- = ਜੂਠਾ ਪਿਆਰ ! (ਨਿੱਕੀ ਕਹਾਣੀ) = -
ਮੈਂ ਮਾਫ਼ੀ ਚਾਹੁੰਦਾ ਹਾਂ ! ਮੈਂ ਆਪ ਜੀ ਨਾਲ ਇੱਕੋ ਥਾਲੀ ਵਿਚ ਲੰਗਰ ਨਹੀ ਛੱਕ ਸਕਦਾ ! (ਰਣਜੀਤ ਸਿੰਘ ਨੇ ਲੰਗਰ ਛੱਕ ਰਹੇ ਤਰਲੋਕ ਸਿੰਘ ਦੇ ਨਾਲ ਹੀ ਛਕਣ ਦੇ ਨਿਓਤੇ ਤੇ ਜਵਾਬ ਵਿਚ ਕਿਹਾ)
ਤਰਲੋਕ ਸਿੰਘ : ਮੈਂ ਕੀ ਕਸੂਰ ਕੀਤਾ ਹੈ ? ਕਲ ਤੇ ਤੁਸੀਂ ਜਸਵਿੰਦਰ ਸਿੰਘ ਜੀ ਨਾਲ ਇੱਕੋ ਥਾਲੀ ਵਿਚ ਖਾ ਰਹੇ ਸੀ ! (ਤਰਲੋਕ ਸਿੰਘ ਨੇ ਗਿਲਾ ਕੀਤਾ)
ਰਣਜੀਤ ਸਿੰਘ : “ਹਾਂ, ਇੱਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ।”
ਤਰਲੋਕ ਸਿੰਘ : ਕੀ ਗੈਰ- ‘ਅੰਮ੍ਰਿਤਧਾਰੀ’ ਅਪਵਿੱਤਰ ਹੁੰਦੇ ਹਨ ? ਇਹ ਤੇ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਵਾਂਗ ਉੱਚਾ ਤੇ ਸਾਨੂੰ ਸ਼ੂਦਰ ਵਾਂਗ ਨੀਵਾਂ ਸਮਝ ਰਹੇ ਹੋ ! ਇਹ ਤੇ ਗੁਰੂ ਦੇ ਹੁਕਮ ਤੋਂ ਉਲਟ ਆਪਣੇ ਧਰਮੀ ਜਾਂ ਪਵਿੱਤਰ ਹੋਣ ਦੀ ਹਊਮੈ ਦਾ ਪ੍ਰਗਟਾਵਾ ਹੈ !
ਰਣਜੀਤ ਸਿੰਘ : ਪਤਾ ਨਹੀ ! ਮੈਂ ਤੇ ਇਹੀ ਸੁਣਿਆਂ ਸੀ ਤੇ ਕਦੀ ਇਸ ਬਾਰੇ ਵਿਚਾਰ ਨਹੀ ਕੀਤੀ !
ਤਰਲੋਕ ਸਿੰਘ : ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵਿਚਾਰੀਏ ਤਾਂ ਇੱਕ ਥਾਲੀ ਵਿੱਚ ਖਾਣਾ ਜਾਂ ਇੱਕੋ ਗਿਲਾਸ ਰਾਹੀਂ ਪਾਣੀ (ਭਾਵ ਜੂਠਾ ਖਾਣਾ ਜਾਂ ਪੀਣਾ) ਪੀਣਾ ਸਿਹਤ ਲਈ ਹਾਨੀਕਾਰਕ ਹੈ। ਕਿਉਂਕਿ ਇਸ ਰਾਹੀਂ ਕਈ ਬਿਮਾਰੀਆਂ ਦੇ ਕਿਟਾਣੂ ਇੱਕ ਤੋਂ ਦੂਜੇ ਵਿੱਚ ਪਹੁੰਚ ਸਕਦੇ ਹਨ। ਇਹ ਸੱਭ ਕੀਟਾਣੁ ਤੇ ‘ਅੰਮ੍ਰਿਤਧਾਰੀਆਂ’ ਵਿੱਚ ਵੀ ਹੋ ਸਕਦੇ ਹਨ ! ਹੈਂ ਨਾ ?
