ਗੁਰਮਤਿ ਦੇ ਚਾਣਕੀਯ ਮਹਾਨ ਸਿੱਖ ਵਿਦਵਾਨ
ਅੱਜ-ਕਲ ਧਰਮ ਦੇ ਖੇਤ੍ਰ ਵਿਚ ਜਿੰਨੇ ਮਹਾਨ ਵਿਦਵਾਨ ਸਿੱਖਾਂ ਵਿਚ ਹਨ , ਓਨੇ ਦੁਨੀਆ ਦੇ ਕਿਸੇ ਧਰਮ ਵਿਚ ਨਹੀਂ ਹੋਣੇ । ਹਾਲਾਂਕਿ ਗਿਣਤੀ ਦੇ ਲਿਹਾਜ਼ ਨਾਲ , ਸਿੱਖਾਂ ਦੀ ਕੁਲ ਗਿਣਤੀ , ਹਿੰਦੂਆਂ ਦਾ 1.5 % , ਈਸਾਈਆਂ ਦਾ . 7 % , ਮੁਸਲਮਾਨਾਂ ਦਾ . 5 % ਕਰੀਬ ਹੈ । ਲਿਆਕਤ ਦੇ ਹਿਸਾਬ ਨਾਲ ਇਹ ਪੁਰਾਣੇ ਬ੍ਰਾਹਮਣਾਂ ਨੂੰ ਮਾਤ ਪਾਉਂਦੇ ਹਨ ।
ਬਾਕੀ ਸਾਰੇ ਧਰਮਾਂ ਦਾ ਇਹ ਸਿਧਾਂਤ ਹੈ ਕਿ , ਜਿਸ ਬੰਦੇ ਨੇ ਵੀ ਧਰਮ ਦੇ ਖੇਤ੍ਰ ਵਿਚ ਕੋਈ ਗੱਲ ਸਥਾਪਤ ਕੀਤੀ ਹੈ , ਉਸ ਨੂੰ ਦੂਸਰੇ ਵਿਦਵਾਨਾਂ ਨੇ ਕਦੀ ਰੱਦ ਨਹੀਂ ਕੀਤਾ । ਇਸ ਦਾ ਕਾਰਨ ਇਹ ਹੈ ਕਿ , ਧਰਮ ਚਲਾਉਣ ਵਾਲੇ ਬੰਦੇ ਨੇ ਆਪਣੇ ਉਪਦੇਸ਼ ਆਪ ਨਹੀਂ ਲਿਖੇ , ਬਲਕਿ ਉਸ ਦੇ ਚੇਲਿਆਂ ਨੇ ਉਸ ਦੀ ਮੌਤ ਮਗਰੋਂ ਲਿਖੇ ਹਨ , ਅਤੇ ਉਨ੍ਹਾਂ ਵਿਚ ਆਪਣੇ ਵਲੋਂ ਵੀ ਬਹੁਤ ਕੁਝ ਲਿਖ ਦਿੱਤਾ , ਇਵੇਂ ਸਮੇ ਦੇ ਨਾਲ ਉਨ੍ਹਾਂ ਸਿਧਾਂਤਾਂ ਵਿਚ ਵਾਧਾ ਹੁੰਦਾ ਗਿਆ , ਅਤੇ ਉਨ੍ਹਾਂ ਵਿਚ ਪਰਮਾਣੀਕ ਗੱਲਾਂ ਨਾ ਦੇ ਬਰਾਬਰ ਹਨ , ਫਿਰ ਕਿਸ ਗੱਲ ਨੂੰ ਕੱਢਿਆ ਜਾਵੇ ਅਤੇ ਕਿਸ ਨੂੰ ਰੱਖਿਆ ਜਾਵੇ ਦਾ ਮਸਲ੍ਹਾ ਭਾਰੂ ਹੈ ।
