ਸਾਰੀਆਂ ਅਖਬਾਰਾਂ 'ਚ ਫੋਟੋ
ਇਕਵਾਕ ਸਿੰਘ ਪੱਟੀ
ਯਾਰ ਸੱਜਣ ਸਿੰਹਾਂ ਵਾਹਵਾ ਈ ਦਿਨ ਹੋ ਗਏ ਆਪਣੀ ਅਖਬਾਰ ਵਿੱਚ ਫੋਟੋ ਨਹੀਂ ਆਈ, ਕਿਤੇ ਲੋਕ ਆਪਾਂ ਨੂੰ ਭੁੱਲ ਈ ਨਾ ਜਾਣ.!
ਹੂੰਮਮਮਮ..!!! ਗੱਲ ਤਾਂ ਤੇਰੀ ਸਹੀ ਹੈ ਬੰਤ ਸਿੰਹਾਂ, ਨਾਲੇ ਕੋਈ ਸਮਾਜਿਕ ਜਾਂ ਪੰਥਕ ਮੁੱਦਾ ਵੀ ਤਾਂ ਨਹੀਂ ਨਾ ਉਭਰਿਆ, ਜਿਸ ਬਾਰੇ ਬੰਦਾ ਕੋਈ ਬਿਆਨ ਹੀ ਦੇ ਛੱਡੇ। ਗੱਲ ਤਾਂ ਸਹੀ ਆ ਕਿੱਦਾਂ ਕੀਤੀ ਜਾਵੇ.???
ਕੋਲ ਖੜਾ ਇੱਕ ਬਾਬਾ ਬੋਲਿਆ.. ਓ ਕਾਹਨੂੰ ਦਿਲ 'ਤੇ ਲਾਈ ਜਾਂਦੇ ਹੋ , ਚੱਲੋ ਤੁਹਾਨੂੰ ਬਾਦਲ ਸਾਹਬ ਦੇ ਬੰਦਿਆਂ ਨਾਲ ਮਿਲਾ ਲਿਆਉਂਦੇ ਹਾਂ, ਨਾਲੇ ਉੱਥੇ ਸਾਰਾ ਮੀਡੀਆ ਵੀ ਹੁੰਦਾ, ਕਿਉਂਜੁ ਉਹ ਬਾਦਲ ਸਾਹਬ ਦੇ ਬੜੇ ਖਾਸ ਜੁ ਹੋਏ.. ਨਾਲੇ ਤੁਹਾਡੀ ਸਾਰਿਆਂ ਦੀ ਫੋਟੋ, ਸਾਰੀਆਂ ਅਖਬਾਰਾਂ ਵਿੱਚ (ਜਿਹਨਾਂ ਵਿੱਚੋਂ ਪਹਿਲਾਂ ਜਿਹੜੀਆਂ ਅਖਬਾਰਾਂ ਵਿੱਚ ਨਹੀਂ ਵੀ ਸੀ ਛਪੀ), ਤੇ ਦੂਜਾ ਟੌਹਰ ਬੜੀ ਬਣਜੂ ਤੁਹਾਡੀ।
ਅੱਛਾ ਬਾਬਾ ਜੀ..? ਬੰਤ ਸਿੰਘ ਬੋਲਿਆ, ਪਰ ਬਾਬਾ ਜੀ ਉਹ ਕਿੱਦਾਂ ਤੇ ਨਾਲ ਉਹ ਖਾਸ ਬੰਦੇ ਕੌਣ ਨੇ?
