"ਸਬਦੁ ਗੁਰੂ ਸੁਰਤਿ ਧੁਨਿ ਚੇਲਾ"
ਉਹ ਕਿਹੜਾ "ਸ਼ਬਦ" ਹੈ ਜਿਸ ਦੇ ਲਈ ਗੁਰੂ ਸਾਹਿਬ ਨੇ ਕਿਹਾ ਸੀ- "ਸਬਦੁ ਗੁਰੂ ਸੁਰਤਿ ਧੁਨਿ ਚੇਲਾ"?
ਸਭ ਤੋਂ ਪਹਿਲਾਂ ਇਹ ਸਮਝਣ ਦੀ ਜਰੂਰਤ ਹੈ ਕਿ ‘ਸ਼ਬਦ’ ਹੈ ਕੀ?
ਸ਼ਬਦ:- ਆਪਾਂ ਆਪਣੇ ਵਿਚਾਰ ਮੂੰਹੋਂ ਉਚਾਰਕੇ ਜਾਂ ਲਿਖਕੇ ਦੂਜੇ ਤਾਈਂ ਵਿਅਕਤ ਕਰਦੇ ਹਾਂ।ਜਿਨ੍ਹਾਂ ਵਿਚਾਰਾਂ ਨੂੰ ਦੂਸਰਾ ਵਿਅਕਤੀ ਸੁਣਕੇ ਜਾਂ ਪੜ੍ਹਕੇ ਗ੍ਰਹਿਣ ਕਰਦਾ ਹੈ।ਇਹ ਉਚਾਰੇ, ਸੁਣੇ, ਲਿਖੇ ਅਤੇ ਪੜ੍ਹੇ ਜਾ ਸਕਣ ਵਾਲੇ ਬੋਲ, ਸ਼ਬਦ ਕਹਾਉਂਦੇ ਹਨ।ਉਚਾਰੇ ਜਾਂ ਲਿਖੇ ਜਾਣ ਤੋਂ ਪਹਿਲਾਂ ਸ਼ਬਦ ਨੂੰ ਤਿੰਨ ਹੋਰ ਅਵਸਥਾਵਾਂ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ।
ਪਹਿਲੀ ਅਵਸਥਾ ‘ਪਰਾ’- ਸ਼ਬਦ ਦੀ ਪਹਿਲੀ ਅਵਸਥਾ ਨੂੰ ‘ਪਰਾ’ ਬਾਣੀ ਕਿਹਾ ਜਾਂਦਾ ਹੈ।ਪਰਾ ਦਾ ਅਰਥ ਹੈ ਪਰੇ, ਹਰ ਕਿਸਮ ਦੇ ਗਿਆਨ ਜਾਂ ਗਿਆਨ-ਇੰਦ੍ਰਿਆਂ ਦੀ ਪਕੜ ਤੋਂ ‘ਪਰੇ’।
ਇਸ ਸਥਿਤੀ ਤੇ ਸੂਖਮ ਰੂਪ ਵਿੱਚ ਸ਼ਬਦ, ਮਨੁੱਖਾ ਸਰੀਰ ਦੇ ਪੰਜਵੇਂ ਸੂਖਮ ਤੱਤ ‘ਆਕਾਸ਼’ ਦੇ ਜਰੀਏ ਹਿਰਦੇ ਵਿੱਚ ਪ੍ਰਵੇਸ਼ ਕਰਦਾ ਹੈ।ਮਿਸਾਲ ਦੇ ਤੌਰ ਤੇ ਦਰਖਤ ਤੋਂ ਸੇਬ ਹੇਠਾਂ ਡਿੱਗਦਾ ਹੈ।ਸੇਬ ਦੇ ਦਰਖਤ ਤੋਂ ਹੇਠਾਂ ਡਿੱਗਣ ਦੀ ਪ੍ਰਕਿਰਿਆ ਸਾਰੀ ਕਾਇਨਾਤ ਲਈ ਸਾਂਝੀ ਘਟਦੀ ਹੈ।ਸੇਬ ਦੇ ਧਰਤੀ ਵੱਲ ਡਿੱਗਣ ਦੀ ਕ੍ਰਿਆ ਸਭ ਦੇ ਹਿਰਦੇ ਅੰਦਰ ਸੰਸਕਾਰ ਰੂਪ ਵਿੱਚ ਪ੍ਰਵੇਸ਼ ਕਰ ਜਾਂਦੀ ਹੈ।ਪਰ ਇਹ ਕਿਰਿਆ ਤਕਰੀਬਨ ਸਾਰੀ ਦੁਨੀਆਂ ਲਈ ਕੋਈ ਖਾਸ ਮਹਤਵ ਨਹੀਂ ਰੱਖਦੀ।ਜਿੰਨਾ ਚਿਰ ਬੰਦਾ ਇਸ ਘਟਨਾ ਨੂੰ ਖਾਸ ਮਹਤਵ ਦੇ ਕੇ ਵਿਚਾਰ-ਲੜੀ ਨੂੰ ਅੱਗੇ ਨਹੀਂ ਤੋਰਦਾ, ਇਹ ਘਟਨਾ ਦੇਖੇ ਅਣ-ਦੇਖੇ ਜਾਂ ਹੋਏ ਅਣਹੋਏ ਸਮਾਨ ਹੀ ਘਟ ਕੇ ਰਹਿ ਜਾਂਦੀ ਹੈ।ਇਸ ਸਥਿਤੀ ਤੇ ਬਾਣੀ ਜਾਂ ਸ਼ਬਦ ਨੇ ਕਿਸੇ ਕਿਸਮ ਦਾ ਕੋਈ ਰੂਪ ਧਾਰਣ ਨਹੀਂ ਕੀਤਾ ਹੁੰਦਾ, ਸਿਰਫ ਸੰਸਕਾਰ ਰੂਪ ਵਿੱਚ ਹਿਰਦੇ ਵਿੱਚ ਪ੍ਰਵੇਸ਼ ਕੀਤਾ ਹੁੰਦਾ ਹੈ ਅਤੇ ਬਾਣੀ ਜਾਂ ਸ਼ਬਦ ਪਰਾ ਸਥਿਤੀ ਤੋਂ ਅੱਗੇ ਨਹੀਂ ਵਧਦੀ, ਬਲਕਿ ਹਿਰਦੇ ਦੀਆਂ ਡੁੰਘਾਈਆਂ ਵਿੱਚ ਦਫ਼ਨ ਹੋ ਕੇ ਰਹਿ ਜਾਂਦੀ ਹੈ।ਪਰ ਨਿਊਟਨ ਵਰਗੇ ਕਿਸੇ ਵਿਰਲੇ ਬੰਦੇ ਦੇ ਹਿਰਦੇ ਅੰਦਰ ਇਹ ਪ੍ਰਕ੍ਰਿਆ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ ਬਲਕਿ ਇਸ ਤੋਂ ਅਗੇ ਵਧਦੀ ਹੈ ਅਤੇ ਇੱਥੋਂ ਫੁਰਣੇ ਫੁਰਣ ਦਾ ਅੰਕੁਰ ਫੁੱਟ ਪੈਂਦਾ ਹੈ।
ਦੂਸਰੀ ਅਵਸਥਾ ‘ਪਸੰਤੀ ਜਾਂ ਪਸ਼੍ਯੰਤੀ’- ਜਦੋਂ ਕੋਈ ਵਿਅਕਤੀ ਕਿਸੇ ਖਾਸ ਵਿਸ਼ੇ ਬਾਰੇ ਸੋਚਦਾ ਹੈ ਜਾਂ ਬਿਨਾ ਸੋਚਣ ਦੇ ਹੀ, ਸੁਭਾਵਕ ਜਾਂ ਅਚਨਚੇਤ ਹੀ ਕੋਈ ਫੁਰਣਾ ਉਸ ਦੇ ਹਿਰਦੇ ਵਿੱਚ ਉਤਪਨ ਹੋ ਜਾਂਦਾ ਹੈ ਤਾਂ ਉਸ ਨੂੰ ‘ਪਸੰਤੀ’ ਜਾਂ ਪਸ਼੍ਯੰਤੀ’ ਬਾਣੀ ਕਿਹਾ ਜਾਂਦਾ ਹੈ।ਫੁਰਣਾ ਉਤਪੰਨ ਹੋਣ ਦੀ ਇਹ ਸਥਿਤੀ, ਲਿਖੇ ਬੋਲੇ ਪੜ੍ਹੇ ਸੁਣੇ ਜਾਣ ਦੇ ਦਾਇਰੇ ਤੋਂ ਬਾਹਰ ਦਾ ਵਿਸ਼ਾ ਹੈ (ਬੇਸ਼ੱਕ ਇਹ ਫੁਰਣਾ ਕੁਝ ਪੜ੍ਹਦੇ ਲਿਖਦੇ ਸਮੇਂ ਹੀ ਕਿਉਂ ਨਾ ਉਤਪੰਨ ਹੋਇਆ ਹੋਵੇ)
ਇਸ ਸਥਿਤੀ ਵਿੱਚ ਬਾਣੀ, ਵਿਚਾਰਾਂ ਦਾ ਰੂਪ ਧਾਰਣ ਕਰਨ ਵੱਲ ਵਧਦੀ ਹੈ।ਪਰ ਵਿਚਾਰ ਹਾਲੇ ਅਧੂਰੇ, ਬੇ-ਤਰਤੀਬੇ ਅਤੇ ਅਨ-ਘੜੇ ਹੀ ਹੁੰਦੇ ਹਨ।ਵਿਅਕਤੀ ਦੇ ਹਿਰਦੇ ਅੰਦਰ ਵਿਸ਼ੇ ਨਾਲ ਸੰਬੰਧਤ ਨਵੇਂ ਵਿਚਾਰ ਉਤਪੰਨ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।ਵਿਅਕਤੀ ਦੀ ਪਹਿਲੀ ਬਣੀ ‘ਮਾਨਸਿਕ ਘਾੜਤ ਅਤੇ ਸੰਸਕਾਰਾਂ’ ਅਨੁਸਾਰੀ ਹੋਰ ਨਵੇਂ ਉਤਪੰਨ ਹੋਏ ਸੂਖਮ ਰੂਪ ਵਿਚਾਰਾਂ ਨੂੰ ਦਿਮਾਗ ਡੀ-ਕੋਡ ਕਰੀ ਜਾਂਦਾ ਹੈ (ਪੜ੍ਹੀ ਜਾਂਦਾ ਹੈ)।
ਸੇਬ ਦੇ ਧਰਤੀ ਤੇ ਡਿੱਗਣ ਦੀ ਕਿਰਿਆ ਬਾਰੇ ਨਿਊਟਨ ਵਰਗਾ ਖੋਜੀ ਵਿਦਵਾਨ, ਪਹਿਲਾਂ ਦੇ ਹਾਸਲ ਕੀਤੇ ਗਏ ਗਿਆਨ ਦੀ ਸਹਾਇਤਾ ਨਾਲ ਨਵੇਂ ਉਪਜ ਰਹੇ ਫੁਰਣਿਆਂ ਨੂੰ ਕਿਸੇ ਨਤੀਜੇ ਤੇ ਪਹੁੰਚਾਣ ਵਾਲੀ ਉਧੇੜ-ਬੁਣ ਵਿੱਚ ਪੈ ਜਾਂਦਾ ਹੈ ਕਿ; ਐਸਾ ਕਿਉਂ ਹੁੰਦਾ ਹੈ ਕਿ ਦਰਖਤ ਤੋਂ ਟੁੱਟ ਕੇ ਫਲ਼ ਹਮੇਸ਼ਾਂ ਧਰਤੀ ਵੱਲ ਨੂੰ ਹੀ ਆਉਂਦਾ ਹੈ?ਏਧਰ ਓਧਰ ਜਾਂ ਉੱਪਰ ਵੱਲ ਨੂੰ ਕਿਉਂ ਨਹੀਂ ਜਾਂਦਾ?
ਇੱਥੇ ਪ੍ਰਭੂ ਦੀ ਬਖਸ਼ੀ ਅਦਭੁਤ ਦੇਣ ਤੇ ਜ਼ਰਾ ਗੌਰ ਕਰਨ ਦੀ ਜਰੂਰਤ ਹੈ।ਪ੍ਰਭੂ ਦੀ ਇਸ ਅਦਭੁਤ ਦੇਣ ਕਰਕੇ ਹੀ ਸੰਸਾਰ ਅੱਜ ਦੇ ਵਿਗਿਆਨਕ ਤਰੱਕੀ ਦੇ ਜੁਗ ਤੱਕ ਪਹੁੰਚ ਸਕਿਆ ਹੈ ਅਤੇ ਅੱਗੋਂ ਤਰੱਕੀ ਕਰਦਾ ਹੀ ਰਹੇਗਾ।‘ਫੁਰਣੇ ਅਤੇ ਗਿਆਨ’ ਮਨੁੱਖ ਦੇ ਸੱਜੇ-ਖੱਬੇ ਦੋ ਕਦਮਾਂ ਦੀ ਤਰ੍ਹਾਂ ਹਨ, ਜਿਹੜੇ ਨਾਲ-ਨਾਲ ਚੱਲਦੇ ਹਨ, ਪਰ ਫੇਰ ਵੀ ਅਗੇ ਵਧਣ ਲਈ ਇੱਕ ਕਦਮ ਦੂਸਰੇ ਨਾਲੋਂ ਅੱਗੇ ਹੁੰਦਾ ਹੈ।ਪਰ ‘ਮਨੁੱਖ ਜੋ ਕੁਝ ਪੜ੍ਹਦਾ, ਸੁਣਦਾ, ਸਿੱਖਦਾ ਹੈ, ਹਿਰਦੇ ਵਿੱਚ ਉਤਪੰਨ ਹੋਣ ਵਾਲੇ ‘ਫੁਰਨੇ’ ਉਸ ਗਿਆਨ ਤੋਂ ਹਮੇਸ਼ਾਂ ਇੱਕ ਕਦਮ ਅੱਗੇ ਚੱਲਦੇ ਹਨ’।
ਇਹ ਫੁਰਣੇ ਹੀ ਅੱਗੋਂ ਗਿਆਨ ਦਾ ਰੂਪ ਧਾਰਣ ਕਰਦੇ ਹਨ।ਮਿਸਾਲ ਦੇ ਤੌਰ ਤੇ, ਨਿਊਟਨ ਦਾ (ਗਰੈਵਟੀ ਬਾਰੇ) ਇਹ ਨਵਾਂ ਉਪਜਿਆ ਫੁਰਣਾ ਉਸ ਵਕਤ ਦੇ ਕਿਤਾਬਾਂ ਵਿੱਚ ਦਰਜ ਗਿਆਨ ਤੋਂ ਵੱਖਰਾ ਅਤੇ ਅੱਗੇ ਦਾ ਕਦਮ ਸੀ।ਇਨ੍ਹਾਂ ਫੁਰਨਿਆਂ ਕਰਕੇ ਹੀ ਮਨੁੱਖ ਤਰੱਕੀ ਕਰਨ ਦੇ ਕਾਬਲ ਹੁੰਦਾ ਹੈ।ਨਹੀਂ ਤਾਂ ਮਨੁੱਖ ਨੇ ਜੋ ਗਿਆਨ ਪੜ੍ਹ ਸੁਣ ਕੇ ਹਾਸਲ ਕੀਤਾ ਹੁੰਦਾ, ਸਾਰਾ ਸੰਸਾਰ ਉਸੇ ਗਿਆਨ ਤੱਕ ਹੀ ਸੀਮਿਤ ਰਹਿ ਜਾਂਦਾ।ਇਸ ਗੱਲ ਨੂੰ ਸੈਂਕੜੇ ਸਾਲ ਪਹਿਲਾਂ (ਜਾਂ ਪਿਛਲੇ ਕਿਸੇ ਵੀ) ਸਮੇਂ ਤੇ ਢੁਕਾਕੇ ਦੇਖੀਏ ਤਾਂ ਬੰਦੇ ਨੇ ਓਸ ਵਕਤ ਤੱਕ ਜੋ ਗਿਆਨ ਹਾਸਲ ਕੀਤਾ ਸੀ ਉਹੀ ਗਿਆਨ ਸਭ ਲਈ ਅੰਤਿਮ ਗਿਆਨ ਹੋ ਕੇ ਰਹਿ ਜਾਣਾ ਸੀ।ਬੰਦਾ ਇਕ ਕਦਮ ਵੀ ਅਗੇ ਦੀ ਤਰੱਕੀ ਨਾ ਕਰ ਸਕਦਾ।ਇਹ ਫੁਰਣੇ ਹੀ ਹਨ ਜਿਹੜੇ ਕਿਤਾਬੀ ਗਿਆਨ ਵਿੱਚ ਵਾਧਾ ਕਰਦੇ ਹਨ।
ਸੋ ਗੁਰਬਾਣੀ ਦੇ ਅਜੋਕੇ ਵਿਆਖਿਆਕਾਰ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਹੋਏ ਬੈਠੇ ਹਨ, ਨੂੰ ਸਮਝਣ ਦੀ ਜਰੂਰਤ ਹੈ ਕਿ ਇਹ ਫੁਰਣੇ (ਧੁਰੋਂ ਆਏ ਸ਼ਬਦ ਦੀ ਪਹਿਲੀ ਅਵਸਥਾ) ਹੀ ਸੰਸਾਰਕ ਤਰੱਕੀ ਦਾ ਕਾਰਣ ਹਨ।ਇਹ ਫੁਰਣੇ ਕਿਸੇ ਵੀ ਸਮੇਂ ਦੇ ਮੌਜੂਦਾ ਗਿਆਨ ਤੋਂ ਉੱਪਰ ਅਤੇ ਕਿਸੇ ਵੀ ਭੌਤਿਕ ਉਪਕਰਣ ਦੀ ਪਕੜ ਤੋਂ ਬਾਹਰ ਹੁੰਦੇ ਹਨ ਅਤੇ ਧੁਰੋਂ ਪ੍ਰਭੂ ਵੱਲੋਂ ਆਉਂਦੇ ਹਨ।ਕੇਵਲ ਮਨੁੱਖੀ ਦਿਮਾਗ ਇਨ੍ਹਾਂ ਸੂਖਮ-ਰੂਪ ਫੁਰਣਿਆਂ ਨੂੰ ਡੀ-ਕੋਡ ਕਰਦਾ ਅਤੇ ਕਰ ਸਕਦਾ ਹੈ।
ਸ਼ਬਦ ਜਾਂ ਬਾਣੀ ਦੀ ਇਹ ਦੂਸਰੀ ਅਵਸਥਾ ਬਹੁਤ ਮਹਤਵ-ਪੂਰਣ ਅਤੇ ਵਿਗਿਆਨੀਆਂ ਨੂੰ ਵੀ ਚਕਿਤ ਕਰ ਦੇਣ ਵਾਲੀ ਹੈ ਜਿੱਥੇ ਸੂਖਮ ਰੂਪ ਫੁਰਣਿਆਂ ਨੂੰ ਦਿਮਾਗ ਡੀ-ਕੋਡ ਕਰਕੇ ਵਿਚਾਰ ਲੜੀ ਨੂੰ ਅੱਗੇ ਤੋਰਦਾ ਹੈ।
ਤੀਸਰੀ ਅਵਸਥਾ ‘ਮਧਮਾ ਜਾਂ ਮਧ੍ਯਮਾ’- ਸ਼ਬਦ ਜਾਂ ਬਾਣੀ ਦੀ ਤੀਸਰੀ ਅਵਸਥਾ ਦਾ ਨਾਮ ਹੈ ‘ਮੱਧਮਾ’।
ਮੱਧਮਾ ਦਾ ਅਰਥ ਹੈ ਵਿਚਕਾਰ ਵਾਲੀ।ਵਿਚਾਰਾਂ ਦੀ ਉਧੇੜ-ਬੁਣ ਤੋਂ ਬਾਅਦ ਘੜੇ ਗਏ ਵਿਚਾਰ, ਖਾਸ ਤਰਤੀਬ ਧਾਰਣ ਕਰ ਲੈਂਦੇ ਹਨ ਅਤੇ ਬੰਦਾ ਕਿਸੇ ਨਤੀਜੇ ਤੇ ਪਹੁੰਚ ਜਾਂਦਾ ਹੈ।ਵਿਚਾਰ, ਵਿਅਕਤ ਕੀਤੇ ਜਾਣ ਲਈ ਤਿਆਰ ਹੁੰਦੇ ਹਨ, ਪਰ ਇਨ੍ਹਾਂ ਵਿਚਾਰਾਂ ਨੇ ਕਿਸੇ ਖਾਸ ਭਾਸ਼ਾ ਵਿੱਚ ਉਚਾਰੇ ਜਾਂ ਲਿਖੇ ਜਾਣ ਵਾਲਾ ਰੂਪ ਹਾਲੇ ਅਖ਼ਤਿਆਰ ਨਹੀਂ ਕੀਤਾ ਹੁੰਦਾ।
