ਬਲਵਿੰਦਰ ਸਿੰਘ ਬਾਈਸਨ
ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)
Page Visitors: 2601
ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ) ਓਏ ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ ਖਤਮ ਵੀ ਨਹੀ ਹੋਈ ਸੀ ਕੀ ਉਸਦੀ ਨਜ਼ਰ ਕੋਕਾ-ਕੋਲਾ ਵਰਤਾ ਰਹੇ ਬੰਦੇ ਤੇ ਜਾ ਅਟਕੀ ! ਫ਼ਟਾਫ਼ਟ ਖੀਰ ਖਤਮ ਕਰ ਕੇ ਓਹ ਭੀੜ ਨੂੰ ਚੀਰਦਾ ਹੋਇਆ ਕੋਕਾ-ਕੋਲਾ ਤੇ ਜਾ ਪਿਆ ! ਕੁਦਰਤੀ ਇਹ ਸਾਰਾ ਨਜ਼ਾਰਾ ਦੂਰ ਆਪਣੇ ਘਰ ਦੀ ਬਾਲਕੋਨੀ ਤੇ ਖੜਾ ਨਰਿੰਦਰ ਸਿੰਘ ਵੇਖ ਕੇ ਹੈਰਾਨ ਹੋ ਰਿਹਾ ਸੀ ! ਇਤਨੀ ਦੇਰ ਵਿਚ ਹੀ ਇੱਕ ਕੇਲਾ ਉਡਦਾ ਹੋਇਆ ਸੜਕ ਤੇ ਜਾ ਡਿੱਗਾ ਤੇ ਨਾਲ ਹੀ ਨਾਲ ਭੀੜ ਵਿਚੋਂ ਕਿਸੀ ਦੇ ਪੈਰਾਂ ਥੱਲੇ ਕੁਚਲਿਆ ਗਿਆ ! ਸੜਕ ਦੇ ਵਿਚਕਾਰ ਅੱਤੇ ਕਿਨਾਰਿਆਂ ਤੇ ਅਧ-ਖਾਦੇ ਹੋਏ ਡੂਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਗਏ ਲੰਗਰ ਦੇ ਸਿਦ੍ਧਾੰਤ ਨੂੰ ਮੁੰਹ ਚਿੜਾ ਰਹੇ ਪ੍ਰਤੀਤ ਹੋ ਰਹੇ ਸੀ !ਸਟਾਲਾਂ ਤੇ ਲੱਗੇ ਡੀ.ਜੇ. ਅੱਤੇ ਲਾਊਡ-ਸਪੀਕਰ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਆਪਸ ਵਿਚ ਮਿਲ ਕੇ ਕਵਿਤਾ ਤੇ ਗੁਰਬਾਣੀ ਦੇ ਫ਼ਰਕ ਨੂੰ ਦੱਸਣ ਵਿਚ ਨਾਕਾਬਿਲ ਸਿੱਧ ਹੋ ਰਹੀਆਂ ਸਨ ! ਹਰ ਪਾਸੇ ਅਫਰਾ-ਤਫਰੀ ਦਾ ਮਾਹੋਲ ਬਣਿਆ ਹੋਇਆ ਸੀ ! ਸਰਦਾਰ ਜੀ ! ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ? ਅਚਾਨਕ ਪਿੱਛੋਂ ਨਰਿੰਦਰ ਸਿੰਘ ਦੇ ਮੋਢੇ ਤੇ ਵੋਹਟੀ ਮਨਜੀਤ ਕੌਰ ਨੇ ਹੱਥ ਰਖਿਆ ! ਨਰਿੰਦਰ ਸਿੰਘ ਦੀਆਂ ਅੱਖਾਂ ਦੇ ਨੁੱਕਰ ਗਿੱਲੇ ਸਨ ! ਨਰਿੰਦਰ ਸਿੰਘ : ਨਗਰ ਕੀਰਤਨ ਦਾ ਅਰਥ ਹੁੰਦਾ ਹੈ .. ਗੁਰੂ ਦੇ ਜੱਸ (ਕੀਰਤਣ) ਗਾਇਣ ਕਰਦੇ ਹੋਏ ਸਿੱਖ ਧਰਮ ਅੱਤੇ ਸਦਾਚਾਰ (ਸਦ- ਆਚਾਰ) ਬਾਰੇ ਸਮਾਜ ਨੂੰ ਜਾਗਰੂਕ ਕਰਨਾ ! ਕਿਤਨਾ ਸੋਹਣਾ ਦ੍ਰਿਸ਼ ਹੁੰਦਾ ਹੋਵੇਗਾ ਜਦੋਂ ਗੁਰੂ ਕੇ ਪਿਆਰੇ ਗੁਰੂ ਜੱਸ ਗਾਇਣ ਕਰਦੇ ਕਰਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਸਨ ! ਅੱਜ ਤੇ ਕੇਵਲ ਜਗਤ ਦਿਖਾਵਾ ਹੀ ਹੈ ! ਢੋਲਕੀ ਚੁੱਕੇ ਕੇ ਕੱਚੀ ਪੱਕੀ ਤੇ ਧਾਰਨਾਵਾਂ ਨਾਲ ਪੜ੍ਹਨਾ ਹੀ ਨਗਰ ਕੀਰਤਨ ਵਿਚ ਸ਼ਬਦ ਪੜ੍ਹਨਾ ਬਣਾ ਦਿੱਤਾ ਗਿਆ ਹੈ ! ਸਾਰਾ ਧਿਆਨ ਤੇ ਲੰਗਰ ਵਰਤਾਉਣ ਅੱਤੇ ਖਾਣ ਵਿੱਚ ਅਟਕਿਆ ਹੋਇਆ ਹੈ ! ਮਨਜੀਤ ਕੌਰ : ਆਤਮਾ ਦੀ ਖੁਰਾਕ (ਆਤਮਿਕ ਸ਼ਾਂਤੀ) ਲਈ ਨਗਰ ਕੀਰਤਨ ਹੁੰਦੇ ਹਨ, ਪਰ ਅੱਜ ਤੇ ਕੇਵਲ ਸ਼ਰੀਰ ਦੀ ਖੁਰਾਕ (ਭਾਂਤ ਭਾਂਤ ਦੇ ਵੰਨ-ਸੁਵੰਨੇ ਪਦਾਰਥ) ਹੀ ਪ੍ਰਧਾਨ ਹੈ ਜਿਸਦਾ ਅਸਰ ਕੇਵਲ ਇੱਕ ਦਿਨ ਤੋਂ ਵੱਧ ਨਹੀ ਹੁੰਦਾ ! ਨਰਿੰਦਰ ਸਿੰਘ : ਇਸ ਤਰੀਕੇ ਨਾਲ ਗੁਰੂ ਜਾ ਜੱਸ ਅਸੀਂ ਕੀ ਕਰਵਾਉਣਾ ਹੈ ਬਲਕਿ ਆਪਨੇ ਗੁਰੂ ਦੀ ਬਦਨਾਮੀ ਹੀ ਕਰ ਰਹੇ ਹਾਂ ! ਕੀ ਵਾਕਈ ਹੀ ਇਹ "ਸਿੱਖ ਜੀਵਣ ਜਾਚ" ਦਾ ਪ੍ਰਗਟਾਵਾ ਹੈ ? ਮਨਜੀਤ ਕੌਰ ਪਿਆਰ ਨਾਲ ਹੱਥ ਫੜ ਕੇ ਅੰਦਰ ਲੈ ਜਾਂਦੀ ਹੈ ਤੇ ਕਹਿੰਦੀ ਹੈ ... ਆਓ ਸਰਦਾਰ ਜੀ, ਘੰਟਾ ਕੁ ਵਿਚਾਰ ਕੇ ਸਹਿਜ-ਪਾਠ ਕਰ ਲਈਏ ! ਆਤਮਿਕ ਭੁੱਖ ਇਸੀ ਤਰੀਕੇ ਸ਼ਾਂਤ ਹੋਵੇਗੀ ! - ਬਲਵਿੰਦਰ ਸਿੰਘ ਬਾਈਸਨ http://nikkikahani.com/