ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਮਿਲਣ ’ਚ ਦੇਰੀ ਜਾਂ ਇਨਸਾਫ਼ ਮਿਲਣ ਤੋਂ ਵਾਂਝੇ ਹੋਣ ਦੇ ਮੁੱਖ ਦੋਸ਼ੀ ਉਨ੍ਹਾਂ ਕੌਮਾਂ ਦੇ ਸੁਆਰਥੀ ਸਿਆਸੀ ਆਗੂ !
ਸੱਜਨ ਕੁਮਾਰ ਦੇ ਪੁੱਤਰ ਜਗਪ੍ਰਵੇਸ਼ ਕੁਮਾਰ ਨੂੰ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸੰਗਮ ਵਿਹਾਰ ਤੋਂ ਦਿਤੀ ਟਿਕਟ !
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਜੇ ਸੌਦਾ ਸਾਧ ਵਰਗੇ ਡੇਰੇਦਾਰ ਆਪਣੇ ਸ਼੍ਰਧਾਲੂਆਂ ਨੂੰ ਵੋਟ ਬੈਂਕ ਵਜੋਂ ਵਰਤ ਕੇ ਕਾਂਗਰਸ,ਭਾਜਪਾ, ਬਾਦਲ ਦਲ
ਆਦਿਕ ਸਾਰੀਆਂ ਹੀ ਪਾਰਟੀਆਂ ਨੂੰ ਆਪਣੀਆਂ ਉਂਗਲੀਆਂ ’ਤੇ ਨਚਾਉਣ ਵਿੱਚ ਸਫਲ ਹੋ ਰਿਹਾ ਹੈ ਤਾਂ ਕੋਈ ਕਾਰਣ
ਨਹੀਂ ਕਿ ਸਿੱਖ ਮੁਸਲਮਾਨ ਈਸਾਈ ਤੇ ਦਲਿਤਾਂ ਦਾ ਜਥੇਬੰਦਕ ਇਕੱਠ ਆਪਣੀਆਂ ਕੌਮਾਂ ਲਈ ਇਨਸਾਫ ਨਾ ਲੈ ਸਕਣ!
ਅੱਜ ਮਿਤੀ 16 ਨਵੰਬਰ ਦੇ ਅਖ਼ਬਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀਕੇ ਦਾ ਬਹੁਤ ਹੀ ਭਾਵਪੂਰਤ ਬਿਆਨ ਛਪਿਆ; ਜਿਸ ਵਿੱਚ ਉਨ੍ਹਾ ਨੇ ਕਿਹਾ ਹੈ ਕਿ ‘1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਸੱਜਨ ਕੁਮਾਰ ਦੇ ਪੁੱਤਰ ਜਗਪ੍ਰਵੇਸ਼ ਕੁਮਾਰ ਨੂੰ ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸੰਗਮ ਵਿਹਾਰ ਤੋਂ ਟਿਕਟ ਦੇਣਾਂ ਦੰਗਾ ਪੀੜਤਾਂ ਦੇ ਜਖਮਾਂ ’ਤੇ ਲੂਣ ਛਿੜਕਨ ਅਤੇ ਇਨਸਾਫ਼ ਨੂੰ ਲੀਹੋ ਲਾਉਣ ਵਾਲੀ ਕਾਰਗੁਜ਼ਾਰੀ ਹੈ। ਸ: ਜੀ.ਕੇ. ਨੇ ਦਾਅਵਾ ਕੀਤਾ ਕਿ 29 ਸਾਲ ਬਾਅਦ
ਵੀ ਇਨਸਾਫ਼ ਦੀ ਤਲਾਸ਼ ਕਰ ਰਹੀ ਸਿੱਖ ਕੌਮ ਦੇ ਹੌਂਸਲੇ ਨੂੰ ਢਾਹ ਲਾਉਣ ਵਾਸਤੇ ਕਾਂਗਰਸ ਨੇ ਇਹ ਗਿਣੀ ਮਿਥੀ