ਇਸ ਸਥਿਤੀ ਤੇ ਨਿਊਟਨ ਵਰਗੇ ਕਿਸੇ ਵਿਦਵਾਨ ਨੂੰ, ਸੇਬ ਦੇ ਏਧਰ ਓਧਰ ਦੀ ਬਜਾਏ ਧਰਤੀ ਤੇ ਹੀ ਡਿੱਗਣ ਦਾ ਕਾਰਣ ਸਮਝ ਆ ਜਾਂਦਾ ਹੈ ਕਿ ਧਰਤੀ ਵਿੱਚ ਕਿਸੇ ਵੀ ਚੀਜ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਹੈ।
ਚੌਥੀ ਅਵਸਥਾ ‘ਬੈਖਰੀ’- ਇਸ ਚੌਥੀ ਅਵਸਥਾ ਤੇ ਮਨੁੱਖ ਆਪਣੇ ਬਣੇ ਹੋਏ ਵਿਚਾਰਾਂ ਨੂੰ ਗਲੇ, ਜੀਭ, ਨਾਸਿਕਾ ਆਦਿ ਸਰੀਰਕ ਅੰਗਾਂ ਦੀ ਸਹਾਇਤਾ ਨਾਲ ਬੋਲਕੇ ਦੂਸਰੇ ਤੱਕ ਵਿਅਕਤ ਕਰ ਦਿੰਦਾ ਹੈ।ਸ਼ਬਦ ਦੀ ਇਸ ਚੌਥੀ ਅਵਸਥਾ ਨੂੰ ‘ਬੈਖਰੀ’ ਬਾਣੀ ਕਿਹਾ ਜਾਂਦਾ ਹੈ।ਜੋ ਕਿ ਸ਼ਬਦ ਰੂਪ ਹੋ ਕੇ ਸੰਸਾਰ ਤੇ ‘ਬਿਖਰ’ ਜਾਂਦੀ ਹੈ।ਇਸ ਨੂੰ ਬੋਲ ਕੇ ਜਾਂ ਲਿਖ ਕੇ ਸੁਣਿਆ ਜਾਂ ਪੜ੍ਹਿਆ ਜਾ ਸਕਦਾ ਹੈ।
ਅਖੀਰ ਸੇਬ ਦੇ ‘ਧਰਤੀ ਤੇ ਹੀ ਡਿੱਗਣ ਵਾਲੀ’ ਪ੍ਰਕ੍ਰਿਆ ਨੂੰ ਨਿਊਟਨ ‘ਗ੍ਰੈਵਟੀ’ ਨਾਮ ਦੇ ਕੇ ਵਿਅਕਤ ਕਰ ਦਿੰਦਾ ਹੈ।
ਸ਼ਬਦ ਦੀ ਪਰਿਭਾਸ਼ਾ ਸੰਬੰਧੀ ਹੁਣ ਤੱਕ ਦੀ ਵਿਚਾਰ ਦਾ ਨਚੋੜ-
ਕਿਸੇ ਵੀ ਕਾਰਣ ਨਾਲ ਜਾਂ ਬਿਨਾ ਕਿਸੇ ਕਾਰਣ ਦੇ ਹੀ, ਹਿਰਦੇ ਵਿੱਚ ਉਤਪੰਨ ਹੋਣ ਵਾਲੇ ਫੁਰਣੇ ਧੁਰੋਂ ਅਕਾਲ ਪੁਰਖ ਵੱਲੋਂ ਆਉਂਦੇ ਹਨ।ਅਤੇ ਸਰੀਰ ਦੇ ਪੰਜਵੇਂ ਸੂਖਮ ਤੱਤ 'ਅਕਾਸ਼' ਦੇ ਜਰੀਏ ਮਨ, ਹਿਰਦੇ ਅੰਦਰ ਪ੍ਰਵੇਸ਼ ਕਰਦ ਜਾਂਦੇ ਹਨ।ਸੂਖਮ ਰੂਪ ਵਿੱਚ ਧੁਰੋਂ ਆਏ ਇਹ ਫੁਰਣੇ ਹੀ ਧੁਰੋਂ ਆਇਆ ਸ਼ਬਦ ਜਾਂ ਧੁਰੋਂ ਆਈ ਬਾਣੀ ਹੈ।ਹਰ ਕਿਸਮ ਦੇ ਚੰਗੇ ਵੀ ਅਤੇ ਮੰਦੇ ਵੀ, ਵਿਚਾਰ ਹਰ ਇਕ ਦੇ ਹਿਰਦੇ ਵਿੱਚ ਪ੍ਰਵੇਸ਼ ਤਾਂ ਕਰਦੇ ਹਨ।ਪਰ ਬੰਦੇ ਦੀ ਜਿਸ ਤਰ੍ਹਾਂ ਦੀ ਮਾਨਸਕ ਘਾੜਤ ਹੁੰਦੀ ਹੈ, ਜਿਸ ਤਰ੍ਹਾਂ ਦੇ ਉਸ ਦੇ ਸੰਸਕਾਰ ਹੁੰਦੇ ਹਨ, ਅਤੇ ਜਿਸ ਤਰ੍ਹਾਂ ਦਾ ਉਸਨੂੰ ਗਿਆਨ ਹਾਸਲ ਹੁੰਦਾ ਹੈ, ਉਹ ਉਸ ਤਰ੍ਹਾਂ ਦੇ ਖਿਆਲਾਂ ਨੂੰ ਅੱਗੇ ਤੋਰ ਲੈਂਦਾ ਹੈ।