਰ ਰਹਿਣ ਵਾਸਤੇ
ਆਖਦੀ ਹੈ, ਪਰ ਗੁਰੂ ਦੇ ਕਹੇ ਬਚਨ ਨੂੰ ਮਨਣ ਦੀ ਬਜਾਏ ..ਗੁਰੂ ਨੂੰ ਵੀ ਕਹਿੰਦੇ ਗੁਰੂ ਸਾਹਿਬ ਤੈਨੂੰ ਵੀ ਰਸ
ਭੋਗੀ ਬਣਾ ਦੇਣਾ ਹੈ।
4 ... ਰਸੁ ਘੋੜੇ ... ਹੁਣ ਗੱਲ ਕਰਦੇ ਹਾਂ ਚੌਥੇ ਰਸ ਮਹਿੰਗੇ ਮਹਿੰਗੇ ਘੋੜਿਆਂ ਦੀ ਸਵਾਰੀ ਭਾਵ ਮਹਿੰਗੀਆ
ਮਹਿੰਗੀਆ ਕਾਰਾਂ ਦਾ ਚਸਕਾ ਭਾਵ ਰਸ ..ਲੋੜ ਅਨੁਸਾਰ ਸਵਾਰੀ ਵਾਸਤੇ ਵਹੀਕਲ ਦੀ ਲੋੜ ਹੈ, ਪਰ ਦਿਖਾਵੇ
ਵਾਸਤੇ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਚਸਕੇ ਨੂੰ ਵੀ ਗੁਰਬਾਣੀ ਰਸ ਆਖਦੀ ਹੈ, ਪਰ ਸਟੇਜਾਂ ਉਪਰ ਲੋਕਾਂ ਨੂੰ ਉਪਦੇਸ ਦੇਣ ਵਾਲੇ ਅਖੌਤੀ ਸੰਤਾਂ ਨੂੰ ਹੀ ਮਹਿੰਗੀਆਂ ਗੱਡੀਆਂ ਦਾ ਚਸ੍ਕਾ ਹੈ। ਪਿਛੇ ਜਿਹੇ ਇਕ ਗਾਇਕ ਨੇ ਇਕ
ਸੰਤ ਦੀਆਂ ਮਹਿੰਗੀਆਂ ਗੱਡੀਆਂ ਦੇ ਸੌਂਕ ਬਾਰੇ ਗੀਤ ਗਾ ਦਿਤਾ ਸੀ। ਲੋਕਾਂ ਨੂੰ ਸ਼ਾਂਤੀ ਦੇ ਉਪਦੇਸ਼ ਦੇਣ ਵਾਲਾ
ਅਖੌਤੀ ਸੰਤ ਆਪ ਹੀ ਅੱਗ ਉਪਰ ਦੀ ਲਿਟਦਾ ਫਿਰਦਾ ਸੀ, ਕਿਉਂਕਿ ਇਸ ਸੰਤ ਨੂੰ ਗੱਡੀਆਂ ਦਾ ਰਸ ਹੈ, ਪਰ
ਇਨ੍ਹਾਂ ਨੇ ਲੋਕਾਂ ਨੂੰ ਅਖੀਰਲੇ ਰਸ ਵਿਚ ਹੀ ਉਲਝਾਇਆ ਹੋਇਆ ਹੈ। ਇਸ ਰਸ ਦੇ ਸ਼ਿਕਾਰ ਆਮ ਲੋਕ ਵੀ ਨੇ
ਜਿਸ ਕੋਲ ਚਾਰ ਪੈਸੇ ਹਨ ।
5 ... ਰਸੁ ਸੇਜਾ ਮੰਦਰ ... ਹੁਣ ਗੱਲ ਕਰਦੇ ਹਾਂ ਪੰਜਵੇ ਰਸ (ਚਸ੍ਕਾ) ਬਾਰੇ। ਗੁਰੂ ਸਾਹਿਬ ਆਖਦੇ ਹਨ ਕਿ
ਵੱਡੇ ਵੱਡੇ ਮਹਿਲਨੁਮਾ ਘਰ ਕੋਠੀਆਂ ਬਨਾਉਣੀਆਂ ਵੀ ਇਕ ਰਸ ਹੈ। ਲੋੜ ਅਨੁਸਾਰ ਰਹਿਣ ਵਾਸਤੇ ਘਰ ਦੀ
ਹਰ ਇਕ ਇਨਸਾਨ ਨੂੰ ਲੋੜ ਹੁੰਦੀ ਹੈ, ਪਰ ਕਈ ਵਾਰ ਜਦੋਂ ਕਿਸੇ ਕੋਲ ਚਾਰ ਪੈਸੇ ਜਿਆਦਾ ਹੋਣ, ਤਾਂ ਓਸ ਨੂੰ
