ਹਰਦੇਵ ਸਿੰਘ ਜਮੂੰ
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ'
Page Visitors: 2884
'ਨਾਨਕਸ਼ਾਹੀ ਕਲੈਂਡਰ ਸਬੰਧੀ ਸ. ਪਾਲ ਸਿੰਘ ਪੁਰੇਵਾਲ ਜੀ ਦਾ ਪੱਖ' (ਇਕ ਪੜਚੋਲ ਭਾਗ-੧) ਆਰੰਭਕ ਬੇਨਤੀ:- ਸਤਿਕਾਰ ਯੋਗ ਸ. ਪਾਲ ਸਿੰਘ ਪੁਰੇਵਾਲ ਜੀ, ਫ਼ਤਿਹ ਪਰਵਾਨ ਕਰਨੀ! ਆਪ ਜੀ ਨਾਲ ਹੋਈ ਮੁਲਾਕਾਤ ਉਪਰੰਤ, ਇਸ ਪੜਚੋਲ ਦਾ ਉਦੇਸ਼ ਕਿਸੇ ਕਲੈਂਡਰ ਪੱਧਤੀ ਨੂੰ ਅਨੁਚਿਤ ਢੰਗ ਨਾਲ ਸਹੀ ਜਾਂ ਗਲਤ ਠਹਿਰਾਉਂਣਾ ਨਹੀਂ ਅਤੇ ਨਾ ਹੀ ਆਪ ਜੀ ਦੇ ਕਲੈਂਡਰ ਪੱਧਤੀ ਗਿਆਨ ਤੇ ਕਿੰਤੂ ਕਰਨਾ ਹੈ।ਗਣਿਤ ਬਾਰੇ ਮੇਰੇ ਗਿਆਨ ਦਾ ਦਾਇਰਾ ਬੜਾ ਛੋਟਾ ਜਿਹਾ ਹੈ।ਮੈਂ ਕੇਵਲ ਉਨਾਂ ਦਲੀਲਾਂ ਦੀ ਪੜਚੋਲ ਕਰਨ ਦਾ ਜਿਗਿਆਸੂ ਹਾਂ ਜੋ ਬਾਣੀ, ਜਾਂ ਆਮ ਜਾਣਕਾਰੀ ਦੇ ਅਧਾਰ ਤੇ, ਆਪ ਜੀ ਵਲੋਂ ਦਿੱਤੀਆਂ ਗਈਆਂ ਹਨ।ਆਸ ਹੈ ਆਪ ਜੀ ਕਿਸੇ ਸੰਭਾਵਤ ਭੁੱਲ ਚੂਕ ਲਈ ਮੈਂਨੂੰ ਨਾ ਕੇਵਲ ਛਿਮਾ ਕਰੋਗੇ, ਬਲਕਿ ਉਸ ਵਿਚ ਸੁਧਾਰ ਕਰਨ ਦੀ ਸੇਧ ਵੀ ਦਰਸਾਉ ਗੇ! (ਹਰਦੇਵ ਸਿੰਘ, ਜੰਮੂ) ਨਾਨਕਸ਼ਾਹੀ ਕਲੈਂਡਰ ਦਾ ਨਾਮ ਸੁਣਦੇ ਹੀ ਵਿਸ਼ਾ ਜਿਗਿਆਸੂਆਂ ਦਾ ਧਿਆਨ, ਨਾਨਕਸ਼ਾਹੀ ਕਲੈਂਡਰ ੨੦੦੩ ਵੱਲ ਚਲਾ ਜਾਂਦਾ ਹੈ। ਹਾਲਾਂਕਿ ਨਾਨਕਸ਼ਾਹੀ ਕਲੈਂਡਰ, ਸੰਨ ੨੦੦੩ ਤੋਂ ਕਈਂ ਦਹਾਕਿਆਂ ਪਹਿਲਾਂ ਵੀ ਪ੍ਰਚਲਤ ਸੀ ਅਤੇ ਕਈਂ ਪੁਸਤਕਾਂ ਵਿਚ ਲਿਖਾਰੀ ਨਾਨਕਸ਼ਾਹੀ ਸੰਵਤ ਦਾ ਪ੍ਰਯੋਗ ਕਰਦੇ ਆਏ ਸੀ। ਪਰ ਇਹ ਬਿਕਰਮੀ ਕਲੈਂਡਰ ਦੀ ਲਯੁਨੀਸੋਲਰ ਪੱਧਤੀ ਅਨੁਸਾਰ ਸੀ, ਜਿਸ ਤੋਂ ਪਰੇ ਹੱਟਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ, ਟ੍ਰਾਪਿਕਲ ਈਯਰ ਪਧੱਤੀ ਅਧਾਰਤ ਨਾਨਕਸ਼ਾਹੀ ਕਲੈਂਡਰ ਤਿਆਰ ਕਰਵਾਇਆ ਜਿਸ ਦੀ ਤਿਆਰੀ ਵਿਚ, ਸ. ਪਾਲ ਸਿੰਘ ਪੁਰੇਵਾਲ ਜੀ ਦੀ ਅਹਿਮ ਭੂਮਿਕਾ ਰਹੀ।ਨਾਨਕਸ਼ਾਹੀ ਕਲੈਂਡਰ ਦੀ ਬਾ-ਕਾਯਦ ਹੋਂਦ ਇਕ ਮੁਬਾਰਕ ਦੀ ਗਲ ਹੈ। ਧਰਤੀ, ਚੰਨ ਅਤੇ ਸੂਰਜ ਕਿਸੇ ਮਤ ਵਿਸ਼ੇਸ਼ ਦੇ ਨਹੀਂ ਬਲਕਿ ਪਰਮਾਤਮਾ ਵਲੋਂ ਕੁਦਰਤ ਦੇ ਅੰਦਰ ਸਾਜੇ ਅਤੇ ਚਲੇ-ਚਲਾਏ ਗਏ ਹਨ। ਚੂੰਕਿ ਉਨਾਂ ਦੀ ਚਾਲ ਅਤੇ ਸਥਿਤੀ ਅਧਾਰਤ 'ਗਣਿਤ ਪੱਧਤੀ' ਵੀ ਕਿਸੇ ਧਰਮ ਵਿਸ਼ੇਸ਼ ਦੀ ਨਹੀਂ ਹੁੰਦੀ, ਇਸ ਲਈ ਇਸ ਚਰਚਾ ਦਾ ਮੰਤਵ, ਕਿਸੇ ਕਲੈਂਡਰ ਪੱਧਤੀ ਦਾ ਅਨੁਚਿੱਤ ਪੱਖ ਪੁਰਨਾ, ਜਾਂ ਵਿਰੌਧ ਕਰਨਾ ਨਾ ਹੋ ਕੇ, ਨਾਨਕਸ਼ਾਹੀ ਕਲੈਂਡਰ ਨਾਲ ਜੁੜੀਆਂ ਉਨਾਂ ਦਲੀਲਾਂ ਦੀ ਪੜਚੋਲ ਕਰਨਾ ਹੈ, ਜੋ ਕਿ ਪੁਰੇਵਾਲ ਜੀ ਵਲੋਂ, ਬਿਕਰਮੀ ਕਲੈਂਡਰ ਪੱਧਤੀ ਦੇ ਵਿਰੌਧ ਅਤੇ ਟ੍ਰਾਪਿਕਲ ਈਯਰ ਪੱਧਤੀ ਦੇ ਹੱਕ ਵਿਚ ਦਿੱਤੀਆਂ ਗਈਆਂ। ਦਿਲਚਸਪ ਗਲ ਇਹ ਹੈ ਕਿ ਮੁਲਾਕਾਤ ਦੌਰਾਨ, ਪੁਰੇਵਾਲ ਜੀ ਨੇ ਸੁਹਿਰਦਤਾ ਦਾ ਪ੍ਰਗਟਾਵਾ ਕਰਦੇ ਦਾਸ ਨੂੰ ਐਸੀ ਪੜਚੋਲ ਲਈ ਕਿਹਾ ਵੀ ਸੀ, ਉਹ ਵੀ ਇਸ ਆਸ਼ਵਾਸਨ ਨਾਲ ਕਿ ਉਹ, ਆਪਣੇ ਵਲੋਂ ਦਿੱਤੀ ਹਰ ਪ੍ਰਕਾਰ ਦੀ ਦਲੀਲ ਬਾਰੇ ਸਪਸ਼ਟਤਾ ਲਈ ਉੱਤਰਦਾਈ ਹੋਂਣ ਗੇ। ਪਹਿਲੀ ਗਲ ਜੋ ਸਮਝਦੇ ਚੱਲੀਏ ਉਹ ਇਹ ਕਿ ਧਰਤੀ ਦਾ ਆਪਣੇ ਧੁਰੇ ਜਾਂ ਸੂਰਜ ਦੂਆਲੇ ਚੱਕਰ, ਚੰਦ੍ਰਮਾ ਦੀ ਚਾਲ ਦਾ ਗਣਿਤ ਕਿਸੇ ਕੋਮ ਦਾ ਗਣਿਤ ਨਹੀਂ ਬਲਕਿ ਪੁਰਾਤਨ ਖਗੋਲ ਵਿਗਿਆਨਿਆਂ ਵਲੋਂ ਕੀਤੀ ਵਿਲੱਖਣ ਗਣਨਾ ਹੈ। ਇਸ ਲਈ ਕਿਸੇ ਗਣਿਤ ਪੱਧਤੀ ਨੂੰ ਕਿਸੇ ਮਤ/ ਕੌਮ ਦੀ ਪੱਧਤੀ ਕਹਿਣਾ/ਸਮਝ ਲੇਂਣਾ ਗਲਤ ਹੈ। ਮਸਲਨ ਅਗਰ ਕੁੱਤਾ ਲੜਨ ਦਾ ਟੀਕਾ ਕਿਸੇ ਇਸਾਈ ਵਿਗਿਆਨੀ ਨੇ ਇਜਾਦ ਕੀਤਾ ਤਾਂ ਉਹ ਇਸਾਈਆਂ ਦਾ ਕੋੰਮੀ ਟੀਕਾ ਨਹੀਂ ਹੋ ਗਿਆ। ਇੰਝ ਹੀ ਕਿਸੇ ਯਹੂਦੀ ਆਈਂਸਟਾਈਨ ਨੇ ‘ਈ = ਐਮ ਸੀ ਸਕੈਅਰ’ ਦਾ ਸਿਧਾਂਤ ਦਰਸਾਇਆ ਤਾਂ ਉਹ ਸਿਧਾਂਤ ਯਹੂਦੀ ਕੌਮ ਦਾ ਨਹੀਂ ਹੋ ਗਿਆ। ਕਲੈਂਡਰ ਬਨਾਉਂਣ ਲਈ ਕਿਸੇ ਗਣਿਤ ਪੱਧਤੀ ਦਾ ਅਨੁਸਰਨ ਕਰਨਾ, ਕੁਦਰਤ ਦੀ ਚਾਲ ਦਾ ਅਨੁਸਰਨ ਕਰਨਾ ਹੈ ਨਾ ਕਿ ਕਿਸੇ ਕੌਮੀ ਪੱਧਤੀ ਦਾ। ਜੇ ਕਰ ਐਸਾ ਹੁੰਦਾ ਤਾਂ ਗੁਰੂ ਸਾਹਿਬਾਨ ਭਾਰਤੀ ਸ਼ਾਸਤ੍ਰੀ ਸੰਗੀਤ ਨੂੰ ਹਿੰਦੂ ਮਤ ਸੰਗੀਤ ਸਮਝਦੇ। ਲੂਨੀਸੋਲਰ ਗਣਿਤ ਪੱਧਤੀ ਹਿੰਦੂ ਨਹੀਂ, ਬਲਕਿ ਹਿੰਦੂਆਂ ਸਮੇਤ ਕਈਂ ਮਤਾਂ ਨੇ ਇਸ ਪੱਧਤੀ ਦਾ ਇਸਤੇਮਾਲ, ਆਪਣੇ ਕੌਮੀ ਕਲੈਂਡਰ ਬਨਾਉਂਣ ਲਈ ਕੀਤਾ ਹੈ। ਖ਼ੈਰ, ਪੁਰੇਵਾਲ ਜੀ ਵੱਲੋਂ ਆਈਆਂ ਦਲੀਲਾਂ ਮੁੱਖ ਰੂਪ ਵਿਚ ਤਿੰਨ ਪ੍ਰਕਾਰ ਦਿਆਂ ਸਨ। (੧) ਪਹਿਲੀ ਕਿਸਮ ਦੀ ਦਲੀਲ ਗਣਿਤ ਅਧਾਰਤ ਸੀ, ਜਿਸ ਦੇ ਤਲ ਤੇ 'ਟ੍ਰਾਪਿਕਲ ਈਯਰ' ਪੱਧਤੀ ਨੂੰ 'ਬਿਕਰਮੀ ਕਲੈਂਡਰ ਪੱਧਤੀ' (ਲੂਨੀਸੋਲਰ) ਨਾਲੋਂ ਅਪੇਕਸ਼ਾਕ੍ਰਿਤ ਜ਼ਿਆਦਾ ਵਿਸ਼ੁਧ ਦਰਸਾਉਂਦੇ, ਉਸ ਨੂੰ ਕਲੈਂਡਰ ਬਨਾਉਂਣ ਲਈ ਉਚਿੱਤ ਪੱਧਤੀ ਕਿਹਾ ਗਿਆ। (੨) ਦੂਜੇ ਕਿਸਮ ਦਿਆਂ ਦਲੀਲਾਂ ਨੂੰ ਗੁਰਬਾਣੀ ਅਧਾਰਤ ਕਿਹਾ ਗਿਆ ਜਿਸ ਦਾ ਮੁੱਖ ਤਰਕ ਗੁਰਬਾਣੀ ਦੀ ਪੰਗਤੀ 'ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ (ਪੰਨਾ ੧੧੦੮) ਅਤੇ ਉਹ ਹਵਾਲੇ ਸਨ ਜਿਨਾਂ ਵਿਚ ਦੇਸੀ ਮਹੀਨੇਆਂ/ਰੁਤਾਂ ਦੇ ਨਾਮ ਬਾਣੀ ਉਪਦੇਸ਼ ਉਚਾਰਨ ਵਿਚ ਵਰਤੇ ਗਏ ਹਨ। ਇਸ ਸ਼੍ਰੇਣੀ ਦੀ ਸਭ ਤੋਂ ਵੱਡੀ ਦਲੀਲ਼ ਇਹ ਸੀ ਕਿ ਜੇ ਕਰ, ਬਿਕਰਮੀ ਕਲੈਂਡਰ ਪੱਧਤੀ (ਲੂਨੀਸੋਲਰ ਪੱਧਤੀ) ਦਾ ਅਨੁਸਰਨ ਨਾ ਛੱਡਿਆ ਗਿਆ, ਤਾਂ ਹਜਾਰਾਂ ਸਾਲ ਬਾਦ ਕਲੈਂਡਰ ਬਾਣੀ ਵਿਰੁੱਧ ਹੋ ਜਾਏਗਾ ਕਿਉਂਕਿ, ਕਾਲਾਂਤਰ, ਦੇਸੀ ਮਹੀਨੇ, ੨੦ ਮਿੰਟ ਪ੍ਰਤੀ ਵਰਸ਼, ਅਤੇ ੧ ਦਿਨ ਪ੍ਰਤੀ ੭੦-੭੧ ਸਾਲ ਦੇ ਹਿਸਾਬ ਨਾਲ ਖਿਸੱਕਦੇ ਹੋਏ, ਉਨਾਂ ਮੋਸਮਾਂ ਲਾਲੋਂ ਦੂਰ ਛਿਟੱਕਦੇ ਜਾਣ ਗੇ, ਜਿਨਾਂ ਦਾ ਜ਼ਿਕਰ ਬਾਣੀ ਅੰਦਰ ਹੈ। ਮਿਸਾਲ ਦੇ ਤੋਰ ਤੇ ਇਹ ਤਰਕ ਕਿ ਅਸਾੜ ਮਹੀਨਾ ਬਾਣੀ ਵਿਚ ਤੱਪਦਾ ਮਹੀਨਾ ਦਰਸਾਇਆ ਗਿਆ ਹੈ, ਪਰ ੧੩੦੦੦ ਸਾਲ ਬਾਦ ਅਸਾੜ ਠੰਡੇ ਮੋਸਮ ਵਿਚ ਆਏਗਾ, ਤਾਂ ਇਹ ਸਥਿਤੀ ਬਾਣੀ ਵਿਰੁੱਧ ਬਾਣੀ ਅਰਥਾਂ ਨਾਲੋਂ ਅਸਬੰਧਤ ਹੋ ਜਾਏਗੀ। (੩) ਤੀਜੇ ਕਿਸਮ ਦਿਆਂ ਦਲੀਲਾਂ ਵਿਚ ਇਹ ਦਰਸਾਉਂਣ ਦਾ ਯਤਨ ਸੀ ਕਿ ਗ੍ਰਗੇਰਿਯਨ ਕਲੈਂਡਰ ਵਿਚ, ਹਰ ਸਾਲ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਕੌਮੀ ਦਿਹਾੜੇ ਮੂਸ਼ਕਿਲ ਖੜੀ ਕਰਦੇ ਹਨ। ਉਪਰੋਕਤ ਦਲੀਲਾਂ ਪੁਰੇਵਾਲ ਜੀ ਦੇ ਕੰਮ ਦੇ ਦੋ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਪਹਿਲਾਂ ਪੱਖ ਵਿਗਿਆਨ/ਗਣਿਤ ਅਧਾਰਤ, ਅਤੇ ਦੂਜਾ ਪੱਖ ਗੁਰਬਾਣੀ ਦੇ ਭਾਵਅਰਥਾਂ ਦੇ ਜਤਨਾਂ, ਅਤੇ ਆਮ ਮੁਸ਼ਕਿਲਾਂ ਆਉਂਣ ਦਿਆਂ ਦਲੀਲਾਂ ਤੇ ਅਧਾਰਤ ਹੈ, ਜਿਵੇਂ ਕਿ ਤਾਰੀਖਾਂ ਦਾ ਪਤਾ ਨਹੀਂ ਚਲਦਾ ਅਤੇ ਕੁੱਝ ਅੰਤਰਾਲ ਉਪਰੰਤ ‘ਇਕੋ ਗ੍ਰੇਗੇਰਿਅਨ ਸਾਲ ਵਿਚ ਦਸ਼ਮੇਸ਼ ਜੀ ਦੇ ਦੋ ਪ੍ਰਕਾਸ਼ ਦਿਹਾੜੇ’ ਜਾਂ ਕਿਸੇ ਗ੍ਰੇਗੇਰਿਅਨ ਸਾਲ ‘ਇਕ ਵੀ ਨਹੀਂ’ ਆਦਿ ਦਾ ਤਰਕ ! ਕਿਉਂਕਿ ਸੂਰਜ ਦੂਆਲੇ ਧਰਤੀ ਦੀ ਪ੍ਰਕਿਰਮਾ ਨੂੰ ਲੱਗਦੇ ਸਮੇਂ ਦਾ ਗਣਿਤ ਇਸ ਚਰਚਾ ਦਾ ਵਿਸ਼ਾ ਨਹੀਂ, ਇਸ ਲਈ, ਜਿਵੇਂ ਕਿ ਆਰੰਭ ਵਿਚ ਵਿਚਾਰ ਆਏ ਹਾਂ, ਇਸ ਪੜਚੋਲ ਵਿਚ ਅਸੀਂ ਪੁਰੇਵਾਲ ਜੀ ਦੇ ਕੰਮ ਦੇ ਦੂਜੇ ਪੱਖ (ਦੂਜੇ ਅਤੇ ਤੀਜੇ ਕਿਸਮ ਦਿਆਂ ਦਲੀਲਾਂ) ਦੀ ਵਿਚਾਰ ਕਰਨ ਦਾ ਜਤਨ ਕਰਾਂਗੇ, ਕਿਉਂਕਿ ਉਹ ਕਲੈਂਡਰ ਵਿਗਿਆਨ ਦੇ ਮਾਹਰ ਤਾਂ ਹਨ, ਪਰ ਹੋ ਸਕਦਾ ਹੈ ਕਿ ਉਹ, ਉਨਾਂ ਕੋਮੀ ਪਰਿਪੇਖਾਂ ਅਤੇ ਸਥਿਤੀਆਂ ਦੇ ਉਤਨੇ ਮਾਹਰ ਨਾ ਹੋਂਣ, ਜਿਨਾਂ ਵਿਚ ਕਲੈਂਡਰ ਸਬੰਧੀ ਵਿਗਿਆਨ ਦੀ ਵਰਤੋਂ ਹੁੰਦੀ ਹੈ। ਪਰ ਇਹ ਵਾਜਬ ਨਹੀਂ ਹੋਵੇਗਾ ਕਿ ਇਸ ਸਬੰਧ ਵਿਚ ਪਹਿਲਾਂ, ਉੱਠਦੇ ਰਹੇ ਇਤਰਾਜ਼ਾਂ ਬਾਰੇ, ਪਾਲ ਸਿੰਘ ਪੁਰੇਵਾਲ ਜੀ ਦੇ ਪੱਖ ਨੂੰ ਪਾਠਕਾਂ ਦੀ ਨਜ਼ਰ ਨਾ ਕੀਤਾ ਜਾਏ। ਪੁਰੇਵਾਲ ਜੀ ਨੇ ਉੱਠਣ ਵਾਲੇ ਇਤਰਾਜ਼ਾਂ ਦੇ ਜਵਾਬ ਆਪਣੀ ਵੈਬਸਾਈਟ ਵਿਚ ਵਿਸਤਾਰ ਪੂਰਵਕ ਦਿੱਤੇ ਹਨ। ਪਾਠਕਾਂ ਦੀ ਸਹੂਲਿਅਤ ਲਈ ਉਨਾਂ ਇਤਰਾਜ਼ਾਂ ਅਤੇ ਜਵਾਬਾਂ ਦਾ ਸੰਖੇਪ ਇਸ ਪ੍ਰਕਾਰ ਹੈ:- ਇਤਰਾਜ਼:- ਚੂੰਕਿ ਗੁਰੂ ਗ੍ਰੰਥ ਸਾਹਿਬ ਵਿਚ ਆਈ ਪੰਗਤੀ "ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦੁ ਕਾ ਚੇਲਾ॥ ਪੰਨਾ ੭੨੩ ਬਿਕਰਮੀ ਕਲੈਂਡਰ ਨਾਲ ਜੋੜਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਿਥੀਆਂ ਨਾਲ ਵੀ ਜੁੜਦੀ ਹੈ ਇਸ ਲਈ ਅਸੀਂ ਬਿਕਰਮੀ ਕਲੈਂਡਰ ਨੂੰ ਨਹੀਂ ਤਿਆਗ ਸਕਦੇ। ਹੋਰ, ਅਗਰ ਅਸੀਂ ਬਿਕਰਮੀ ਕਲੈਂਡਰ ਨੂੰ ਤਿਆਗਦੇ ਹਾਂ ਤਾਂ ਇਸ ਪੰਗਤੀ ਦਾ ਅਰਥ ਅਸੀਂ ਆਪਣੇ ਬੱਚੇਆਂ ਨੂੰ ਕਿਵੇਂ ਸਮਝਾਵਾਂ ਗੇ ? ਪਹਿਲੀ ਗਲ ਤਾਂ ਇਹ ਕਿ ਸੰਧਰਭ ਅਨੁਸਾਰ ਇਹ ਇਕ ਕਮਜੋਰ ਸਵਾਲ ਹੈ, ਜਿਸ ਤੇ ਪੁਰੇਵਾਲ ਜੀ ਦੇ ਜਵਾਬ ਵਿਚ ਵੀ ਉਤਨੀ ਪਰਿਪੱਕਵਤਾ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਉਨਾਂ ਪਾਸ ਕਲੈਂਡਰ ਪੱਧਤੀ ਵਿਗਿਆਨ ਬਾਰੇ ਨਜ਼ਰ ਆਉਂਦੀ ਹੈ। ਖ਼ੈਰ, ਪੁਰੇਵਾਲ ਜੀ ਦੇ ਜਵਾਬ ਦਾ ਸੰਖੇਪ:- ਅਸੀਂ ਬਾਣੀ ਵਿਚ ਵਰਤੇ ਨਾਪ ਦੇ ਪੈਮਾਨੇ ਅੰਗਲ, ਹਾਥ, ਹੱਥ ਗਜ ਤਿਆਗ ਕੇ ਲੰਭਾਈ ਮਾਪਣ ਲਈ ਸੈਂਟੀਮੀਟਰ ਅਤੇ ਮੀਟਰ ਵਰਤ ਰਹੇ ਹਾਂ, ਅਤੇ ਜੋਜਨ ਕੋਸ ਤਿਆਗ ਕੇ ਦੂਰੀਆਂ ਮਾਪਣ ਲਈ ਕਿਲੋਮੀਟਰ ਵਰਤ ਰਹੇ ਹਾਂ। ਵਿਸੁਏ, ਚਸੁਏ, ਘੜੀ ,ਪਲ ,ਮਹੂਰਤ ਤਿਆਗ ਕੇ ਸਮਾਂ ਮਾਪਣ ਲਈ ਸੈਕੰਡ, ਮਿੰਟ ਅਤੇ ਘੰਟੇ ਵਰਤ ਰਹੇ ਹਾਂ। ਅਸੀਂ ਰਤੀ, ਮਾਸਾ, ਟੰਕ, ਤੋਲਾ , ਸੇਰ, ਮਣ ਤਿਆਗ ਕੇ ਵਜ਼ਨ ਮਾਪਣ ਲਈ ਮਿਲੀ ਗ੍ਰਾਮ, ਗ੍ਰਾਮ ਕਿਲੋਗ੍ਰਾਮ ਅਤੇ ਕਵਿੰਟਲ ਵਰਤ ਰਹੇ ਹਾਂ। ਬਾਣੀ ਵਿਚ ਦਰਸਾਏ ਉਪਰੋਕਤ ਸਾਰੇ ਯੂਨਿਟਾਂ ਨੂੰ ਅਸੀਂ ਤਿਆਗ ਦਿੱਤਾ ਹੈ, ਤਾਂ ਅਸੀਂ ਬਿਕਰਮੀ ਕਲੈਂਡਰ ਨੂੰ ਕਿਉਂ ਨਹੀਂ ਤਿਆਗ ਸਕਦੇ ਜਿਸਦੇ ਮਹੀਨੇ ਮੋਸਮਾਂ ਵਿਚ ਘੁੰਮਦੇ ਅਤੇ ਬਾਣੀ ਮੁਤਾਬਕ ਟਿਕੇ ਨਹੀਂ ਰਹਿੰਦੇ ? ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੰਦ੍ਰਮੀ ਤਿਥੀਆਂ ਦਾ ਚਿਤ੍ਰਣ ਕਰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਇਕ ਐਸੀ ਬਾਣੀ ਨਾਲ ਗਲ ਪੁਰੀ ਕਰਦੇ ਹਨ:- ਆਪੇ ਪੂਰਾ ਕਰੇ ਸੁ ਹੋਇ॥ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧ ਗੁਬਾਰ॥ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਪੰਨਾ ੮੪੩) ਕਾਹੇ ਮੇਰੇ ਬਾਮਨ ਹਰਿ ਨ ਕਰਹਿ॥ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ॥੧॥ ਰਹਾਉ॥ ਆਪਣ ਉਚ ਨੀਚ ਘਰਿ ਭੋਜਨ ਹਠੇ ਕਰਮ ਕਰਿ ਉਦਰੁ ਭਰਹਿ॥ ਛਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ॥੨॥-ਪੰਨਾ ੯੭੦ ਤੁਸੀਂ ਆਪਣੇ ਬੱਚੇਆਂ ਨੂੰ "ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥" ਪੰਗਤੀ ਦਾ ਅਰਥ ਉਸੇ ਢੰਗ ਨਾਲ ਦੱਸ ਸਕਦੇ ਹੋ ਜਿਵੇਂ ਕਿ ਅੰਗਲ, ਹਾਥ, ਹਥ , ਗਜ ਜੋਜਨ ਕੋਸ ਵਿਸੁਏ ਚਸੁਏ ਘੜੀ ਪਲ ਮੂਰਤ ਮਹੂਰਤ ਰਤੀ ਮਾਸਾ ਟੰਕ ਤੋਲਾ ਸੇਰ ਮਣ ਟਕਾ ਦਾਮ ਦਾ ਦੱਸਦੇ ਹੋ ਜੋ ਕਿ ਬਾਣੀ ਵਿਚ ਤਾਂ ਹਨ ਪਰ ਹੁਣ ਇਤਸੇਮਾਲ ਵਿਚ ਨਹੀਂ ਹਨ। ਟਿੱਪਣੀ:- ਪੁਰੇਵਾਲ ਜੀ ਵਲੋਂ ਵਰਤੇ ਤਿਥੀਆਂ ਸਬੰਧੀ ਉਪਰੋਕਤ ਬਾਣੀ ਹਵਾਲੇ ਦਾ ਵਾਸਤਵਿਕ ਪ੍ਰਸੰਗ, ਤਿਥੀਆਂ ਦੇ ਵਿਰੋਧ ਦਾ ਨਹੀਂ ਬਲਕਿ ਤਿਥੀਆਂ ਅੰਦਰ ਕੀਤੇ ਜਾਂਦੇ ਭਰਮਾਂ ਨਾਲੋਂ ਅਸਹਿਮਤੀ ਦਾ ਹੈ। ਇਹ ਸਹੀ ਹੈ ਕਿ ਅਸੀਂ ਅੱਜ ਅੰਗਲ, ਹਾਥ, ਹਥ , ਗਜ ਜੋਜਨ ਕੋਸ ਵਿਸੁਏ ਚਸੁਏ ਘੜੀ ਪਲ ਮੂਰਤ ਮਹੂਰਤ ਰਤੀ ਮਾਸਾ ਟੰਕ ਤੋਲਾ ਸੇਰ ਮਣ ਟਕਾ ਦਾ ਇਸਤੇਮਾਲ ਆਰਖਕ/ਗਣਿਤ ਵਿਸ਼ੇਆਂ ਵਿਚ ਨਹੀਂ ਕਰਦੇ, ਪਰ ਬਾਣੀ ਅਤੇ ਉਸਦੇ ਅਰਥ ਭਾਵ ਸਮਝਣ ਲਈ ਅਸੀਂ ਇਨਾਂ ਸ਼ਬਦਾਂ ਅਤੇ ਉਨਾਂ ਬਾਰੇ ਗਿਆਨ ਦਾ ਤਿਆਗ ਨਹੀਂ ਕੀਤਾ। ਅਧਿਆਤਮਕ ਉਪਦੇਸ਼ ਉਚਰਦੇ ਵਰਤਿਆ ਕੋਈ ਵੀ ਸ਼ਬਦ ਤਿਆਗਣ ਯੋਗ ਨਹੀਂ। ਹਾਂ ਆਰਥਕ/ਗਣਿਤ ਪੱਖੋਂ ਕਿਸੇ ਪੱਧਤੀ ਨੂੰ ਨਾ ਵਰਤਣ ਦੇ ਤਰਕ ਦੀ ਤੁਲਨਾ, ਧਾਰਮਕ ਦਿਹਾੜੇਆਂ ਦੇ ਨਿਰਧਾਰਨ ਅਤੇ ਨਾਨਕਸ਼ਾਹੀ ਨਾਲ ਕਰਨਾ ਵਾਜਬ ਪ੍ਰਤੀਤ ਨਹੀਂ ਹੁੰਦਾ। ਜੇ ਕਰ ਤਰਕ ਤੋਲਾ ਮਾਸਾ ਆਦਿ ਤਿਆਗਣ ਦਾ ਹੀ ਹੈ ਤਾਂ ਪੁਰੇਵਾਲ ਜੀ ਨੇ ਨਾਨਕਸ਼ਾਹੀ ਕਲੈਂਡਰ ਅੰਦਰ ਬਾਣੀ ਵਿਚੋਂ ਵਰਤੇ ਗਏ ਮਹੀਨੇਆਂ ਦੇ ਨਾਮ ਵੀ ਕਿਉਂ ਨਹੀਂ ਤਿਆਗ ਦਿੱਤੇ ਜੋ ਕਿ ੯੮% ਸਿੱਖਾਂ ਨੂੰ ਯਾਦ ਵੀ ਨਹੀਂ ? ਸਿੱਧਾ ਜਨਵਰੀ ਤੋਂ ਦਿਸੰਬਰ ਹੀ ਕਿਉਂ ਨਹੀਂ ? ਉਪਰੋਕਤ ਇਤਰਾਜ਼ ਤੇ ਪੁਰੇਵਾਲ ਜੀ ਦੇ ਜਵਾਬ ਤੇ ਹੋਰ ਟਿੱਪਣੀ ਕਰਨ ਤੋਂ ਪਹਿਲਾਂ, ਵਧੇਰੀ ਸਪਸ਼ਟਤਾ ਲਈ, ਪੁਰੇਵਾਲ ਜੀ ਦੇ ਇਨਾਂ ਸ਼ਬਦਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਜਿਨਾਂ ਦਾ ਮੇਰੇ ਵਲੋਂ ਯਥਾਸੰਭਵ ਕੀਤਾ ਪੰਜਾਬੀ ਰੂਪਾਂਤਰ ਇਸ ਪ੍ਰਕਾਰ ਹੈ :- " ਜਿਸ ਵੇਲੇ ਗੁਰੂ ਸਾਹਿਬਾਨ ਨੇ ਬਾਰਾਮਾਹਾ ਅਤੇ ਰੂਤੀ ਸਲੋਕ ਬਾਣੀ ਉਚਾਰੀ, ਉਸ ਵੇਲੇ ਉਨਾਂ ਦੇ ਜ਼ਹਿਨ ਵਿਚ ਪੰਜਾਬ ਦੀਆਂ ਰਿਤੂਆਂ ਸਨ ਨਾ ਕਿ ਆਸਟ੍ਰੇਲਿਆ ਦਿਆਂ ਉਂਝ ਹੀ ਗੁਰੂ ਸਾਹਿਬਾਨ ਨੇ ਭਾਰਤੀ ਇਕਾਈਆਂ ਰੱਤੀ , ਤੋਲਾ ਮਾਸਾ ਸੇਰ ਮਨ ਆਦਿ ਦਾ ਇਸਤੇਮਾਲ ਕੀਤਾ ਨਾ ਕਿ ਬਰਤਾਨਵੀ ਇਕਾਈਆਂ ਅੋਂਸ, ਪਾਉਂਡ, ਸਟੋਨ ਅਤੇ ਨਾ ਹੀ ਅੰਤਰਰਾਸ਼ਟਰੀ ਹਿੰਸੇਆਂ ਗ੍ਰਾਮ ਅਤੇ ਕਿਲੋਗ੍ਰਾਮ ਆਦਿ ਦਾ।ਗੁਰਬਾਣੀ ਦੀ ਅਰਥ ਵਿਆਖਿਆ ਉਸੇ ਮੂਲ ਸੰਧਰਭ ਵਿਚ ਕੀਤੀ ਜਾਣੀ ਚਾਹੀਦੀ ਹੈ ਜਿਸ ਵਿਚ ਉਹ ਉਚਾਰੀ ਗਈ ਸੀ। ਇਹ ਸਹੀ ਹੈ ਕਿ ਗੁਰੂ ਸਾਹਿਬਾਨ ਦਾ ਸੰਦੇਸ਼ ਯੂਨਿਵਰਸਲ ਹੈ ਪਰ ਗੁਰਬਾਣੀ ਵਿਚ ਵਿਅਕਤ ਕੁੱਝ ਵਿਚਾਰ ਐਸੇ ਹਨ ਜੋ ਕਿ ਪ੍ਰਦੇਸ਼-ਵਿਸ਼ੇਸ਼ (Region Specific) ਦੇ ਸੰਧਰਭ ਵਿਚ ਹਨ। ਬਾਰਾਮਾਹਾ ਦਾ ਅਧਿਆਤਮਕ ਸੰਦੇਸ਼ ਯੂਨਿਵਰਸਲ ਹੈ ਪਰ ਰਿਤੂਆਂ ਅਤੇ ਇਕ ਵਿਸ਼ੇਸ਼ ਮਹੀਨੇ ਵਿਚ ਉਨਾਂ ਦੀ ਉਪਸਥਿਤੀ ਪ੍ਰੇਦੇਸ਼-ਵਿਸ਼ੇਸ਼-ਪੰਜਾਬ ਦੇ ਸੰਧਰਭ ਵਿਚ ਹੈ " (ਪੁਰੇਵਾਲ ਜੀ) ਉਨਾਂ ਦੀ ਉਪਰੋਕਤ ਗਲ ਸਹੀ ਹੈ ਪਰ ਪੂਰੀ ਨਹੀਂ ਕਿਉਂਕਿ ਬਾਣੀ ਅੰਦਰ ਦਿੱਤੇ ਗਏ ਅਧਿਆਤਮਕ ਸੰਦੇਸ਼ ਵਿਚ ਕਈਂ ਥਾਂ, ਕੇਵਲ ਪ੍ਰਦੇਸ਼- ਵਿਸ਼ੇਸ਼ (Region Specific)ਸੰਧਰਭ ਦਾ ਹੀ ਇਸਤੇਮਾਲ ਨਹੀਂ, ਬਲਕਿ ਕਾਲ-ਵਿਸ਼ੇਸ਼ (Time Specific) ਸੰਧਰਭਾਂ ਦਾ ਇਸਤੇਮਾਲ ਵੀ ਹੈ ਜਿਸ ਰਾਹੀਂ ਕਿਸੇ ਸਰਵਕਾਲਿਕ ਉਪਦੇਸ਼ ਨੂੰ ਦ੍ਰਿੜ ਕਰਵਾਇਆ ਗਿਆ ਹੈ ਜਿਵੇਂ ਕਿ; "ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥" ਪੁਰੇਵਾਲ ਜੀ ਵਲੋਂ ਇਸ ਤੱਥ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਦਾ ਅਸਰ ਉਨਾਂ ਵਲੋਂ ਲਿਖੇ ਉਪਰੋਕਤ ਪੈਰੇ ਵਿਚਲੀ ਸਹੀ ਪਰ ਅਧੂਰੀ ਗਲ ਤੇ ਬੜਾ ਡੂੰਗਾ ਹੈ। ਪੁਰੇਵਾਲ ਜੀ ਨੇ ਉਪਰੋਕਤ ਪੈਰਾ ਸ਼ਾਯਦ ਕਿਸੇ ਵਲੋਂ ਚੁੱਕੇ ਇਸ ਸਵਾਲ ਨੂੰ ਮੱਧੇਨਜ਼ਰ ਰੱਖਦੇ ਲਿਖਿਆ ਹੋਵੇਗਾ ਕਿ; ਮਸਲਨ, ਜੇ ਕਰ ਅਸਾੜ ਦਾ ਮਹੀਨਾ ਆਸਟ੍ਰੇਲਿਆ ਵਿਚ ਤੱਪਦਾ ਹੁੰਦਾ ਹੀ ਨਹੀਂ ਤਾਂ ਬਾਣੀ ਦਾ ਉਪਦੇਸ਼ ਉਸ ਪ੍ਰਦੇਸ਼ ਦੀ ਰਿਤੂ ਅਨੁਸਾਰ ਕਿਵੇਂ ਸਾਰਥਕ ਮੰਨਿਆ ਜਾਏ ? ਇਸ ਸਵਾਲ ਦੇ ਸੰਧਰਭ ਵਿਚ ਪੁਰੇਵਾਲ ਜੀ ਦਾ ਜਵਾਬ ਦਰੁਸਤ ਹੈ। ਪਰ ਜੇ ਕਰ ਕੋਈ ਬਾਣੀ ਦੀ ਪੰਗਤੀ "ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥" ਨੂੰ ਲੇ ਕੇ ਇਹ ਸਵਾਲ ਕਰ ਲਵੇ ਕਿ ਅਠਤਰੈ ਅਤੇ ਸਤਾਨਵੈ ਹਰ ਸਦੀ ਵਿਚ ਆਉਂਣੇ ਹਨ, ਤਾਂ ਹਰ ਆਉਂਣ ਵਾਲੀ ਸਦੀ ਦੇ ਸੰਧਰਭ ਵਿਚ ਇਸ ਪੰਗਤੀ ਦੇ ਅਰਥਾਂ ਨੂੰ ਕਿਵੇਂ ਢੁੱਕਾਵਾਂਗੇ ? ਤਾਂ ਇਸ ਦਾ ਜਵਾਬ ਇਹੀ ਹੋਵੇ ਗਾ ਕਿ ਬਾਣੀ ਉਪਦੇਸ਼ ਕਈਂ ਥਾਂ ਪ੍ਰਦੇਸ਼-ਵਿਸ਼ੇਸ਼ (Region Specific) ਦੇ ਨਾਲ- ਨਾਲ, ਕਾਲ-ਵਿਸ਼ੇਸ਼ (Time Specific) ਵੀ ਹੈ ਜਿਸ ਰਾਹੀਂ ਕਿਸੇ ਸਰਵਕਾਲਿਕ ਅਧਿਆਤਮਕ ਗਲ ਨੂੰ ਸਮਝਇਆ ਗਿਆ ਹੈ। ਹੁਣ ਜੇ ਕਰ ਠੰਡੇ ਪ੍ਰਦੇਸ਼ਾਂ ਵਿਚ ਵੱਸਦੇ ਮਨੁੱਖਾਂ ਵਲੋਂ ਪ੍ਰਦੇਸ਼-ਵਿਸ਼ੇਸ਼ (Region Specific) ਦੀ ਗਲ ਸਮਝੀ ਜਾ ਸਕਦੀ ਹੈ ਤਾਂ ਕੀ ਕਾਰਨ ਹੈ ਕਿ ੩-੫ ਜਾਂ ੧੦-੧੨ ਹਜ਼ਾਰ ਸਾਲ ਬਾਦ ਬਾਣੀ ਪੜਦੇ-ਸਮਝਦੇ ਮਨੁੱਖਾਂ ਵਲੋਂ ਕਾਲ-ਵਿਸ਼ੇਸ਼ (Time Specific) ਦੀ ਗਲ ਨਹੀਂ ਸਮਝੀ ਜਾ ਸਕੇਗੀ ? ਜੇ ਕਰ ਅੱਜ ਕੋਈ ਇਹ ਸਮਝ ਸਕਦਾ ਹੈ ਕਿ "ਆਵਨਿ ਅਠਤਰੈ ਜਾਨਿ ਸਤਾਨਵੈ" ਸੰਨ ੧੫੦੦ ਦੇ ਆਸਪਾਸ ਦੇ ਕਾਲ ਸੰਧਰਭ ਵਿਚ ਸੀ, ਤਾਂ ਕੀ ਕਾਰਨ ਹੈ ਕਿ ਕੋਈ ਇਹ ਨਾ ਸਮਝ ਸਕੇ ਗਾ ਕਿ ਅਧਿਆਤਮਕ ਉਪਦੇਸ਼ ਦੇਂਣ ਲਈ, ‘ਬਾਰਾਮਾਹਾ’ ਅਤੇ ‘ਰਿਤੂ ਸਲੋਕ’, ਜਿਸ ਕਾਲ-ਵਿਸ਼ੇਸ਼ ਦੇ ਸੰਧਰਭ ਵਿਚ ਉਚਰੇ ਸਨ, ਉਸ ਕਾਲ ਅਤੇ ਸਥਾਨ ਵਿਚ ਅਸਾੜ ਤੱਪਦਾ ਹੀ ਹੁੰਦਾ ਸੀ ? ਇਹ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਜੇ ਕਰ ਗ੍ਰੇਗੇਰਿਅਨ ਪੱਧਤੀ ਨਾ ਹੋਈ ਤਾਂ ਬਾਣੀ ਦੇ ਅਰਥ ਅਪ੍ਰਸੰਗਕ ਹੋ ਜਾਣ ਗੇ ? ਕੀ ਸਰਵਕਾਲਿਕ ਬਾਣੀ ਦੇ ਅਰਥ ਕਿਸੇ ਕਲੈਂਡਰ ਪੱਧਤੀ ਦੇ ਮੁਹਤਾਜ ਹਨ ਜਿਸ ਰਾਹੀਂ ਕੋਈ ਮਾਹਰ ਉਨਾਂ ਦੀ ਪ੍ਰਸੰਗਿਕਤਾ ਨੂੰ ਬਚਾਏਗਾ ਨਹੀਂ ਤਾਂ ਸਭ ਖ਼ਤਮ ? ਅਸੀਂ ਬਾਣੀ ਪਿੱਛੇ ਤੁਰਨਾ ਹੈ ਜਾਂ ਬਾਣੀ ਨੂੰ ਮੌਸਮਾਂ ਪਿੱਛੇ ਤੋਰਨ ਦੀ ਲੋੜ ਹੈ ? ਭਲਾ ਬਾਣੀ ਤੇ ਠੰਡੇ-ਗਰਮ ਮੌਸਮ ਦਾ ਕੀ ਅਸਰ ? ਜੇ ਕਰ ਕੁਦਰਤ ਦੀ ਚਾਲ ਜੂਨ ਨੂੰ ਠੰਡਾ ਕਰ ਦੇਵੇ (ਜਿਵੇਂ ਕਿ ਧਰਤੀ ਦੇ ਮੌਸਮੀ ਇਤਹਾਸ ਵਿਚ ਹੁੰਦਾ ਆਇਆ ਹੈ) ਤਾਂ ਬਾਣੀ ਕੁਦਰਤ ਦੇ ਵਿਪਰੀਤ, ਜਾਂ ਕੁਦਰਤ ਬਾਣੀ ਦੇ ਵਿਰਰੀਤ ਮੰਨੀ ਜਾਏਗੀ ? ਕਦਾਚਿਤ ਨਹੀਂ ! ਕਿਉਂਕਿ ਬਾਣੀ ਦਾ ਉਪਦੇਸ਼ ਮੌਸਮ ਅਧਾਰਤ ਨਹੀਂ !! ਪੁਰੇਵਾਲ ਜੀ ਨੂੰ ਆਪਣੇ ਵਲੋਂ ਦਿੱਤੇ ਤਰਕ ਅਨੁਸਾਰ ਹੀ, ਇਹ ਗਲ ਸਮਝਣੀ ਚਾਹੀਦੀ ਸੀ ਕਿ ਜਿਸ ਵੇਲੇ ੧੩੦੦੦ ਸਾਲ ਬਾਦ, ਕੋਈ ਤੱਪਦੇ ਅਸਾੜ ਦੇ ਠੰਡੇ ਹੋਂਣ ਦੀ ਗਲ ਪੁੱਛੇਗਾ, ਤਾਂ ਇਹੀ ਸਮਝਣਾ- ਸਮਝਾਉਂਣਾ ਪਵੇਗਾ ਕਿ ਜਿਸ ਵੇਲੇ ਗੁਰੂ ਸਾਹਿਬਾਨ ਨੇ ਬਾਰਾਮਾਹਾ ਅਤੇ ਰੂਤੀ ਸਲੋਕ ਬਾਣੀ ਉਚਾਰੀ, ਉਸ ਵੇਲੇ ਉਨਾਂ ਦੇ ਜ਼ਹਿਨ ਵਿਚ, ਉਸ ‘ਸਥਾਨ’ ਅਤੇ ‘ਕਾਲ’ ਵਿਸ਼ੇਸ ਦਿਆਂ ਰਿਤੂਆਂ ਸਨ ਨਾ ਕਿ ਸੰਨ ੧੫੦੦੦ ਦਿਆਂ ਰਿਤੂਆਂ!! ਪੁਰੇਵਾਲ ਜੀ ਅੱਜ ਆਸਟ੍ਰੇਲਿਆ ਵੱਸਦੇ ਕਿਸੇ ਸਿੱਖ ਨੂੰ ਜੋ ਗਲ ਸਮਝਾਉਂਣਾ ਚਾਹੰਦੇ ਹਨ, ਉਹੀ ਗਲ ਆਪ ਨਾ ਸਮਝਦੇ ਹੋਏ ਇਹ ਤਰਕ ਦਿੰਦੇ ਹਨ, ਕਿ ੧੩੦੦੦ ਸਾਲ ਬਾਦ, ਬਾਣੀ ਦੇ ਕੁੱਝ ਅਰਥ, ਬਿਕਰਮੀ ਕਲੈਂਡਰ ਗਣਿਤ ਪੱਧਤੀ ਕਾਰਨ, ਰਿਤੂਆਂ ਦੇ ਸੰਧਰਭ ਵਿਚ ਅਪ੍ਰਸੰਗਕ/ਅਸਬੰਧਤ ਜਾਣ ਗੇ ! ਕੈਨੇਡਾ ਦੇ ਕਈਂ ਖਿੱਤੇਆਂ ਦਾ ਰਿਤੂ ਪੈਟਰਨ ਬਾਣੀ ਵਿਚ ਵਰਤੇ ਮਹੀਨੇਆਂ ਦੇ ਭਾਰਤੀ ਪੰਜਾਬ ਪੈਟਰਨ ਨਾਲੋਂ ਅੱਜ ਵੀ ਵੱਖ ਹੈ। ਇਹੀ ਗਲ ਹੋਰ ਕੁੱਝ ਮੁਲਕਾਂ/ਖਿੱਤੇਆਂ ਅਤੇ ਸਾਉਦੀ ਅਰਬ ਦੇ ਮਾਮਲੇ ਵਿਚ ਵੀ ਹੈ, ਜਿੱਥੇ ਸਿਲਸਿਲੇ ਵਾਰ ਕਈਂ ਮਹੀਨੇ, ਭਾਰਤੀ ਪੰਜਾਬ ਦੇ ਅਸਾੜ ਮਹੀਨੇ ਵਾਂਗ ਤੱਪਦੇ ਹੋਏ, ਬਾਰਾਮਾਹਾ ਅਤੇ ਰਿਤੂ ਸਲੋਕ ਪੈਟਰਨ ਨਾਲ ਮੇਲ ਨਹੀਂ ਖਾਂਦੇ। ਇਸ ਲਈ ਸਮਝਣ ਵਾਲੇ ਜਿਗਿਆਸੂ ਨੂੰ ਅੱਜ ਵੀ ਉਹ ਗਲ ਸਮਝਣ ਦੀ ਲੋੜ ਪੈ ਸਕਦੀ ਹੈ, ਜਿਸ ਗਲ ਨੂੰ ਪੁਰੇਵਾਲ ਜੀ ੧੩੦੦੦ ਸਾਲ ਬਾਦ ਨਾ ਸਮਝਣ ਯੋਗ ਅਤੇ ਬਾਣੀ ਦੇ ਵਿਪਰੀਤ ਜਾਂ ‘ਅਸਬੰਧਤ ਹੋ ਜਾਣ ਗੇ’ ਕਹਿੰਦੇ ਹਨ। ਚਲਦਾ……… ਹਰਦੇਵ ਸਿੰਘ,ਜੰਮੂ- ੧੧.੧੨.੧੩