ਬੰਦੇ ਕਾਹਦੇ ਆ, ਬੱਸ ਊਂ ਈ ਸਰਕਾਰ ਨੇ ਆਪਣੇ ਕਾਬੂ ਵਿੱਚ ਰੱਖੇ ਹੋਏ ਕੁੱਝ ਤਨਖਾਹਦਾਰ ਮੁਲਾਜ਼ਮ ਈ ਸਮਝ ਉਹਨਾਂ ਨੂੰ, ਪਰ ਆਪਣੇ ਕੁੱਝ ਸਿੱਖ ਉਹਨਾਂ ਨੂੰ 'ਜੱਥੇਦਾਰ, ਤੇ ਸਿੰਘ ਸਾਹਿਬ' ਕਹਿ ਕੇ ਵੀ ਬੁਲਾਉਂਦੇ ਨੇ।
ਤੁਸੀਂ ਬੱਸ ਇੱਦਾਂ ਕਰੋ, ਆਪਣੇ ਘਰ ਦੇ ਸਾਹਮਣੇ ਜਿਹੜਾ ਖੰਭਾ ਹੈ ਨਾ, ਜਿਸ ਵਿੱਚ ਪਿਛਲੇ ਹਫਤੇ ਟਰੱਕ ਵੱਜਾ ਸੀ ਤੇ ਉਹ ਟੇਢਾ ਹੋਇਆਂ ਪਿਆ ਹੈ ਤੇ ਤਾਰਾਂ ਵੀ ਲਮਕਣ ਦਈਆਂ ਨੇ, ਉਸਦੀ ਇੱਕ ਤਾਜ਼ਾ ਫੋਟੋ ਖਿੱਚ ਲਿਆਉ, ਤੇ ਇੱਕ ਸਫੇ ਕੁ ਦਾ ਮੰਗ ਪੱਤਰ, ਕਿ 'ਇਹ ਖੰਭਾ ਸਰਕਾਰ ਨੂੰ ਕਹਿ ਕਿ ਸਿੱਧਾ ਕੀਤਾ ਜਾਵੇ ਜੀ, ਜਾਂ ਇਸ ਨੂੰ ਤੁਰੰਤ ਬਦਲਿਆ ਜਾਵੇ' ਆਖੀਰ ਵਿੱਚ ਧੰਨਵਾਦ ਲਿਖ ਦਿਉ।
ਠੀਕ ਹੈ ਬਾਬਾ ਜੀ, ਕੀ ਅੱਜਕੱਲ੍ਹ ਹੁਣ ਉਥੇ ਇਹੋ ਜਿਹੀਆਂ ਫੁਰਮਾਇਸ਼ਾਂ/ਅਰਜ਼ੀਆਂ ਜਾਣ ਲੱਗ ਪਈਆਂ ਨੇ?
ਹੋਰ ਉੱਥੇ ਕਿਹੜਾ 'ਨਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਬੈਠੇ ਸਿੰਘ ਦੀ ਰਿਹਾਈ ਲਈ, ਅਸਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ, ਸਿੱਖ ਰਹਿਤ ਮਰਿਯਾਦਾ 'ਤੇ ਕੌਮ ਨੂੰ ਦ੍ਰਿੜ ਕਰਵਾਉਣ, ਸਮਾਜ ਵਿੱਚ ਨਸ਼ੇ ਅਤੇ ਜਾਤ-ਪਾਤ ਖਤਮ ਕਰਨ ਸਬੰਧੀ ਮੀਟਿੰਗਾ ਤੇ ਵਿਚਾਰਾਂ ਹੁੰਦੀਆਂ ਨੇ..? ਬੱਸ ਆਹ ਈ ਕੁੱਝ ਰਹਿ ਗਿਆ... ਚੱਲੋ ਹੁਣ ਦੇਰੀ ਨਾ ਕਰੋ ਜੋ ਮੈਂ ਕਿਹਾ ਉਹ ਮੰਨੋ ਅਤੇ ਫਿਰ ਵੇਖਿਉ ਕਿਵੇਂ ਲੱਗਦੀ ਤੁਹਾਡੀ ਸਾਰੀਆਂ ਅਖਬਾਰਾਂ 'ਚ ਫੋਟੋ।
(With thanks From " Khalsa news ")