ਪਹਿਲਾਂ ਵਾਲਾ ਘਰ ਚੰਗਾ ਨਹੀਂ ਲਗਦਾ ਅਤੇ ਓਹ ਹੋਰ ਵੱਡਾ ਘਰ ਬਣਾਉਣ ਬਾਰੇ ਲੋਚਦਾ ਹੈ। ਅਜ ਲੋਕਾਂ ਨੂੰ
ਸਾਦਾ ਰਹਿਣ ਦਾ ਉਪਦੇਸ਼ ਦੇਣ ਵਾਲੇ ਅਖੌਤੀ ਸਾਧ ਸੰਤ ਵੀ ਇਸ ਰਸ ਵਿਚ ਲਿਪਤ ਨੇ। ਓਹ ਵੀ ਹਰ ਰੋਜ
ਨਵੇਂ ਨਵੇ ਮਹਿਲਨੁਮਾ ਡੇਰੇ ਬਣਾ ਰਹੇ ਹਨ, ਕਈ ਤਾਂ ਡੇਰਿਆਂ ਨੂੰ ਠਾਠ ਵੀ ਆਖਦੇ ਨੇ, ਇਹ ਵੀ ਇਕ ਰਸ ਜਿਸ
ਵਿਚ ਆਮ ਇਨਸਾਨ ਦੇ ਨਾਲ ਨਾਲ ਸਾਧ ਲਾਣਾ ਵੀ ਗ੍ਰਸਿਆ ਹੋਇਆ ਹੈ।
6 ... ਰਸੁ ਮੀਠਾ ... ਹੁਣ ਗੱਲ ਕਰਦੇ ਹਾਂ ਛੇਵੇਂ ਰਸ (ਚਸਕੇ ) ਬਾਰੇ ਜਿਸ ਵਿਚ ਲਿਖਿਆ ਹੈ, ਕਿ ਭਾਂਤ ਭਾਂਤ ਦੇ
ਖਾਣੇ ਵੀ ਇਕ ਰਸ ਹੈ, ਇਕ ਚਸ੍ਕਾ ਹੈ। ਪੇਟ ਭਰਨ ਵਾਸਤੇ ਭਾਵੇ ਖਾਣਾ ਵੀ ਜਰੂਰੀ ਹੈ, ਪਰ ਜੀਭ ਦੇ ਸਵਾਦ
ਵਾਸਤੇ ਵੱਖ ਵੱਖ ਤਰ੍ਹਾਂ ਦੇ ਅਤੇ ਸਵਾਦਲੇ ਭੋਜਨ ਸਿਹਤ ਵਾਸਤੇ ਵੀ ਹਾਨੀਕਾਰਨ ਹਨ, ਜਿਵੇਂ ਕਿ ਮਠਿਆਈਆਂ,
ਪੀਜ਼ੇ, ਤਲੇ ਹੋਏ ਭੋਜਨ ਅਤੇ ਅੱਜਕਲ ਤਾਂ ਗੁਰਦਵਾਰਿਆਂ ਅਤੇ ਡੇਰਿਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਭੋਜਨ ਤਿਆਰ
ਹੁੰਦੇ ਹਨ, ਜਿਹੜੇ ਗੁਰਦਵਾਰੇ ਜਾਂ ਡੇਰੇ ਵਿੱਚ ਜਿਆਦਾ ਤਰਾਂ ਦਾ ਭੋਜਨ ਹੁੰਦਾ ਹੈ, ਓਥੇ ਲੋਕ ਜਿਆਦਾ ਜਾਂਦੇ ਹਨ,
ਇਹ ਵੀ ਇਕ ਰਸ ਹੀ ਹੈ ।
7 ... ਰਸੁ ਮਾਸੁ ... ਹੁਣ ਗੱਲ ਕਰਦੇ ਹਾਂ ਸਤਵੇਂ ਰਸ, ਭਾਵ ਮਾਸ ਖਾਣ ਦੇ ਚਸਕੇ ਦੀ। ਇਹ ਚਸ੍ਕਾ ਗੁਰਬਾਣੀ
ਵਿਚ ਸਭ ਤੋਂ ਥੱਲੇ ਹੈ, ਪਰ ਅੱਜ ਕਲ ਸਭ ਤੋਂ ਪਹਿਲਾਂ ਇਸ ਚਸਕੇ ਦਾ ਸਵਾਲ ਆਉਂਦਾ ਹੈ। ਜਿਹੜੇ ਅਖੌਤੀ