ਬਾਕੀ ਦੇ ਵਿਚਾਰ ਅਣ-ਹੋਇਆਂ ਦੀ ਤਰ੍ਹਾਂ ਹਿਰਦੇ ਵਿੱਚ ਬੇ-ਧਿਆਨੇ ਹੀ ਦਫਨ ਹੁੰਦੇ ਰਹਿੰਦੇ ਹਨ।ਦਿਮਾਗ ਇਨ੍ਹਾਂ ਸੂਖਮ ਸ਼ਬਦਾਂ ਨੂੰ ਡੀ-ਕੋਡ ਕਰਦਾ ਹੈ।ਮਨ ਵਿੱਚ ਸੂਖਮ ਰੂਪ ਵਿੱਚ ਵਿਚਾਰ ਆਈ ਜਾਂਦੇ ਹਨ ਅਤੇ ਦਿਮਾਗ ਦੁਆਰਾ ਪਹਿਲਾਂ ਤੋਂ ਗ੍ਰਹਣ ਕੀਤੇ ਗਏ ਗਿਆਨ ਦੇ ਜਰੀਏ ਉਧੇੜ-ਬੁਣ ਹੋ ਕੇ ਅਖੀਰ ਫੁਰਨਿਆਂ ਤੋਂ ਬੈਖਰੀ ਬੋਲੀ ਵਿੱਚ ਸ਼ਬਦ ਰੂਪ ਹੋ ਕੇ ਪ੍ਰਗਟ ਹੋ ਜਾਂਦੇ ਹਨ।
ਗੁਰੂ ਨਾਨਕ ਜੀ ਦਾ "ਸ਼ਬਦ" ਗੁਰੂ:-
ਗੁਰੂ ਸਾਹਿਬ ਪਦਾਰਥਕ ਲੋਭ ਲਾਲਚ ਆਦਿ ਝਮੇਲਿਆਂ ਤੋਂ ਅਤੇ ਹਰ ਕਿਸਮ ਦੇ ਵਿਕਾਰਾਂ ਤੋਂ ਨਿਰਲੇਪ ਹੋਣ ਕਰਕੇ, ਉਨ੍ਹਾਂ ਦੀ ਸੁਰਤ ਪ੍ਰਭੂ ਨਾਲ ਇੱਕ-ਮਿੱਕ ਸੀ।ਉਨ੍ਹਾਂ ਦੇ ਵਿਚਾਰ ਅਤੇ ਸੰਸਕਾਰ ਪ੍ਰਭੂ-ਹੁਕਮ ਤੋਂ ਬਾਹਰ ਨਹੀਂ ਸਨ।ਆਪਣੀ ਸੁਰਤਿ ਨੂੰ ਉਨ੍ਹਾਂਨੇ ਪ੍ਰਭੂ ਚਰਣਾ ਵਿੱਚ ਜੋੜ ਰੱਖਿਆ ਸੀ।ਧੁਰੋਂ ਆਏ ਸੂਖਮ ਰੂਪ ਸ਼ਬਦ ਨੂੰ ਸਮਝਣ ਅਤੇ ਉਸ ਦੇ ਹੁਕਮ ਅਨੁਸਾਰ ਆਪਣੇ ਆਪ ਨੂੰ ਚਲਾਣ ਦੇ ਸਮਰੱਥ ਸਨ।ਇਸ ਲਈ ਉਨ੍ਹਾਂਨੇ ਧੁਰੋਂ ਆਏ ਸ਼ਬਦ/ ਗਿਆਨ ਨੂੰ ਆਪਣਾ ਗੁਰੂ ਕਿਹਾ ਅਤੇ ਮੰਨਿਆ।
ਸਵਾਲ- ਜੇ ਗੁਰੂ ਸਾਹਿਬਾਂ ਦਾ ਗੁਰੂ "ਸ਼ਬਦ" ਹੋ ਸਕਦਾ ਹੈ ਤਾਂ ਸਾਡਾ ਕਿਉਂ ਨਹੀਂ?:-
ਜਵਾਬ- ਬਿਲਕੁਲ ਸਾਡਾ ਵੀ ‘ਗੁਰੂ’ ਉਹੀ ਸ਼ਬਦ ਹੋ ਸਕਦਾ ਹੈ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ।ਅਤੇ ਜੇ ਕਿਸੇ ਭਾਗਾਂ ਵਾਲੇ ਨੇ ਉਸੇ ਸ਼ਬਦ ਨੂੰ ਆਪਣਾ ਗੁਰੂ ਬਣਾਇਆ ਹੈ ਤਾਂ ਉਹ ਧੰਨਤਾ-ਜੋਗ ਹੈ।ਪਰ ਅਫਸੋਸ ਕਿ ਅਸੀਂ ਹਾਲੇ ਉਸ ਸਥਿਤੀ ਤੱਕ ਨਹੀਂ ਪਹੁੰਚੇ ਕਿ ਆਪਣੀ ਸੁਰਤਿ ਨੂੰ; ਧੁਰੋਂ ਆਏ ‘ਸੂਖਮ ਰੂਪ’ ਸ਼ਬਦ (ਗੁਰੂ) ਦਾ ਚੇਲਾ ਬਣਾ ਸਕੀਏ।