ਵੈਸੇ ਉਨ੍ਹਾਂ ਧਰਮਾਂ ਦੇ ਆਗੂ ਬੜੇ ਸਿਆਣੇ ਹਨ , ਉਹ ਆਪਣੀ ਧਰਮ-ਪੁਸਤਕ ਜਾਂ ਧਰਮ-ਗ੍ਰੰਥ ਵਿਚਲੀ ਗਲਤੀ ਨੂੰ ਬੜੀ ਸਿਆਣਪ ਨਾਲ ਸੁਧਾਰ ਲੈਂਦੇ ਹਨ , ਕੋਈ ਵਾਦ-ਵਿਵਾਦ ਨਹੀਂ ਖੜਾ ਹੋਣ ਦੇਂਦੇ । ਜਿਵੇਂ ਈਸਾਈਆਂ ਦੀ ਧਰਮ-ਪੁਸਤਕ ਮੁਤਾਬਕ ਧਰਤੀ ਚਪਟੀ ਹੋਣ ਦਾ ਸਿਧਾਂਤ ਸੀ । ਜਦ ਇਕ ਸਾਇੰਸ-ਦਾਨ ਨੇ ਧਰਤੀ ਗੋਲ ਹੋਣ ਦੀ ਗੱਲ ਕੀਤੀ ਤਾਂ , ਉਨ੍ਹਾਂ ਨੇ ਉਸ ਸਾਇੰਸ-ਦਾਨ ਨੂੰ ਮੌਤ ਦੀ ਸਜ਼ਾ ਦੇ ਦਿੱਤੀ , ਪਰ ਜਦ ਇਹ ਗੱਲ , ਚਿੱਟੇ ਦਿਨ ਵਾਙ ਸਾਬਤ ਹੋ ਗਈ ਤਾਂ ਉਨ੍ਹਾਂ ਨੇ ਉਸ ਵਿਚ ਸੋਧ ਕਰਨ ਵਿਚ ਜ਼ਰਾ ਢਿੱਲ ਨਹੀਂ ਕੀਤੀ । ਦੁਨੀਆਂ ਦੀ ਅਟੱਲ ਸਚਾਈ , ਮਾਤਾ ਅਤੇ ਪਿਤਾ ਦੇ ਮਿਲਾਪ ਤੋਂ ਬਗੈਰ ਬੱਚਾ ਨਹੀਂ ਹੁੰਦਾ , ਨੂੰ ਅੱਖੋਂ ਪਰੋਖੇ ਕਰ ਕੇ , ਅੱਜ ਵੀ ਉਨ੍ਹਾਂ ਵਿਚ ਇਹੀ ਪ੍ਰਚਤ ਹੈ ਕਿ , ਈਸਾ ਜੀ ਕੰਵਾਰੀ ਮਾਂ ਨੂੰ ਪੈਦਾ ਹੋਏ ਸਨ ।
ਇਵੇਂ ਹੀ ਮੁਸਲਮਾਨਾਂ ਵਿਚ ਜਨਾਨੀ ਨੂੰ ਬੰਦੇ ਦੇ ਬਰਾਬਰ ਨਹੀਂ ਸਮਝਿਆ ਜਾਂਦਾ , ਇਹ ਸਾਮ੍ਹਣੇ ਹੁੰਦੇ ਹੋਏ ਵੀ ਕਿ ਔਰਤ ਤੋਂ ਬਗੈਰ ਬੰਦੇ ਦੀ ਹੋਂਦ ਹੀ ਸੰਭਵ ਨਹੀਂ ਹੈ , ਔਰਤ ਨੂੰ ਬੰਦੇ ਨਾਲੋਂ ਉੱਚਾ ਰੁਤਬਾ ਤਾਂ ਕੀ ਦੇਣਾ , ਬਰਾਬਰੀ ਦਾ ਰੁਤਬਾ ਵੀ ਨਹੀ ਦਿੱਤਾ ਜਾਂਦਾ । ਏਸੇ ਤਰ੍ਹਾਂ ਹੀ ਉਨ੍ਹਾਂ ਦੇ ਸ਼ਰਈ ਕਾਨੂਨ ਵੀ ਕੁਦਰਤ ਦੇ ਲਿਹਾਜ਼ ਨਾਲ ਤਰੂਟੀਆਂ ਭਰਪੂਰ ਹਨ , ਪਰ ਉਹ ਓਸੇ ਤੇ ਹੀ ਟਿਕੇ ਹੋਏ ਹਨ , ਕਿਸੇ ਨੂੰ ਹਿੱਮਤ ਨਹੀਂ ਕਿ ਉਹ ਉਨ੍ਹਾਂ ਕਾਨੂਨਾਂ ਨੂ ਬਦਲ ਸਕੇ ।
ਹਿੰਦੂਆਂ ਦੀਆਂ ਤਾਂ ਤਕਰੀਬਨ ਸਾਰੀਆਂ ਹੀ ਮਾਨਤਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਦਿਮਾਗ ਦੀ ਪਰਖ ਤੇ ਮਾਨਤਾ ਦੇਣੀ ਲਗ-ਭਗ ਅਸੰਭਵ ਹੈ , ਜਿਵੇਂ ਧਰਤੀ ਨੂੰ ਇਕ ਬਲਦ ਆਪਣੇ ਸਿੰਗ ਤੇ ਚੁਕੀ ਖੜਾ ਹੈ , ਜਦ ਉਹ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ । ਸ਼ਿਵ ਜੀ ਨੇ ਗਣੇਸ਼ ਦਾ ਸਿਰ ਵੱਢ ਕੇ , ਉਸ ਦੀ ਥਾਂ ਹਾਥੀ ਦਾ ਸਿਰ ਲਗਾ ਦਿੱਤਾ , ਹਾਥੀ ਨਮਾ ਗਣੇਸ਼ , ਚੂਹੇ ਦੀ ਸਵਾਰੀ ਕਰਦਾ ਹੈ । ਇਕ ਬੰਦੇ ਨੇ ਸੂਰਜ ਨੂੰ ਆਪਣੀ ਖਰਾਦ ਤੇ ਬੰਨ੍ਹ ਕੇ , ਤਰਾਸ਼ ਕੇ , ਉਸ ਦਾ ਤੇਜ ਘੱਟ ਕਰ ਦਿੱਤਾ ਸੀ । ਇਕ ਬੱਚੇ ਨੇ ਸੂਰਜ ਨੂੰ ਸੇਬ ਜਾਣ ਕੇ , ਨਿਗਲ ਲਿਆ ਸੀ । ਸੂਰਜ ਦੇ ਮਿਲਾਪ ਨਾਲ ਕੁੰਤੀ ਦੀ ਕੁੱਖੋਂ ਕਰਣ ਪੈਦਾ ਹੋਇਆ ਸੀ । ਇਕ ਬੰਦਾ ਸਮੁੰਦਰ ਦੇ ਉਪਰੋਂ ਉੜਿਆ ਜਾ ਰਿਹਾ ਸੀ , ਉਸ ਦਾ ਪਸੀਨਾ ਡਿਗਿਆ , ਜੋ ਮੱਛੀ ਦੇ ਮੂੰਹ ਵਿਚ ਪੈ ਗਿਆ , ਜਿਸ ਤੋਂ ਯੋਗ ਮੱਤ ਦਾ ਬਾਨੀ ਮਛੰਦਰ ਨਾਥ ਪੈਦਾ ਹੋਇਆ । ਆਦਿ ਆਦਿ । ਦੁਨੀਆ ਚੰਦ ਤੋਂ ਟੱਪ ਕੇ ਮੰਗਲ ਤਕ ਅਪੜ ਰਹੀ ਹੈ , ਪਰ ਇਨ੍ਹਾਂ ਦੇ ਇਹ ਗਪੌੜੈ ਨਹੀਂ ਬਦਲੇ ਜਾ ਸਕਦੇ , ਕਿਉਂਕਿ ਇਹ ਗੱਲਾਂ ਉਨ੍ਹਾਂ ਦੇ ਧਰਮ-ਗ੍ਰੰਥਾਂ ਵਿਚ ਲਿਖੇ ਹੋਏ ਹਨ ।