ਸਾਧ ਸੰਤ ਜਾਂ ਧਾਰਮਿਕ ਅਖਵਾਉਣ ਵਾਲੇ ਲੋਕ ਹਨ, ਇਹ ਜਿਆਦਾ ਤਰ ਲੋਕਾਂ ਨੂੰ ਇਹੀ ਉਪਦੇਸ ਦਿੰਦੇ ਹਨ,
ਕਿ ਮਾਸ ਨਹੀਂ ਖਾਣਾ, ਪਰ ਇਹ ਉਪਦੇਸ ਦੇਣ ਵਾਲੇ ਅਤੇ ਮਾਸ ਤੋਂ ਮਨਾ ਕਰਨ ਵਾਲੇ ਲੋਕ, ਉਪਰ ਲਿਖੇ ਸਾਰੇ
ਰਸਾਂ ਵਿਚ ਗਲਤਾਨ ਹੁੰਦੇ ਹਨ।
ਪਰ ਇਹ ਕਦੇ ਉਪਰਲੇ ਰਸਾਂ ਦੀ ਗੱਲ ਨਹੀਂ ਕਰਦੇ, ਕਿਓੁਂਕਿ ਉਪਰਲੇ ਰਸਾਂ ਤੋ ਕੋਈ ਨਹੀਂ ਬਚਿਆ। ਇਹਨਾ ਧਾਰਮਿਕ ਅਖਵਾਉਣ ਵਾਲੇ ਲੋਕਾਂ ਦੀ ਸੂਈ ਮਾਸ 'ਤੇ ਟਿਕ ਜਾਂਦੀ ਹੈ। ਦੁਨਿਆ ਵਿਚ ਕੋਈ ਇਹੋ ਜਿਹਾ ਬੰਦਾ
ਨਹੀਂ ਜਿਹੜਾ ਮਾਸ ਨਹੀਂ ਖਾਂਦਾ, ਜਿਸ ਤਰਾਂ ਗੁਰਬਾਣੀ ਵਿਚ ਲਿਖਿਆ ਆਉਂਦਾ ਕਿ "ਕਉਣੁ ਮਾਸੁ ਕਉਣੁ ਸਾਗੁ
ਕਹਾਵੈ ਕਿਸੁ ਮਹਿ ਪਾਪ ਸਮਾਣੇ ॥" ਕਿ ਕੋਈ ਸਾਗ ਦਾ ਮਾਸ ਖਾ ਰਿਹਾ, ਕੋਈ ਕਣਕ ਦਾ ਮਾਸ ਖਾ ਰਿਹਾ ਹੈ,
ਕਿਓਂਕਿ ਇਕਲੇ ਜੀਵ ਵਿਚ ਹੀ ਨਹੀਂ, ਬਨਸਪਤੀ ਵਿਚ ਵੀ ਜਾਨ ਹੈ, ਜਿਹੜੇ ਦਹੀ ਖਾਂਦੇ ਹਨ, ਓਹ ਵੀ ਇਕ
ਤਰਾਂ ਨਾਲ ਮਾਸ ਖਾ ਰਹੇ ਹਨ ਕਿਉਂਕਿ ਜੇਕਰ ਤੁਸੀਂ ਮਾਈਕਰੋਸਕੋਪ ਰਾਹੀਂ ਦਹੀ ਦੇਖੋਗੇ, ਤਾਂ ਤੁਸੀਂ ਦੇਖੋਗੇ
ਇਕ ਦਹੀਂ ਦੀ ਕੌਲੀ ਵਿੱਚ ਕਿੰਨੇ ਜੀਵ ਹਨ, ਜਿਹੜੇ ਅਸੀਂ ਇਕ ਦਮ ਹੀ ਖਾ ਜਾਂਦੇ ਹਾਂ, ਇਹ ਮਾਸ ਖਾਨਾ ਜਾ
ਨਾ ਖਾਣਾ ਅਲਗ ਵਿਸ਼ਾ ਹੈ, ਪਰ ਇਹ ਵੀ ਇਕ ਰਸ ਹੈ।
ਸੋ, ਜਿਹੜੇ ਸਿਰਫ ਮਾਸ ਵਾਲੇ ਰਸ ਤੇ ਆਕੇ ਝਗੜਾ ਕਰਦੇ ਹਨ, ਓਹ ਸਭ ਤੋਂ ਪਹਿਲਾਂ ਇਹ ਦੇਖਣ ਕਿ ਕੀ
ਓਹ ਇਸ ਮਾਸ ਵਾਲੇ ਰਸ ਤੋਂ ਬਚਣ ਤੋ ਪਹਿਲਾਂ, ਕੀ ਓਹ ਹੋਰਾਂ ਰਸਾਂ ਤੋਂ ਮੁਕਤ ਨੇ ... ਇਹ ਮੈਂ ਨਹੀਂ, ਗੁਰਬਾਣੀ ਆਖਦੀ ਹੈ।
ਭੁਲ ਚੂਕ ਦੀ ਖਿਮਾ !
ਦਲਜੀਤ ਸਿੰਘ ਇੰਡਿਆਨਾ 317 590 7448