"ਸ਼ਬਦ ਗੁਰੂ" ਦਾ ਸਿਧਾਂਤ
"ਸ਼ਬਦ ਗੁਰੂ" ਦਾ ਸਿਧਾਂਤ
ਕਈ ਵਾਰ ਵਿਦਵਾਨਾਂ ਦੀਆ ਲਿਖਤਾਂ ਵਿੱਚ ਅਕਸਰ ਪੜ੍ਹਨ ਨੂੰ ਮਿਲਦਾ ਹੈ ਕਿ ਸਿੱਖੀ " ਗੁਰੂ ਨਾਨਕ ਦੀ ਵਿਚਾਰਧਾਰਾ ਹੈ" । ਜੇ ਇਸ ਸਲੋਗਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਘਸਵੱਟੀ ਤੇ ਪਰਖ ਕੇ ਵੇਖੀਏ ਤਾਂ ਇਹ ਸਲੋਗਨ ਕੁਝ ਢੁਕਵਾਂ ਪ੍ਰਤੀਤ ਨਹੀ ਹੂੰਦਾ। ਗੁਰੂ ਨਾਨਕ ਸਾਹਿਬ ਨੇ ਇਕ "ਨਿਰਮਲ ਪੰਥ" ਦੀ ਸਥਾਪਨਾਂ ਕੀਤੀ। ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪
ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਦੀ ਸਥਾਪਨਾਂ ਕੀਤੀ ਉਸ ਦਾ ਅਧਾਰ ਕੋਈ "ਵਿਚਾਰਧਾਰਾ" ਨਹੀ ਬਲਕਿ " ਇਕ ਕਰਤਾਰ " ਦੇ ਹੁਕਮ (ਰੱਬੀ ਬਾਣੀ) ਹੀ ਸੀ । ਦੂਜੇ ਸ਼ਬਦਾਂ ਵਿੱਚ ਆਪ ਇਹ ਕਹਿ ਸਕਦੇ ਹੋ ਕਿ ਜੈਸਾ ਹੁਕਮ ਧੁਰੋਂ , ਭਾਵ: ਕਰਤੇ ਵਲੋਂ ਹੋਇਆ ਗੁਰੂ ਨਾਨਕ ਸਾਹਿਬ ਨੇ ਉਸੇ ਤਰ੍ਹਾਂ ਸਿੱਖ ਪੰਥ ਚਲਾਇਆ ਅਤੇ ਧੁਰ ਤੋਂ ਆਈ ਬਾਣੀ ਉਚਾਰੀ ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਗੁਰੂ ਗ੍ਰੰਥ ਸਾਹਿਬ : ਅੰਕ ੭੨੨
"ਵਿਚਾਰਧਾਰਾ" ਸ਼ਬਦ, "ਸਦੀਵੀ ਸੱਚ" ਸ਼ਬਦ ਦੇ ਮੁਕਾਬਲੇ ਬਹੁਤ ਛੋਟਾ ਅਤੇ ਅਧੂਰਾ ਪ੍ਤੀਤ ਹੂੰਦਾ ਹੈ, ਕਿਉ ਕਿ ਕੋਈ ਵੀ "ਵਿਚਾਰਧਾਰਾ" ਵਕਤ ਨਾਲ ਬਦਲਦੀ ਹੈ ਅਤੇ ਸਥਾਈ ਨਹੀ ਹੂੰਦੀ ।ਜਦਕਿ "ਸਦੀਵੀ ਸੱਚ" (Universal Truth) ਕਦੀ ਵੀ ਨਹੀ ਬਦਲਦਾ । 'ਸਦੀਵੀ ਸੱਚ', ਕਿਸੇ ਅਸਥਾਨ, ,ਕਾਲ, ਸਮੈਂ ਅਤੇ ਕਿਸੇ ਦੇ ਪ੍ਭਾਵ ਹੇਠ ਨਹੀਂ ਹੂੰਦਾ। ਉਹ ਨਾਂ ਬਦਲਦਾ ਹੈ ਅਤੇ ਨਾਂ ਹੀ ਕਿਸੇ ਪ੍ਰਭਾਵ ਜਾਂ ਨਿਜੀ ਸੋਚ ਦੇ ਅਧੀਨ ਹੂੰਦਾ ਹੈ। ਨਿਰੰਕਾਰ ਦੇ ਬਣਾਏ ਨਿਯਮ ਅਤੇ ਗੁਣ "ਸਦੀਵੀ ਸੱਚ" ਹੂੰਦੇ ਹਨ ਜੋ ਜੁਗਾ ਜੁਗੰਤਰ "ਸੱਚ" ਹੀ ਰਹਿੰਦੇ ਹਨ।