ਪਰ ਹਰ ਸਿੱਖ ਵਿਦਵਾਨ , ਆਪਣੇ ਤੋਂ ਪਹਿਲਾਂ ਵਾਲੇ ਵਿਦਵਾਨ ਨੂੰ ਗਲਤ ਸਾਬਤ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ ਹੈ ।(ਆਪਣੇ ਧੜੇ ਵਾਲਿਆਂ ਨੂੰ ਛੱਡ ਕੇ) ਅਸਲੀਅਤ ਵਿਚ ਗੁਰੂ ਗ੍ਰੰਥ ਸਾਹਿ ਜੀ ਦੀ ਗੱਲ ਨੂੰ ਮੰਨਣ ਵਾਲਾ ਹੀ ਸਿੱਖ ਹੈ । ਜਦ ਤਕ ਗੁਰ-ਵਿਅਕਤੀਆਂ ਕੋਲੋਂ ਸਿਖਿਆ ਪਰਾਪਤ ਸਿੱਖ ਜੀਊਂਦੇ ਰਹੇ , ਤਦ ਤਕ ਸਿੱਖਾਂ ਵਿਚ ਗੁਰਮਤਿ ਬਾਰੇ ਕੋਈ ਵਿਵਾਦ ਨਹੀਂ ਸੀ , ਉਨ੍ਹਾਂ ਦੇ ਮਰਨ ਮਗਰੋਂ ਜਦ ਵੇਦਾਂਤ ਮੱਤ ਤੋਂ ਪਰਭਾਵਤ “ ਨਿਰਮਲੇ ” ਅਤੇ ਸ੍ਰੀ ਚੰਦ ਦੇ ਚੇਲੇ “ ਉਦਾਸੀ ” ਹਾਲਾਤ ਦੇ ਗੇੜ ਨਾਲ , ਗੁਰਦਵਾਰਿਆਂ ਤੇ ਕਾਬਜ਼ ਹੋ ਗਏ ਤਾਂ , ਬ੍ਰਾਹਮਣ ਦੀਆਂ ਧਰਮ-ਪੁਸਤਕਾਂ ਦੇ ਰੰਗਾ-ਰੰਗ ਅਰਥਾਂ ਵਾਙ , ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵੀ ਰੰਗਾ-ਰੰਗ ਅਰਥ ਹੋਣ ਲੱਗੇ , ਸਿੱਖਾਂ ਨੇ ਇਸ ਕਰਮ ਨੂੰ ਕੀ ਰੋਕਣਾ ਸੀ ? ਉਨ੍ਹਾਂ ਨੂੰ ਇਸ ਬਾਰੇ ਆਪ ਤਾਂ ਕੋਈ ਗਿਆਨ ਹੈ ਹੀ ਨਹੀਂ ਸੀ ।
ਇਕ ਵਾਰ ਗਿਆਨੀ ਦਿੱਤ ਸਿੰਘ ਜੀ (ਜਿਨ੍ਹਾਂ ਦਾ ਉਸ ਵੇਲੇ ਨਾਂ ਦਿੱਤਾ ਰਾਮ ਸੀ ਅਤੇ ਉਹ ਆਰੀਆ ਸਮਾਜੀ ਪਰਚਾਰਕ ਸਨ) ਅਤੇ ਉਨ੍ਹਾਂ ਦਾ ਸਾਥੀ , ਇਕ ਸਿੱਖ ਪਰਚਾਰਕ ਦੀ ਕਥਾ ਸੁਣਨ ਗਏ , ਵਾਪਸੀ ਤੇ ਗਿਆਨੀ ਦਿੱਤ ਸਿੰਘ ਜੀ ਨੇ ਉਸ ਪਰਚਾਰਕ ਦੀ ਬਹੁਤ ਵਡਿਆਈ ਕੀਤੀ , ਤਾਂ ਗਿਆਨੀ ਜੀ ਦੇ ਸਾਥੀ ਨੇ ਪੁਛਿਆ , ਕਿਸ ਗੱਲ ਦੀ ਵਡਿਆਈ ਕਰ ਰਹੇ ਹੋ ? ਗਆਿਨੀ ਜੀ ਨੇ ਕਿਹਾ , ਤੁਸੀਂ ਸੁਣਿਆ ਨਹੀਂ ਉਨ੍ਹਾਂ ਨੇ ਉਸ ਇਕ ਤੁਕ ਦੇ ਅੱਠ-ਦਸ ਅਰਥ ਕਿਸ ਸੁਚੱਜੇ ਢੰਗ ਨਾਲ ਕੀਤੇ ? ਸਾਥੀ ਨੇ ਕਿਹਾ , ਉਸ ਨੂੰ ਉਸ ਤੁਕ ਦੇ ਅਰਥਾਂ ਬਾਰੇ ਕੁਝ ਵੀ ਪਤਾ ਨਹੀਂ ਸੀ , ਗੁਰੂ ਸਾਹਿਬ ਦੇ ਲਿਖੇ ਮੁਤਾਬਕ , ਉਸ ਤੁਕ ਦਾ ਇਕੋ ਅਰਥ ਹੋ ਸਕਦਾ ਹੈ , ਜੇ ਉਸ ਨੂੰ ਉਹ ਅਰਥ ਆਉਂਦਾ ਹੁੰਦਾ ਤਾਂ , ਉਹ ਦੂਸਰੇ ਅਰਥ ਕਿਉਂ ਕਰਦਾ ? ਇਹ ਸੁਣ ਕੇ ਗਿਆਨੀ ਜੀ ਦੇ ਮਨ ਵਿਚ ਉਹ ਅਰਥ ਜਾਨਣ ਦੀ ਚਾਹ ਪੈਦਾ ਹੋਈ , ਅਤੇ ਉਹ ਗੁਰਮਤਿ ਦੇ ਮਹਾਨ ਗਿਆਤਾ ਹੋ ਗਏ ।
ਗੁਰੁ ਗ੍ਰੰਥ ਸਾਹਿਬ ਵਿਚੋਂ ਜੋ ਵੀ ਉਨ੍ਹਾਂ ਦੇ ਪੱਲੇ ਪਿਆ , ਉਸ ਨੂੰ ਉਹ ਸਿੱਖਾਂ ਵਿਚ ਪਰਚਾਰਨ ਲੱਗੇ , ਪਰ ਸਿੱਖਾਂ ਨੂੰ ਹੀ ਉਹ ਹਜ਼ਮ ਨਾ ਹੋਇਆ , ਅਤੇ ਸਿੱਖਾਂ ਨੇ ਹੀ ਉਨ੍ਹਾਂ ਦੀ ਬਹੁਤ ਨਿਰਾਦਰੀ ਕੀਤੀ । ਅੱਜ ਸਵਾਮੀ ਦਯਾਨੰਦ ਨੂੰ ਸਾਰੀ ਦੁਨੀਆ ਜਾਣਦੀ ਹੈ , ਪਰ ਗੁਰਮਤਿ ਦੇ ਆਧਾਰ ਤੇ ਸਵਾਮੀ ਦਯਾਨੰਦ ਨੂੰ ਵਿਚਾਰ ਚਰਚਾ ਵਿਚ ਤਿੰਨ ਵਾਰੀ ਲਾਜਵਾਬ ਕਰਨ ਵਾਲੇ ਗਿਆਨੀ ਦਿੱਤ ਸਿੰਘ ਨੂੰ ਕਿੰਨੇ ਬੰਦੇ ਜਾਣਦੇ ਹਨ ?
