ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/
ਬੰਦੀ ਸਿੰਘਾਂ ਦੀ ਰਿਹਾਈ ਦਾ (ਭਾਗ ਪਹਲਾ)
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ।
ਜਿਹੋ ਜਿਹੀ ਹਾਲਤ ਅੱਜ ਸਿੱਖ ਕੌਮ ਦੀ ਹੈ, ਇਹੋ ਜਿਹੀ ਹਾਲਤ ਤਾਂ ਰੱਬ ਕਿਸੇ ਦੀ ਵੀ ਨਾ ਕਰੇ । ਅਜਿਹੀ ਹਾਲਤ ਸਿੱਖ ਕੌਮ ਦੀ ਕਿਸ ਦੁਸ਼ਮਣ ਨੇ ਕਰ ਦਿੱਤੀ ? ਕੀ ਕੋਈ ਦੁਸ਼ਮਣ ਸਿੱਖ ਕੌਮ ਦੀ ਅਜਿਹੀ ਹਾਲਤ ਕਰ ਸਕਦਾ ਸੀ? ਨਹੀਂ । ਕਿਉਂਕਿ ਸਿੱਖ ਕੌਮ ਤਾਂ ਪੈਦਾ ਹੀ ਦੁਸ਼ਮਣਾਂ ਦੇ ਵਿੱਚ ਹੋਈ ਹੈ। ਗੁਰੂ ਅਰਜਨ ਜੀ ਦੀ ਸ਼ਹੀਦੀ ਹੋਈ, ਸਿੱਖ ਕੌਮ ਵਿੱਚ ਕੋਈ ਨਿਰਾਸ਼ਾ ਨਹੀਂ ਆਈ ਸਗੋਂ ਚੜ੍ਹਦੀਕਲਾ ਵੱਲ ਗਈ। ਫਿਰ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਦੀ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਈ। ਸਿੱਖ ਕੌਮ ਫਿਰ ਨਿਰਾਸ਼ ਹੋਣ ਦੀ ਥਾਂ ਚੜ੍ਹਦੀਕਲਾ ਵਿੱਚ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਸਿੰਘਾਂ ਦੀਆਂ, ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸ਼ਹਾਦਤ ਹੋਈ, ਸਿੱਖ ਕੌਮ ਫਿਰ ਵੀ ਚੜ੍ਹਦੀਕਲਾ ਵਿੱਚ ਰਹੀ। ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਵੀ ਸਿੱਖ ਕੌਮ ਚੜ੍ਹਦੀਕਲਾ ਵਿੱਚ ਹੀ ਜੀਵੀ ਅਤੇ ਸ਼ਹੀਦੀਆਂ ਵੀ ਚੜ੍ਹਦੀਕਲਾ ਵਿੱਚ ਹੀ ਪਾਈਆਂ। ਇਸ ਸਮੇਂ ਤੱਕ ਕੌਮ ਵਿੱਚ ਕੋਈ ਦੁਵਿਧਾ ਨਹੀਂ ਸੀ। ਸਿੱਖ ਕੌਮ ਇੱਕ ਨਿਸ਼ਾਨ ਸਾਹਿਬ (ਇੱਕ ਸਿਧਾਂਤ) ਥੱਲੇ ਇੱਕਠੀ ਸੀ। ਪੂਰੀ ਕੌਮ ਦਾ ਗੁਰੂ ਇੱਕ ਸੀ, ਜੁਲਮ ਨਾਲ ਟੱਕਰ ਸੀ, ਗਿਣਤੀ ਭਾਵੇਂ ਘੱਟ ਸੀ । ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਿਣਤੀ ਤਾਂ ਬੇਸ਼ੱਕ ਵੱਧ ਗਈ ਸੀ, ਪਰ ਸਿੱਖ ਸਿਧਾਂਤਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਚੜ੍ਹਦੀਕਲਾ ਵਾਲੇ ਯੋਧੇ ਤਾਂ ਉਸ ਸਮੇਂ ਵੀ ਬਹੁਤ ਸਨ, ਪਰ ਰਣਜੀਤ ਸਿੰਘ ਅਤੇ ਡੋਗਰਿਆਂ ਦੀ ਦਿਲੀ ਸਾਂਝ (ਅਜੋਕੇ ਬਾਦਲਾਂ ਅਤੇ ਭਾਜਪਾ ਵਰਗੀ ਸਾਂਝ) ਨੇ ਪੂਰੇ ਸਿੱਖ ਰਾਜ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਸੀ। ਸਿੰਘਾਂ ਦੀਆਂ ਬਹਾਦਰੀਆਂ ਮਿੱਟੀ ਘੱਟੇ ਰੁਲ ਗਈਆਂ ਸਨ, ਜੋ ਅੱਜ ਤੱਕ ਰੁਲ ਰਹੀਆਂ ਹਨ। ਬਹਾਦਰੀਆਂ ਤਾਂ ਕੀ ਅੱਜ ਤਾਂ ਪੂਰੀ ਸਿੱਖ ਕੌਮ ਵੀ ਮਿੱਟੀ ਘੱਟੇ ਰੁਲ ਰਹੀ ਹੈ। ਸਿੱਖ ਕੌਮ ਦੀ ਅਵਾਜ ਹੀ ਬੰਦ ਹੋ ਚੁੱਕੀ ਹੈ। ਸਿੱਖ ਕੌਮ ਆਪਣੇ ਨਾਲ ਹੁੰਦੀ ਬੇਇਨਸਾਫੀ ਜਾਂ ਆਪਣੇ ਜਿਉਂਦੇ ਹੋਣ ਦਾ ਸੁਨੇਹਾ ਦੇਣ ਦੇ ਯੋਗ ਵੀ ਨਹੀਂ ਰਹੀ। ਜਦੋਂ ਜਕਰੀਆ ਖਾਨ ਨੇ ਪੂਰੀ ਸਿੱਖ ਕੌਮ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤਾਂ ਉਸ ਵੇਲੇ ਦੋ ਸਿੰਘਾਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਸਿੱਖ ਕੌਮ ਦੇ ਜਿਉਂਦੇ ਹੋਣ ਦਾ ਸੁਨੇਹਾ ਜਕਰੀਆ ਖਾਨ ਤੱਕ ਪਹੁੰਚਾ ਦਿੱਤਾ ਸੀ। ਜਿਸ ਤਰ੍ਹਾਂ ਅਜੋਕੇ ਸਿੰਘਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ ਅਤੇ ਭਾਈ ਜਗਤਾਰ ਸਿੰਘ ਹਵਾਰੇ ਹੋਰਾਂ ਨੇ ਅਜੋਕੇ ਜਕਰੀਆ ਖਾਨਾਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਕੌਮ ਜਿੰਦਾ ਹੈ। ਸਪੱਸ਼ਟ ਹੈ ਕਿ ਇਨ੍ਹਾਂ ਸਿੰਘਾਂ ਦਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸੀ। ਇਹਨਾਂ ਸਿੰਘਾਂ ਦਾ ਮਿਸ਼ਨ ਵੀ ਸਿਰਫ ਜੁਲਮ ਨਾਲ ਟੱਕਰ ਸੀ। ਨਿੱਜੀ ਹਉਮੈ ਅਤੇ ਕੁਰਸੀ ਦੀ ਥਾਂ ਆਪਾ ਵਾਰਨਾ ਹੀ ਇਹਨਾਂ ਸਿੰਘਾਂ ਦਾ ਮਕਸਦ ਸੀ। ਕੀ ਉਪਰੋਕਤ ਸਾਰੇ ਸਿੰਘ ਅਕਾਲ ਤਖਤ ਦੇ ਜਥੇਦਾਰ ਤੋਂ ਸੇਧ ਲੈ ਕੇ ਚੱਲੇ ਸਨ ?
