ਮੀਡੀਆ : ਸਿੱਖ ਪੰਥ ਦੀ ਵੱਡੀ ਘਾਟ
ਮੀਡੀਆ : ਸਿੱਖ ਪੰਥ ਦੀ ਵੱਡੀ ਘਾਟ
ਮੀਡੀਆ : ਸਿੱਖ ਪੰਥ ਦੀ ਵੱਡੀ ਘਾਟ
‘ਮੀਡੀਆ’ ਸਮਾਜ ਦਾ ਉਹ ਮਜ਼ਬੂਤ ਪੱਖ ਜੋ ਆਪਣੀ ਤਾਕਤ ਨਾਲ ਲੋਕ ਹੱਕਾਂ ਦੀ ਗੱਲ ਨੂੰ ਇੱਕ ਲਹਿਰ, ਇੱਕ ਕ੍ਰਾਂਤੀ ਦਾ ਰੂਪ ਦੇ ਸਕਦਾ ਹੈ। ਪਿਛਲੇ ਸਮੇਂ ਕਈ ਵਾਰ ਐਸਾ ਦੇਖਣ ਨੂੰ ਮਿਲਿਆ ਵੀ ਹੈ ਜਦੋਂ ਮੀਡੀਏ ਕਾਰਨ ਹੀ ਸਰਕਾਰਾਂ ਹਿੱਲੀਆਂ ਹਨ। ਸਭ ਨਾਲੋਂ ਜ਼ਰੂਰੀ ਹੈ ਕਿ ਮੀਡੀਆ ਇਮਾਨਦਾਰ ਅਤੇ ਆਪਣੇ ਕੰਮ ਨੂੰ ਸਮਰਪਿਤ ਹੋਵੇ। ਅੱਜ ਦੇ ਸਮੇਂ ਭਾਰਤ ਵਰਗੇ ਭ੍ਰਿਸ਼ਟ ਦੇਸ਼ ਵਿੱਚ ਮੀਡੀਆ ਵੀ ਵਿਕਾਊ ਹੈ। ਭਾਰਤੀ ਮੀਡੀਆ ਹਮੇਸ਼ਾ ਬਹੁ-ਗਿਣਤੀ ਦੇ ਹੱਕ ਵਿੱਚ ਭੁਗਤਦਾ ਹੈ। ਸਿੱਖ ਕੌਮ ਦੀ ਸਭ ਨਾਲੋਂ ਵੱਡੀ ਘਾਟ ਹੈ ਉਸਦੇ ਆਪਣੇ ਮੀਡੀਏ ਦੀ ਘਾਟ। ਪਿਛਲੇ ਸਮੇਂ ਦੇਖਿਆ ਜਾਵੇ ਤਾਂ ਬਾਦਲ ਦਲ ਨੂੰ ਸੱਤਾ ਦਿਵਾਉਣ ਵਿੱਚ ਇੱਕ ਚੈਨਲ ਦਾ ਬਹੁਤ ਵੱਡਾ ਹੱਥ ਰਿਹਾ ਹੈ, ਇੱਕ ਚੈਨਲ ਨਾਲ ਬਾਦਲ ਦਲ ਨੇ ਐਨਾ ਪ੍ਰਾਪੇਗੰਡਾ ਕੀਤਾ ਕਿ ਕਾਂਗਰਸ ਦੇ ਬਖੀਏ ਉਧੇੜ ਦਿੱਤੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਅਕਾਲੀ-ਕਾਂਗਰਸ ਦਾ ਰੰਗ ਚਾੜ੍ਹ ਕੇ ਬਾਦਲ ਧੜੇ ਨੂੰ ਜਿਤਾਉਣ ਵਿੱਚ ਵੀ ਇਸ ਚੈਨਲ ਦੀ ਮੋਹਰੀ ਭੂਮਿਕਾ ਰਹੀ। ਅੰਨਾ ਹਜ਼ਾਰੇ ਦੇ ਅੰਦੋਲਨ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਐਨੇ ਮੀਡੀਆ ਵਾਲੇ ਪਹੁੰਚੇ ਕਿ ਉਹਨਾਂ ਨੂੰ ਖੜ੍ਹਨ ਲਈ ਥਾਂ ਨਹੀਂ ਸੀ ਮਿਲਦੀ 24 ਘੰਟੇ, ਪਲ-ਪਲ ਦੀ ਖ਼ਬਰ ਲੋਕਾਂ ਨੂੰ ਦੇਣ ਵਿੱਚ ਸਾਰੇ ਲਗਾਤਾਰ ਇੱਕ-ਦੂਸਰੇ ਤੋਂ ਅੱਗੇ ਭੱਜ ਰਹੇ ਸਨ, ਕਸਾਬ ਨੂੰ ਮਿਲੀ ਫਾਂਸੀ ਦੀ ਸਜ਼ਾ ਬਾਰੇ ਪਹਿਲਾਂ ਖ਼ਬਰ ਦੱਸਣ ਲਈ ਪੱਤਰਕਾਰ ਕੋਰਟ ਵਿੱਚੋਂ ਛੂਟ ਵੱਟ ਕੇ ਭੱਜੇ ਆਉਂਦੇ ਦੇਖੇ ਗਏ ਪਰ ਸਿੱਖਾਂ ਦੀਆਂ ਹੱਕੀ ਗੱਲਾਂ ਵੱਲ ਕੋਈ ਤਵੱਜ਼ੋ ਨਹੀਂ ਦਿੰਦਾ। ਜਦਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਉਸਦੇ ਅੰਦੋਲਨ ਜਾਂ ਧਰਨੇ ਮਹਿਜ਼ ਸਿੱਖਾਂ ਤੱਕ ਹੀ ਸੀਮਤ ਨਹੀਂ ਹੁੰਦੇ ਸਗੋਂ ਸਮੁੱਚੀ ਮਾਨਵਤਾ ਲਈ ਹੁੰਦੇ ਹਨ ਪਰ ਇੱਥੇ ਮੀਡੀਆ ਇਹਨਾਂ ਨੂੰ ਕੇਵਲ ਸਿੱਖਾਂ ਤੱਕ ਸਮੇਟ ਦਿੰਦਾ ਹੈ। ਤਾਜ਼ਾ ਮਸਲਾ ਹੀ ਲੈ ਲਵੋ ਭਾਈ ਗੁਰਬਖਸ਼ ਸਿੰਘ ਨੇ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਪਰ ਮੀਡੀਏ ਦਾ ਹੁੰਗਾਰਾ ਨਹੀਂ ਮਿਲਿਆ, ਜ਼ਰੂਰਤ ਤਾਂ ਸੀ ਕਿ ਮੀਡੀਆ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਲੋਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇੱਕਠੀ ਕਰਦਾ ‘ਤੇ ਇੱਕ ਸੂਚੀ ਬਣਾਉਣ ਵਿੱਚ ਮੱਦਦ ਕਰਦਾ ਤਾਂ ਜੋ ਲੋਕਾਂ ਨੂੰ ਇਹ ਗੱਲ ਸਿਰਫ 5 ਬੰਦਿਆਂ ਲਈ ਹੀ ਕੀਤੀ ਗਈ ਨਾ ਲਗਦੀ।
ਸਿੱਖ ਕੌਮ ਜੋ ਦੁਨੀਆਂ ਦੇ ਹਰ ਖੇਤਰ ਵਿੱਚ ਵੱਸਦੀ ਹੈ, ਚੰਗੇ ਕਾਰੋਬਾਰ ਹਨ, ਕਰੋੜਾਂ ਰੁਪਏ ਅਖੌਤੀ ਸਾਧਾਂ-ਸੰਤਾਂ ਦੇ ਡੇਰਿਆਂ ‘ਤੇ ਚੜ੍ਹਾਉਂਦੀ ਹੈ ਪਰ ਇਸ ਘਾਟ ਨੂੰ ਪੂਰਾ ਕਰਨ ਵੱਲ ਨਹੀਂ ਸੋਚਦੀ। ਸਾਰੀਆਂ ਜਾਗਰੂਕ ਧਿਰਾਂ ਜੇ ਮਿਲ ਕੇ ਚਾਹੁਣ ਤਾਂ ਇੱਕ ਐਸਾ ਚੈਨਲ ਤਿਆਰ ਕਰ ਸਕਦੀਆਂ ਹਨ ਜੋ ਪੂਰੀ ਦੁਨੀਆਂ ਨੂੰ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਅਤੇ ਮੰਗਾਂ ਨੂੰ ਸਹੀ ਤਰੀਕੇ ਅਤੇ ਪੂਰਨ ਸੱਚ ਦੇ ਰੂਪ ਵਿੱਚ ਪੇਸ਼ ਕਰੇ। ਬਾਹਰਲੇ ਮੁਲਕਾਂ ਵਿੱਚ ਬਹੁਤ ਸਾਰੇ ਰੇਡੀਉ ਚੈਨਲ ਹਨ ਜੋ ਪੰਜਾਬੀਆਂ ਦੇ ਸ਼ੁਰੂ ਕੀਤੇ ਹੋਏ ਹਨ ਪਰ ਉਹ ਵੀ ਇੱਕ ਦੋ ਪ੍ਰੋਗਰਾਮਾਂ ਤੋਂ ਇਲਾਵਾ ਗੀਤਾਂ ਆਦਿ ਨੂੰ ਹੀ ਮਸ਼ਹੂਰ ਕਰਨ ਵੱਲ ਕੇਂਦਰਿਤ ਹਨ। ਸਾਰਾ ਦਿਨ ਗੁਰਮਤਿ ਪ੍ਰਚਾਰ, ਸਿੱਖ ਇਤਿਹਾਸ, ਸਿੱਖ ਕੌਮ ਦੇ ਦਰਪੇਸ਼ ਚੁਣੌਤੀਆਂ, ਉਹਨਾਂ ਦੇ ਸੰਭਵ ਹੱਲ ਅਤੇ ਸਿੱਖ ਕੌਮ ਦੇ ਦੁਬਿਧਾ ਵਾਲੇ ਮਸਲਿਆਂ ‘ਤੇ ਸਿੱਖ ਬੁੱਧੀਜੀਵੀਆਂ ਦੇ ਸੁਝਾਅ ਆਦਿਕ ਇਕੱਠੇ ਕਰਨ ਵਾਲਾ ਕੋਈ ਚੈਨਲ ਨਹੀਂ। ਬਹੁਤੇ ਚੈਨਲਾਂ ਦੀ ਲੋੜ ਨਹੀਂ, ਲੋੜ ਹੈ ਇੱਕ ਐਸੇ ਚੈਨਲ ਦੀ ਜੋ ਪੂਰੀ ਦੁਨੀਆਂ ਵਿੱਚ ਪਹੁੰਚ ਸਕੇ ਅਤੇ ਗੁਰਮਤਿ ਦੀ ਗੱਲ ਨਿਧੜਕ ਹੋ ਕੇ ਕਰ ਸਕੇ। ਇੱਕ ਐਸੀ ਵੈਬਸਾਇਟ ਹੋਵੇ ਜੋ ਸਿੱਖ ਧਰਮ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਖ਼ਬਰ, ਗੁਰਮਤਿ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਮੱਗਰੀ ਲੋਕਾਂ ਤੱਕ ਪਹੁੰਚਾਉਂਦੀ ਹੋਵੇ। ਵੈਬਸਾਇਟਾਂ ਬਹੁਤ ਹਨ, ਠੀਕ ਹੈ ਸਾਰੇ ਆਪਣੇ ਤੌਰ ‘ਤੇ ਗੁਰਮਤਿ ਪ੍ਰਚਾਰ ਨਾਲ ਸੰਬੰਧਿਤ ਸਮੱਗਰੀ ਲੋਕਾਂ ਤੱਕ ਪਹੁੰਚਾ ਰਹੇ ਹਨ ਪਰ ਤਕਰੀਬਨ ਸਭ ‘ਤੇ ਇੱਕੋ ਜਿਹੀ ਹੀ ਸਮੱਗਰੀ ਮਿਲਦੀ ਹੈ। ਸਾਰੇ ਮਿਲ ਕੇ ਇੱਕ ‘ਥਾਂ’ ਤੋਂ ਕੰਮ ਕਰਨ ਤਾਂ ਨਤੀਜਾ ਬਿਹਤਰ ਹੋ ਸਕਦਾ ਹੈ।
ਸਿੱਖ ਕੌਮ ਵਾਰ-ਵਾਰ ਇਸ ਮੀਡੀਏ ਦੀ ਘਾਟ ਦਾ ਖਮਿਆਜ਼ਾ ਭੁਗਤਦੀ ਹੈ, ਫਿਰ ਇਸ ਬਾਰੇ ਗੱਲਾਂ ਹੁੰਦੀਆਂ ਹਨ ਪਰ ਇਸ ਘਾਟ ਨੂੰ ਪੂਰਾ ਕਰਨ ਵੱਲ ਫਿਰ ਧਿਆਨ ਨਹੀਂ ਦਿੱਤਾ ਜਾਂਦਾ। ਸਾਰੀਆਂ ਧਿਰਾਂ ਇਸ ਪਾਸੇ ਵੱਲ ਸੋਚਣ ਅਤੇ ਗੰਭੀਰ ਹੋ ਕੇ ਇਸ ਘਾਟ ਨੂੰ ਪੂਰਾ ਕਰਨ ਵੱਲ ਤੁਰਨ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।
.........................................................................................................................
