ਸਿਆਸੀ ਦੀ ਘੰਟੀ ! (ਨਿੱਕੀ ਕਹਾਣੀ)
ਪਰ ਉਹ ਧਾਰਮਿਕ ਆਗੂ ਕਹਿੰਦਾ ਹੈ ਕੀ ਤੁਸੀਂ ਸਾਡੇ ਕਹਿਣ ਤੇ ਭੁੱਖ ਹੜਤਾਲ ਬੰਦ ਕਰ ਦਿਓ ਤੇ ਅਸੀਂ ਜਲਦੀਹੀ ਇਸ ਗੱਲ ਬਾਰੇ ਆਪਣੇ ਸਿਆਸੀ ਆਗੂ ਨੂੰ ਗੱਲ ਕਰਾਂਗੇ ! (ਰਣਜੀਤ ਸਿੰਘ ਦੱਸ ਰਿਹਾ ਸੀ)
ਕਰਮਜੀਤ ਸਿੰਘ : ਮੈਂ ਵੀ ਤੇ ਤੁਹਾਡੇ ਨਾਲ ਸੀ ! ਓਹ ਆਗੂ ਕਹਿੰਦਾ ਹੈ ਕੀ ਜਿਵੇਂ ਤੁਸੀਂ ਕਿਸੀ ਦੇ ਘਰ ਜਾ ਕੇ ਘੰਟੀ ਵਜਾਂਦੇ ਹੋ
ਤੇ ਕੁਝ ਸਮਾਂ ਦਰਵਾਜ਼ਾ ਖੁਲਣ ਦਾ ਇੰਤੀਜ਼ਾਰ ਕਰਨਾ ਪੈਂਦਾ ਹੈ, ਕਿਓਂਕਿ ਦਰਵਾਜ਼ਾ ਖੋਲਣ ਵਾਲਾ ਚਲ ਕੇ ਆਉਂਦਾ ਹੈ ਨਾ ਕੀ ਉੱਡ ਕੇ ! "ਕਮਾਲ ਹੈ ! ਇਤਨੇ ਸਾਲ ਬਾਅਦ ਵੀ ਇਨ੍ਹਾਂ ਨੂੰ ਸਮਾਂ ਚਾਹੀਦਾ ਹੈ?"
ਰਣਜੀਤ ਸਿੰਘ : ਜ਼ਮੀਰ ਦੇ ਦਰਵਾਜ਼ੇ ਤੇ ਘੰਟੀ ਮਾਰੇਆਂ ਦਰਵਾਜ਼ੇ ਖੁਲ ਜਾਂਦੇ ਹਨ ਪਰ ਜਿਸ ਮਨੁੱਖ ਦੀ ਜ਼ਮੀਰ ਮਰ ਚੁੱਕੀ ਹੋਵੇ ਉਸਨੂੰ ਕੋਈ ਘੰਟੀ ਦੀ ਆਵਾਜ਼ ਨਹੀ ਆਉਂਦੀ ਕਿਓਂਕਿ ਮਰੀ ਹੋਈ ਜ਼ਮੀਰ ਉਸ ਘੰਟੀ ਵਾਂਗ ਹੈ ਜਿਸਦਾ ਬਿਜਲੀ ਦਾ ਕੁਨੇਕਸ਼ਨ ਕੱਟਿਆ ਹੋਇਆ ਹੈ; ਇਸ ਕਰਕੇ ਆਉਣ ਵਾਲਾ ਕਦੀ ਵੀ ਦਰਵਾਜ਼ਾ ਖੋਲਣ ਨਹੀ ਆਉਂਦ! ਓਹ ਆਪਣੀ ਹਉਮੈ ਦੇ ਬੇਡਰੂਮ ਵਿੱਚ ਮਾਇਆ ਨਾਲ ਜੱਫੀਆਂ ਪਾ ਕੇ ਘੁੱਕ ਸੁੱਤਾ ਪਿਆ ਰਹਿੰਦਾ ਹੈ ! (ਫਿੱਕੀ ਹਸੀ ਹਸਦਾ ਹੈ)
ਕਰਮਜੀਤ ਸਿੰਘ : ਫਿਰ ਕੀ ਰਾਹ ਹੈ, ਦਰਵਾਜ਼ਾ ਖੁਲਵਾਉਣ ਦਾ ?