ਸਿੱਖੀ ਨੂੰ "ਗੁਰੂ ਨਾਨਕ ਦੀ ਵਿਚਾਰਧਾਰਾ" ਕਹਿਣ ਨਾਲੋਂ "ਰੱਬੀ ਗੁਣਾਂ ਤੇ ਅਧਾਰਿਤ ਨਿਰਮਲ ਪੰਥ" ਕਹਿੰਣਾਂ ਜਿਆਦਾ ਉਚਿਤ ਅਤੇ ਢੁਕਵਾਂ ਪ੍ਰਤੀਤ ਹੂੰਦਾ ਹੈ।"ਵਿਚਾਰਧਾਰਾ" ਸ਼ਬਦ ਅਧੁਰਾ ਹੈ ਕਿਉ ਕਿ ਉਸ ਵਿੱਚ ਬਦਲਾਵ ਵੀ ਹੋ ਸਕਦਾ ਹੈ , ਲੇਕਿਨ "ਧੁਰ ਦੀ ਬਾਣੀ" ਵਿੱਚ ਬਦਲਾਵ ਨਹੀ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਇਸ ਰੱਬੀ ਗੁਣਾਂ ਅਤੇ ਹੁਕਮ ਵਾਲੇ "ਸ਼ਬਦ" ਨੂੰ ਹੀ ਅਪਣਾਂ ਗੁਰੂ ਵੀ ਮੰਨਿਆ ਹੈ। ਗੁਰੂ ਨਾਨਕ ਸਾਹਿਬ ਦੇ ਹੇਠ ਲਿਖੇ ਸ਼ਬਦਾਂ ਦੇ ਨਾਲ ਹੀ "ਸ਼ਬਦ ਗੁਰੂ" ਦੇ ਸਿਧਾਂਤ ਦੀ ਨੀਂਹ ਪੱਕੀ ਹੋ ਗਈ ਸੀ ।
ਕਵਣ ਮੂਲੁ ਕਵਣ ਮਤਿ ਵੇਲਾ ॥ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥
ਏਸੁ ਕਥਾ ਕਾ ਦੇਇ ਬੀਚਾਰੁ ॥ਭਵਜਲੁ ਸਬਦਿ ਲੰਘਾਵਣਹਾਰੁ ॥੪੩॥ ਅੰਕ੯੪੨
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅੰਕ 943
ਦਸਵੇ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਦੀ ਇਸ ਮਜਬੂਤ ਨੀਹ 'ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਕ ਬੁਲੰਦ ਅਤੇ ਸਦੀਵੀ ਰਹਿਣ ਵਾਲੇ "ਸ਼ਬਦ ਗੁਰੂ" , ਗੁਰੂ ਗ੍ਰੰਥ ਸਾਹਿਬ ਜੀ ਰੂਪੀ ਕਿਲੇ ਦੀ ਉਸਾਰੀ ਕਰ ਦਿੱਤੀ।
ਅੱਜ ਦੁਨੀਆਂ ਵਿੱਚ ਕਈ ਤਰ੍ਹਾਂ ਦੇ ਧਰਮ ਹਨ । ਕਰੋੜਾਂ ਤਰੀਕੇ ਦੇ ਦੇਵੀ ਦੇਵਤੇ ਅਤੇ ਈਸਟ ਹਨ।ਕਈ ਧਰਮ ਅਤੇ ਸੰਪ੍ਰਦਾਇ ਹਨ , ਜਿਨ੍ਹਾਂ ਵਿੱਚ ਅਡ ਅਡ ਅਧਆਤਮਿਕ ਰੀਤੀਆਂ ਅਤੇ ਕਰਮਕਾਂਡ ਹਨ, ਲੇਕਿਨ "ਇਕ ਨਿਰੰਕਾਰ ਦੀ ਸਮਝ , "ਸ਼ਬਦ" ਤੋਂ ਬਿਨਾਂ ਮੁਮਕਿਨ ਨਹੀ ਹੈ।