ਜਾਂ ਸਾਡੀ ਸੁਰਤਿ ਉਸ ਸ਼ਬਦ ਨੂੰ ਆਪਣਾ ਗੁਰੂ ਬਣਾ ਸਕੇ।ਸੂਖਮ ਰੂਪ ਵਿੱਚ ਧੁਰੋਂ ਆਏ ਸ਼ਬਦ ਅਨੁਸਾਰ ਆਪਣੇ ਆਪ ਨੂੰ ਚਲਾਣ ਦੀ ਗੱਲ ਤਾਂ ਦੂਰ ਦੀ ਹੈ, ਗਨੀਮਤ ਹੈ ਜੇ ਉਸ ਨੂੰ ਸਮਝ ਵੀ ਸਕੀਏ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੋਈ ਕਿਸੇ ਦਾ ਗੁਰੂ ਤਾਂ ਹੀ ਹੈ ਜੇ ਉਸ ਨੇ ਆਪਣੇ ਆਪ ਨੂੰ ਉਸ ਗੁਰੂ ਦਾ ਚੇਲਾ ਬਣਾਇਆ ਹੈ।ਅਰਥਾਤ (ਧੁਰੋਂ ਆਇਆ} ਸ਼ਬਦ ਸਾਡਾ ਗੁਰੂ ਤਾਂ ਹੀ ਹੈ ਜੇ ਅਸੀਂ ਆਪਣੀ ਸੁਰਤਿ ਨੂੰ ਉਸ ਧੁਰੋਂ ਆਏ ਸ਼ਬਦ ਗੁਰੂ ਦਾ ਚੇਲਾ ਬਣਾਇਆ ਹੈ।ਅਸੀਂ ਆਪਣੀ ਸੁਰਤ ਉਸ ਸ਼ਬਦ ਗੁਰੂ ਵਿੱਚ ਜੋੜੀ ਹੋਈ ਹੈ।ਗੁਰੂ ਨੂੰ ਆਪਣਾ ਤਨ, ਮਨ, ਧਨ ਅਰਪਣ ਕੀਤਾ ਹੈ।ਉਸ ਦੀ ਹਰ ਗੱਲ ਨੂੰ ਉਸ ਦਾ ਭਾਣਾ ਮੰਨਕੇ ਸਵਿਕਾਰ ਕੀਤਾ ਹੈ।ਪਰ ਅੱਜ ਕਲ੍ਹ ਦੀ ਸੋਚ ਤਾਂ ਐਸੀ ਹੋ ਗਈ ਹੈ ਕਿ ਗੁਰੂ ਸਾਨੂੰ ਕੁਝ (ਸੰਸਾਰਕ ਪਦਾਰਥ) ਦਿੰਦਾ ਹੈ ਤਾਂ ਹੀ ਉਹ ਸਾਡਾ ਗੁਰੂ ਹੈ।ਜੇ ਉਹ ਸਾਡੀ ਹਰ ਗੱਲ (/ਅਰਦਾਸ) ਮੰਨਦਾ ਹੈ ਤਾਂ ਹੀ ਉਹ ਸਾਡਾ ਗੁਰੂ ਹੈ, ਨਹੀਂ ਤਾਂ ਉਹ ਸਾਡਾ ਗੁਰੂ ਹੀ ਨਹੀਂ।ਅਸੀਂ ਦਿਲੋਂ ਆਪਣਾ ਤਨ ਮਨ ਧਨ ਉਸ ਨੂੰ ਅਰਪਣ ਕਰਨ ਲਈ ਤਿਆਰ ਨਹੀਂ ਪਰ, ਦੁਨਿਆਵੀ ਝਗੜਿਆਂ ਵਿੱਚ ਪੈ ਕੇ ਸ਼ਰਤ ਰੱਖਦੇ ਹਾਂ ਅਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੇ ਗੁਰੂ ਸਾਹਿਬਾਂ ਦਾ ਗੁਰੂ "ਸ਼ਬਦ' ਹੋ ਸਕਦਾ ਹੈ ਤਾਂ ਸਾਡਾ ਕਿਉਂ ਨਹੀਂ ਹੋ ਸਕਦਾ? ਗੁਰੂ ਦਾ ਇਹ ਫੁਰਮਾਨ ਸਮਝਣ, ਮੰਨਣ ਲਈ ਤਿਆਰ ਨਹੀਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥” (ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ, ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ ਇਸ ਤਰ੍ਹਾਂ ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ)।