( ਇਸ ਬਾਰੇ ਐਡੀਟੋਰੀਅਲ ਬੋਰਡ ਦੇ ਕੁਝ ਵਿਚਾਰ :- ਬੜੀ ਚੰਗੀ ਗੱਲ ਹੈ ਕਿ ਔਕੜਾਂ ਬਾਰੇ ਵਿਚਾਰ ਕਰਨੇ ਵੀ ਚਾਹੀਦੇ ਹਨ ਅਤੇ ਉਨ੍ਹਾਂ ਦੇ ਹੱਲ ਵੀ ਕੱਢਣੇ ਚਾਹੀਦੇ ਹਨ , ਪਰ ਕਿਸੇ ਵੀ ਮੀਡੀਏ (ਚੈਨਲ) ਨੂੰ ਬਨਾਉਣ ਤੋਂ ਪਹਿਲਾਂ , ਇਨ੍ਹਾਂ ਗੱਲਾਂ ਤੇ ਬੜੀ ਡੂੰਘੀ ਵਿਚਾਰ ਕਰਨੀ ਬਣਦੀ ਹੈ ਕਿ ,
ਇਸ ਮੀਡੀਏ ਦਾ ਕੰਟਰੋਲ , ਕਿਸ ਦੇ ਹੱਥ ਵਿਚ ਹੋਵੇਗਾ ?
ਕੀ ਬਾਦਲ ਦੇ , ਜਿਸ ਨੂੰ ਸਿੱਖਾਂ ਦੀ ਬਹੁਗਿਣੀ ਨੇ ਆਪਣੀ ਇੱਛਾ ਨਾਲ ਪੰਜਾਵ ਦਾ ਰਾਜਾ ਬਣਾਇਆ ਹੈ ?
ਜਾਂ ਧੁੱਮੇ ਦੇ ਹੱਥ ਵਿਚ , ਜੋ ਉਸ ਸੰਤ ਸਮਾਜ ਦਾ ਕਰਤਾ-ਧਰਤਾ ਹੈ , ਜਿਸ ਮਗਰ 80 % ਤੋਂ ਵੱਧ ਸਿੱਖ ਭੇਡਾਂ ਵਾਙ ਚਲਦੇ ਹਨ ?
ਜਾਂ ਉਸ ਗਿਆਨੀ ਗੁਰਬਚਨ ਸਿੰਘ ਦੇ ਹੱਥਾਂ ਵਿਚ , ਜੋ ਬਾਦਲ ਦੇ ਲਿਫਾਫੇ ਵਿਚੋਂ ਨਿਕਲ ਕੇ ਆਪਣੇ-ਆਪ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਸਮਝਦਾ ਹੈ ?
ਜਾਂ ਉਸ ਮੰਨਜੀਤ ਸਿੰਘ ਜੀ. ਕੇ. ਦੇ ਹੱਥਾਂ ਵਿਚ . ਜਿਸ ਨੂੰ ਦਿੱਲ਼ੀ ਦੇ ਸਿੱਖਾਂ ਨੇ , ਪਰਮਜੀਤ ਸਿੰਘ ਸਰਨਾ ਨੂੰ ਰੱਦ ਕਰਦਿਆਂ , ਦਿੱਲ਼ੀ ਦੇ ਸਿੱਖਾਂ ਦਾ ਵਾਹਦ ਨਮਾਇੰਦਾ ਥਾਪਿਆ ਹੈ ?
ਜਾਂ ਉਨ੍ਹਾਂ ਸੁਚੇਤ ਅਖਵਾਉਣ ਵਾਲੇ ਬੁੱਧੀਜੀਵੀਆਂ ਦੇ ਹੱਥਾਂ ਵਿਚ , ਜੋ ਆਪਸ ਵਿਚ ਵਿਚਾਰਾਂ ਕਰਨ ਲਈ ਦੋ ਜਿਣੇ ਵੀ ਨਹੀਂ ਰਲ ਕੇ ਬੈਠ ਸਕਦੇ ?
