ਅਮਰਜੀਤ ਸਿੰਘ ਚੰਦੀ
ਗੁਰਬਾਣੀ ਵਿਚਾਰ ,ਮਉਲੀ ਧਰਤੀ ਮਉਲਿਆ ਅਕਾਸੁ ॥
Page Visitors: 2858
ਗੁਰਬਾਣੀ ਵਿਚਾਰ ,ਮਉਲੀ ਧਰਤੀ ਮਉਲਿਆ ਅਕਾਸੁ ॥
ਬਸੰਤੁ ਬਾਣੀ ਭਗਤਾਂ ਕੀ ॥ ਕਬੀਰ ਜੀ ਘਰੁ 1
ੴ ਸਤਿਗੁਰ ਪ੍ਰਸਾਦਿ ॥
ਮਉਲੀ ਧਰਤੀ ਮਉਲਿਆ ਅਕਾਸੁ ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥1॥
ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹਦੇਖਉ ਤਹ ਰਹਿਆ ਸਮਾਇ ॥1॥ ਰਹਾਉ ॥
ਦੁਤੀਆ ਮਉਲੇਚਾਰਿ ਬੇਦ ॥ ਸਿੰਮ੍ਰਿਤਿ ਮਉਲੀ ਸਿਉ ਕਤੇਬ ॥2॥
ਸੰਕਰੁਮਉਲਿਓ ਜੋਗ ਧਿਆਨ ॥ ਕਬੀਰ ਕੋ ਸੁਆਮੀ ਸਭ ਸਮਾਨ ॥3॥1॥
ਪੰਡਿਤ ਜਨ ਮਾਤੇ ਪੜ੍ ਪੁਰਾਨ ॥ ਜੋਗੀ ਮਾਤੇ ਜੋਗਧਿਆਨ ॥
ਸੰਨਿਆਸੀ ਮਾਤੇ ਅਹੰਮੇਵ ॥ ਤਪਸੀ ਮਾਤੇ ਤਪ ਕੈ ਭੇਵ ॥1॥
ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁਮੁਸਨ ਲਾਗ ॥1॥ ਰਹਾਉ ॥
ਜਾਗੈ ਸੁਕਦੇਉ ਅਰੁ ਅਕੂਰੁ ॥ ਹਣਵੰਤੁ ਜਾਗੈ ਧਰਿ ਲੰਕੂਰੁ ॥
ਸੰਕਰੁ ਜਾਗੈ ਚਰਨ ਸੇਵ ॥ ਕਲਿ ਜਾਗੇ ਨਾਮਾ ਜੈਦੇਵ ॥2॥
ਜਾਗਤ ਸੋਵਤ ਬਹੁ ਪ੍ਰਕਾਰ ॥ ਗੁਰਮੁਖਿ ਜਾਗੈ ਸੋਈ ਸਾਰੁ ॥
ਇਸੁ ਦੇਹੀ ਕੇ ਅਧਿਕ ਕਾਮ ॥ ਕਹਿ ਕਬੀਰ ਭਜਿ ਰਾਮ ਨਾਮ ॥3॥2॥
ਜਦੋਂ ਪ੍ਰਭੂ ਨੇ ਬ੍ਰਹਮੰਡ ਪੈਦਾ ਕੀਤਾ ਤਾਂ , ਉਸ ਦੀ ਕਿਰਪਾ ਸਦਕਾ ਪਹਿਲਾਂ ਧਰਤੀ ਮਉਲੀ , ਪ੍ਰਫੁੱਲਤ ਹੋਈ , ਵਜੂਦ ਵਿਚ ਆਈ , ਆਕਾਸ਼ ਵੀ ਉਸ ਦੀ ਕਿਰਪਾ ਸਦਕਾ ਹੀ ਪ੍ਰਫੁੱਲਤ ਹੋਇਆ , ਖਾਲੀ ਇਹ ਹੀ ਨਹੀਂ , ਉਸ ਦੀ ਜੋਤ ਪ੍ਰਗਾਸ ਹੋਣ ਸਦਕਾ , ਹਰ ਘਟ , ਹਰ ਸਰੀਰ ਵੀ ਪਰਫੁੱਲਤ ਹੋਇਆ ।