ਇਵੇਂ ਹੀ ਜਦ ਪ੍ਰੋ. ਸਾਹਿਬ ਸਿੰਘ ਜੀ ਨੂੰ (ਜਿਨ੍ਹਾਂ ਦਾ ਪਹਿਲਾ ਨਾਂ ਨੱਥੂਰਾਮ ਸੀ) ਇਹ ਸਮਝ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਵਿਆਕਰਣਿਕ ਨਿਯਮ ਅਨੁਸਾਰ ਹੀ ਲਿਖੇ ਗਏ ਹਨ , ਤਾਂ ਉਨ੍ਹਾਂ ਨੇ ਸਾਰੀ ਉਮਰ , ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਣ ਖੋਜਦਿਆਂ ਅਤੇ ਉਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ) ਕਰਦਿਆਂ ਲਗਾ ਦਿਤੀ । ਉਨ੍ਹਾਂ ਨੇ ਉਸ ਟਕਿੇ ਨੂੰ ਛਾਪਣ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ , ਪਰ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਛਾਪਣ ਤੋਂ ਸਾਫ ਮਨ੍ਹਾ ਕਰ ਦਿੱਤਾ । ਭਲਾ ਹੋਵੇ “ ਰਾਜ ਪਬਲਿਸ਼ਰਜ਼ (ਜਲੰਧਰ) ” ਵਾਲਿਆਂ ਦਾ , ਜਿਨ੍ਹਾਂ ਨੇ ਪ੍ਰੋ. ਸਾਹਿਬ ਦੀ ਮਿਹਨਤ ਸੰਭਾਲ ਲਈ , ਨਹੀਂ ਤਾਂ ਇਸ ਦਾ ਹਾਲ ਵੀ ਬਹੁਤ ਸਾਰੇ ਖੋਜੀਆਂ ਦੀਆਂ ਲਿਖਤਾਂ ਵਾਲਾ ਹੀ ਹੋਣਾ ਸੀ , ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਮਿਲਿਆ , ਅਤੇ ਉਨ੍ਹਾਂ ਨੂੰ ਸੇਂਕ ਹੀ ਖਾ ਗਈ । (ਸ਼੍ਰੋਮਣੀ ਕਮੇਟੀ ਕੋਲ , ਗੁਰਬਿਲਾਸ ਪਾਤਸ਼ਾਹੀ 6 , ਸਿੱਖ ਇਤਿਹਾਸ ਵਰਗੀਆਂ , ਸਿੱਖੀ ਨੂੰ ਖੋਰਾ ਲਾਉਂਦੀਆਂ ਕਿਤਾਬਾਂ ਛਾਪਣ ਲਈ , ਬਹੁਤ ਸਾਰਾ ਸਮਾ ਅਤੇ ਪੈਸਾ ਹੈ , ਪਰ ਅਜਿਹੇ ਖੋਜੀਆਂ ਦੀਆਂ ਖੋਜਾਂ ਨੂੰ ਨਾ ਤਾਂ ਜਾਂਚਣ ਦਾ ਸਮਾ ਹੈ ਅਤੇ ਨਾ ਹੀ ਛਾਪਣ ਲਈ ਪੈਸਾ ।