ਕੀ ਕਦੇ ਅਕਾਲ ਤਖਤ ਦੇ ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਜੀ ਤੱਕ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨ। ਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ ਬਰਬਾਦੀ ਨੂੰ ਕੌਣ ਰੋਕ ਸਕਦਾ ਹੈ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਕਿਉਂਕਿ ਸਿਰਫ ਗੁਰੂ ਅਤੇ ਅਕਾਲ ਪੁਰਖ ਹੀ ਅਭੁੱਲ ਹਨ। ਬਾਕੀ ਚਾਹੇ ਕੋਈ ਵੀ (ਅਖੌਤੀ ਜਥੇਦਾਰ, ਸਾਧ, ਸੰਤ, ਬ੍ਰਹਮ ਗਿਆਨੀ ਆਦਿ) ਹੋਵੇ ਇਹ ਸਭ ਭੁੱਲਣਹਾਰ ਹਨ। ਜਿਵੇਂ ਕਿ ਗੁਰਵਾਕ ਹੈ:-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥(ਪੰਨਾ ਨੰ:61)
ਫਿਰ ਅਸੀਂ ਬਾਦਲ ਦੇ ਤਨਖਾਹਦਾਰ ਪੁਜਾਰੀਆਂ/ਜਥੇਦਾਰਾਂ, ਸੰਤ ਸਮਾਜੀਆਂ, ਧੁੰਮੇ ਟਕਸਾਲੀਆਂ ਆਦਿ ਤੋਂ ਸੇਧ ਕਿਉਂ ਮੰਗ ਰਹੇ ਹਾਂ। ਜਦਕਿ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਾਰੇ ਭਾਜਪਾ/ਆਰ.ਐਸ.ਐਸ. ਨੂੰ ਵਿਕ ਚੁੱਕੇ ਹਨ, ਸਿੱਖੀ ਦਾ ਘਾਣ ਕਰ ਰਹੇ ਹਨ। ਫਿਰ ਅਸੀਂ ਇਹਨਾਂ ਦੁਸ਼ਮਣਾਂ ਤੋਂ ਸੇਧ ਕਿਉਂ ਮੰਗਦੇ ਹਨ। ਇਹ ਉਪਰੋਕਤ ਸਾਰੇ ਸਿੱਖੀ ਸਿਧਾਂਤਾਂ ਵੱਲੋਂ ਅੱਖਾਂ ਮੀਚ ਕੇ ਅੰਨੇ ਹੋਏ ਹੋਏ ਹਨ। ਫਿਰ ਇਹਨਾਂ ਅੰਨ੍ਹਿਆਂ ਦੇ ਦੱਸੇ ਰਾਹ ਤੇ ਤੁਰਨ ਵਾਲੀ ਸਿੱਖ ਕੌਮ ਕਿਵੇਂ ਸੁਜਾਖੀ ਹੋ ਸਕਦੀ ਹੈ ਅਤੇ ਆਪਣੀ ਮੰਜਿਲ ਤੇ ਕਿਵੇਂ ਪਹੁੰਚ ਸਕਦੀ ਹੈ । ਜਿਵੇਂ ਕਿ ਗੁਰਵਾਕ ਹੈ:-
ਸਲੋਕ ਮ: 2॥
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥1॥ (ਪੰਨਾ ਨੰ: 954)
ਅਰਥ :- ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉੱਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ, ਹੇ ਨਾਨਕ! ਸੁਜਾਖਾ ਮਨੁੱਖ (ਅੰਨੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ ਆਤਮਕ ਜੀਵਨ ਵਿੱਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ, ਜਿੰਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਹਨ, ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝੇ ਜਾ ਰਹੇ ਹਨ।1। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੰਨਾ ਨੰ: 123 ਪੋਥੀ ਸੱਤਵੀਂ)
ਇੱਕ ਪਾਸੇ ਅਸੀ ਹਿੱਕ ਠੋਕ ਕੇ ਕਹਿ ਰਹੇ ਹਾਂ ਕਿ ਸਾਡੇ ਕੋਲ ਸਰਵਉੱਚ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਮੁੱਚੇ ਸੰਸਾਰ ਨੂੰ ਰਸਤਾ ਵਿਖਾੳੇੁਣ ਦੇ ਸਮਰੱਥ ਹਨ, ਇਹ ਸੱਚ ਵੀ ਹੈ। ਪਰ ਇਹ ਵੀ ਸੱਚ ਹੈ ਕਿ ਪੂਰੇ ਸੰਸਾਰ ਨੂੰ ਰਸਤਾ ਵਿਖਾਉਣ ਵਾਲੀ ਵਿਚਾਰਧਾਰਾ ਦੀ ਮਾਲਕ ਕਹਾਉਣ ਵਾਲੀ ਸਿੱਖ ਕੌਮ ਖੁਦ ਹਨੇਰੇ ਖੂਹ ਵਿੱਚ ਡਿੱਗ ਰਹੀ ਹੈ, ਜਿਸਨੂੰ ਕੋਈ ਰਸਤਾ ਨਹੀਂ ਲੱਭ ਰਿਹਾ। ਕੀ ਗੁਰਬਾਣੀ ਦਾ ਇਹ ਸ਼ਬਦ ਸਾਡੇ ਉੱਤੇ ਨਹੀਂ ਢੁੱਕਦਾ:-
ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥216॥ (ਪੰਨਾ ਨੰ: 1376)
ਅੱਜ ਅਸੀਂ ਕੋਈ ਸੰਘਰਸ਼ ਆਰੰਭੀਏ ਤਾਂ ਪਹਿਲਾਂ ਕਹਾਂਗੇ ਕਿ ਅਕਾਲ ਤਖਤ ਦਾ ਜਥੇਦਾਰ ਇਸ ਦੀ ਅਗਵਾਈ ਕਰੇ। ਸਮੂਹ ਸਿੱਖ ਜਥੇਬੰਦੀਆਂ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੀਆਂ ਹੋ ਜਾਓ ਆਦਿ। ਕੀ ਜੋ ਵੱਖ-ਵੱਖ ਜਥੇਬੰਦੀਆਂ ਬਣਾਈ ਫਿਰਦੇ ਹਨ, ਉਹ ਸਿੱਖ ਹਨ? ਕੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੱਖ-ਵੱਖ ਹੋ ਸਕਦੇ ਹਨ? ਕੀ ਇੱਕ ਗੁਰੂ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ? ਜਿੰਨ੍ਹਾਂ ਨੇ ਆਪਣੀ ਚੌਧਰ ਲਈ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਆਪਣੀਆਂ ਵੱਖੋ-ਵੱਖਰੀਆਂ ਟਕਸਾਲਾਂ, ਸੰਪਰਦਾਵਾਂ, ਜਥੇਬੰਦੀਆਂ ਬਣਾਈਆਂ ਹਨ ਕੀ ਉਹ ਲੋਕ ਸਿੱਖ ਹਨ ? ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਕੇ ਪੂਰੀ ਸਿੱਖ ਕੌਮ ਨੂੰ ਇੱਕ ਬਣਾਇਆ ਸੀ। ਸਿੱਖ/ਖਾਲਸਾ ਜਥੇਬੰਦੀ। ਪਰ ਅੱਜ ਅਸੀਂ ਇੱਕ ਪੰਥ ਨੂੰ ਪਾੜਨ ਵਾਲਿਆਂ ਨੂੰ ਹੀ ਪੰਥਕ ਜਥੇਬੰਦੀਆਂ ਦੀ ਪਦਵੀ ਦੇ ਰਹੇ ਹਾਂ। ਜਦੋਂ ਕਿ ਇਹਨਾਂ ਨੂੰ ਪੰਥ ਤੋਂ ਬਾਗੀ ਜਾਂ ਆਕੀ ਕਹਿਣਾ ਚਾਹੀਦਾ ਹੈ। ਜੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ, ਜਿੰਨ੍ਹਾਂ ਦੀ ਕੋਈ ਜਥੇਬੰਦੀ ਨਹੀਂ ਹੁੰਦੀ, ਅਸਲ ਵਿੱਚ ਓਹੀ ਸਿੱਖ ਪੰਥ ਹੈ। ਜਿਸ ਜਥੇਬੰਦੀ ਜਾਂ ਸੰਪਰਦਾਇ ਨੇ ਪੰਥ ਵਿੱਚ ਸ਼ਾਮਿਲ ਹੋਣਾ ਹੋਵੇ, ਉਹ ਆਪਣੇ ਨਾਲੋਂ ਆਪਣੀ ਬਣਾਈ ਜਥੇਬੰਦੀ, ਸੰਪਰਦਾ ਆਦਿ ਦਾ ਨਾਮ ਆਪਣੇ ਨਾਲੋਂ ਮਿਟਾ ਕੇ ਸਿੱਖ ਪੰਥ ਵਿੱਚ ਸ਼ਾਮਿਲ ਹੋ ਸਕਦੀ ਹੈ ਅਤੇ ਖਾਲਸਾ ਪੰਥ ਦੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਸਕਦੀ ਹੈ। ਕੀ ਕੌਮ ਨੂੰ ਪਾੜ ਕੇ ਆਪਣੀਆਂ ਜਥੇਬੰਦੀਆਂ/ਸੰਪਰਦਾਵਾਂ ਬਣਾਉਣ ਵਾਲੇ ਪੰਥਕ ਕਹਾ ਸਕਦੇ ਹਨ? ਅਖੌਤੀ ਪੰਥਕ ਜਥੇਬੰਦੀਆਂ ਵਿੱਚ ਤਾਂ ਬਾਦਲ ਦਲ ਵੀ ਆਵੇਗਾ। ਕੀ ਆਰ.ਐਸ.ਐਸ. ਨੂੰ ਵਿਕੇ ਹੋਏ ਬਾਦਲ ਦੀ ਜਥੇਬੰਦੀ ਪੰਥਕ ਹੋ ਸਕਦੀ ਹੈ ? ਜਾਂ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ, ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰੰ੍ਰਥ ਸਾਹਿਬ ਜੀ। ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ ਮੰਨਦੇ/ਮੰਗਦੇ ਹਾਂ।
ਹਰਲਾਜ ਸਿੰਘ ਬਹਾਦਰਪੁਰ
ਮੋ : 0 94170-23911 (ਚਲਦਾ )