ਸਾਜਿਸ਼ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੱਜਨ ਕੁਮਾਰ ਨੂੰ ਸਰਕਾਰੀ ਛੱਤਰੀ ਹੇਠ ਸੁਰਖਿਆ ਦੇਣ ਵਾਲੀ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਸੱਜਨ ਕੁਮਾਰ ਜਾਂ ਉਸ ਦੇ ਪਰਿਵਾਰ ’ਤੇ ਕੋਈ ਸੇਕ ਆਏ ਕਿਉਂਕਿ ਅਗਰ ਸੱਜਨ ਕੁਮਾਰ ਨੂੰ ਕੋਈ ਅਦਾਲਤ 84 ਦੇ ਸਿੱਖ ਕਤਲੇਆਮ ਮਸਲੇ ’ਤੇ ਦੋਸ਼ੀ ਕਰਾਰ ਦਿੰਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਆਪਨੇ ਆਪ ਨੂੰ ਫਸਦਾ ਵੇਖ ਕੇ ਸੱਜਨ ਕੁਮਾਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਘਰ ਬੈਠ ਕੇ ਸਾਜਿਸ਼ ਕਰਨ ਵਾਲੇ ਲੋਕਾਂ ਦੇ ਨਾਮ ਨਾ ਲੈ ਲਵੇ। ਅਕਾਲੀ ਦਲ ਵਲੋਂ 2009 ਵਿਚ ਸੱਜਨ ਅਤੇ ਟਾਈਟਲਰ ਦੀਆਂ ਲੋਕ ਸਭਾ ਟਿਕਟਾਂ, ਸੜਕਾਂ ’ਤੇ ਮੋਰਚਾ ਲਗਾ ਕੇ ਕਟਾਉਣ ਦਾ ਦਾਅਵਾ ਕਰਦੇ ਹੋਏ ਸ: ਜੀਕੇ ਨੇ ਕਿਹਾ ਕਿ ਬੇਸ਼ਕ ਅਸੀਂ ਸੱਜਨ ਦੀ ਟਿਕਟ ਕਟਵਾਉਣ ਵਿਚ ਕਾਮਯਾਬ ਰਹੇ ਸੀ, ਪਰ ਕਾਂਗਰਸ ਪਾਰਟੀ ਨੇ ਪਹਿਲਾਂ ਉਸਦੇ ਭਰਾ ਤੇ ਹੁਣ ਉਸ ਦੇ ਪੁੱਤਰ ਨੂੰ ਟਿਕਟ ਦੇ ਕੇ 84 ਦੇ ਪੀੜਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕਾਂਗਰਸ ਦੀ ਜਾਂਚ ਏਜੰਸੀਆਂ ’ਤੇ ਪ੍ਰਭਾਵ ਪਾਉਣ ਦੀ ਇਹ ਇਕ ਕੋਸ਼ਿਸ਼ ਹੋਵੇ ਕਿ ਸੱਜਨ ਦੀ ਸਿਆਸੀ ਤਾਕਤ ਹਾਲੇ ਤਕ ਮੌਜੂਦ ਹੈ।’
ਸ: ਜੀਕੇ ਦੇ ਉਪ੍ਰੋਕਤ ਬਿਆਨ ਦਾ ਇੱਕ ਇੱਕ ਸ਼ਬਦ ਸੱਚਾਈ ਭਰਪੂਰ ਹੈ ਇਸ ਲਈ ਉਨ੍ਹਾਂ ਦੇ ਇਸ ਬਿਆਨ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਦੀ ਸਿਆਸੀ ਮਨੋ-ਵਿਰਤੀ ਦਾ ਦੂਸਰਾ ਪਾਸਾ ਚੈੱਕ ਕਰਨ ਲਈ ਉਨ੍ਹਾਂ ਨੂੰ ਫ਼ੋਨ ਕੀਤਾ। ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕਰਨ ਉਪ੍ਰੰਤ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਇਸ ਦੇਸ਼ ਵਿੱਚ ਸਜਾਵਾਂ ਕਿਉਂ ਨਹੀਂ ਮਿਲਦੀਆਂ? ਸ: ਜੀਕੇ ਨੇ ਆਪਣਾ ਪਹਿਲਾ ਬਿਆਨ ਹੀ ਦੁਹਰਾਉਂਦੇ ਹੋਏ ਕਿਹਾ ਕਾਰਣ ਤਾਂ ਸਾਫ਼ ਹੈ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਸਿੱਖਾਂ ਦੇ ਕਤਾਲਾਂ ਨੂੰ ਸਜਾ ਮਿਲੇ।
ਸ: ਜੀਕੇ ਨੂੰ ਦੱਸਿਆ ਗਿਆ ਇਹ ਤਾਂ ਤੁਹਾਡੇ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਸਪਸ਼ਟ ਹੀ ਹੈ ਕਿ ਕੋਈ ਵੀ ਪਾਰਟੀ ਆਪਣੇ ਆਗੂ ਜਾਂ ਵਰਕਰ ਨੂੰ ਸਜਾ ਨਹੀਂ ਦਿਵਾਉਣੀ ਚਾਹੁੰਦੀ।
ਪਰ ਇਸ ਤੋਂ ਵੱਡਾ ਕਾਰਣ ਇਹ ਹੈ ਕਿ ਤੁਹਾਡੇ ਸਮੇਤ ਅਕਾਲੀ ਦਲ ਬਾਦਲ ਦਾ ਵੀ ਕੋਈ ਆਗੂ ਕਾਤਲਾਂ ਨੂੰ ਸਜਾਵਾਂ ਨਹੀਂ ਦਿਵਾਉਣਾ ਚਾਹੁੰਦਾ ਸਗੋਂ ਅਖ਼ਬਾਰੀ ਬਿਆਨ ਦੇ ਕੇ ਸਿਆਸੀ ਰੋਟੀਆਂ ਹੀ ਸੇਕ ਰਹੇ ਹਨ। ਕਿਸ ਨੂੰ ਨਹੀਂ ਪਤਾ ਕਿ ਘੱਟ ਗਿਣਤੀਆਂ ਦੇ ਪੀੜਤਾਂ ਨੂੰ ਬੇਗਾਨਗੀ ਦਾ ਅਹਿਸਾਸ ਸਿਰਫ ਕਾਂਗਰਸ ਹੀ ਨਹੀਂ ਕਰਵਾ ਰਹੀ ਸਗੋਂ ਭਾਜਪਾ ਵੀ ਕਿਸੇ ਤੋਂ ਘੱਟ ਨਹੀਂ ਹੈ। ਇੱਥੋਂ ਤੱਕ ਕਿ ਸਿੱਖ ਹਿੱਤਾਂ ਲਈ ਹੋਂਦ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਬਹੁ ਗਿਣਤੀ ਤੇ ਭਾਜਪਾ ਨੂੰ ਖੁਸ਼ ਰੱਖ ਕੇ ਲੰਬਾ ਸਮਾਂ ਸਤਾ ਵਿੱਚ ਬਣੇ ਰਹਿਣ ਲਈ ਸਿੱਖਾਂ ਦੇ ਹਿੱਤਾਂ ਦੀ ਅਣਦੇਖੀ ਕਰਕੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਿਹਾ ਹੈ। ਉਨ੍ਹਾਂ ਨੂੰ ਉਦਾਹਰਣ ਦਿੱਤੀ ਗਈ ਕਿ ਪੰਜਾਬ ਵਿੱਚ ਕਾਲ਼ੇ ਦੌਰ ਦੌਰਾਨ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਖਤਮ ਕਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ(ਬਾਦਲ) ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮਲੇਰਕੋਟਲਾ ਤੋਂ ਟਿਕਟ ਦਿੱਤੀ ਗਈ।