ਰਣਜੀਤ ਸਿੰਘ : ਸੁੱਤੇਆਂ ਨੂੰ ਜਗਾਣਾ ਔਖਾ ਨਹੀ ਪਰ ਜੋ ਜਾਣ ਬੂਝ ਕੇ ਨਿੰਦਰ ਵਿਚ ਹੋਣ ਦੀ ਐਕਟਿੰਗ ਕਰੇ ਉਸਨੂੰ ਕੌਣ ਜਗਾਵੇ ? ਇਤਨੇ ਸਾਲਾਂ ਤੋਂ ਜੋ ਦਰਵਾਜ਼ਾ ਘੰਟੀਆਂ ਦੀ ਆਵਾਜ਼ਾਂ ਸੁਣ ਸੁਣ ਕੇ ਵੀ ਨਹੀ ਖੁਲਿਆ ਤੇ ਫਿਰ ਓਹ ਦਰਵਾਜ਼ਾ ਗੁਰਮਤ ਦਾ ਨਹੀ ਹੋ ਸਕਦਾ ! ਆਪਣੀ ਜਾਨ ਦੇਣ ਨਾਲ ਗੱਲ ਨਹੀ ਪੁਗਣੀ ! ਵੱਡੀ ਹਕੂਮਤ ਨਾਲ ਟਾਕਰਾ ਔਖਾ ਹੈ ! ਖਿਚੜੀ ਖਾਣੀ ਹੋਵੇ ਤਾਂ ਸਹੀ ਤਰੀਕਾ ਹੈ ਕੀ ਪਹਿਲਾਂ ਬਾਹਰੋਂ ਬਾਹਰੋਂ ਖਾਦੀ ਜਾਵੇ, ਜੇਕਰ ਵਿਚਕਾਰੋਂ ਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਹੀ ਮੁੰਹ ਜਲੇਗਾ!
ਕਰਮਜੀਤ ਸਿੰਘ : ਫਿਰ ਕੀ ਕਰੀਏ ? ਹੱਥ ਤੇ ਹੱਥ ਰੱਖ ਕੇ ਬੈਠ ਜਾਈਏ ?
ਰਣਜੀਤ ਸਿੰਘ : ਨਹੀ ! ਉਨੀਵੀਂ ਸਦੀ ਦੇ ਸ਼ੁਰੁਆਤ ਵਿਚ ਇੱਕ ਲਹਿਰ ਨੇ ਜਨਮ ਲਿਆ ਸੀ; ਸਿੰਘ ਸਭਾ ਲਹਿਰ,ਜਿਸਨੇ ਪੁਰਾਣੇ ਨਿਜ਼ਾਮ ਬਦਲ ਕੇ ਰੱਖ ਦਿੱਤੇ ! ਅੱਜ ਫਿਰ ਜਰੂਰਤ ਹੈ ਕੀ ਕੌਮੀ ਨਿਜ਼ਾਮ ਬਦਲ ਦਿੱਤਾ ਜਾਵੇ! ਧਰਮ ਉੱਤੇ ਕਾਬਿਜ਼ ਸਿਆਸਿਆਂ ਨੂੰ ਥੱਲੇ ਲਾ ਦਿੱਤਾ ਜਾਵੇ ! ਜਰੂਰਤ ਹੈ ਅੱਜ .. "ਚਾਬੀਆਂ ਦੇ ਮੋਰਚੇ" ਨੂੰ ਮੁੜ ਸੁਰਜੀਤ ਕਰਨ ਦੀ !
ਕਰਮਜੀਤ ਸਿੰਘ (ਸਿਰ ਹਿਲਾਉਂਦਾ ਹੋਇਆ) : ਘਰ ਵਿੱਚ ਗੰਦਗੀ ਆ ਜਾਵੇ ਤੇ ਉਸਨੂੰ ਝਾੜੂ ਮਾਰ ਕੇ ਸਾਫ਼ ਕਰਨ ਵਿੱਚ ਕੋਈ ਹਰਜ਼ ਨਹੀ ਹੁੰਦਾ ਕਿਓਂਕਿ ਗੰਦੇ ਘਰ ਕੋਈ ਮਹਿਮਾਨ ਵੀ ਆ ਜਾਵੇ ਤੇ ਬਹੁਤ ਸ਼ਰਮਿੰਦਗੀ ਹੁੰਦੀ ਹੈ! ਬਾਰ ਬਾਰ ਘੰਟੀ ਮਾਰਨ ਤੇ ਜੇਕਰ ਜਵਾਬ ਨਹੀ ਆਉਂਦਾ ਤਾਂ ਸਾਡਾ ਫਰਜ਼ ਹੈ ਕੀ ਅਸੀਂ ਆਪਣੇ ਹੱਥਾਂ ਨਾਲ ਉਸ ਦਰਵਾਜ਼ੇ ਨੂੰ ਖੜਕਾਈਏ !
- ਬਲਵਿੰਦਰ ਸਿੰਘ ਬਾਈਸਨ
http://nikkikahaani.com/