ਰਾਜਾ ਰਾਮ , (ਕਣ-ਕਣ ਵਿਚ ਵਿਆਪਕ) ਕਰਤਾਰ ਵੀ ਬਹੁਤ ਵਿਧਆਂ ਨਾਲ ਪਰਫੁੱਲਤ ਹੋਇਆ , ਮੈਂ ਜਿੱਧਰ ਵੀ ਵੇਖਦਾ ਹਾਂ , ਹਰ ਚੀਜ਼ ਵਿਚ ਉਹ ਹੀ ਸਮਾਇਆ ਹਇਆ ਨਜ਼ਰ ਆਉਂਦਾ ਹੈ ।
ਦੁਤੀਆ , ਮਾਇਆ ਨੂੰ ਪਰਚਾਰਨ ਵਾਲੇ ਚਾਰ ਵੇਦ ਵੀ ਪਰਫੁੱਲਤ ਹੋਏ , ਮਾਇਆ ਨੂੰ ਹੀ ਪਰਚਾਰਨ ਵਾਲੇ ਕਤੇਬ , ਮੁਸਲਮਾਨੀ ਧਾਰਮਿਕ ਕਤਾਬਾਂ ਦੇ ਸਮੇਤ ਸਿਮ੍ਰਿਤੀਆਂ ਵੀ ਮੌਲੀਆਂ ਪਰਫੁੱਲਤ ਹੋੲਆਂ ।
ਸ਼ੰਕਰ ਵੀ ਜੋਗ ਦੇ ਧਿਆਨ ਵਿਚ ਲਗ ਕੇ ਮੌਲਿਆ , ਵਿਕਸਤ ਹੋਇਆ । ਇਵੇਂ ਕਬੀਰ ਦਾ ਮਾਲਕ , ਸਾਹਿਬ , ਸੁਆਮੀ ਬ੍ਰਹਮੰਡ ਦੇ ਕਣ-ਕਣ ਵਿਚ , ਹਾਥੀ ਅਤੇ ਕੀੜੀ ਵਿਚ ਇਕ ਸਮਾਨ ਸਮਾਇਆ ਹੋਇਆ ਹੈ , ਨਾ ਕਿਸੇ ਵਿਚ ਵੱਧ ਹੈ , ਨਾ ਕਿਸੇ ਵਿਚ ਘੱਟ ਹੈ ।
ਵਜੂਦ ਵਿਚ ਆਉਣ ਮਗਰੋਂ ਹਰ ਕੋਈ ਮਾਇਆ ਦੇ ਪ੍ਰਭਾਵ ਹੇਠ ਕੀਤੇ ਜਾਂਦੇ ਆਪਣੇ ਕੰਮਾਂ ਨੂੰ ਸ੍ਰੇਸ਼ਟ ਮੰਨ ਕੇ , ਹੰਕਾਰ ਵਿਚ ਮਸਤ ਹੋ ਗਿਆ , ਜਿਵੇਂ ਪੰਡਿਤ ਪੁਰਾਣਾ ਨੂੰ ਪੜ੍ਹ ਕੇ ਹੀ , ਇਸ ਵਿਚਾਰ ਅਧੀਨ ਕਿ ਮੈਂ ਹੀ ਪਰਮਾਤਮਾ ਨੂੰ ਮਿਲਨ ਦੀ ਸ੍ਰੇਸ਼ਟ ਕਿਰਿਆ ਕਰ ਰਿਹਾ ਹਾਂ , ਹੰਕਾਰ ਵਿਚ ਮਸਤ ਹੋ ਗਏ । ਜੋਗੀ , ਇਸ ਗੱਲ ਨੂੰ ਸਮਝੇ ਬਗੈਰ ਕਿ ਅਕਾਲਪੁਰਖ ਦੇ ਮਿਲਾਪ ਦਾ ਰਸਤਾ ਪਿਆਰ-ਸਾਂਝ ਦਾ ਹੈ , ਆਪਣੀਆਂ ਜੋਗ ਦੀਆਂ ਕਿਰਿਆਵਾਂ ਨੂੰ ਹੀ ਮਿਲਾਪ ਦਾ ਸਭ ਤੋਂ ਉੱਤਮ ਸਾਧਨ ਮਿੱਥ ਕੇ , ਹੰਕਾਰ ਵਿਚ ਮਸਤ ਹੋ ਗਏ ।