ਬਾਬਾ ਧੁੰਮਾ ਸਮੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਇਸ ਦੀ ਭਾਰੀ ਵਿਰੋਧਤਾ ਕੀਤੀ ਗਈ।
ਹੋਰ ਜਥੇਬੰਦੀਆਂ ਦੀ ਤਾਂ ਸ: ਬਾਦਲ ਨੇ ਕੀ ਪ੍ਰਵਾਹ ਕਰਨੀ ਸੀ ਪਰ ਆਪਣੇ ਭਾਈਵਾਲ ਬਾਬਾ ਹਰਨਾਮ ਸਿੰਘ ਧੁੰਮਾ ਦੀ ਲਾਜ਼ ਰੱਖਣ ਲਈ ਇਜ਼ਹਾਰ ਆਲਮ ਦੀ ਟਿਕਟ ਤਾਂ ਕੱਟ ਦਿੱਤੀ ਪਰ ਬਿਲਕੁਲ ਕਾਂਗਰਸ ਦੇ ਪੈਟਰਨ ’ਤੇ ਅਕਾਲੀ ਦਲ ਵੱਲੋਂ ਉਸੇ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਸਿਰਫ ਜਿਤਾਇਆ ਹੀ ਨਹੀਂ ਬਲਕਿ ਉਸ ਨੂੰ ਪਹਿਲੀ ਵਾਰ ਹੀ ਜਿਤਣ ’ਤੇ ਚੀਫ ਪਾਰਲੀਮੈਂਟਰੀ ਸਕੱਤਰ ਬਣਾ ਦਿੱਤਾ ਗਿਆ ਜਦੋਂ ਕਿ 4-4 ਵਾਰੀ ਜਿੱਤਣ ਵਾਲੇ ਕਈ ਅਕਾਲੀ ਵਿਧਾਇਕਾਂ ਨੂੰ ਪੁੱਛਿਆ ਤੱਕ ਨਹੀਂ ਗਿਆ।
ਸੱਜਣ ਕੁਮਾਰ ਤਾਂ ਫਿਰ ਵੀ ਕਾਂਗਰਸ ਦਾ ਬਹੁਤ ਪੁਰਾਣਾ ਵਰਕਰ ਹੈ ਤੇ ਉਸ ਦੀ ਕਾਂਗਰਸ ਨੂੰ ਦੇਣ ਵੀ ਹੈ ਪਰ ਅਕਾਲੀ ਦਲ ਦਾ ਪ੍ਰਧਾਨ ਤੇ ਸਰਪ੍ਰਸਤ ਦੋਵੇਂ ਹੀ ਦੱਸਣ ਕਿ ਇਜ਼ਹਾਰ ਆਲਮ ਜਾਂ ਉਸ ਦੀ ਪਤਨੀ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਦੇਣ ਹੈ ਜਿਸ ਬਦਲੇ ਉਸ ਨੂੰ ਇਤਨੀ ਸਿਆਸੀ ਅਹਿਮੀਅਤ ਦਿੱਤੀ ਜਾ ਰਹੀ ਹੈ? ਕੀ ਕਾਂਗਰਸ ਵਾਂਗ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸਿੱਖ ਹਿੱਤਾਂ ਦੀ ਅਣਦੇਖੀ ਕਰਕੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਹੀ ਬੇਗਾਨਗੀ ਦਾ ਅਹਿਸਾਸ ਨਹੀਂ ਕਰਵਾ ਰਿਹਾ ਤੇ ਇਹ ਪ੍ਰਭਾਵ ਨਹੀਂ ਦਿੱਤਾ ਜਾ ਰਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਇਸ ਦੇਸ਼ ਵਿੱਚ ਸਜਾਵਾਂ ਨਹੀਂ ਸਗੋਂ ਸਿਆਸੀ ਤਾਕਤ ਹੀ ਮਿਲਣੀ ਹੈ!