ਰਣਜੀਤ ਸਿੰਘ (ਸੋਚਦਾ ਹੋਇਆ) : ਗੱਲ ਤੇ ਸਹੀ ਹੈ ਤੁਹਾਡੀ ! ਪਰ ਮੈਂ ਤੇ ਬਹੁਤ ਸਮੇਂ ਤੋਂ ਇਹੀ ਸਿਸਟਮ ਵੇਖਦਾ ਆ ਰਿਹਾ ਹਾਂ ਤੇ ਇਸਨੂੰ ਹੁਣ ਬਦਲਣਾ ਸ਼ਾਇਦ ਬਹੁਤ ਔਖਾ ਹੈ !
ਤਰਲੋਕ ਸਿੰਘ : ਹਾਈਜੀਨ ਅੱਤੇ ਸਿਹਤ ਪੱਖੋਂ ਤੇ ਇਹ ਬਹੁਤ ਹੀ ਸ਼ਾਨਦਾਰ ਗੱਲ ਹੈ ਪਰ ਕੇਵਲ ਤੱਦ ਜਦੋਂ ਇਸ ਵਿੱਚ ਕੋਈ ਵਹਿਮ-ਭਰਮ, ਛੂਆ-ਛਾਤ ਜਾਂ ਵਿਤਕਰੇ ਵਾਲੀ ਗੱਲ ਨਾਂ ਹੋਵੇ ! ਪਰ ਜੇਕਰ ਕੇਵਲ ਅਮ੍ਰਿਤਧਾਰੀ ਦਾ ਹੀ ਜੂਠਾ ਖਾਉਣ ਦੀ ਛੁੱਟ ਵਾਲੀ ਸ਼ਰਤ ਦੀ ਗੱਲ ਹੈ ਤਾਂ ਫਿਰ ਇਹ ਗੁਰੂ ਦਾ ਰਾਹ ਨਹੀ ਹੈ, ਇਹ ਇੱਕ ਘੋਰ ਮਨਮਤ ਹੈ ! ਕੋਈ ਸ਼ਰਾਬ, ਸਿਗਰੇਟ, ਤੰਬਾਕੂ ਆਦਿ ਦਾ ਸੇਵਨ ਕਰਦਾ ਹੋਵੇ ਤੇ ਵਖਰੀ ਗੱਲ ਹੈ ਕਿਓਂਕਿ ਇਹ ਚੀਜ਼ਾਂ ਸਿੱਖੀ ਦੇ ਹਿਸਾਬ ਨਾਲ ਵੀ ਗਲਤ ਹਨ ਤੇ ਮਨੁਖਤਾ ਦੇ ਹਿਸਾਬ ਨਾਲ ਵੀ ਗਲਤ !
ਰਣਜੀਤ ਸਿੰਘ : ਮੈਂ ਕੋਸ਼ਿਸ਼ ਕਰਾਂਗਾ ਇਸ ਬਾਬਤ ਵਿਚਾਰ ਕਰਨ ਦੀ ! ਕਿਓਂਕਿ ਸਿਧਾਂਤਿਕ ਤੌਰ ਤੇ ਆਪ ਜੀ ਸਹੀ ਕਹ ਰਹੇ ਹੋ ! ਪਰ ਮੈਂ ਅਜੇ ਤਕ ਆਪਨੇ ਪੱਕੇ ਵਿਚਾਰਾਂ ਤੋਂ ਬਾਹਰ ਨਹੀ ਆ ਪਾ ਰਿਹਾ !
ਤਰਲੋਕ ਸਿੰਘ : ਮੈਂ ਤੁਹਾਡੀ ਇਸ ਗੱਲ ਦੀ ਸਲਾਂਘਾਂ ਕਰਦਾ ਹਾਂ ਕੀ ਤੁਸੀਂ ਘੱਟੋ-ਘੱਟ ਇਸ ਗੱਲ ਤੇ ਵਿਚਾਰ ਕਰਣ ਦੀ ਗੱਲ ਤੇ ਕੀਤੀ ਵਰਨਾ ਬਹੁਤ ਸਾਰੇ ਲੋਗ ਤੇ ਆਪਨੇ ਵਹਿਮਾਂ-ਭਰਮਾਂ, ਮਨਮਤਾਂ ਅੱਤੇ ਪੁਰਾਤਨ ਪਰਮਪਰਾਵਾਂ ਦੇ ਨਾਮ ਤੇ ਆਪਣੇ ਅੱਖ-ਕੰਨ ਬੰਦ ਕਰ ਲੈਂਦੇ ਹਨ !
- ਬਲਵਿੰਦਰ ਸਿੰਘ ਬਾਈਸਨ