ਇਹ ਤਾਂ ਹੋ ਨਹੀਂ ਸਕਦਾ ਕਿ ਤਨ, ਮਨ, ਧਨ ਤਾਂ ਗੁਰੂ ਸਾਹਿਬ ਸੌਂਪ ਦੇਣ।ਅਸੀਂ ਗੁਰੂ ਸਾਹਿਬਾਂ ਨੂੰ ਗੁਰੂ ਕਹਿਣ’ਚ ਵੀ ਕੋਈ ਖਰਾਬੀ ਜਾਂ ਹੱਤਕ ਸਮਝੀਏ, ਪਰ ਕਿਉਂ ਕਿ ਗੁਰੂ ਸਾਹਿਬਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੋਇਆ ਸੀ, ਇਸ ਲਈ ਗੁਰੂ ਸਾਹਿਬਾਂ ਵਾਲਾ ਹੀ ਗੁਰੂ ਸਾਡਾ ਵੀ ਗੁਰੂ ਹੋ ਗਿਆ?
ਗੁਰੂ ਸਾਹਿਬਾਂ ਦਾ ਤਾਂ ਗੁਰੂ “ਸ਼ਬਦ” ਇਸ ਲਈ ਸੀ ਕਿ ਉਨ੍ਹਾਂ ਨੇ ਆਪਣੀ ਸੁਰਤਿ ਨੂੰ ਉਸ ਦਾ ਚੇਲਾ ਬਣਾਇਆ ਸੀ।ਧੁਰੋਂ ਆਏ ਸ਼ਬਦ, ਹੁਕਮ ਨੂੰ ਪਛਾਣਿਆ, ਅਤੇ ਅਪਣਾਇਆ ਸੀ।ਪਰ ਸਾਡੀ ਸੁਰਤ ਹਮੇਸ਼ਾਂ ਦੁਨਿਆਵੀ ਧੰਦਿਆਂ, ਲੋਭ, ਲਾਲਚ, ਹਉਮੈਂ, ਈਰਖਾ ਆਦਿ ਵਿਕਾਰਾਂ ਵਿੱਚ ਉਲਝੀ ਰਹਿਣ ਕਰਕੇ ਧੁਰੋਂ ਆਏ ਸ਼ਬਦ, ਹੁਕਮ ਨੂੰ ਪਛਾਨਣ ਤੋਂ ਅਸੀਂ ਅਸਮਰਥ ਹਾਂ।ਇਸ ਲਈ ਸਾਨੂੰ ਗੁਰੂ ਸਾਹਿਬਾਂ ਵਰਗੇ ਕਿਸੇ ਵਿਚੋਲੇ ਗੁਰੂ ਦੀ ਜਰੂਰਤ ਹੈ, ਜਿਹੜਾ
“ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰਿਆਉ॥” (17) ਹੋਵੇ।
ਜਿਹੜਾ ਸਾਡੀ ਸੁਰਤਿ ਨੂੰ ਉੱਚਿਆਂ ਚੁੱਕਕੇ ਸਾਨੂੰ ਉਸ ਉੱਚੀ ਅਵਸਥਾ ਤੇ ਪਹੁੰਚਾ ਦੇਵੇ ਜਿੱਥੇ ਅਸੀਂ ਉਸ ਪ੍ਰਭੂ ਤੋਂ ਧੁਰ ਦੀ ਬਾਣੀ, ਧੁਰੋਂ ਆਇਆ ਸ਼ਬਦ ਅਤੇ ਹੁਕਮ ਸਮਝਣ ਅਤੇ ਮੰਨਣ ਦੇ ਸਮਰੱਥ ਹੋ ਸਕੀਏ।
ਸੋ ਸ਼ਬਦ ਤਾਂ ਇੱਕੋ ਹੀ ਹੈ।ਫਰਕ ਹੈ ‘ਸੂਖਮ ਰੂਪ ਸ਼ਬਦ’ ਦਾ ਅਤੇ ਉਹੀ ਸੂਖਮ ਰੂਪ ਸ਼ਬਦ, ‘ਬੈਖਰੀ ਬਾਣੀ’ ‘ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ’ ਦਾ।
ਜਸਬੀਰ ਸਿੰਘ ਵਿਰਦੀ