ਦੇਹਧਾਰੀ ਗੁਰੂ ਡਮ ਹੋਵੇ ਜਾਂ ਬੁਤ ਪ੍ਰਸਤੀ, ਦੋਵੇ ਹੀ ਮਨੁਖ ਨੂੰ "ਸ਼ਬਦ ਗਿਆਨ" ਤੋਂ ਮਹਿਰੂਮ ਰਖਦੇ ਹਨ।ਦੇਹਧਾਰੀ ਅਪਣੇ ਨਿਜੀ ਸਵਾਰਥਾਂ ਨਾਲ ਬੰਧਿਆ ਹੂੰਦਾ ਹੈ ਅਤੇ ਪੱਥਰ ਦੀਆਂ ਮੂਰਤੀਆਂ "ਸ਼ਬਦ" ਪੈਦਾ ਨਹੀ ਕਰ ਸਕਦੀਆਂ। ਇਹ ਮੂਰਤੀਆਂ ਤਾਂ ਉਸ ਗੂੰਗੀ ਅਤੇ ਬਹਰੀ ਟੀਚਰ ਵਾਂਗ ਹਨ ਜੋ ਕਲਾਸ ਵਿੱਚ ਦਸ ਵਰ੍ਹੇ ਵੀ ਆਂਉਦੀ ਰਹੇ ਲੇਕਿਨ ਉਹ ਬੱਚਿਆਂ ਨੂੰ ਕੋਈ ਗਿਆਨ ਨਹੀ ਦੇ ਸਕਦੀ। ਕਲਾਸ ਵਿਚ ਆਉਣ ਵਾਲੀ ਟੀਚਰ ਵੀ "ਸ਼ਬਦ" ਬੋਲਦੀ ਹੈ , ਤਾਂ ਹੀ ਬੱਚਿਆਂ ਦੇ ਅੰਦਰ ਗਿਆਨ ਪੈਦਾ ਹੂੰਦਾ ਹੈ।"ਸ਼ਬਦ" ਲਿੱਖ , ਪੜ੍ਹ ਜਾਂ ਸੁਣ ਕੇ ਹੀ ਗਿਆਨ ਉਪਜਦਾ ਹੈ । "ਸ਼ਬਦ" ਹੀ ਗਿਆਨ ਦਾ ਸ੍ਰੋਤ ਹੈ ।ਦੂਜੇ ਸ਼ਬਦਾਂ ਵਿੱਚ "ਗਿਆਨ" ਦੇਣ ਵਾਲਾ ਹੀ ਗੁਰੂ ਅਖਵਾਉਦਾ ਹੈ, 'ਤੇ ਗਿਆਨ ਸ਼ਬਦ ਨਾਲ ਪੈਦਾ ਹੂੰਦਾ ਹੈ । ਇਸੇ ਲਈ ਸਿੱਖੀ ਵਿੱਚ "ਸ਼ਬਦ" ਨੂੰ ਹੀ " ਗੁਰੂ" ਦਾ ਦਰਜਾਂ ਦਿਤਾ ਗਇਆ ਹੈ, ਕਿਉਕਿ ਸ਼ਬਦ ਹੀ ਗਿਆਨ ਦਾ ਇਕ ਮਾਤਰ ਸ੍ਰੋਤ ਹੈ ਅਤੇ ਸ਼ਬਦ ਨਾਲ ਹੀ ਗਿਆਨ ਪ੍ਰਾਪਤ ਹੂੰਦਾ ਹੈ।
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ ਅੰਕ ੬੪੪
ਸਿੱਖੀ ਤੋਂ ਅਲਾਵਾ ਦੁਨੀਆਂ ਵਿਚ ਕੋਈ ਹੋਰ ਦੂਜਾ ਐਸਾ ਧਰਮ ਨਹੀ , ਜਿਸ ਵਿੱਚ "ਸ਼ਬਦ" ਨੂੰ ਅਪਣਾਂ "ਗੁਰੂ ਅਤੇ ਈਸਟ" ਮਨਿਆਂ ਜਾਂਦਾ ਹੋਵੇ ।ਸ਼ਬਦ ਅਗੇ ਸਿਜਦਾ ਕੀਤਾ ਜਾਂਦਾ ਹੋਵੇ । ਇੱਸੇ ਲਈ ਤਾਂ ਗੁਰੂ ਨਾਨਕ ਦੀ ਥਾਪੀ ਸਿੱਖੀ ਇਕ "ਨਿਆਰਾ ਪੰਥ" ਅਖਵਾਂਦੀ ਹੈ "ਵਿਚਾਰਧਾਰਾ" ਨਹੀ ।
ਇੰਦਰਜੀਤ ਸਿੰਘ,ਕਾਨਪੁਰ