ਦੂਸਰੀ ਮਿਸਾਲ ਹੈ ਕਿ 2009 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਦੇ ਪ੍ਰਮੁੱਖ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈਜੀਵਨੀ ‘ਮਾਈ ਕੰਟਰੀ ਮਾਈ ਲਾਈਫ’ ਪੁਸਤਕ ਰੀਲੀਜ਼ ਕੀਤੀ ਜਿਸ ਵਿੱਚ ਉਸ ਨੇ ਸਾਫ ਲਿਖਿਆ ਹੈ ਕਿ ਇੰਦਰਾ ਗਾਂਧੀ ਅਕਾਲ ਤਖ਼ਤ ’ਤੇ ਹਮਲਾ ਕਰਨ ਵਿੱਚ ਹਿਚਕਿਚਾਹਟ ਵਿਖਾ ਰਹੀ ਸੀ ਪਰ ਉਸ (ਅਡਵਾਨੀ) ਨੇ ਹੀ ਇੰਦਰਾ ਨਾਲ ਵਾਰ ਵਾਰ ਮਿਲਣੀਆਂ ਕਰਕੇ ਹਮਲਾ ਕਰਨ ਲਈ ਤਿਆਰ ਕੀਤਾ।
ਇਸ ਦੇ ਬਾਵਯੂਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇੰਦਰਾ ਗਾਂਧੀ ਦੇ ਬਰਾਬਰ ਦੇ ਦੋਸ਼ੀ ਅਡਵਾਨੀ ਨੂੰ ਡਾ: ਮਨਮੋਹਨ ਸਿੰਘ ਦੇ ਮੁਕਾਬਲੇ ਪ੍ਰਧਾਨ ਮੰਤਰੀ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ। ਇਹ ਵੱਖਰੀ ਗੱਲ ਹੈ ਕਿ ਉਹ ਸਫਲ ਨਹੀਂ ਹੋ ਸਕੇ।
ਤੀਸਰੀ ਮਿਸਾਲ ਹੈ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ 1984 ’ਚ ਸਿੱਖਾਂ ਦੀ ਨਸਲਕੁਸ਼ੀ ਕਰਕੇ ਹਿੰਦੂ ਮਾਨਸਿਕਤਾ ਨੂੰ ਖੁਸ਼ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਕੈਸ਼ ਕਰਕੇ ਕੇਂਦਰ ਵਿੱਚ ਆਪਣੀ ਮੁੜ ਸਰਕਾਰ ਬਣਾ ਲਈ ਉਸੇ ਤਰ੍ਹਾਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਵਾ ਕੇ ਨਰਿੰਦਰ ਮੋਦੀ ਮੁੱਖ ਮੰਤਰੀ ਬਣਿਆ ਤੇ ਅੱਜ ਤੱਕ ਆਪਣੀ ਕੁਰਸੀ ’ਤੇ ਸਿਰਫ ਕਾਇਮ ਹੀ ਨਹੀਂ ਸਗੋਂ ਦਿਨੋ ਦਿਨ ਆਪਣੀ ਸਿਆਸੀ ਤਾਕਤ ਵਧਾ ਰਿਹਾ ਹੈ। ਭਾਜਪਾ ਨੇ ਆਪਣੇ ਸਭ ਤੋਂ ਪੁਰਾਣੇ ਤੇ ਸੀਨੀਅਰ ਨੇਤਾ ਅਡਵਾਨੀ ਦੇ ਇਤਰਾਜਾਂ ਨੂੰ ਅਣਦੇਖਿਆਂ ਕਰਕੇ ਮੁਸਲਮਾਨਾਂ ਦੇ ਕਤਲੇਆਮ ਦੇ ਮੁੱਖ ਨਾਇਕ ਮੋਦੀ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ।