ਸੰਨਿਆਸੀ , ਇਹ ਜਾਣੇ ਬਗੈਰ ਕਿ ਦੁਨੀਆ ਵਿਚ ਸਾਡੇ ਆਉਣ ਦਾ ਮਕਸਦ ਕੀ ਹੈ , ਸੰਨਆਸੀ ਬਣ ਕੇ , ਦੁਨੀਆ ਦੀਆਂ ਜ਼ਿਮੇਵਾਰੀਆਂ ਤੋਂ ਭਗੌੜੇ ਹੋਏ , ਇਸ ਕਿਰਿਆ ਨੂੰ ਹੀ ਸ੍ਰੇਸ਼ਟ ਸਮਝ ਕੇ ਹੰਕਾਰ ਵਿਚ ਬਉਰੇ ਹੋ ਗਏ । ਅਤੇ ਤਪੱਸਵੀ , ਤਪ ਸਾਧਨ ਵਾਲੇ , ਗਰਮੀਆਂ ਵਿਚ ਅੱਗ ਸੇਕਦੇ ਅਤੇ ਸਰਦੀਆਂ ਵਿਚ ਠੰਡੇ ਪਾਣੀ ਵਿਚ ਖੜੇ ਹੋਣ ਨੂੰ ਹੀ ਪ੍ਰਭੂ-ਮਿਲਾਪ ਦਾ ੳੁੱਤਮ ਸਾਧਨ ਮੰਨ ਕੇ ਇਸ ਵਿਚ ਹੀ ਹੰਕਾਰੇ ਗਏ ।
ਸਾਰੇ ਹੀ ਮਾਇਆ ਦੇ ਪ੍ਰਭਾਵ ਅਧੀਨ ਆਪਣੀਆਂ-ਆਪਣੀਆਂ ਕਿਰਿਆਵਾਂ ਨੂੰ ਸ੍ਰੇਸ਼ਟ ਸਮਝਦੇ , ਹੰਕਾਰ ਦੇ ਨਸ਼ੇ ਵਿਚ ਮਸਤ ਹਨ , ਕੋਈ ਵੀ ਜਾਗ ਨਹੀਂ ਰਿਹਾ , ਕੋਈ ਵੀ ਮਾਇਆ ਦੇ ਨਸ਼ੇ ਤੋਂ ਬਾਹਰ ਨਿਕਲਣ ਲਈ ਦੁਚੇਤ ਨਹੀਂ ਹੈ । ਉਹ ਤਾਂ ਇਹ ਵੀ ਨਹੀਂ ਸਮਝਦੇ ਕਿ , ਜਿਨ੍ਹਾਂ ਚੋਰਾਂ , ਵਿਸ਼ੇ-ਵਿਕਾਰਾਂ ਤੋਂ ਆਪਣੀ ਆਤਮਕ ਪੂੰਜੀ ਬਚਾ ਕੇ ਅਸੀਂ ਪਰਮਾਤਮਾ ਦੇ ਦਰ ਤੇ ਕਬੂਲ ਹੋ ਸਕਦੇ ਹਾਂ , ਉਹ ਚੋਰ , ਵਿਸ਼ੇ ਵਿਕਾਰ (ਕਾਮ , ਕ੍ਰੋਧ , ਲੋਭ , ਮੋਹ , ਹੰਕਾਰ) ਤਾਂ ਹਰ ਵੇਲੇ ਸਾਡੇ ਨਾਲ ਹੀ ਲੱਗੇ , ਸਾਡੀ ਆਤਮਿਕ ਪੂੰਜੀ ਚੁਰਾਈ ਜਾਂਦੇ ਹਨ ।
ਆਪਣੇ-ਆਪਣੇ ਸਮਿਆਂ ਵਿਚ , ਇਨ੍ਹਾਂ ਬੰਦਿਆਂ ਨੂੰ ਜਾਗਿਆ ਹੋਇਆ , ਮਾਇਆ ਵਲੋਂ ਸੁਚੇਤ ਕਿਹਾ ਗਿਆ ਹੈ । ਜਿਵੇਂ ਸੁਕਦੇਵ (ਵਿਆਸ ਦਾ ਪੁਤ੍ਰ) ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਬਹੁਤ ਕਠਨ ਤੱਪ ਕੀਤੇ ਸਨ , ਉਸ ਨੂੰ ਵੀ ਮਾਇਆ ਵਲੋਂ ਸੁਚੇਤ , ਜਾਗਦਾ ਕਿਹਾ ਜਾਂਦਾ ਹੈ । ਇਵੇਂ ਹੀ ਅਕਰੂਰ (ਕੰਸ ਦਾ ਭਰਾ) ਜੋ ਸਾਰੀ ਉਮਰ ਕ੍ਰਿਸ਼ਨ ਨੂੰ ਹੀ ਭਗਵਾਨ ਮੰਨ ਕੇ ਉਸ ਦੀ ਹੀ ਪੂਜਾ ਕਰਦਾ ਰਿਹਾ , ਨੂੰ ਵੀ ਮਾਇਆ ਵਲੋਂ ਸੁਚੇਤ , ਜਾਗਦਾ ਕਿਹਾ ਜਾਂਦਾ ਹੈ ,ਜਦ ਕਿ ਇਨ੍ਹਾਂ ਦੀਆਂ ਸਾਰੀਆਂ ਕਿਰਿਆਵਾਂ , ਪਰਮਾਤਮਾ ਦੇ ਹੁਕਮ , ਉਸ ਦੀ ਰਜ਼ਾ ਨੂੰ ਸਮਝੇ ਬਗੈਰ , ਮਾਯਾਵੀ ਧੰਦਿਆਂ ਵਾਲੀਆਂ ਹੀ ਸਨ । ਇਵੇਂ ਹੀ ਪੂਛ ਵਾਲੇ ਹਨੂਮਾਨ ਨੂੰ ਵੀ ਮਾਇਆ ਵਲੋਂ ਸੁਚੇਤ , ਜਾਗਦਾ ਕਿਹਾ ਜਾਂਦਾ ਹੈ , ਪਰ ਉਹ ਵੀ ਸਾਰੀ ਉਮਰ , ਦਸ਼ਰਥ-ਪੁਤ੍ਰ ਰਾਮ ਨਾਲ ਜੁੜਿਆ , ਘਰੇਲੂ ਝਗੜਿਆਂ ਵਿਚ ਹੀ ਜ਼ਿੰਦਗੀ ਵਿਅਰਥ ਗਵਾ ਗਿਆ ।
ਸ਼ੰਕਰ ਨੰ ਵੀ ਮਾਇਆ ਵਲੋਂ ਸਚੇਤ , ਜਾਗਿਆ ਹੋਇਆ ਕਿਹਾ ਜਾਂਦਾ ਹੈ , ਜਦ ਕਿ ਉਹ ਪ੍ਰਭੂ ਚਰਨਾਂ ਨਾਲ ਜੁੜਨ ਦੀ ਥਾਂ ਸਾਰੀ ਉਮਰ ਕਾਮ ਅਤੇ ਕ੍ਰੋਧ ਵਿਚ ਹੀ ਉਲਝਿਆ ਰਿਹਾ ।
ਕਲਿਜੁਗ ਵਿਚ ਨਾਮਦੇਉ ਅਤੇ ਜੈਦੇਵ ਜਾਗੇ ਹੋਏ , ਮਾਇਆ ਵਲੋਂ ਸੁਚੇਤ ਹਨ ।
ਜਾਗਿਆ ਹੋਣਾ ਅਤੇ ਸੁੱਤਾ ਹੋਣਾ , ਸੁਚੇਤ ਹੋਣਾ ਅਤੇ ਅਚੇਤ ਹੋਣਾ ਵੀ ਬਹੁਤ ਤਰ੍ਹਾਂ ਦਾ ਹੈ , ਪਰ ਜਿਹੜਾ ਬੰਦਾ ਗੁਰਮੁਖਿ ਹੋ ਕੇ , ਗੁਰੂ ਦੇ ਦੱਸੇ ਅਨੁਸਾਰ ਸੁਚੇਤ ਹੋ ਕੇ , ਕਰਮ-ਕਾਂਡਾਂ ਤੋਂ ਬਚਦਾ ਹੋਇਆ , ਪ੍ਰਭੂ ਦੀ ਪ੍ਰੇਮਾਂ-ਭਗਤੀ ਕਰਦਾ ਹੋਵੇ , ਉਸ ਨੂੰ ਹੀ ਜਾਗਿਆ ਹੋਇਆ ਮੰਨਿਆ ਜਾ ਸਕਦਾ ਹੈ ।
ਕਬੀਰ ਕਹਿੰਦਾ ਹੈ ਕਿ , ਇਸ ਸਰੀਰ ਨਾਲ ਤਾਂ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ , ਪਰ ਰਾਮ ਦਾ ਨਾਮ (ਦਸ਼ਰਥ-ਪੁਤ੍ਰ ਰਾਮ ਦਾ ਨਹੀਂ , ਹਰ ਥਾਂ ਰਮੇ ਹੋਏ ਰਾਮ ਦਾ) ਜਪਣਾ , ਉਸ ਦੀ ਰਜ਼ਾ ਵਿਚ ਚੱਲਣਾ ਹੀ ਸ੍ਰੇਸ਼ਟ ਕੰਮ ਹੈ , ਜੀਵਨ ਨੂੰ ਸਫਲ ਕਰਨ ਦਾ , ਜੀਵਨ ਦੀ ਬਾਜ਼ੀ ਜਿੱਤਣ ਦਾ ਸਹੀ ਸਾਧਨ ਹੈ ।
ਅਮਰ ਜੀਤ ਸਿੰਘ ਚੰਦੀ