ਇਵੇਂ ਹੀ ਉਸ ਚੈਨਲ ਤੋਂ ਕਿਹੜੀਆਂ ਖਬਰਾਂ ਆਉਣਗੀਆਂ ,
ਜੋ ਬਾਦਲ ਨੂੰ ਮਨਜ਼ੂਰ ਹੋਣਗੀਆਂ ? ਜਾਂ ਟਕਸਾਲੀਆਂ ਨੁੰ ? ਜਾਂ ਸੰਤ ਸਮਾਜੀਆਂ ਨੂੰ ? ਜਾਂ ਅਖੰਡ ਕੀਰਤਨੀ ਜਥੇ ਨੂੰ ? ਜਾਂ ਆਮ ਸੰਗਤ ਨੂੰ ?
ਇਵੇਂ ਹੀ ਉਸ ਤੋਂ ਕਿਹੜੀ ਗੁਰਮਤਿ ਦਾ ਪਰਚਾਰ ਹੋਵੇਗਾ ?
ਟਕਸਾਲੀਆਂ ਦੀ ਗੁਰਮਤਿ ਦਾ ? ਜਾਂ ਮਿਸ਼ਨਰੀਆਂ ਦੀ ਗੁਰਮਤਿ ਦਾ ? ਜਾਂ ਤੱਤ ਗੁਰਮਤਿ ਵਾਲਿਆਂ ਦੀ ਗੁਰਮਤਿ ਦਾ ? ਜਾਂ ਸਿੰਘ ਸਭਾਵਾਂ ਵਲੋਂ ਨਵੀਂ ਸਥਾਪਤ ਕਰ ਦਿੱਤੀ , ਗੋਤ-ਕਨਾਲਾ ਗੁਰਮਤਿ ਦਾ ? ਜਾਂ ਸ੍ਰੀ ਚੰਦ ਦੇ ਉਪਾਸ਼ਕ ਗਿਆਨੀ ਗੁਰਬਚਨ ਸਿੰਘ ਵਾਲੀ ਗੁਰਮਤਿ ਦਾ ? ਜਾਂ ਪਟਨੇ ਵਾਲੇ ਇਕਬਾਲ ਸਿੰਘ ਦੀ ਗੁਰਮਤਿ ਦਾ ?
ਇਵੇਂ ਹੀ ਬਹੁਤ ਸਾਰੀਆਂ ਗੱਲਾਂ ਹੋਰ ਵੀ ਵਿਚਾਰਨ ਵਾਲੀਆਂ ਹਨ ਜਿਨ੍ਹਾਂ ਦਾ ਹੱਲ ਕੱਢੇ ਬਗੈਰ , ਇਹ ਚੈਨਲ , ਸਿੱਖੀ ਦਾ ਪਰਚਾਰ ਕਰਨ ਦੀ ਥਾਂ , ਸਿੱਖਾਂ ਵਿਚ ਹੋਰ ਲੜਾਈ-ਝਗੜਾ ਪੈਦਾ ਕਰਨ ਦਾ ਕਾਰਨ ਬਣੇਗਾ । ਇਸ ਨਾਲੌਂ ਤਾਂ , ਜੇ ਸਿੱਖੀ ਦਾ ਪਹਿਰੇਦਾਰ ਅਖਵਾਉਂਦੀਆਂ ਵੈਬਸਾਈਟਾਂ ਵਾਲੇ ਆਪਸੀ ਵਿਚਾਰ ਸਾਂਝ ਪੈਦਾ ਕਰ ਲੈਣ ਤਾਂ , ਫਿਲਹਾਲ ਸਿੱਖੀ ਦਾ ਬਹੁਤ ਕੁਝ ਭਲਾ ਕਰ ਸਕਦੀਆਂ ਹਨ ।
ਖਾਲਸਾ ਜੀ ਪਹਿਲਾਂ ਵਿਚਾਰੋ , ਫਿਰ ਉਸ ਤੇ ਅਮਲ ਕਰੋ ।
ਅਮਰ ਜੀਤ ਸਿੰਘ ਚੰਦੀ
ਫੋਨ :- 0 95685 41414
Email :- info@thekhalsa.org
Website :- www.thekhalsa.org