ਪ੍ਰੋ. ਸਾਹਿਬ ਸਿੰਘ ਵਲੋਂ ਖੋਜੀ , ਵਿਆਕਰਣ ਸਦਕਾ , ਗੁਰਬਾਣੀ ਦੇ ਰੰਗ-ਰੰਗ ਦੇ ਅਰਥ ਕਰਨ ਵਾਲਿਆਂ ਨੂੰ ਠੱਲ ਪਈ ਅਤੇ ਇਸ ਦੇ ਆਧਾਰ ਤੇ ਆਮ ਸਿੱਖਾਂ ਨੂੰ ਗੁਰਮਤਿ ਸਿਧਾਂਤ ਦੀ ਸਮਝ ਆਈ । ਪਰ ਅੱਜ ਦੇ ਸਿੱਖੀ ਦੇ ਮਹਾਨ ਵਿਦਵਾਨਾਂ ਨੂੰ ਹੀ ਹੁਣ ਇਹ “ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ” ਰੜਕਣ ਲਗ ਪਿਆ ਹੈ , ਕਿਉਂਕਿ ਹੁਣ ਫੇਰ ਉਹੀ ਰੰਗਾ-ਰੰਗ ਦੇ ਅਰਥ ਹੋਣ ਲੱਗ ਪਏ ਹਨ । ਭਾਵੇਂ ਇਹ ਮਹਾਨ ਵਿਦਵਾਨ , ਗੁਰਮਤਿ ਦੇ ਅਰਥਾਂ ਬਾਰੇ , ਗੁਰੂ ਗ੍ਰੰਥ ਸਾਹਿਬ ਦਰਪਣ ਵਿਚੋਂ ਹੀ 95 % ਨਕਲ ਮਾਰਦੇ ਹਨ , ਜੋ ਬਾਕੀ 5 % ਆਪ ਲਿਖਦੇ ਹਨ , ਉਸ ਵਿਚੋਂ ਅੱਧਾ % ਵੀ ਠੀਕ ਨਹੀਂ ਹੁੰਦਾ , ਪਰ ਦਾਵਾ ਕਰਦੇ ਹਨ ਕਿ , ਪ੍ਰੋ. ਸਾਹਿਬ ਸਿੰਘ ਦੇ ਅਰਥ ਤੀਰ-ਤੁਕੇ ਹਨ , ਅਤੇ ਗੁਰਬਾਣੀ ਦੀ ਵਿਚਾਰ-ਧਾਰਾ ਨੂੰ , ਇਸ ਬ੍ਰਾਹਮਣੀ ਵਿਚਾਰ-ਧਾਰਾਂ ਤੋਂ ਮੁਕਤ ਕੀਤਾ ਜਾਵੇ ।
ਸ਼ਾਇਦ ਏਸੇ ਨੂੰ ਕਿਹਾ ਗਿਆ ਹੈ ,
ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥2॥ (332)
ਵੈਸੇ ਜੋ ਬੰਦਾ ਜਿਊਂਦਾ ਹੋਵੇ , ਉਸ ਦੀ ਲ਼ਿਖਤ ਤੇ ਇਹੋ ਜਿਹੀ ਟਿੱਪਣੀ ਕਰਨ ਵਿਚ ਕੋਈ ਹਰਜ ਵੀ ਨਹੀਂ , ਕਿਉਂਕਿ ਉਹ ਆਪਣਾ ਪੱਖ ਪੂਰ ਲਵੇਗਾ , ਮਰੇ ਦੇ ਮਗਰੋਂ ਅਜਿਹੀ ਟਿੱਪਣੀ ਸੋਭਦੀ ਨਹੀਂ ।
ਸਿੱਖਾਂ ਨੂੰ ਅਜਿਹੇ ਵਿਦਵਾਨਾਂ ਤੋਂ ਸਾਵਧਾਨ ਰਹਣ ਦੀ ਲੋੜ ਹੈ , ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿ , ਪ੍ਰੋ. ਸਾਹਿਬ ਸਿੰਘ ਜੀ ਵਲੋਂ ਕੀਤੇ , ਵਿਆਕਰਣ ਆਧਾਰਿਤ ਅਰਥਾਂ ਨੂੰ ਰੱਦ ਕਰਨ ਮਗਰੋਂ , ਰੰਗ-ਬਰੰਗੇ ਅਰਥ ਕਰਨ ਵਿਚ ਕੋਈ ਰੁਕਾਵਟ ਨਹੀਂ ਰਹਿ ਜਾਵੇਗੀ । ਅਤੇ ਦੁਬਾਰਾ ਫਿਰ ਗੁਰਬਾਣੀ ਨੂੰ ਵੇਦਾਂ ਦੀ ਰੰਗਤ ਦੇਣੀ ਸੰਭਵ ਹੋ ਜਾਵੇਗੀ ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਗੁਰਮਤਿ ਦੇ ਚਾਣਕੀਯ ਮਹਾਨ ਸਿੱਖ ਵਿਦਵਾਨ
Page Visitors: 2685