ਹਮੇਸ਼ਾਂ ਨਿਤਾਣਿਆਂ ਅਤੇ ਤਸ਼ੱਦਦ ਨਾਲ ਲਤਾੜੇ ਗਏ ਪੀੜਤਾਂ ਦੀ ਮੱਦਦ ਵਿੱਚ ਖੜ੍ਹਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਬਿਨਾਂ ਸੋਚੇ ਵੀਚਾਰੇ ਘੱਟ ਗਿਣਤੀਆਂ ਦੇ ਕਾਤਲ ਮੋਦੀ ਦੇ ਸਮਰਥਨ ਵਿੱਚ ਡਟ ਗਿਆ ਹੈ। ਕੀ ਮੁਸਲਮਾਨਾਂ ਦੇ ਕਾਤਲ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਮਦੀਦਵਾਰ ਵਜੋਂ ਅਕਾਲੀ ਦਲ ਸਮੇਤ ਐੱਨਡੀਏ ਵੱਲੋਂ ਸਮਰਥਨ ਦੇਣਾ 2002 ਦੇ ਮੁਸਲਿਮ ਪੀੜਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣਾ ਨਹੀਂ ਹੈ? ਕੀ ਘੱਟ ਗਿਣਤੀਆਂ ਲਈ ਇਹ ਖ਼ਦਸ਼ਾ ਪ੍ਰਗਟਾਏ ਜਾਣਾ ਯੋਗ ਨਹੀਂ ਹੋਵੇਗਾ ਕਿ ਇਸ ਦੇਸ਼ ਦੀਆਂ ਸਮੁੱਚੀਆਂ ਪਾਰਟੀਆਂ ਘੱਟ ਗਿਣਤੀਆਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਦੇਸ਼ ਵਿੱਚ ਸਤਾ ਕੇਵਲ ਤੇ ਕੇਵਲ ਘੱਟ ਗਿਣਤੀਆਂ ਦੇ ਕਾਤਲਾਂ ਲਈ ਹੀ ਰਾਖਵੀਂ ਹੈ।
ਮੋਦੀ ਦੀ ਸਿਰਫ ਮੁਸਲਮਾਨ ਵਿਰੋਧੀ ਮਾਨਸਿਕਤਾ ਹੀ ਨਹੀਂ ਸਿੱਖਾਂ ਅਤੇ ਪੰਜਾਬ ਦਾ ਵੀ ਉਹ ਧੁਰ ਅੰਦਰੋਂ ਕੱਟੜ ਵਿਰੋਧੀ ਹੈ। ਅਨੇਕਾਂ ਹੋਰਨਾਂ ਤੋਂ ਇਲਾਵਾ ਇਸ ਦੀਆਂ ਪ੍ਰਤੱਖ ਤੌਰ ’ਤੇ ਦੋ ਮੁੱਖ ਉਦਾਹਰਣਾਂ ਇਹ ਹਨ:-
ਪਹਿਲੀ ਉਦਾਹਰਣ ਤਾਂ ਇਹ ਹੈ ਕਿ 1965 ਵਿੱਚ ਭਾਰਤ-ਪਾਕਿ ਜੰਗ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਪੰਜਾਬੀ ਕਿਸਾਨਾਂ ਨੂੰ ਕੱਛ ਖੇਤਰ ਵਿੱਚ ਆ ਕੇ ਖੇਤੀ ਕਰਨ ਦਾ ਸੱਦਾ ਦਿੱਤਾ ਸੀ। ਸ਼ਾਸਤਰੀ ਜੀ ਦਾ ਮੰਤਵ ਸੀ ਕਿ ਬਹਾਦਰ ਤੇ ਮਿਹਨਤੀ ਪੰਜਾਬੀ ਕਿਸਾਨ ਇੱਕ ਤਾਂ ਇੱਥੋਂ ਦੀ ਬੇਅਬਾਦ ਜ਼ਮੀਨ ਨੂੰ ਆਬਾਦ ਕਰਕੇ ਫ਼ਸਲ ਪੈਦਾ ਕਰਨਗੇ ਤੇ ਗੁਜਰਾਤ ਦਾ ਵਿਕਾਸ ਕਰਨਗੇ, ਦੂਜਾ ਸਮੇਂ-ਸਮੇਂ ਇਸ ਖੇਤਰ ਦੀ ਰਾਖੀ ਵੀ ਕਰਨਗੇ। ਸ਼ਾਸਤਰੀ ਜੀ ਦੇ ਸੱਦੇ ’ਤੇ ਪੰਜਾਬ ਦੇ ਲਗਪਗ ਇੱਕ ਹਜ਼ਾਰ ਕਿਸਾਨਾਂ ਨੇ ਉੱਥੇ ਜ਼ਮੀਨਾਂ ਖਰੀਦੀਆਂ ਸਨ। ਗੁਜਰਾਤ ਸਰਕਾਰ ਨੇ ਇਨ੍ਹਾਂ ਦੀਆਂ ਰਜਿਸਟਰੀਆਂ ਵੀ ਇਨ੍ਹਾਂ ਦੇ ਨਾਂ ਕਰ ਦਿੱਤੀਆਂ ਸਨ। ਗੁਜਰਾਤ ’ਚ ਵਸੇ ਪੰਜਾਬੀ ਕਿਸਾਨਾਂ ਨੇ ਜਿੱਥੇ ਗੁਜਰਾਤ ਦੇ ਵਿਕਾਸ ਵਿੱਚ ਹਿੱਸਾ ਪਾਇਆ, ਉੱਥੇ ਖੇਤੀਬਾੜੀ ਰਾਹੀਂ ਗੁਜਰਾਤ ਦੇ ਲੋਕਾਂ ਦਾ ਢਿੱਡ ਵੀ ਭਰਿਆ। ਪਰ ਗੁਜਰਾਤ ਦੀ ਮੋਦੀ ਸਰਕਾਰ ਆਪਣੀਆਂ ਫਾਸ਼ੀਵਾਦੀ ਨੀਤੀਆਂ ਤਹਿਤ ਉਥੋਂ ਦੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੇ ਰਾਹ ਤੁਲੀ ਹੋਈ ਹੈ। ਗੁਜਰਾਤ ਸਰਕਾਰ ਨੇ ਤਿੰਨ ਸਾਲ ਪਹਿਲਾਂ ਇੱਕ ਨਾਮਨਿਹਾਦ ਮੁਰਦਾ ਮਾਲ ਐਕਟ ਦੇ ਪੱਜ ਕੱਛ ਖੇਤਰ ਵਿੱਚ ਵੱਸਦੇ ਲਗਪਗ 1000 ਪੰਜਾਬੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਰਕਾਰ ਦੇ ਵਿਰੁੱਧ ਕਿਸਾਨਾਂ ਨੇ ਗੁਜਰਾਤ ਹਾਈ ਕੋਰਟ ਵਿੱਚ ਕੇਸ ਪਾਇਆ।
ਅਦਾਲਤ ਨੇ ਕਿਸਾਨਾਂ ਦਾ ਹੱਕ ਬਹਾਲ ਕਰਦਿਆਂ ਸਰਕਾਰ ਦੇ ਹੁਕਮ ਰੱਦ ਕਰ ਦਿੱਤੇ, ਪਰ ਪੰਜਾਬੀ ਕਿਸਾਨਾਂ ਨੂੰ ਉੱਥੋਂ ਉਜਾੜਨ ਲਈ ਬਜ਼ਿੱਦ ਮੋਦੀ ਸਰਕਾਰ ਨੇ ਗੁਜਰਾਤ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਤੇ ਹੁਣ ਕੇਸ ਸੁਪ੍ਰੀਮ ਕੋਰਟ ਵਿੱਚ ਚੱਲ ਰਿਹਾ ਹੈ।
ਦੂਸਰੀ ਉਦਾਹਰਣ ਹੈ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਵਲੋਂ ਲੁਧਿਆਣਾ ਵਿੱਚ ਚੋਣ ਮਹਾਂਰੈਲੀ ਕੀਤੀ ਗਈ; ਜਿਸ ਵਿੱਚ ਮੋਦੀ ਨੇ ਪੰਜਾਬ ਦੀ ਕਿਸੇ ਇੱਕ ਵੀ ਮੰਗ ਦਾ ਜ਼ਿਕਰ ਨਹੀਂ ਕੀਤਾ ਸਗੋਂ ਕਿਹਾ ਕਿ ਦੇਸ਼ ਦੇ ਸਮੁੱਚੇ ਦਰਿਆ ਕਿਸੇ ਇੱਕ ਸੂਬੇ ਦੀ ਜਾਇਦਾਦ ਨਹੀਂ ਬਲਕਿ ਕੌਮੀ ਸੰਪਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਐੱਨਡੀਏ ਸਰਕਾਰ ਦੌਰਾਨ ਉਨ੍ਹਾਂ ਨੇ ਸੁਝਾਉ ਦਿੱਤਾ ਸੀ ਕਿ ਦੇਸ਼ ਦੇ ਦਰਿਆਵਾਂ ਨੂੰ ਲਿੰਕ ਨਹਿਰਾਂ ਰਾਹੀਂ ਜੋੜ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਲਿੰਕ ਨਹਿਰਾਂ ਰਾਹੀਂ ਦੇਸ਼ ਦੇ ਦੂਸਰੇ ਲੋੜਵੰਦ ਸੂਬਿਆਂ ਨੂੰ ਪਾਣੀ ਦਿੱਤਾ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕੇਂਦਰ ਦੀ ਐੱਨਡੀਏ ਸਰਕਾਰ ਨੇ ਇਸ ਸੁਝਾਉ ’ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੇਂਦਰ ਵਿੱਚ ਸਰਕਾਰ ਬਦਲ ਜਾਣ ਕਾਰਣ ਇਹ ਸਕੀਮ ਵਿੱਚੇ ਹੀ ਧਰੀ ਧਰਾਈ ਰਹਿ ਗਈ।
ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਦੋਂ ਹੁਣ ਐੱਨਡੀਏ ਸਰਕਾਰ ਹੋਂਦ ਵਿੱਚ ਆਈ ਤਾਂ ਇਸ ਸਕੀਮ ’ਤੇ ਮੁੜ ਅਮਲ ਕੀਤਾ ਜਾਵੇਗਾ। ਸ: ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਪ੍ਰਮੁਖ ਅਕਾਲੀ ਆਗੂ ਅਤੇ ਇਸ ਦਲ ਨਾਲ ਮਿਲ ਕੇ ਚੱਲਣ ਵਾਲੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਉਸ ਰੈਲੀ ਵਿੱਚ ਹਾਜ਼ਰ ਸਨ ਪਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਅੱਜ ਤੱਕ ਮੋਦੀ ਦੀ ਉਸ ਪੰਜਾਬ ਵਿਰੋਧੀ ਤੇ ਕਿਸਾਨ ਮਾਰੂ ਸਕੀਮ ਦਾ ਵਿਰੋਧ ਨਹੀਂ ਕੀਤਾ। ਹੁਣ ਜਦੋਂ ਮੋਦੀ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਹੈ ਤਾਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਬਣਦਿਆਂ ਉਹ ਦੇਸ਼ ਦੇ ਸਾਰੇ ਦਰਿਆਵਾਂ ਨੂੰ ਲਿੰਕ ਨਹਿਰਾਂ ਰਾਹੀਂ ਜੋੜਨ ਦੀ ਆਪਣੀ ਸਕੀਮ ’ਤੇ ਸ਼ਰਤੀਆ ਅਮਲ ਕਰੇਗਾ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਵਿਰੋਧ ਵਿੱਚ 1982 ਵਿੱਚ ਕਪੂਰੀ ਮੋਰਚਾ ਲਾਉਣ ਵਾਲਾ ਸ਼੍ਰੋਮਣੀ ਅਕਾਲ ਦਲ ਮੋਦੀ ਦੇ ਇਸ ਪੰਜਾਬ ਵਿਰੋਧੀ ਮਨਸੁਬਿਆਂ ਦੇ ਬਾਵਯੂਦ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਿਸ ਸੋਚ ਅਧੀਨ ਬਿਨਾਂ ਸ਼ਰਤ ਸਮਰਥਨ ਦੇ ਰਿਹਾ ਹੈ! ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਫਰਜ਼ੰਦ ਸੁਖਬੀਰ ਸਿੰਘ ਬਾਦਲ ਹੀ ਜਾਣੇ। ਬੱਸ ਸੋਚ ਇੱਕੋ ਹੈ ਕਿ ਲੰਬਾ ਸਮਾਂ ਸਤਾ ’ਤੇ ਟਿਕੇ ਰਹਿਣ ਲਈ ਆਪਣੇ ਸਿਆਸੀ ਬਿਆਨਾਂ ਵਿੱਚ ਕੇਵਲ ਕਾਂਗਰਸ ਵਿਰੋਧੀ ਏਜੰਡੇ ਵਾਲਾ ਸੰਪਟ ਪਾਠ ਲਾ ਕੇ ਬਿਨਾਂ ਸ਼ਰਤ ਭਾਜਪਾ ਦੀ ਝੋਲ਼ੀ ਵਿੱਚ ਡਿੱਗੇ ਰਹਿਣਾਂ। ਸਤਾ ਲਾਲਸਾ ਦੀ ਇਹ ਬੀਮਾਰੀ